Thursday, September 24, 2020
FOLLOW US ON

Article

ਕੀ ਸਤਿਯੁੱਗ, ਕਲਿਯੁੱਗ ਸੱਚ ਮੁੱਚ ਹੋਏ ਹਨ?

ਬਲਰਾਜ ਸਿੰਘ ਸਿੱਧੂ ਐਸ.ਪੀ. | September 13, 2020 08:43 PM

  ਕੀ ਸਤਿਯੁੱਗ, ਕਲਿਯੁੱਗ ਸੱਚ ਮੁੱਚ ਹੋਏ ਹਨ?

   ਭਾਰਤੀ ਪੁਰਾਤਨ ਧਾਰਮਿਕ ਸਾਹਿਤ ਵਿੱਚ ਵਾਰ ਵਾਰ ਕਲਿਯੁੱਗ ਸਤਿਯੁੱਗ ਆਦਿ ਕਾਲਾਂ ਦਾ ਵਰਨਣ ਆਉਂਦਾ ਹੈ। ਭਾਰਤੀ ਰੂੜੀਵਾਦੀ ਡਾਰਵਿਨ ਵਰਗੇ ਪੱਛਮੀ ਵਿਗਿਆਨੀਆਂ ਵੱਲੋਂ ਖੋਜੀ ਗਈ ਮਨੁੱਖੀ ਵਿਕਾਸ ਦੀ ਕਹਾਣੀ (ਥਿਊਰੀ ਆਫ ਐਵੋਲਿਊਸ਼ਨ) 'ਤੇ ਯਕੀਨ ਨਹੀਂ ਕਰਦੇ। ਉਹ ਅੰਧਵਿਸ਼ਵਾਸ ਅਤੇ ਪ੍ਰਾਚੀਨ ਗ੍ਰੰਥਾਂ ਵਿੱਚ ਵਰਣਿਤ ਪਰੀ ਕਹਾਣੀਆਂ ਅਨੁਸਾਰ ਹੀ ਚੱਲਣਾ ਚਾਹੁੰਦੇ ਹਨ। ਭਾਰਤੀ ਮਿਥਿਹਾਸ ਅਨੁਸਾਰ ਮਨੁੱਖ ਦੇ ਜੀਵਨ ਅਤੇ ਨੈਤਿਕਤਾ ਦਾ ਵਿਕਾਸ ਅਤੇ ਵਿਨਾਸ਼ ਸਤਿਯੁੱਗ, ਤਰੇਤਾ, ਦੁਆਪਰ ਅਤੇ ਕਲਿਯੁੱਗ, ਚਾਰ ਯੁੱਗਾਂ ਦੌਰਾਨ ਹੋਇਆ ਹੈ। ਇਹ ਸਤਿਯੁੱਗ ਤੋਂ ਸ਼ੁਰੂ ਹੋਇਆ ਸੀ ਤੇ ਕਲਿਯੁੱਗ ਨਾਲ ਖਤਮ ਹੋ ਜਾਵੇਗਾ। ਚਾਰੇ ਯੁੱਗਾਂ ਬਾਰੇ ਸ਼ਾਸ਼ਤਰਾਂ ਵਿੱਚ ਹੇਠ ਲਿਖੇ ਅਨੁਸਾਰ ਵੇਰਵਾ ਦਿੱਤਾ ਗਿਆ ਹੈ।  

