Thursday, September 24, 2020
FOLLOW US ON

Article

ਬਾਡੀ ਬਿਲਡਰ ਅਤੇ ਕਬੱਡੀ ਖਿਡਾਰੀਆਂ ਨੂੰ ਹੀ ਕਿਉਂ ਹੁੰਦਾ ਹੈ ਹਾਰਟ ਅਟੈਕ

ਜਗਰੂਪ ਸਿੰਘ ਜਰਖੜ | September 07, 2020 11:53 PM
Jagroop singh jarkhar
ਬਾਡੀ ਬਿਲਡਰਾਂ ਅਤੇ ਕਬੱਡੀ ਖਿਡਾਰੀਆਂ ਨੂੰ ਹੀ ਕਿਉਂ ਹੁੰਦਾ ਹੈ "ਹਾਰਟ ਅਟੈਕ "
 
ਵੈਸੇ ਤਾਂ ਮੌਤ ਉੱਤੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਇਹ ਕਿਸੇ ਵੀ ਉਮਰ ਵਿੱਚ ਕਿਸੇ ਵੀ ਤਰੀਕੇ ਨਾਲ ਆ ਸਕਦੀ ਹੈ ਬੀਤੇ ਦਿਨੀਂ ਇੱਕ ਨਾਮੀ ਬਾਡੀ ਬਿਲਡਰ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਆਈ ਉਹ ਪੰਜਾਬੀਆਂ ਦਾ ਚਹੇਤਾ ਬਾਡੀ ਬਿਲਡਰ ਸੀ ਖੇਡ ਪ੍ਰੇਮੀਆਂ ਨੂੰ ਉਸ ਖਿਡਾਰੀ ਦੀ ਮੌਤ ਦਾ ਵੱਡਾ ਸਦਮਾ ਲੱਗਿਆ ਇਸ ਤੋਂ ਪਹਿਲਾਂ ਇਸੇ ਸਾਲ ਵਿੱਚ ਪੰਜ ਸੱਤ ਕਬੱਡੀ ਖਿਡਾਰੀਆਂ ਦੀ ਮੌਤ ਵੀ ਹਾਰਟ ਅਟੈਕ ਨਾਲ ਹੋਣ ਦੀਆਂ ਖਬਰਾਂ ਮਿਲੀਆਂ । ਕਰੋਨਾਂ ਦੀ ਮਹਾਂਮਾਰੀ ਨਾਲ ਵੀ ਕਾਫੀ ਦੁਨੀਆਂ  ਅਨਿਆਈ ਮੌਤਾਂ ਦੀ ਭੇਟ ਚੜ੍ਹੀ ,ਇਸਤੋ ਇਲਾਵਾ ਨੌਜਵਾਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੌਤਾਂ ਦਿਲ ਦੇ ਦੌਰੇ ਪੈਣ ਨਾਲ ਹੁੰਦੀਆਂ ਹਨ ਪਰ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਮੌਤ ਤਾ ਸਮੈਕ ਜਾਂ ਚਿੱਟਾ ਪੀਣ ਨਾਲ ਹੋਈ ਸੀ ਇਹ ਆਮ ਹੀ ਅਖਬਾਰਾਂ ਵਿੱਚ ਖਬਰਾਂ ਨਸ਼ਰ ਹੁੰਦੀਆਂ ਹਨ ਚੱਲੋ ਚਿੱਟਾ ਜਾਂ ਸਮੈਕ ਪੀਣੀ ਤਾਂ ਇੱਕ ਨਸ਼ੇੜੀਆਂ ਦਾ ਕੰਮ ਹੈ ਉਹ ਮਰਨ ਚਿੱਟੇ ਨਾਲ ਜਾਂ ਹਾਰਟ ਅਟੈਕ  ਨਾਲ ਕੋਈ ਫਰਕ ਨਹੀਂ ਕਿਉਂਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਆਪਣੀ  ਮੌਤ ਸਹੇੜੀ ਹੁੰਦੀ ਹੈ ਪਰ ਬਾਡੀ ਬਿਲਡਰ ਜਾਂ ਕਬੱਡੀ ਖਿਡਾਰੀਆਂ ਨੂੰ ਹੀ ਭਰ ਜਵਾਨੀ ਵਿੱਚ ਹਾਰਟ ਅਟੈਕ ਕਿਉਂ ਹੁੰਦਾ ਹੈ ਦੂਜੀਆਂ ਖੇਡਾਂ ਦੇ ਵੀ ਖਿਡਾਰੀ ਹਨ ਫੁੱਟਬਾਲ, ਹਾਕੀ ,ਵਾਲੀਬਾਲ, ਬਾਸਕਟਬਾਲ, ਅਥਲੀਟ ਆਦਿ ਖੇਡਾਂ ਦੇ ਖਿਡਾਰੀ ਕਿਉਂ ਹਾਰਟ ਅਟੈਕ ਤੋਂ ਬਚੇ ਰਹਿੰਦੇ ਹਨ ।
 
