Thursday, September 24, 2020
FOLLOW US ON

Article

ਪਰਮਾਤਮਾ ਦੀ ਪ੍ਰਾਪਤੀ/ਸੰਦੀਪ ਕੌਰ ਹਿਮਾਂਯੂੰਪੁਰਾ

September 12, 2020 08:37 PM
ਪਰਮਾਤਮਾ ਦੀ ਪ੍ਰਾਪਤੀ/ਸੰਦੀਪ ਕੌਰ ਹਿਮਾਂਯੂੰਪੁਰਾ
                                               
ਅਸੀਂ ਸਾਰੇ ਇਸ ਸੰਸਾਰ ਦੇ ਲੋਕ ਇਹ ਮੰਨਦੇ ਹਾਂ ਕਿ ਪਰਮਾਤਮਾ ਹੀ ਇਸ ਸੰਸਾਰ ਦਾ ਸਿਰਜਣਹਾਰ ਹੈ ਅਤੇ ਇਸ ਜੀਵਨ ਵਿੱਚ ਉਸਦੀ ਪ੍ਰਾਪਤੀ ਜ਼ਰੂਰੀ ਹੈ ਤਾਂ ਜੋ ਜੀਵਨ  ਪੂਰਨਤਾ ਨੂੰ ਪ੍ਰਾਪਤ ਹੋਵੇ।ਕੋਈ ਇਸਨੂੰ ਭਗਤੀ ਦੁਆਰਾ ਪ੍ਰਾਪਤ ਕਰਨਾ ਚਾਹੁੰਦਾ ਹੈ,ਕੋਈ ਦਾਨ ਦੁਆਰਾ ਅਤੇ ਕੋਈ ਨਾਮ ਦੁਆਰਾ।ਸਾਰੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਚੰਗੇ ਹਨ,ਪਰ ਫਾਇਦਾ ਤਾਂ ਹੈ ਕਿ ਜੇਕਰ ਅਸੀਂ ਤਿੰਨ ਘੰਟੇ ਸੁਣਨ ਤੋਂ ਬਾਅਦ ਤਿੰਨ ਮਿੰਟ ਸੁਣਿਆਂ ਹੋਇਆ ਆਪਣੇ ਅਸਲ ਜੀਵਨ ਵਿੱਚ ਲਾਗੂ ਕਰੀਏ।ਬਾਣੀ ਵਿੱਚ ਮਾਨਵੀ ਜੀਵਨ ਦੇ ਨੈਤਿਕ ਗੁਣਾਂ ਦੀ ਮਹਾਨਤਾ ਨੂੰ ਦੱਸਦੇ ਹੋਏ ਈਰਖਾ,ਛਲ,ਕਪਟ,ਝੂਠ ਆਦਿ ਦੀ ਨਿਖੇਧੀ ਕੀਤੀ ਗਈ ਹੈ।ਇਨ੍ਹਾਂ ਉਪਦੇਸ਼ਕ ਗੁਣਾਂ ਸਦਕਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।ਹਊਮੈ ਮਨੁੱਖ ਲਈ ਇੱਕ ਨਾ ਮੁਰਾਦ ਬਿਮਾਰੀ ਹੈ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ।ਮਨੁੱਖ ਇਸਨੂੰ ਤਿਆਗ ਕੇ ਹੀ ਪਰਮਾਤਮਾ ਦੇ ਲੜ ਲੱਗ ਸਕਦਾ ਹੈ।
ਮਨੁੱਖ ਵਿੱਦਿਆ,ਹੁਸਨ,ਧੰਨ,ਸੁੰਦਰਤਾ ਆਦਿ ਦੇ ਜਾਲ ਵਿੱਚ ਫਸਿਆ ਹੋਇਆ ਹੈ ਜਿਵੇਂ:-                         
 
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰਿਅਹਿ ਸਾਖ।।
ਨਾਨਕ ਲੈਖੇ ਇੱਕ ਗਲ ਹੋਰ ਹਊਮੈ ਝਖਣਾ ਝਾਖ।।
 
