Thursday, September 24, 2020
FOLLOW US ON

Article

ਮਾਣ ਦੀ ਭੁੱਖ/ਰਾਖੀ ਸ਼ਰਮਾ

September 06, 2020 06:15 PM

ਮਾਣ ਦੀ ਭੁੱਖ/ਰਾਖੀ ਸ਼ਰਮਾ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 5 ਸਤੰਬਰ ਦੇ ਮੌਕੇ ਤੇ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੀ ਘੋਸ਼ਣਾ ਹੋਈ । ਮਾਸਟਰ ਦਵਿੰਦਰ ਸਿੰਘ ਦੀ ਸਾਲਾਂ ਦੀ ਅਣਥੱਕ ਮਿਹਨਤ ਨੂੰ ਵੀ ਬੂਰ ਪੈ ਗਿਆ । ਸਕੇ ਸੰਬੰਧੀਆਂ, ਦੋਸਤਾਂ ਮਿਤਰਾਂ ਅਤੇ ਅਧਿਆਪਕ ਸਾਥੀਆਂ ਦੇ ਫੋਨ ਆ ਰਹੇ ਸਨ । ਜ਼ਿਲ੍ਹਾ ਦਫ਼ਤਰ ਵਲੋਂ ਵੀ ਦਵਿੰਦਰ ਸਿੰਘ ਨਾਲ ਸੰਪਰਕ ਸਾਧਿਆ ਜਾ ਰਿਹਾ ਸੀ । ਪਰ ਉਹ ਆਪਣੇ ਘਰ ਦੇ ਚੁਬਾਰੇ ਵਿੱਚ ਚੁੱਪ ਚਾਪ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਪਿਆ ਸੀ। ਸਵੇਰ ਤੋਂ ਪਾਣੀ ਦੀ ਘੁੱਟ ਵੀ ਹਲਕ ਵਿੱਚੋਂ ਨਹੀਂ ਲੰਘ ਰਹੀ ਸੀ । ਦਵਿੰਦਰ ਦੀ ਪਤਨੀ ਅਤੇ ਉਸਦੀ 15 ਸਾਲਾਂ ਦੀ ਬੇਟੀ ਉਸ ਕੋਲ ਆ ਕੇ ਬੈਠ ਗਈ ਅਤੇ ਉਸਦੀ ਉਦਾਸੀ ਦਾ ਕਾਰਨ ਪੁੱਛਿਆ । ਅਚਾਨਕ ਹੀ ਦਵਿੰਦਰ ਉੱਚੀ ਉੱਚੀ ਰੋਣ ਲੱਗਿਆ। ਬਹੁਤ ਵਾਰ ਪੁੱਛਣ ਤੋਂ ਬਾਅਦ ਦਵਿੰਦਰ ਨੇ ਦੱਸਿਆ ਕਿ ਬੀਤੇ ਦਿਨੀਂ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਤੇ ਬਲਾਕ ਦਫ਼ਤਰ ਵਿੱਚ ਉਸਦੇ ਬਲਾਕ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਉਸ ਨੂੰ ਕਿਸੇ ਵੀ ਅਧਿਕਾਰੀ ਨੇ ਯਾਦ ਕਰਨ ਦੀ ਜਰੂਰਤ ਮਹਿਸੂਸ ਨਹੀਂ ਕੀਤੀ । ਉਸਦੀ ਪਤਨੀ ਨੇ ਆਖਿਆ ਕਿ ਤੁਸੀਂ ਤਾਂ ਬੱਚਿਆਂ ਵਾਲੀ ਗੱਲ ਕਰ ਦਿੱਤੀ ਤੁਹਾਨੂੰ ਤਾਂ ਰਾਸ਼ਟਰੀ ਸਨਮਾਨ ਮਿਲਿਆ ਹੈ ਪਰ ਦਵਿੰਦਰ ਚੁੱਪ ਚਾਪ ਓਥੋਂ ਚਲਿਆ ਗਿਆ। ਜ਼ਿਲ੍ਹਾ ਦਫ਼ਤਰ ਪਹੁੰਚਣ ਕੇ ਦਵਿੰਦਰ ਨੇ ਬਲਾਕ ਵਾਲੀ ਘਟਨਾ ਦੇ ਰੋਸ ਵਜੋਂ ਆਪਣਾ ਰਾਸ਼ਟਰੀ ਸਨਮਾਨ ਵਾਪਸ ਕਰ ਦਿੱਤਾ। ਹਰ ਪਾਸੇ ਤੜਥੱਲੀ ਮਚ ਗਈ ਅਤੇ ਗੱਲ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਗਈ । ਦਵਿੰਦਰ ਸਿੰਘ ਖਿਲਾਫ ਇਨਕੁਆਇਰੀ ਬਿਠਾ ਦਿੱਤੀ ਗਈ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ । ਬਲਾਕ ਅਧਿਕਾਰੀਆਂ ਦਾ ਇਹ ਤਰਕ ਸੀ ਕਿ ਦਵਿੰਦਰ ਨੂੰ ਇੰਨਾ ਵੱਡਾ ਸਨਮਾਨ ਮਿਲ ਚੁੱਕਿਆ ਹੈ ਤਾਂ ਉਸਨੂੰ ਬਲਾਕ ਪੱਧਰੀ ਸਨਮਾਨ ਦੀ ਕੀ ਲੋੜ ਹੈ । ਦਵਿੰਦਰ ਨੂੰ ਰੋਸ ਪ੍ਰਗਟ ਕਰਨ ਦੇ ਦੰਡ ਵਜੋਂ ਉਸਦਾ ਤਾਂ
ਤਬਾਦਲਾ ਬਾਡਰ ਤੇ ਕਰ ਦਿੱਤਾ ਗਿਆ ਅਤੇ ਅੱਗੇ ਤੋਂ ਉਸਨੂੰ ਕੋਈ ਵੀ ਸਨਮਾਨ ਨਾ ਦੇਣ ਦੀ ਸਿਫ਼ਾਰਿਸ਼ ਕੀਤੀ ਗਈ। ਇਕਦਮ ਹੀ ਦਵਿੰਦਰ ਉੱਚੀ ਉੱਚੀ ਹੱਸਣ ਲੱਗ ਪਿਆ , ਸਾਰੇ ਸੋਚਣ ਲੱਗੇ ਕਿ ਇਹ ਤਾਂ ਕਮਲਾ ਹੋ ਗਿਆ। ਪਰ ਕਿਸੇ ਦੇ ਮਨ ਦੀਆਂ ਕੌਣ ਜਾਨੇ । ਦਵਿੰਦਰ ਮਨ ਹੀ ਮਨ ਸੋਚ ਰਿਹਾ ਸੀ ਕਿ ਉਹ ਤਾਂ ਪਹਿਲਾਂ ਵੀ ਸਨਮਾਨਾਂ ਜਾਂ ਪ੍ਰਸੰਸਾ ਪੱਤਰਾਂ ਲਈ ਕੰਮ ਨਹੀਂ ਕਰ ਰਿਹਾ ਸੀ । ਉਸਨੂੰ ਕਿਸੇ ਤੋਂ ਸਨਮਾਨ ਦੀ ਨਹੀਂ ਬਲਕਿ ਮਾਣ ਦੀ ਭੁੱਖ ਜਰੂਰ ਸੀ ਅਤੇ ਰਹੇਗੀ। ਇਹ ਭੁੱਖ ਰਾਸ਼ਟਰੀ ਅਤੇ ਅੰਤਰਾਸ਼ਟਰੀ ਸਨਮਾਨਾਂ ਤੋਂ ਕਿਤੇ ਜਿਆਦਾ ਹੈ। ਸ਼ਾਇਦ ਇਹ ਮਾਣ ਦੀ ਭੁੱਖ ਕਦੇ ਸ਼ਾਂਤ ਨਹੀਂ ਹੋਵੇਗੀ।

*ਰਾਖੀ ਸ਼ਰਮਾ*
*ਸੰਗਰੂਰ*

Have something to say? Post your comment