    ਮੈਂ ਨਹੀਂ ਕਹਿੰਦਾ ਕਿ ਕਬੱਡੀ ਵਾਲੇ ਜਾਂ ਬਾਡੀ ਬਿਲਡਰ ਡਰੱਗ ਦਾ ਸੇਵਨ ਕਰਦੇ ਹਨ ਜਾਂ ਨਸ਼ਿਆਂ ਵਾਲੇ ਟੀਕੇ ਲਾਉਂਦੇ ਹਨ ਪਰ ਫਿਰ ਵੀ ਅਜਿਹਾ ਕੀ ਕਾਰਨ ਹੈ ਕਿ ਇਹ ਖਿਡਾਰੀ ਅਨਿਆਈ ਮੌਤਾਂ ਦੇ ਖੂਹ ਵਿੱਚ ਕਿਉਂ ਡਿੱਗ ਰਹੇ ਹਨ ਜਦੋਂ ਕਿਸੇ ਮਾਂ ਦਾ ਜਵਾਨ ਪੁੱਤ ਖਿਡਾਰੀ ਭਰ ਜਵਾਨੀ ਵਿੱਚ ਇਸ ਜਹਾਨ ਤੋਂ ਜਾਂਦਾ ਹੈ ਤਾਂ ਉਸ ਦਾ ਦੁੱਖ ਉਹ ਮਾਂ ਹੀ ਜਾਣਦੀ ਹੈ ਜਾ ਉਸ ਦੇ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨਾਲ ਇਹ ਦੁੱਖ ਦੀ ਘੜੀ ਕੀ ਭਾਅ ਬੀਤਦੀ ਹੈ । ਬਾਡੀ ਬਿਲਡਰ ਅਤੇ ਕਬੱਡੀ ਦੀ ਦੁਨੀਆਂ ਵਿੱਚ ਇਹ ਮੌਤ ਦੇ ਭਾਣੇ ਕਿਉਂ ਵਾਪਰਦੇ ਹਨ ਇਸ ਬਾਰੇ ਚ ਸਾਰੀ ਦੁਨੀਆਂ ਜਾਣਦੀ ਹੈ ਪੰਜਾਬ ਦੇ ਬਹੁਤ ਸਾਰੇ ਜਿੰਮ ਤਾਂ  ਸਟੀਰਾਇਡ ,ਡਰੱਗ ,ਕੈਮੀਕਲ ਪਦਾਰਥ ਅਤੇ ਹੋਰ ਜਾਅਲੀ ਸਪਲੀਮੈਂਟਾਂ ਦੇ ਅੱਡੇ ਬਣ ਗਏ ਹਨ ਜਿੱਥੇ  ਕਸਰਤ ਘੱਟ ,ਨਸ਼ੀਲੇ ਪਦਾਰਥਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਰਾਤੋਂ ਰਾਤ ਬਾਡੀ ਬਿਲਡਿੰਗ ਵਿੱਚ ਹੀਰੋ ਬਣਨ ਦੇ ਚੱਕਰ ਵਿੱਚ ਨੌਜਵਾਨ ਮੌਤ ਦੇ ਚੁਰਾਹੇ ਵੱਲ ਵਧ ਰਹੇ ਹਨ ਕੋਈ ਮੰਨੇ ਨਾ ਮੰਨੇ ਇਹ ਕੌੜਾ ਸੱਚ ਹੈ ਫਿਰ ਮੌਤ ਨੂੰ ਹਾਰਟ ਅਟੈਕ ਨਾਲ ਹੋਣਾ ਦੱਸਣਾ ਤਾਂ ਇਕ ਰਟੀ  ਰਟਾਈ ਕਹਾਣੀ ਹੈ।ਨੌਜਵਾਨਾਂ ਵੱਲੋਂ ਅਪਣਾਏ ਮਾੜੇ ਸਿਸਟਮ ਅਤੇ ਮਾੜੀਆਂ ਆਦਤਾਂ ਦੀ ਕੋਈ ਗੱਲ ਨਹੀਂ ਕਰਦਾ ਨਾਂ ਹੀ ਲਿਖਣ ਵਾਲਿਆਂ ਵਿੱਚ ਇੰਨੀ ਹਿੰਮਤ ਹੈ ।
               
