Thursday, September 24, 2020
FOLLOW US ON

Article

ਜਾਗੋ ਕੱਢਣੀ ਮੜਕ ਨਾਲ ਤੁਰਨਾ

September 10, 2020 01:37 PM

ਪੰਜਾਬੀ ਜੀਵਨ ਚਾਵਾਂ-ਮਲਾਰਾ ਨਾਲ ਭਰਪੂਰ ਹੈ । ਇਹ ਹਰ ਖੁਸ਼ੀ ਨੂੰ ਬੜੇ ਉਤਸਾਹ ਨਾਲ ਮਨਾਉਦੇ ਹਨ

। ਇਸੇ ਲਈ ਪੰਜਾਬੀ ਸੱਭਿਆਚਾਰ ਸੰਸਾਰ ਵਿੱਚ ਖਾਸ ਸਥਾਨ ਰੱਖਦਾ ਹੈ । ਸੱਭਿਆਚਾਰ ਕੌਮ ਦਾ ਉਹ ਅਕਸ
ਹੁੰਦਾ ਹੈ ਜਿਸ ਤੋ ਉਸਦੀ ਤਸਵੀਰ ਝਲਕਦੀ ਹੈ । ਇਸ ਰਾਹੀ ਮਨ ਦੇ ਚਾਅ ਤੇ ਖੁਸ਼ੀਆ ਦਾ ਪ੍ਰਗਟਾਵਾ ਕਰਨ ਲਈ
ਵੰਨਗੀਆ ਤੇ ਤਰੀਕੇ ਦਰਸਾਏ ਹੁੰਦੇ ਹਨ । ਵਿਆਹ ਇਕ ਵਡੇਰੀ ਰਸ਼ਮ ਹੈ ਜਿਸ ਵਿੱਚ ਅਨੇਕਾ ਹੋਰ ਛੋਟੀਆ ਪਰ
ਮਹੱਤਵਪੂਰਨ ਰਸਮਾ ਸਮਾਈਆ ਹਨ । ਉਹਨਾ ਵਿੱਚੋ ਇਕ ਹੈ " ਜਾਗੋ " ਜਿਹੜੀ ਮੁੱਖ ਤੋਰ ਤੇ ਨਾਨਕਿਆ ਵਲੋ
ਨਿਭਾਈ ਜਾਦੀ ਹੈ । ਵਿਆਹ ਵਾਲੇ ਘਰ ਬਰਾਤ ਤੋ ਪਹਿਲੀ ਰਾਤ ਨੂੰ ਨਾਨਕਾ ਮੇਲ ਬਲਟੋਹੀ ,ਗਾਗਰ ਜਾ ਘੜੇ ਦੇ
ਦੁਵਾਲੇ ਗਿੱਲੇ ਆਟੇ ਨਾਲ ਦੀਵੇ ਚਿਣ ਵਿਚਕਾਰ ਚੁੰਹ-ਮੁੱਖੀ ਦੀਵੇ ਨਾਲ ਸਜਾਉਦੇ ਤੇ ਖਾਲੀ ਵਜੋ ਜਾਗੋ ਵਿੱਚ ਪਾਣੀ
ਭਰ ਪਿੰਡ ਵਿੱਚ ਫੇਰਿਆ ਜਾਦਾ । ਸਦੀਆ ਤੋ ਪਾਣੀ ਅਤੇ ਚਾਨਣ ਨੂੰ ਜੀਵਨ ਦਾ ਅਧਾਰ ਮੰਨਣ ਦੀ ਰੀਤ ਹੈ ।
ਜਾਗੋ ਨਾਲ ਮਿੱਥਾ ਵੀ ਜੁੜੀਆ ਹੋਈਆ ਹਨ । ਕਿ ਜਿਥੋ ਲਟ-ਲਟ ਬਲਦੀ ਜਾਗੋ ਲੰਘ ਜਾਵੇ । ਉਸਦੀ ਰੌਸਨੀ
ਕਾਰਨ ਬਦਰੂਹਾ ਪਿੰਡ ਦੀ ਜੂਹ ਵਿੱਚ ਨਹੀ ਅਉਦੀਆ । ਪੁਰਾਣੇ ਸਮੇ ਵਿੱਚ ਲੋਕ ਇਸ ਨੂੰ ਸਗਨ ਬਿੰਨਣ ਦਾ ਟੂਣਾ
ਮੰਨਦੇ ਸਨ , ਵਿਆਹ ਦੇ ਸਾਰੇ ਕਾਰ ਵਿਹਾਰ ਨਿਰਵਿਘਨ ਹੋਣ ਦਾ ਵਿਸਵਾਸ ਵੀ । ਇਸ ਕਾਰਨ ਜਾਗੋ ਫੇਰਨਾ ਜਾ
ਕੱਢਣ ਨੂੰ ਖਾਸ ਅਹਿਮੀਅਤ ਦਿੱਤੀ ਜਾਦੀ ਸੀ ।
ਨਾਨਕਾ ਮੇਲ ਸ਼ਾਮ ਢਲਦਿਆ ਹੀ ਜਾਗੋ ਦੀ ਤਿਆਰੀਆ ਲਈ ਤੱਤਪਰ ਰਹਿਦਾ ਸੀ । ਘਿਉ ਜਾ ਤੇਲ ਦੇ
ਦੀਵੇ ਸਲੀਕੇ ਨਾਲ ਲਗਾਉਣ ਤੇ ਆਪਣੇ ਆਪ ਨੂੰ ਸਜਾਉਣ ਲਈ ਖਾਸ ਕਰ ਮਾਮੀਆ ਮਸਰੂਫ ਹੋ ਜਾਦੀਆ । ਸੂਫ
ਜਾ ਸਾਟਨ ਦੇ ਘੱਗਰੇ ,ਫੁਲਕਾਰੀ ,ਗੋਟੇ ਵਾਲੀਆ ਚੁੰਨੀਆ ,ਫੁੰਦਿਆ ਨਾਲ ਸਜੀਆ ਕੁੜਤੀਆ ,ਪਿੱਪਲ ਪੱਤੀਆ,

ਸੰਗੀ ਫੁੱਲ, ਸੁਹਾਗ ਪੱਟੀ ਤੇ ਮਾਗ ਟਿੱਕੇ ਨਾਲ ਫਬੀਆ ਮੇਲਣਾ ਜਾਗੋ ਦੇ ਚਾਨਣ ਨੂੰ ਵੀ ਹੋਰ ਦੂਣਾ ਕਰ ਦਿੰਦੀਆ ।
ਇਸ ਕਾਰਜ ਦੇ ਕਰਤਾ ਧਰਤਾ ਨਾਨਕੇ ਹੁੰਦੇ ਹਨ । ਪਿੰਡ ਵਿੱਚ ਪਹਿਲਾ ਹੀ ਜਾਗੋ ਫੇਰਨ ਦਾ ਸੱਦਾ ਲਾਗੀ ਘਰਾ
ਵਿੱਚ ਲ਼ਗਾ ਦਿੰਦਾ । ਤਾ ਜੋ ਲੋਕੀ ਆਪਣਾ ਕੰਮ ਧੰਦਾ ਸਮੇਟ ਕੇ ਜਾਗੋ ਵਿੱਚ ਸਾਮਿਲ ਹੋ ਸਕਣ । ਦੀਵਿਆ ਨਾਲ
ਸਜੀ ਜਾਗੋ ਵਿੱਚ ਵਿਆਹ ਵਾਲੇ ਮੁੰਡੇ ਜਾ ਕੁੜੀ ਦੀ ਮਾਤਾ ਤੇਲ ਪਾ ਕੇ ਜਾਗੋ ਚੁਕਾਉਣ ਦਾ ਸ਼ਗਨ ਕਰਦੀ । ਬਾਅਦ
ਵਿੱਚ ਮਾਸੀਆ, ਮਾਮੀਆ ,ਚਾਚੀਆ,ਭਾਬੀਆ ਸਿਰ ਤੇ ਵਾਰੋ-ਵਾਰੀ ਜਾਗੋ ਚੁੱਕ ਗੇੜਾ ਦਿੰਦੀਆ ਹਨ। ਸਿੱਠਣੀਆ
,ਬੋਲੀਆ ਤੇ ਗੀਤਾ ਨਾਲ ਇਕ ਦੂਜੇ ਤੇ ਨਿਹੋਰੇ ਕਸਦੀਆ । ਜਾਗੋ ਦੀ ਰਖਵਾਲੀ ਲਈ ਇਕ ਘੁਗਰੂੰਆ ਵਾਲੀ ਡਾਂਗ
ਜਾ ਸੋਟਾ ਵੀ ਨਾਲ ਲੈ ਕੇ ਚੱਲ਼ਣ ਰਿਵਾਜ ਵੀ ਪ੍ਰਚਿੱਲਤ ਹੈ । ਜਾਗੋ ਵਿੱਚ ਵੱਡੀ ਮਾਮੀ ਦੀ ਪੂਰੀ ਟੋਹਰ ਹੁੰਦੀ ਹੈ । ਜੋ
ਜੋਸੀਲੇ ਅੰਦਾਜ ਵਿੱਚ ਬੋਲੀ ਪਾ ਪਿੰਡ ਵਾਲਿਆ ਨੂੰ ਆਪਣੀ ਦਸਤਕ ਲਈ ਅਗਾਹ ਕਰਦੀ ਹੈ।
ਸਾਰੇ ਪਿੰਡ 'ਚ ਫੇਰਨੀ ਜਾਗੋ
ਵਿਆਹ ਸਾਡੇ ਅਨੰਤ ਸਿੰਘ ਦਾ
ਜਾਗੋ ਆਪਸੀ ਮੇਲ ਜੋਲ ਤੇ ਖੁਸੀਆ ਦਾ ਪ੍ਰਤੀਕ ਹੈ । ਪਹਿਲਾ ਤਾਏ ਚਾਚੇ ਦੇ ਘਰਾ ਵਿੱਚ ਫੇਰਾ ਪਾਇਆ
ਜਾਦਾ ਹੈ । ਜਿਸ ਸਦਕੇ ਸਰੀਕੇ ਦੀ ਸ਼ਾਝ ਤੇ ਪਿਆਰ ਬਣੇ ਰਿਹਣ । ਉਹ ਵੀ ਅੱਗੇ ਵਧਕੇ ਤੇਲ ,ਸਗਨ ਤੇ
ਨਾਨਕਿਆ ਦੀ ਆਉ-ਭਗਤ ਦਾ ਉਚੇਚਾ ਪ੍ਰਬੰਧ ਕਰਦੇ । ਉੁਥੋ ਮੇਲਣਾ ਗਿੱਧੇ ਦਾ ਅਗਾਜ ਕਰਕੇ ਬੋਲੀਆ
ਪਾਉਦੀਆ ਹਨ ।
ਜਗਮੋਹਨ ਜੋਰੂ ਜਗਾ ਲੈ ਵੇ , ਹੁਣ ਜਾਗੋ ਆਈ ਆ
ਛਾਵਾ ਬਈ ਹੁਣ , ਜਾਗੋ ਆਈ ਆ ।