       ਸਤਿਯੁੱਗ - ਸਤਿਯੁੱਗ ਨੂੰ ਕਰਿਤਾਯੁੱਗ (ਸੁਨਹਿਰੀ ਕਾਲ) ਵੀ ਕਿਹਾ ਜਾਂਦਾ ਹੈ। ਇਹ 1728000 ਸਾਲ ਪਹਿਲਾਂ ਸ਼ੁਰੂ ਹੋਇਆ ਤੇ 432000 ਸਾਲ ਚੱਲ ਕੇ 1296000 ਸਾਲ ਪਹਿਲਾਂ ਖਤਮ ਹੋ ਗਿਆ। ਇਹ ਪਹਿਲਾ ਅਤੇ ਸਭ ਤੋਂ ਉੱਤਮ ਯੁੱਗ ਸੀ। ਇਸ ਸਮੇਂ ਦੌਰਾਨ ਲੋਕ ਸਾਧੂ ਸੁਭਾ, ਵਿਸ਼ਾਲਕਾਈ, ਤਾਕਤਵਰ, ਇਮਾਨਦਾਰ, ਅਕਲਮੰਦ ਅਤੇ ਖੂਬਸੂਰਤ ਸਨ ਤੇ 10000 ਸਾਲ ਤੱਕ ਦੀ ਉਮਰ ਭੋਗਦੇ ਸਨ। ਹਰ ਵਿਅਕਤੀ ਦਿਆਲੂ ਹੋਣ ਕਾਰਨ ਕੋਈ ਅਪਰਾਧ ਨਹੀਂ ਸੀ ਹੁੰਦਾ। ਪਾਪਾਂ ਦੀ ਅਣਹੋਂਦ ਕਾਰਨ ਕਿਸੇ ਵੀ ਤਰਾਂ ਦਾ ਧਾਰਮਿਕ ਕ੍ਰਿਆ ਕਰਮ ਕਰਨ ਦੀ ਜਰੂਰਤ ਨਹੀਂ ਸੀ ਪੈਂਦੀ ਤੇ ਹਰੇਕ ਨੂੰ ਮਰਨ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੁੰਦੀ ਸੀ। ਖੇਤੀਬਾੜੀ ਤੇ ਉਦਯੋਗ ਨਹੀਂ ਸਨ, ਕਿਉਂਕਿ ਸਭ ਵਸਤਾਂ ਧਰਤੀ ਖੁਦ ਹੀ ਉਤਪੰਨ ਕਰਦੀ ਸੀ। ਮੌਸਮ ਖੁਸ਼ਗਵਾਰ ਸੀ ਤੇ ਸਾਰੇ ਹਮੇਸ਼ਾਂ ਖੁਸ਼ ਰਹਿੰਦੇ ਸਨ। ਗਰੀਬੀ, ਬਿਮਾਰੀ, ਡਰ, ਬੁਢਾਪਾ ਅਤੇ ਧਾਰਮਿਕ ਭੇਦ ਭਾਵ ਨਹੀਂ ਸੀ। ਇਸ ਕਾਰਨ ਸਤਿਯੁੱਗ ਵਿੱਚ ਕਿਸੇ ਦੇਵਤੇ ਨੂੰ ਅਵਤਾਰ ਧਾਰਨ ਦੀ ਜਰੂਰਤ ਨਹੀਂ ਪਈ। ਇਸ ਯੁੱਗ ਵਿੱਚ ਇੱਕ ਹੀ ਵੇਦ ਸੀ।
ਤਰੇਤਾ ਯੁੱਗ-ਦੂਸਰੇ ਯੁੱਗ ਨੂੰ ਤਰੇਤਾ ਯੁੱਗ ਕਿਹਾ ਜਾਂਦਾ ਹੈ। ਇਹ ਯੁੱਗ ਚਾਹੇ ਦੂਸਰਾ ਹੈ ਪਰ ਸੰਸਕ੍ਰਿਤ ਵਿੱਚ ਤਰੇਤਾ ਦਾ ਅਰਥ ਤੀਸਰਾ ਹੁੰਦਾ ਹੈ। ਇਹ ਯੁੱਗ 1296000 ਸਾਲ ਪਹਿਲਾਂ ਸ਼ੁਰੂ ਹੋ ਕੇ 864000 ਸਾਲ ਪਹਿਲਾਂ ਖਤਮ ਹੋਇਆ। ਇਹ ਵੀ 432000 ਸਾਲ ਚੱਲਿਆ। ਇਸ ਯੁੱਗ ਵਿੱਚ ਹੌਲੀ ਹੌਲੀ ਧਰਮ ਦਾ ਨਾਸ਼ ਹੋਣ ਲੱਗ ਪਿਆ। ਅਨੇਕਾਂ ਸਮਰਾਟ ਪੈਦਾ ਹੋਏ ਤੇ ਉਹਨਾਂ ਦਰਮਿਆਨ ਸੰਸਾਰ 'ਤੇ ਕਬਜ਼ਾ ਕਰਨ ਲਈ ਖੂਨੀ ਜੰਗਾਂ ਹੋਣੀਆਂ ਸ਼ੁਰੂ ਹੋ ਗਈਆਂ। ਮੌਸਮ ਬਦਲਣ ਲੱਗ ਪਿਆ ਤੇ ਉਸ ਦੇ ਪ੍ਰਭਾਵ ਹੇਠ ਧਰਤੀ 'ਤੇ ਪਹਾੜ, ਮੈਦਾਨ, ਦਰਿਆ, ਸਮੁੰਦਰ ਅਤੇ ਮਾਰੂਥਲ ਬਣਨੇ ਸ਼ੁਰੂ ਹੋ ਗਏ। ਲੋਕ ਕੁਝ ਹੱਦ ਤੱਕ ਚਰਿੱਤਰਹੀਣ, ਝੂਠੇ, ਧੋਖੇਬਾਜ਼ ਅਤੇ ਪਾਪੀ ਹੋ ਗਏ ਤੇ ਗੁਜ਼ਾਰਾ ਕਰਨ ਲਈ ਖੇਤੀਬਾੜੀ ਅਤੇ ਵਪਾਰ ਸ਼ੁਰੂ ਹੋ ਗਿਆ। ਤਰੇਤਾ ਯੁੱਗ ਵਿੱਚ ਅਧਰਮ ਦਾ ਨਾਸ਼ ਕਰਨ ਲਈ ਵਿਸ਼ਣੂੰ ਨੇ ਸ਼੍ਰੀ ਰਾਮ ਚੰਦਰ ਦੇ ਰੂਪ ਵਿੱਚ ਅਵਤਾਰ ਧਾਰਿਆ ਅਤੇ ਰਾਵਣ ਦਾ ਖਾਤਮਾ ਕੀਤਾ। ਇਨਸਾਨਾਂ ਦੀ ਔਸਤ ਉਮਰ 1000 ਸਾਲ ਰਹਿ ਗਈ।