     ਕਬੱਡੀ ਵਿੱਚ ਖਿਡਾਰੀਆਂ ਦੀਆਂ ਮੌਤਾਂ ਦਾ ਸਿਲਸਿਲਾ ਕਿਉਂ ਨਹੀਂ ਬੰਦ ਹੁੰਦਾ ਉਸ ਬਾਰੇ ਵੀ ਸਾਰੇ ਕਬੱਡੀ ਵਾਲੇ ਭਲੀ ਭਾਂਤ ਜਾਣੂੰ ਹਨ । ਵੱਡੇ ਦੁੱਖ ਵਾਲੀ ਤਾਂ ਇਹ ਗੱਲ ਹੈ ਕਿ ਕਬੱਡੀ ਇੱਕ ਖੇਡ ਬਣਨ ਦੇ ਬਜਾਏ ਬਹੁਤੇ ਲੋਕਾਂ ਦਾ ਇੱਕ ਗੋਰਖ ਧੰਦਾ ਬਣ ਕੇ ਰਹਿ ਗਈ ਹੈ।ਕਬੱਡੀ ਸਿਆਸੀ ਲੋਕਾਂ ਦੀਆਂ ਵੋਟਾਂ ਦੀ ਰਾਜਨੀਤੀ  ਦਾ ਧੰਦਾ ਬਣ ਕੇ ਰਹਿ ਗਈ ਹੈੱ।ਕਬੱਡੀ ਦਾ ਕੋਈ ਵਾਲੀ ਵਾਰਸ ਨਹੀ , ਕੋਈ ਮਾਈ ਬਾਪ ਨਹੀਂ ,ਕੋਈ ਨਿਯਮ ਸਿਧਾਂਤ ਤੇ ਕੋਈ ਵਿਧੀ ਵਿਧਾਨ ਨਹੀਂ ,ਕੋਈ ਵਿਸ਼ਵ ਪੱਧਰੀ ਕਬੱਡੀ ਦੀ ਸੰਸਥਾ ਨਹੀਂ ਸਿਰਫ ਕਬੱਡੀ ਦੇ ਕੁਝ ਸ਼ੌਂਕੀ ਬੰਦੇ ਹਨ ਜੋ ਕਬੱਡੀ ਪ੍ਰਤੀ ਸ਼ੈਦਾਈ ਅਤੇ ਸਮਰਪਿਤ ਹਨ ਉਹ ਇਸ ਸਿਸਟਮ ਨੂੰ ਆਪਣੇ ਦਮ ਤੇ ਤੋਰੀ ਫਿਰਦੇ ਹਨ ਜਿਸ ਕਰਕੇ ਕਬੱਡੀ ਨੂੰ  ਇੱਕ ਖੇਡ ਬਣਨ ਦੀ  ਆਸ ਦੀ ਕਿਰਨ ਇੱਕ ਜੱਗਦੀ ਦਿੱਖਦੀ  ਹੈ ।
     