ਰੁੱਸੀ ਤਾ ਮਨਾ ਲੈ ਵੇ , ਸੋਨ ਚਿੜੀ ਗਲ ਲਾ ਲੈ ਵੇ
ਹੁਣ ਜਾਗੋ ਆਈ ਆ, ਛਾਵਾ ਬਈ …….
ਪੁਰਾਣੇ ਸਮੇ ਵਿੱਚ ਲੋਕੀ ਜਾਗੋ ਨੂੰ ਸਾਝੀ ਰਸਮ ਮੰਨਦੇ ਸਨ । ਮੇਲ ਪਿੰਡ ਦੇ ਕਿਸੇ ਵੀ ਘਰ ਵਿੱਚ ਚਲਾ ਜਾਦਾ
। ਲੋਕੀ ਖਿੜੇ ਮੱਥੇ ਸਵਾਗਤ ਕਰਦੇ । ਪਰ ਮੋਜੂਦਾ ਦੋਰ ਵਿੱਚ ਇਹ ਸਾਝ ਦਾ ਘੇਰਾ ਸੁਗੜਦਾ ਜਾ ਰਿਹਾ ਹੈ । ਫਿਰ
ਵੀ ਨਾਨਕੇ ਮੱਲੋ ਜੋਰੀ ਸਗਨ ਜਾ ਤੇਲ ਪਵਾਉਣੋ ਨਹੀ ਟਲਦੇ , ਬੋਲੀਆ ਪਾ ਕੇ ਰਸਮਾ ਪੂਰੀਆ ਕਰਵਾਉਦੇ ਹਨ

ਤੇਲ ਪਾਉਣਗੇ ਨਸੀਬਾ ਵਾਲੇ
ਬਈ ਜਾਗੋ ਵਿਚੋ ਤੇਲ ਮੁਕਿਆ
ਨਾਨਕਾ ਮੇਲ ਪਿੰਡ ਦੇ ਮੋਹਤਬਰ ਨੂੰ ਵੀ ਜਾਗੋ ਵਿੱਚ ਸਾਮਿਲ ਕਰਦਾ ਹੈ । ਤਾ ਜੋ ਕਿਸੇ ਦੀ ਨਿਰਾਜਗੀ ਦਾ
ਉਲਾਂਬਾ ਨਾ ਰਹੇ । ਜਦੋ ਮੇਲਣਾ ਦਾ ਜੋਸ਼ ਚਰਮ ਸੀਮਾ ਤੇ ਪਹੁੰਚਦਾ । ਔਰਤਾ ਵਿਚੋ ਇਕ ਸਿਰ ਤੇ ਪਰਨਾ ਲਪੇਟ
ਠਾਣੇਦਾਰੀ ਰੋਅਬ ਨਾਲ ਘਰ ਜਾ ਕੇ ਜਾਂ ਅੱਗੇ ਤੋ ਲੰਘਦਿਆ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ,ਬੇਬਾਕ ਬੋਲੀਆ ਪਾ
ਤਾੜਨਾ ਕਰਨੋ ਨਹੀ ਝਿਜਕਦੀਆ ।
ਇਸ ਪਿੰਡ ਦੇ ਪੰਚੋ ਵੇ ਸਰਪੰਚੋ ਵੇ ਲੰਬੜਦਾਰੋ
ਵੇ ਮੇਲ ਆਇਆ ਹਰਮੇਸ ਸਿਅੁ ਕੇ
ਜਰਾ ਬਚ ਕੇ ਪਾਸੇ ਦੀ ਲੰਘ ਜਾਇਓ

ਜਾਗੋ ਵਾਲੇ ਮੇਲ ਨੂੰ ਪਿੰਡ ਵਿੱਚ ਕਿਸੇ ਵੀ ਵਿਆਕਤੀ ਵਲੋ ਕੋਈ ਰੋਕ ਟੋਕ ਜਾ ਗੁੱਸਾ ਨਹੀ ਕੀਤਾ ਜਾਦਾ ਸ਼ੀ ।
ਰਾਤ ਨੂੰ ਰਸਤੇ ਵਿਚ ਸੁੱਤੇ ਪਏ ਲੋਕਾ ਦੇ ਮੰਜੇ ਮੂਧੇ ਮਾਰਨੇ ਜਾ ਪਰਨਾਲੇ ਭੰਨਣਾ ਵੀ ਇਸੇ ਖਰਮਸਤੀ ਦਾ ਹਿੱਸਾ
ਮੰਨਦੇ । ਇਥੋ ਤੱਕ ਨੇੜਲੇ ਸਰੀਕਾ ਦੇ ਤਾ ਚੁੱਲੇ ਅਤੇ ਹਾਰੇ ਵੀ ਭੰਨ ਦਿੰਦੇ । ਮਾਡਰਨ ਜਮਾਨੇ ਵਿੱਚ ਤਾ ਇਹ
ਨਜਾਰੇ ਬੀਤੇ ਸਮੇ ਦੀਆ ਗੱਲਾ ਹੀ ਰਿਹ ਗਈਆ । ਪੁਰਾਣੇ ਸਮਿਆ ਵਿੱਚ ਜਮੀਨ-ਜਇਦਾਦ ਦੀ ਵੰਡ ਨੂੰ
ਘਟਾਉਣ ਦੇ ਲਈ ਪਰਿਵਾਰਾ ਵਿਚ ਛੜੇ ਵਿਆਕਤੀ ਜਰੂਰ ਹੁੰਦੇ ਸਨ । ਮੇਲਣਾ ਬੜੇ ਚਾਅ ਨਾਲ ਹਾਸਾ -ਠੱਠਾ ਕਰ
ਖੂਭ ਰੋਣਕਾ ਲਗਾਉਦੀਆ ।
ਚਿੱਟਾ ਚਾਦਰਾ ਪੱਗ ਗੁਲਾਬੀ ਖੂਹ ਤੇ ਕੱਪੜੇ ਧੋਵੇ
ਸਾਬਣ ਥੋੜਾ ਮੈਲ ਵਥੇਰੀ ਉਚੀ ਉਚੀ ਰੋਵੇ
ਨੀ ਛੜੇ ਵਿਚਾਰੇ ਦਾ ਕੋਣ ਚਾਦਰਾ ਧੋਵੇ - 2