ਇਸ ਵਿਸ਼ਵੀਕਰਨ ਯੁੱਗ ਵਿੱਚ ਹਰ ਮਨੁੱਖ ਅੱਜ ਪੜਿਆ ਲਿਖਿਆ ਗਿਆਨਵਾਨ ਕਹਾਉਂਦਾ ਹੈ ਪਰ ਮਨੁੱਖ ਇੰਨਾਂ ਪੁਸਤਕਾਂ ਰਾਹੀਂ ਨੀਵਾਂ ਹੋ ਕੇ ਨਿਮਰਤਾ ਨਾਲ ਦੂਜਿਆ ਨੂੰ ਵੀ ਜੇ ਸਿੱਖਿਆ ਦੇਵੇ ਤਾਂ ਹੀ ਉਹ ਮਨੁੱਖ ਗਿਆਨਵਾਨ ਹੋ ਸਕਦਾ ਹੈ,ਨਹੀਂ ਤੇ ਉਸ ਦੀਆਂ ਪੁਸਤਕਾਂ ਦੇ ਢੇਰ ਜਿੰਨ੍ਹਾਂ ਨੂੰ ਪੜ੍ਹ-ਪੜ੍ਹ ਕੇ ਉਸ ਨੇ ਉਮਰ ਗੁਜਾਰ ਦਿੱਤੀ ,ਉਸ ਤੇ ਇਸ ਗਿਆਨ ਦਾ ਕੋਈ ਫ਼ਾਇਦਾ ਨਹੀਂ। ਅਸਲੀ ਗਿਆਨੀ ਮਨੁੱਖ ਉਹੀ ਹੈ ਜੋ ਨਿਮਰਤਾ ਨਾਲ ਦੂਜਿਆ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਵੇ।ਜੇ ਮਨੁੱਖ ਆਪਣੇ ਗਿਆਨ ਦੇ ਹਊਮੈ ਵਿੱਚ ਭਟਕਦਾ ਰਹੇਗਾ ਤਾਂ ਉਹ ਪਰਮਾਤਮਾ ਦੀ ਸਿਫ਼ਤ ਸਲਾਹ ਤੋਂ ਸੱਖਣਾ ਹੀ ਰਹੇਗਾ।ਇਸ ਲਈ ਅੱਜ ਮਨੁੱਖ ਨੂੰ ਜ਼ਰੂਰੀ ਹੈ ਕਿ ਹਊਮੈ ਦੀ ਥਾਂ ਨਿਮਰਤਾ ਸਦਕਾ ਸਭ ਨੂੰ ਸਿੱਖਿਆ ਦਾ ਸਰਵਵਿਆਪੀ ਗਿਆਨ ਦੇਵੇ ਤੇ ਵਿੱਦਿਆ ਤੇ ਝੂਠਾ ਮਾਨ ਨਾ ਕਰੇ।ਸਬਰ ਸੰਤੋਖ ਮਨੁੱਖੀ ਸਖ਼ਸ਼ੀਅਤ ਦਾ ਸਭ ਤੋਂ ਵੱਡਾ ਗੁਣ ਹੈ ਜੋ ਮਨੁੱਖ ਨੂੰ ਪਰਮਾਤਮਾ ਦੇ ਵਿਸ਼ਵਾਸ ਨਾਲ ਜੋੜੀ ਰੱਖਦਾ ਹੈ ਪਰ ਲੋਕ ਨਾ ਤਾਂ ਸਬਰ ਸੰਤੋਖ ਵਿੱਚ ਜਿਊਂਦੇ ਹਨ ਨਾ ਹੀ ਆਪਣੇ ਧਰਮ ਵਿੱਚ ਅਟੱਲ ਰਹਿੰਦੇ ਹਨ।ਅੱਜ ਮਨੁੱਖ ਵਿਸ਼ਵਾਸ ਨਹੀਂ ਕਰਦਾ ਕਿਸੇ ਦੀਆਂ ਗੱਲਾਂ ਵਿੱਚ ਛੇਤੀ ਆਉਂਦਾ,ਆਪਣੇ ਮਨ ਦੀ ਸੁਣਨ ਦੀ ਬਜਾਏ ਆਪਣੇ ਝੂਠੇ ਕੰਨਾਂ ਦੀ ਸੁਣਦਾ ਤੇ ਫਿਰ ਸੋਚੇ ਸਮਝੇ ਬਿਨ੍ਹਾਂ ਮੂੰਹੋਂ ਮੰਦੇ ਸ਼ਬਦਾਂ ਦੀ ਵਰਤੋਂ ਕਰਦਾ।ਵਿਸ਼ਵਾਸ ਨੂੰ ਜਿਊਂਦਾ ਰੱਖਣ ਲਈ ਜ਼ਰੂਰੀ ਹੈ ਮੂੰਹੋਂ ਸਲੀਕੇ ਨਾਲ਼ ਬੋਲਣਾ ਕਿਉਂਕਿ ਇਹ ਸਲੀਕਾ ਹੀ ਜ਼ਿੰਦਗੀ ਦੇ ਅਗਲੇ ਆਧਾਰ ਉਸਾਰਦਾ।