       ਪਰ ਦੂਜੇ ਪਾਸੇ ਨਸ਼ਿਆਂ ਦੇ ਵਪਾਰੀ , ਡਰੱਗੀ ਉਸਤਾਦ, ਜੁਗਾੜੀ ਲੋਕ ਜੋ ਕਬੱਡੀ ਖਿਡਾਰੀਆਂ ਨੂੰ ਗ਼ਲਤ ਪਾਸੇ ਭਰਮਾਉਂਦੇ ਹਨ ਅਤੇ ਨਸ਼ਿਆਂ ਦੇ ਟੀਕੇ ਲਾਉਣ ਲਈ ਉਕਸਾਉਂਦੇ ਹਨ ਕੈਨੇਡਾ ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਜਾਣ ਦੇ ਸੁਪਨੇ ਦਿਖਾਉਂਦੇ ਹਨ ਹਰ ਚੰਗੇ ਮੈਚ ਤੋਂ ਪਹਿਲਾਂ ਮੈਚ ਦੀ ਯੋਜਨਾ ਘੱਟ ਹੁੰਦੀ ਹੈ ਪਰ  ਸਾਮਾਨ ਲਾ ਲਿਆ, ਸਾਮਾਨ ਆ ਗਿਆ ਹੈ ਸਾਮਾਨ ਕਿੱਥੇ ਹੈ ਸਾਮਾਨ ਵਾਲੀ ਗੱਡੀ ਕਿੱਥੇ ਲਾਉਣੀ ਹੈ  ਦੀ ਯੋਜਨਾ ਹੱਦੋਂ ਵੱਧ ਹੁੰਦੀ ਹੈ ਫੇਰ ਖਾਦੇ ਸਾਮਾਨ ਦੇ ਵਾਧ ਘਾਟ ਹੀ  ਖਿਡਾਰੀਆਂ ਦੀ ਮੌਤ ਦਾ ਵੱਡਾ ਕਾਰਨ ਬਣਦੀ ਹੈ। ਕਿਉਂਕਿ ਜਦੋਂ ਸਾਮਾਨ ਦੀ ਵਾਧ ਘਾਟ ਨਾਲ ਨਾੜੀਆਂ ਬਲਾਕ ਹੋ ਜਾਂਦੀਆਂ ਹਨ ਤਾਂ ਹਾਰਟ ਅਟੈਕ ਤਾਂ ਫੇਰ ਇੱਕ ਬਹਾਨਾ ਬਣ ਜਾਂਦਾ ਹੈ । ਹਾਰਟ ਅਟੈਕ ਨਾਲ ਹੋਈ ਮੌਤ ਦੀ ਕਹਾਣੀ ਬਣਾ ਕੇ ਦੁਨੀਆਂ ਨੂੰ ਮੂਰਖ ਬਣਾਉਣ  ਦਾ ਯਤਨ ਤਾਂ ਅਸੀਂ ਕਰਦੇ ਹਾਂ ਪਰ ਉਹ ਭਲਿਓ ਮਾਨਸੋ ਸੋਚੋ ਇਸ ਦੁਨੀਆਂ ਨੇ ਕਿਸੇ ਦੀ ਮੌਤ ਤੋਂ ਦੱਸੋ ਕੀ ਲੈਣਾ ਹੈ ਜੱਗ ਸਾਡੇ ਖਿਡਾਰੀਆਂ ਦੀਆਂ ਹੋ ਰਹੀਆਂ ਮੌਤਾਂ ਦੀ ਮੂਰਖਤਾ ਤੇ ਹੱਸਦਾ ਵੀ ਹੈ ਅਤੇ ਰੋਂਦਾ ਵੀ ਹੈ ਜਿਸ ਦਿਨ ਵੀ ਮਾਪਿਆਂ ਦਾ ਜਗਿਆ ਚਿਰਾਗ਼ ਜਦੋਂ ਬੁੱਝਦਾ  ਹੈ ਦਾ ਦੁੱਖ ਉਨ੍ਹਾਂ ਮਾਪਿਆਂ ਨੂੰ ਹੀ ਪਤਾ ਹੁੰਦਾ ਹੈ ।ਪੰਜਾਬ ਦੇ ਖਾੜਕੂਵਾਦ ਦੌਰਾਨ ਅਸੀਂ ਹਜ਼ਾਰਾਂ ਮੁੰਡੇ ਗਵਾ ਲਏ ਪਰ ਖੱਟਿਆ ਕੁਝ ਨਹੀਂ ਦੇਖਣਾ ਕਿਤੇ ਕੱਲ੍ਹ ਨੂੰ ਬਾਡੀ ਬਿਲਡਰ ਅਤੇ ਕਬੱਡੀ ਦਾ ਨਤੀਜਾ ਵੀ  ਖਾੜਕੂਵਾਦ ਵਾਲਾ ਹੀ ਨਾ ਹੋ ਜਾਵੇ ।
     