ਜਾਗੋ ਦਾ ਗੇੜ ਘੁਮਦਿਆ-ਘੁਮਦਿਆ ਜਦੋ ਹੱਟੀ ਵਾਲੇ ਦੇ ਘਰ ਪਹੁੰਚਦਾ ਹੈ । ਉਸ ਨੂੰ ਦੁਕਾਨ ਖੁਲਾ ਖਾਣ ਦਾ
ਸਮਾਨ ਖਰੀਦਣ ਦੀਆ ਸਮਕਰੀਆ ਤੇ ਨਾਲੋ ਨਾਲ ਰਿਉੜੀਆ ਪਕੋੜੀਆ ਵੰਡਣ ਲਈ ਤਕੀਦ ਵੀ ਕਰਦੇ । ਜਦੋ
ਪੈਰੀ ਛਣਕਦੀਆ ਪੰਜੇਬਾ ਤੇ ਤਾੜੀਆ ਦੀ ਗੂੰਜ ਨਾਲ ਮਿੱਠੀ ਧਮਕੀ ਨੁਮਾ ਬੋਲੀ ਪੈਦੀ ਤਾ ਇਸ ਮਹੋਲ ਨੂੰ ਹੋਰ ਵੀ
ਸ਼ਲੂਣਾ ਬਣਾ ਦਿੰਦੀਆ ।
ਬੂਹਾ ਖੋਲ ਵੇ ਦੁਕਾਨਦਾਰਾ , ਕੁੜੀਆ ਨੂੰ ਵੰਡ ਰੁਊੜੀਆ
ਜੇ ਤੂੰ ਅੜ ਕਰਦਾ , ਕਿਤੇ ਲੁੱਟਿਆ ਨਾ ਜਾਵੇ ਹੱਟ ਸਾਰਾ ---2

ਪੰਜਾਬੀ ਸੁਭਾਅ ਪੱਖੋ ਖੁਲੇ ਤੇ ਆਉ ਭਗਤ ਲਈ ਦੁਨੀਆ ਵਿੱਚ ਜਾਣੇ ਜਾਦੇ ਹਨ । ਪਿੰਡ ਅਇਆ ਸਾਧੂ ਸੰਤ ਵੀ
ਖਾਲੀ ਹੱਥ ਨਹੀ ਜਾਦਾ। ਉਹਨਾ ਨੂੰ ਦਾਨ ਦੇਣਾ ਪੁਰਾਣੇ ਬਜੁਰਗ ਆਪਣੇ ਸੰਕਟ ਟਾਲਣ ਦੇ ਹਿੱਤ ਸਮਝਦੇ ਸਨ ।
ਇਹਨਾ ਨੂੰ ਫਸ਼ਲ ਵਿੱਚੋ ਦਾਨ ਦਾ ਹਿੱਸਾ ਕੱਢਕੇ ਵੰਡਦੇ । ਉਹ ਸਾਡੇ ਸਭਿਆਚਾਰ ਤੇ ਸਮਾਜ ਦਾ ਹਿੱਸਾ ਹਨ ।
ਜਾਗੋ ਵਿੱਚ ਵੀ ਔਰਤਾ ਸ਼ਾਧੂ ਦਾ ਭੇਸ ਵਟਾ ਵੰਨਗੀ ਪੇਸ ਕਰ ਦਾਨ ਪੁੰਨ ਕਰਨ ਲਈ ਪ੍ਰੇਰਿਤ ਕਰਦੀਆ ਹਨ ।
ਦਿਲ ਖੋਲ ਕੇ ਸਾਧਾ ਦੀ ਝੋਲੀ ਭਰਦੋ
ਹੋਣਗੀਆ ਆਸਾ ਪੂਰੀਆ --- 2