ਮਨੁੱਖੀ ਆਚਰਣ ਵਿੱਚ ਮਿੱਠਾ ਬੋਲਣਾ  ਅਤੇ ਨਿਮਰਤਾ ਨਾਲ਼ ਰਹਿਣ ਨਾਲ਼ ਹਰ ਇੱਕ ਦੇ ਮਨ ਨੂੰ ਜਿੱਤਿਆ ਜਾ ਸਕਦਾ ਕਿਉਂਕਿ ਕੌੜੀ ਬੋਲੀ ਅਤੇ ਦੂਜਿਆ ਦੀ ਜ਼ਿੰਦਗੀ ਵਿੱਚ ਦਖ਼ਲ ਅੰਦਾਜ਼ੀ ਸਿਰਫ਼ ਦੁਸ਼ਮਣੀਆਂ ਦਾ ਹੀ ਮੂਲ ਕਾਰਨ ਹੈ। ਮਿੱਠਾ ਬੋਲ ਕੇ ਮਨੁੱਖ ਸੰਸਾਰ ਨੂੰ ਮਿੱਤਰ ਬਣਾ ਸਕਦਾ ਹੈ ਪਰ ਅੱਜ ਮਾਨਵ ਕਾਮ,ਕ੍ਰੋਧ,ਲੋਭ,ਮੋਹ,ਅਹੰਕਾਰ ਆਦਿ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ,ਜਿਸ ਕਾਰਨ ਮਨੁੱਖ ਮਾਨਵੀਂ ਰਿਸ਼ਤਿਆਂ ਦੇ ਪਿਆਰ ਨੂੰ ਵੀ ਭੁੱਲਦਾ ਜਾ ਰਿਹਾ ਹੈ।ਮਨੁੱਖ ਨੂੰ ਹਮੇਸ਼ਾ ਮਨ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤੇ ਸੋਚ ਨੂੰ ਸਚਿਆਰਾ ਬਣਾਉਂਣ ਲਈ ਦੂਜਿਆ ਦੀ ਖ਼ੁਸ਼ੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।ਅੱਜ ਅਪਣੱਤ ਦੇ ਰਿਸ਼ਤੇ ਮਨੁੱਖੀ ਮਨ ਅੰਦਰੋਂ ਖ਼ਤਮ ਹੋ ਗਏ ਤੇ ਬਣਾਵਟੀ ਰਿਸ਼ਤੇ ਜਿਆਦਾ ਹੋ ਗਏ ਹਨ।ਮਨੁੱਖ ਨੂੰ ਇਸ ਝੂਠ ਤੋਂ ਬਾਹਰ ਸਮਾਜ ਦੀ ਸਚਾਈ ਵਿੱਚ ਵਿਚਰਨਾ ਚਾਹੀਦਾ ਹੈ। ਆਸਾ ਦੀ ਵਾਰ ਇਨਸਾਨ ਨੂੰ ਰਿਸ਼ਤਿਆ ਦੀ ਅਹਿਮੀਅਤ ਦਰਸਾਉਂਦੀ ਹੈ ਕਿ ਇੰਨ੍ਹਾਂ ਰਿਸ਼ਤਿਆ ਨੂੰ ਮਨੁੱਖ ਮਹੱਤਵ ਦੇਵੇ ਤੇ ਇਸ ਲਾਲਚ,ਮਾਇਆ ਦੀ ਝੂਠੀ ਜ਼ਿੰਦਗੀ ਨੂੰ ਛੱਡ ਕੇ ਸ਼ਾਨ ਨਾਲ਼ ਜ਼ਿੰਦਗੀ ਬਸਰ ਕਰੇ।ਅੱਜ ਉਹੀਂ ਮਨੁੱਖ ਖ਼ੁਸ਼ ਹੈ ਜੋ ਮਨੋ ਸੱਚਾ ਹੈ।ਜੋ ਬਾਹਰੋਂ ਦਿਖਾਵਾ ਕਰਦਾ ਤੇ ਅੰਦਰੋਂ ਸੜਦਾ ਹੈ,ਉਸ ਮਨੁੱਖ ਦਾ ਮਨ ਹਮੇਸ਼ਾ ਅਸ਼ਾਂਤ ਰਹਿੰਦਾ ਹੈ।