         ਉਹ ਭਾਈ ਕਬੱਡੀ ਵਾਲਿਓ ਸੁਣੋ, ਉੱਡਣਾ ਸਿੱਖ ਮਿਲਖਾ ਸਿੰਘ ਆਪਣੀ ਜਵਾਨੀ ਦੇ ਦਿਨਾਂ ਵਿੱਚ ਚੀਤੇ ਵਾਂਗ ਦੌੜਿਆ,ਦੌੜਨ ਵਿੱਚ  ਦੁਨੀਆ ਦਾ ਨਵਾਂ ਰਿਕਾਰਡ ਵੀ ਪੈਦਾ ਕੀਤਾ ਉਸ ਨੂੰ ਤਾਂ ਕਦੇ ਹਾਰਟ ਅਟੈਕ ਦੀ ਸ਼ਿਕਾਇਤ ਆਈ ਨਹੀਂ ਇਸ ਤੋਂ ਇਲਾਵਾ  ਕਬੱਡੀ ਵਾਲੇ ਬਲਵਿੰਦਰ ਫਿੱਡਾ ,ਦੇਵੀ ਦਿਆਲ, ਹਰਜੀਤ ਬਾਜਾਖਾਨਾ ,ਸਿਵਦੇਵ ਸਿੰਘ ,ਸੱਭਾ ਗੁਰਦਾਸਪੁਰੀਆ ਫਿਰ ਨਵੇਂ ਮੁੰਡਿਆਂ ਵਿੱਚ ਬਲਬੀਰ ਬਿੱਟੂ ,ਭਿੰਦਰ ਨਵਾਂਪਿੰਡ ,ਗੁਰਲਾਲ ਘਨੌਰ   ਹੋਰ ਬਹੁਤ ਸਾਰੇ ਮੁੰਡੇ ਜੋ 2-2 ਦਹਾਕੇ ਦੇ ਕਰੀਬ ਕਬੱਡੀ ਖੇਡੇ ਹਨ  ਗੁਰਲਾਲ ਅੱਜ ਵੀ ਆਪਣੀ ਉਮਰ ਮੁਤਾਬਕ ਵਧੀਆ ਖੇਡਦਾ ਹੈ ਇਨ੍ਹਾਂ ਦੀ ਤੇ  ਦਿਲ ਦੀ ਧੜਕਣ ਕਦੇ ਤੇਜ਼ ਹੋਈ ਨਹੀਂ ਕੀ ਇਨ੍ਹਾਂ ਦੇ ਹਾਰਟ ਸੋਨੇ ਦੇ ਪਵਾਏ ਹੋਏ ਹਨ  ?
   