ਪਿੰਡ ਦੇ ਗੇੜੇ ਤੋ ਬਾਅਦ ਵਾਪਿਸ ਘਰ ਪਹੁੰਚਦੇ ਹਨ । ਗਿੱਧੇ ਦੀਆ ਧਮਕਾ ਤੇ ਬੋਲੀਆ ਦੇ ਨਾਲ ਆਪਸੀ
ਨੋਕ-ਝੋਕ ਹਾਸਾ ਮਜਾਕ ਕਰਦਿਆ ਛੱਜ ਕੁਟਿਆ ਜਾਦਾ ਹੈ । ਸਭ ਸਕੇ ਸਬੰਧੀਆ ਨੂੰ ਮੱਘਦੇ ਪਿੜ ਵਿੱਚ
ਮੌਕਾ ਮਿਲਦਾ ਹੈ । ਉਹ ਬੋਲੀਆ ਰਾਹੀ ਆਪਣੇ ਮਨ ਦੀ ਭਾਵਨਾ ਉਜਾਗਰ ਕਰਦੇ । ਖੁਸੀ ਦੇ ਮੌਕੇ
ਕੋਈ ਗਿਲਾ-ਸਿਕਵਾ ਵੀ ਨਹੀ ਕਰਦਾ । ਜੋ ਇਕ ਸਭਿਆਚਾਰਕ ਸਨਮਾਨ ਦੇ ਪ੍ਰਤੀਕ ਹੈ । ਡੰਡੇ ਨਾਲ ਛੱਜ
ਤੀਲਾ ਤੀਲਾ ਕਰਦੇ ਨਾਨਕਿਆ ਵਲੋ ਬੋਲੀਆ ਦੀ ਸੁਰੂਆਤ ਹੁੰਦੀ ਹੈ ।
ਜਾਗੋ ਨਾਨਕਿਆ ਦੀ ਆਈ ,ਨੀ ਬੀਬੀ ਦੀਵਾ ਜਗਾ
ਜਾਵੇ ਗਲੀ-ਗਲੀ ਰੁਸਨਾਈ ,ਨੀ ਬੀਬੀ ਦੀਵਾ ਜਗਾ
ਦੀਵਾ ਜਦੋ ਜਗਾ ਕੇ ਧਰਿਆ , ਵਿਹੜਾ ਰੌਸਨੀ ਦੇ ਨਾਲ ਭਰਿਆ
ਦੂਜਾ ਚੰਨ ਕਿਥੋ ਆ ਚੜਿਆ , ਨੀ ਬੀਬੀ ਦੀਵਾ ਜਗਾ
ਤੈਨੂੰ ਕਹੇ ਤੇਰੀ ਭਰਜਾਈ , ਨੀ ਬੀਬੀ ਦੀਵਾ ਜਗਾ
ਜਾਗੋ ਸਮੇ ਭਾਬੀ ਛੋਟੇ ਦਿਉਰ ਦੀ ਆਪਣੱਤ ਜਾਹਿਰ ਕਰਦੀ ਹੈ । ਛੋਟੇ ਦਿਉਰ ਵੱਡੀ ਭਾਬੀ ਨੂੰ ਮਾਂ ਦੇ
ਬਰਾਬਰ ਸਤਿਕਾਰ ਦਿੰਦੇ ਹਨ । ਵਿਆਹ ਦਾ ਚਾਅ ਬੋਲੀ ਰਹੀ ਦੱਸਦੀ ਹੈ । ਉਸ ਲਈ ਪਿਆਰ ਤੇ ਦੁਲਾਰ
ਆਪਣੀ ਔਲਾਦ ਵਾਂਗ ਹੀ ਆਪ ਮੁਹਰੇ ਉਲ਼ਰਦਾ ਹੈ ।