       ਦੁਆਪਰ ਯੁੱਗ-ਦੁਆਪਰ ਯੁੱਗ ਤੀਸਰਾ ਯੁੱਗ ਹੈ। ਦੁਆਪਰ ਸ਼ਬਦ ਦਾ ਸੰਸਕ੍ਰਿਤ ਵਿੱਚ ਅਰਥ ਹੈ ਜੋ ਦੋ ਤੋਂ ਬਾਅਦ ਆਉਂਦਾ ਹੋਵੇ। ਇਸ ਯੁੱਗ ਵਿੱਚ ਲੋਕ ਹੋਰ ਵੀ ਅਧਰਮੀ ਤੇ ਲਾਲਚੀ ਹੋ ਗਏ, ਆਪਣੇ ਪੂਰਵਜਾਂ ਵਰਗੇ ਸ਼ਕਤੀਸ਼ਾਲੀ ਨਾ ਰਹੇ, ਬਿਮਾਰੀਆਂ ਵਧ ਗਈਆਂ ਤੇ ਧਰਤੀ 'ਤੇ ਕਬਜ਼ੇ ਵਾਸਤੇ ਜੰਗਾਂ ਹੋਰ ਵੀ ਭਿਆਨਕ ਹੋ ਗਈਆਂ। ਵੇਦਾਂ ਦੇ ਚਾਰ ਹਿੱਸੇ ਕਰ ਦਿੱਤੇ ਗਏ। ਇਨਸਾਨਾਂ ਦੀ ਔਸਤ ਉਮਰ 500 ਸਾਲ ਰਹਿ ਗਈ। ਦੁਆਪਰ ਯੁੱਗ 864000 ਸਾਲ ਪਹਿਲਾਂ ਸ਼ੁਰੂ ਹੋ ਕੇ 438000 ਸਾਲ ਪਹਿਲਾਂ ਖਤਮ ਹੋਇਆ ਸੀ। ਇਸ ਯੁੱਗ ਵਿੱਚ ਪਾਪੀਆਂ ਦਾ ਖਾਤਮਾ ਕਰਨ ਲਈ ਵਿਸ਼ਣੂੰ ਨੇ ਸ਼੍ਰੀ ਕ੍ਰਿਸ਼ਣ ਨੇ ਰੂਪ ਵਿੱਚ ਅਵਤਾਰ ਧਾਰਿਆ। ਮਹਾਂਭਾਰਤ ਦਾ ਯੁੱਧ ਇਸੇ ਕਾਲ ਵਿੱਚ ਹੋਇਆ ਸੀ।