       ਤੁਹਾਡੀ ਕਬੱਡੀ ਦਾ ਹੀ ਰਹਿਨੁਮਾ ਸੁਰਜਨ ਚੱਠਾ ਦਿਨ ਦਿਹਾੜੇ ਕਹਿੰਦਾ ਹੈ ਕਿ ਕਬੱਡੀ ਖਿਡਾਰੀਆਂ ਦੀਆਂ ਮੌਤਾਂ ਹਾਰਟ ਅਟੈਕ ਨਾਲ ਨਹੀਂ ਸਗੋਂ ਡਰੱਗ ਲੈਣ ਅਤੇ ਟੀਕੇ ਲਾਉਣ ਨਾਲ ਹੁੰਦੀਆਂ ਹਨ ਉਹ ਵੱਖਰੀ ਗੱਲ ਹੈ ਕਿ ਕੁਝ ਕਬੱਡੀ ਪ੍ਰਮੋਟਰ ਸੱਚ ਬੋਲਣ ਤੋਂ ਪਾਸਾ ਵੱਟ ਜਾਂਦੇ ਹਨ ਪਰ ਅਸਲੀਅਤ ਦਾ ਹਰ ਇਕ ਨੂੰ ਪਤਾ ਹੈ ਕਿ ਮੌਤਾਂ ਦੇ ਭਾਣੇ ਕਿਉਂ ਵਾਪਰ ਰਹੇ ਹਨ । ਬਹੁਤੇ ਕਬੱਡੀ ਕੁਮੈਂਟੇਟਰ ਵੀ ਆਪਣੇ 4  ਛਿੱਲੜਾ ਕਮਾਉਣ ਦੀ ਖਾਤਰ  ਖਿਡਾਰੀਆਂ ਨੂੰ ਝੂਠੀ ਸ਼ੋਹਰਤ ,ਕਬੱਡੀ ਰਖਵਾਲਿਆਂ ਨੂੰ ਫੋਕੀ ਹਉਮੈ ਦਿਵਾ ਕੇ ਕੀਮਤੀ ਜਾਨਾਂ ਦਾ ਘਾਣ ਕਰ ਰਹੇ ਹਨ ਜਿਨ੍ਹਾਂ ਨੂੰ ਕੁਮੈਂਟਰੀ ਦੀ ਅਸਲ ਪਰਿਭਾਸ਼ਾ ਦੇ ਓੂੜੇ ਆੜੇ ਜਿੰਨਾ ਗਿਆਨ ਵੀ ਨਹੀਂ   ਉਹ ਹੀ ਆਪਣੇ ਆਪ ਨੂੰ ਖੇਡ ਦੇ ਰਖਵਾਲੇ ਸਮਝੀ ਜਾਂਦੇ ਹਨ ।ਜੇਕਰ ਕਬੱਡੀ ਵਾਲਿਆਂ ਅਤੇ ਬਾਡੀ ਬਿਲਡਰਾਂ ਨੇ ਆਪਣਾ ਸਿਸਟਮ ਨਾ ਬਦਲਿਆ ਫੇਰੇ ਮੌਤਾਂ ਵਾਲੇ ਹਾਲਾਤ ਵੀ ਬਦਲਣ ਵਾਲੇ ਨਹੀਂ ਹੋਣੇ, ਡੋਰ ਖੇਡ ਦੇ ਰਖਵਾਲਿਆਂ ਦੇ ਹੱਥ ਵਿੱਚ ਹੀ ਹੈ ।
   ਲੋੜ ਹੈ ਇਸ ਵਕਤ ਕਬੱਡੀ ਖੇਡ ਨੂੰ ਬਚਾਉਣ ਦੀ ਅਤੇ ਖਿਡਾਰੀਆਂ ਨੂੰ ਸਿੱਧੇ ਰਸਤੇ ਲਿਆਉਣ ਦੀ , ਕਬੱਡੀ ਖਿਡਾਰੀਆਂ ਅਤੇ ਬਾਡੀ ਬਿਲਡਰਾਂ ਨੂੰ ਪਈਆਂ ਮਾੜੀਆਂ ਨਿਆਮਤਾਂ ਦੂਰ ਕਰਨੀਆਂ ਹੀ ਪੈਣਗੀਆਂ ਸਟੀਰਾਇਡ ,ਡਰੱਗ ,ਟੀਕੇ ਬਗੈਰਾ ਨੂੰ ਤਿਆਗਣਾ ਪਵੇਗਾ ਕੁਦਰਤੀ ਸਪਲੀਮੈਂਟ ਅਪਣਾਉਣੇ ਪੈਣਗੇ ਇਸ ਨਾਲ ਸਰੀਰਕ ਤੰਦਰੁਸਤੀ ਵਧੇਗੀ ਖੇਡ ਵੀ ਤਰੱਕੀ ਕਰੇਗੀ , ਰੱਬ ਵੀ ਰਹਿਮਤ ਕਰੇਗਾ ਬਾਕੀ ਬਾਡੀ ਬਿਲਡਰਾ ਅਤੇ ਕਬੱਡੀ ਵਾਲਿਆਂ ਦਾ ਰੱਬ ਰਾਖਾ !
 
 
ਜਗਰੂਪ ਸਿੰਘ ਜਰਖੜ 
ਖੇਡ ਲੇਖਕ
ਫੋਨ ਨੰਬਰ 9814300722
 
 
 
 
Have something to say? Post your comment