ਨਿੱਕਾ ਦਿਉਰ ਹੈ ਪੁੱਤਾ ਵਰਗਾ ਹੱਥੀ ਆਪ ਵਿਆਹਾਵਾਂ
ਚੰਨ ਜਿਹੇ ਦਿਉਰ ਲਈ ਲੈ ਕੇ ਚਾਨਣੀ ਆਵਾ -2
ਜਿਥੇ ਇਹ ਸਮਾ ਅਪਣੱਤ ਦਿਖਾਉਣ ਦਾ ਮੌਕਾ ਦਿੰਦਾ । ਉਥੇ ਹੀ ਸਾਝੇ ਪਰਿਵਾਰਾ ਵਿੱਚ ਜੇਠ ਜਠਾਣੀ ਦੀ
ਪ੍ਰਧਾਨਗੀ ਵਾਲੀ ਰੜਕਦੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ । ਜਦੋ ਕੋਈ ਭਰੀ ਪੀਤੀ ਦਰਾਣੀ ਹਾਸੇ
ਮਜਾਕ ਵਿੱਚ ਹੇਕਾਂ ਲਾ ਕੇ ਢੁਕਵੀ ਬੋਲੀ ਪਉਦੀ ਹੈ । ਚਾਰੇ ਪਾਸੇ ਹਾਸੇ ਦੀਆ ਫੁਹਾਰਾ ਫੁਟਦੀਆ ਹਨ ।
ਜੇਠ ਜਠਾਣੀ ਪਾਇਆ ਚੁਬਾਰਾ, ਮੈ ਢੋਹਦੀ ਸੀ ਪਾਣੀ
ਮੇਰੀ ਹਾਅ ਲੱਗਜੂ , ਉਪਰੋ ਡਿਗੂ ਜਠਾਣੀ
ਜਾਗੋ ਵਿੱਚ ਨਾਨਕਿਆ ਦਾਦਕਿਆ ਦਾ ਆਪਸੀ ਮੁਕਾਬਲਾ ਚਲਦਾ ਹੈ । ਮਾਮੀਆ ਥੱਕੇ ਦਾਦਕਿਆ ਨੂੰ
ਬੋਲੀਆ ਰਾਹੀ ਖਿਚਾਈ ਕਰ ਗਿੱਧਾ ਮਘਾਉਦੀਆ ਹਨ । ਉਂਜ ਇਸ ਮੁਕਾਬਲੇ ਦਾ ਮਕਸਦ ਕਿਸੇ ਨੂੰ ਨੀਵਾ
ਦਿਖਾਉਣਾ ਜਾ ਹਰਾਉਣਾ ਨਹੀ । ਸਗੋ ਪਿੜ ਦੀ ਲੈਅ ਨੂੰ ਬਰਕਰਾਰ ਰੱਖਣਾ ਹੁੰਦਾ ਹੈ ।
ਸੁਣ ਵੇ ਦਾਦਕਿਉ ਨੱਚਣ ਵਾਲਿਓ
ਕੀ ਮੂੰਹ ਵਿੱਚ ਪਈ ਮਲੱਠੀ
ਗਿੱਧੇ ਵਿੱਚ ਪਾ ਲੋ ਬੋਲੀਆ
ਕੇਹੀ ਏ ਚੁੱਪ ਵੱਟੀ
ਅੱਧੀ ਰਾਤ ਤੱਕ ਚਲਦੇ ਇਹ ਖੁਸੀਆ ਦੇ ਜਸ਼ਨਾ ਨੂੰ ਥੰਮਣ ਦੇ ਲਈ ਮੁੰਡਾ ਜਾ ਕੁੜੀ ਦੀ ਮਾਤਾ ਨਾਨਕਿਆ ਨੂੰ
ਸਵਖਤੇ ਬਰਾਤ ਦੀ ਤਿਆਰੀ ਲਈ ਅਰਜੋਈ ਕਰਕੇ ਸਮਾਪਤੀ ਕਰਵਾਉਦੀ । ਮਾਮੀ ਦਾ ਮੂੰਹ ਮਿੱਠਾ ਕਰਵਾਇਆ
ਜਾਦਾ ਹੈ । ਪੱਲੇ ਵਿੱਚ ਲੱਡੂ ਤੇ ਸ਼ਗਨ ਪਾ ਕੇ ਜਾਗੋ ਸਿਰ ਤੋ ਉਤਾਰਦੇ ਹਨ । ਉਧਰੋ ਮਾਮੀ ਅਗਲੇ ਵਿਆਹ ਤੇ
ਆਉਣ ਦੀ ਕਾਮਨਾ ਨਾਲ ਬੋਲੀ ਪਾ ਕੇ ਜਾਗੋ ਵਾਲੀ ਰਸਮ ਦੀ ਸਮਾਪਤੀ ਕਰਦੀ ਹੈ ।