ਜਦ ਤੱਕ ਮਨ ਅੰਦਰ ਮੈਲ ਹੈ ਤਦ ਤੱਕ ਮਨੁੱਖ ਤਰੱਕੀ ਵੀ ਨਹੀਂ ਕਰ ਸਕਦਾ।ਜੇਕਰ ਅਸੀਂ ਜੋ ਹੈ ਉਸ ਵਿੱਚ ਸੰਤੁਸ਼ਟ ਰਹੀਏ ਅਤੇ ਲਾਲਸਾ ਨਾ ਕਰੀਏ ਤਾਂ ਜੀਵਨ ਵਿੱਚ ਕੋਈ ਪ੍ਰੇਸ਼ਾਨੀ ਹੋ ਹੀ ਨਹੀੰ ਸਕਦੀ।ਕਦੇ ਅਜਿਹਾ ਝੂਠ ਨਹੀਂ ਬੋਲਣਾ ਚਾਹੀਦਾ ਜਿਸ ਨਾਲ਼ ਦੂਸਰਿਆ ਦਾ ਨੁਕਸਾਨ ਹੁੰਦਾ ਹੋਵੇ।ਇੰਨ੍ਹਾਂ ਸਧਾਰਨ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਅਸੀਂ ਆਪਣੇ ਜੀਵਨ ਵਿੱਚ ਸਰਲਤਾ ਲਿਆ ਸਕਦੇ ਹਾਂ ਅਤੇ ਸਰਲ ਜੀਵਨ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੌਖਾ ਹੋ ਜਾਂਦਾ ਹੈ।ਨਿਮਰਤਾ ਅਤੇ ਮਿੱਠੀ ਬੋਲੀ ਇੱਕ ਅਜਿਹਾ ਗੁਣ ਹੈ ਜੋ ਸਾਨੂੰ ਅਤੇ ਦੂਸਰੇ ਲੋਕਾਂ ਨੂੰ ਖ਼ੁਸ਼ੀ ਪ੍ਰਦਾਨ ਕਰਦਾ ਹੈ।ਇਸ ਕਰਕੇ ਸਦਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਜਿਹੀ ਬੋਲੀ ਨਹੀਂ ਬੋਲਣੀ ਚਾਹੀਦੀ ਜਿਸ ਨੂੰ ਬੋਲਕੇ ਨਾ ਹੀਂ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਸੁਣਨ ਵਾਲੇ ਉੱਤੇ ਵੀ ਬੁਰਾ ਅਸਰ ਪੈਂਦਾ ਹੈ।ਇਹਨਾਂ ਥੋੜ੍ਹੀਆਂ ਜਿਹੀਆਂ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਅਸੀਂ ਅਗਲੀ ਖ਼ੁਸ਼ੀ ਪ੍ਰਪਤ ਕਰ ਸਕਦੇ ਹਾਂ ਅਤੇ ਪਰਮਾਤਮਾ ਨੂੰ ਪਾ ਸਕਦੇ ਹਾਂ ਕਿਉਂਕਿ ਪਰਮਾਤਮਾ ਵੀ ਉਨ੍ਹਾਂ ਤੇ ਮਿਹਰਬਾਨ ਹੁੰਦਾ ਹੈ,ਜੋ ਦੂਜਿਆਂ ਦੀ ਖ਼ੁਸ਼ੀ ਦਾ ਖਿਆਲ ਰੱਖਦੇ ਹਨ ਅਤੇ ਕਿਸੇ ਨੂੰ ਕੌੜਾ ਬੋਲ ਨਹੀਂ ਬੋਲਦੇ।
 
 ਸੰਦੀਪ ਕੌਰ ਹਿਮਾਂਯੂੰਪੁਰਾ
9781660021
Have something to say? Post your comment