ਫੇਰ ਆਵਾਗੇ ਅਸੀ ਫੇਰ ਆਵਾਗੇ ,ਰੱਖੀ ਕੁਬੇਰ ਦਾ ਵਿਆਹ
ਅਸੀ ਫੇਰ ਆਵਾਗੇ ,ਸਾਨੂੰ ਗੋਡੇ ਗੋਡੇ ਚਾਅ ,ਅਸੀ ਫੇਰ ਆਵਾਗੇ
ਸਾਨੂੰ ਭੁੰਜੇ ਸਵਾਇਆ,ਮੰਜੇ ਨਾਲ ਲਿਆਵਾਗੇ,ਅਸੀ ਫੇਰ ਆਵਾਗੇ
ਪਰ ਅਜੋਕੇ ਸਮੇ ਦੀ ਪੀੜੀ ਇਸ ਅਨੰਦਮਈ ਸੰਗੀਤਕ ਤੇ ਰਿਸਤੇਦਾਰੀਆ ਦੇ ਮੋਹ ਤੋ ਅਭਿੱਜ ਹਨ । ਹੁਣ
ਤਾ ਜਾਗੋ ਫੇਰਨ ਦੇ ਸਮੇ ਨਾਲੋ ਵੀ ਘੱਟ ਸਮੇ ਵਿੱਚ ਵਿਆਹ ਹੋ ਜਾਦਾ ਹੈ ।ਰੈਡੀਮੈਡ ਜਾਗੋ ਵਿੱਚ ਬਜਦੇ ਹਿੰਦੀ ਮੁੰਨੀ
ਬਦਨਾਮ ਤੇ ਪੰਜਾਬੀ ਰਫਲਾ ,ਨਸ਼ੇ,ਲੜਾਈਆ ਵਾਲੇ ਹੁੜਦੰਗ ਮਚਾਉਦਿਆ ਗਾਣਿਆ ਨੇ ਸੱਭਿਆਚਾਰ ਦਾ ਘਾਣ
ਹੀ ਕਰ ਦਿੱਤਾ । ਜਾਗੋ ਦੀ ਰੀਤ ਨੂੰ ਪੈਲੇਸ ਦੀ ਸਟੇਜ ਤੇ ਘੁੰਮਾ ਕੇ ਮੂੰਵੀ ਦੇ ਸੀਨ ਪੂਰਾ ਕਰਨ ਦੀ ਖਾਨਾਪੂਰਤੀ
ਬਣਾ ਛੱਡਿਆ । ਬਾਕੀ ਕਸ਼ਰ ਡੀ.ਜੇ ਵਾਲੇ ਕੰਨ ਪਾੜੂ ਸੰਗੀਤ ਨਾਲ ਪੂਰੀ ਕਰ ਦਿੰਦੇ ਹਨ । ਕੀ ਅਸੀ
ਆਪਣੀ ਆਉਣ ਵਾਲੀ ਪੀੜੀ ਨੂੰ ਅਜਿਹਾ ਸੱਭਿਆਚਾਰ ਦੇ ਕੇ ਜਾਵੇਗਾ ? ਪੈਲਿਸ ਕਲਚਰ ਨਾਲ ਆ ਰਹੀ ਸਮਾਜਿਕ
ਕਦਰਾ ਕੀਮਤਾ ਦੀ ਗਿਰਾਵਟ ਕਿਸੇ ਤੋ ਛੁੱਪੀ ਨਹੀ ।ਕਿਸ ਤਰਾ ਜਨਤਾ ਫੋਕੀ ਸੋਹਰਤ ਦੇ ਬਦਲੇ ਜਮੀਨਾ ਵੇਚ ਜਾ
ਕਰਜੇ ਚੁੱਕ ਇਹ ਲੰਬੀਆ ਉਮਰਾ ਦੇ ਕਾਰਜ ਨਿਪਰੇ ਚਾੜਦੀ । ਇਸਦੇ ਭਿਆਨਕ ਨਤੀਜਿਆ ਦੇ ਚਲਦਿਆ
ਪੰਜਾਬੀਆ ਦੀ ਅਰਥ ਵਿਵਸਥਾ ਲੀਹੋ ਲੱਥੀ ਹੈ । ਉਹ ਨੱਕੋ ਨੱਕ ਡੁੱਬੇ ਕਰਜੇ ਦੇ ਕਾਰਨ ਖੁਦਕਸੀਆ ਦੇ ਰਾਹ ਪਏ
ਹਨ । ਪੜੇ ਲਿਖੇ ਨੌਜਵਾਨਾ ਨੂੰ ਸੱਭਿਆਚਾਰਕ ਤੋ ਸਿੱਖਿਆ ਲੈ ਕੇ ਸਾਦੇ ਕਾਰਜ ਕਰਨ ਅਤੇ ਕਰਵਾਉਣ ਦੇ
ਉਪਰਾਲੇ ਕਰਨੇ ਚਾਹੀਦੇ ਹਨ । ਤਾ ਜੋ ਉਮਰਾ ਦੇ ਹਮਸਫਰ ਜਿੰਦਗੀ ਨੂੰ ਖੁਸੀਆ ਨਾਲ ਚਹਿਕਦਾ ਰੱਖਣ
। ਪੰਜਾਬੀ ਸੱਭਿਆਚਾਰ ਦਾ ਚੁੰਹਮੁੱਖਾ ਦੀਵਾ ਬਜਾਰੂ ਯੁੱਗ ਦੇ ਮਾਇਆਜਾਲ ਵਿੱਚ ਧਸੀ ਨਵੀ ਪੀੜੀ ਨੂੰ
ਗਿਆਨਮਈ ਰੌਸਨੀ ਵੰਡਦਾ ਰਹੇ ।

ਧੰਨਵਾਦ ਸਹਿਤ ਵਲੋ,
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ

.ਮੋ…78374-90309 Adv.dhaliwal@gmail.com
. ਮਿਤੀ 10 / 9 / 2020

Have something to say? Post your comment