     ਲਿਯੁੱਗ- ਹੁਣ 438000 ਸਾਲ ਤੋਂ ਲੈ ਕੇ ਸਭ ਤੋਂ ਬੁਰਾ ਕਾਲ, ਕਲਿਯੁੱਗ (ਕਾਲਾ ਸਮਾਂ) ਚੱਲ ਰਿਹਾ ਹੈ। ਇਹ ਹਨੇਰੇ ਅਤੇ ਅਗਿਆਨਤਾ ਦਾ ਯੁੱਗ ਹੈ। ਲੋਕ ਬੇਹੱਦ ਪਾਪੀ ਹੋ ਗਏ ਹਨ ਤੇ ਕਿਸੇ ਦਾ ਕੋਈ ਅਸੂਲ ਨਹੀਂ ਰਿਹਾ। ਉਹ ਆਪਣੀਆਂ ਵਾਸ਼ਨਾਵਾਂ ਦੇ ਗੁਲਾਮ ਬਣ ਕੇ ਸ਼ਕਤੀਹੀਣ ਹੋ ਗਏ ਹਨ। ਸਮਾਜਿਕ ਜੀਵਨ ਖਤਮ ਹੋ ਰਿਹਾ ਹੈ, ਲੋਕ ਝੂਠੇ ਤੇ ਪਾਖੰਡੀ ਹੋ ਗਏ ਹਨ। ਹੌਲੀ ਹੌਲੀ ਗਿਆਨ ਪੂਰੀ ਤਰਾਂ ਨਾਲ ਨਸ਼ਟ ਹੋ ਜਾਵੇਗਾ ਅਤੇ ਪੁਰਾਤਨ ਗ੍ਰੰਥਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ। ਇਨਸਾਨ ਗੈਰ ਮਨੁੱਖੀ ਅਤੇ ਮਨਾਹੀ ਵਾਲਾ ਭੋਜਨ ਗ੍ਰਹਿਣ ਕਰਨਗੇ, ਵਾਤਾਵਰਣ ਪਲੀਤ ਹੋ ਜਾਵੇਗਾ, ਖਾਧ ਪਦਾਰਥ ਅਤੇ ਪਾਣੀ ਮਿਲਣਾ ਮੁਸ਼ਕਲ ਹੋ ਜਾਵੇਗਾ, ਮੋਹ ਮਾਇਆ, ਛਲ, ਕਪਟ ਪ੍ਰਧਾਨ ਹੋ ਜਾਵੇਗਾ। ਕਲਿਯੁੱਗ ਦੇ ਖਤਮ ਹੁੰਦੇ ਹੁੰਦੇ ਔਸਤ ਇਨਸਾਨ ਦੀ ਉਮਰ 20 ਸਾਲ ਰਹਿ ਜਾਵੇਗੀ। ਕਲਿਯੁੱਗ ਆਪਣੇ ਨਾਲ ਨਾਲ ਧਰਤੀ ਨੂੰ ਵੀ ਨਸ਼ਟ ਕਰ ਦੇਵੇਗਾ ਤੇ ਮਨੁੱਖ ਜਾਤੀ ਦਾ ਅੰਤ ਹੋ ਜਾਵੇਗਾ।
  ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਯੁੱਗ ਵਾਕਿਆ ਹੀ ਹੋਏ ਸਨ? ਸ਼ਾਸ਼ਤਰਾਂ ਵਿੱਚ ਲਿਖੇ ਅਨੁਸਾਰ ਪਹਿਲਾ ਯੁੱਗ (ਸਤਿਯੁੱਗ) 1728000 (ਸਤਾਰਾਂ ਲੱਖ ਅਠਾਈ ਹਜ਼ਾਰ) ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਪਰ ਇਹ ਗੱਲ ਇੱਕ ਕਲਪਨਾ ਹੀ ਕਹੀ ਜਾ ਸਕਦੀ ਹੈ ਕਿਉਂਕਿ ਉਸ ਸਮੇਂ ਤੱਕ ਤਾਂ ਅਜੇ ਮਨੁੱਖ ਪੈਦਾ ਹੀ ਨਹੀਂ ਸੀ ਹੋਇਆ। ਮਨੁੱਖ ਵਿਕਾਸ ਦੇ ਅਨੇਕਾਂ ਪੜਾਵਾਂ ਵਿੱਚੋਂ ਲੰਘਦਾ ਹੋਇਆ ਅੱਜ ਤੋਂ ਲਗਪਗ ਚਾਰ ਲੱਖ ਸਾਲ ਪਹਿਲਾਂ ਸਿੱਧਾ ਖੜਾ ਹੋ ਕੇ ਚੱਲਣ ਲੱਗਾ ਸੀ। ਇਸ ਤੋਂ ਪਹਿਲਾਂ ਉਹ ਜਾਨਵਰਾਂ ਵਾਂਗ ਚਾਰੇ ਹੱਥਾਂ ਪੈਰਾਂ 'ਤੇ ਚੱਲਦਾ ਸੀ। ਹੋਮੋ ਸੈਪੀਅਨ (ਸਮਝਦਾਰ ਇਨਸਾਨ) ਬਣਨ, ਹਥਿਆਰ ਵਰਤਣ, ਘਰ ਬਣਾਉਣ, ਅਨਾਜ ਪੈਦਾ ਕਰਨ, ਅੱਗ ਦੀ ਖੋਜ ਅਤੇ ਪਰਿਵਾਰਾਂ-ਕਬੀਲਿਆਂ ਵਿੱਚ ਰਹਿਣ ਤੱਕ ਪਹੁੰਚਣ ਲਈ ਉਸ ਨੂੰ ਦੋ ਲੱਖ ਸਾਲ ਹੋਰ ਲੱਗ ਗਏ। ਦੁਨੀਆਂ ਦੀ ਸਭ ਤੋਂ ਪੁਰਾਣੀ ਸਭਿਅਤਾ ਜੀਆਹੂ (ਹੈਨਾਨ ਪ੍ਰਾਂਤ, ਚੀਨ) 7000 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ। ਭਾਰਤ ਦੀ ਆਪਣੀ ਤੇ ਦੁਨੀਆਂ ਦੀ ਦੂਸਰੀ ਸਭ ਤੋਂ ਪੁਰਾਣੀ ਸਿੰਧੂ ਘਾਟੀ ਦੀ ਸਭਿਅਤਾ (ਹੁਣ ਪਾਕਿਸਤਾਨ) ਸਿਰਫ 5500 ਸਾਲ ਪਹਿਲਾਂ ਵਿਕਸਤ ਹੋਈ ਸੀ। ਆਰੀਆ ਕਬੀਲਿਆਂ ਨੇ ਯੂਰਪ ਅਤੇ ਏਸ਼ੀਆ ਤੋਂ 3500 ਸਾਲ ਪਹਿਲਾਂ ਭਾਰਤ ਵੱਲ ਆਪਣਾ ਪ੍ਰਵਾਸ ਸ਼ੁਰੂ ਕੀਤਾ ਸੀ। ਉਹਨਾਂ ਨੇ ਦਰਾਵੜਾਂ ਨੂੰ ਦੱਖਣ ਵੱਲ ਧੱਕ ਕੇ ਕੌਸ਼ਲ, ਮੱਲ, ਪਾਂਚਾਲ, ਕੁਰੂ, ਗੰਧਾਰ, ਕੰਬੋਜ, ਸੁਰਸੇਨਾ, ਮਤਸਿਆ, ਆਵੰਤੀ, ਵਿਦੇਹ, ਅੰਗ, ਕਾਸ਼ੀ, ਸੂਰਸੇਨ, ਚੇਦੀ ਅਤੇ ਮਗਧ ਵਰਗੇ ਰਾਜਾਂ ਦੀ ਸਥਾਪਨਾ ਕੀਤੀ।
 

    ਰਮਾਇਣ ਅਤੇ ਮਹਾਂਭਾਰਤ ਦੇ ਸਾਰੇ ਮਹਾਂਪੁਰਸ਼ਾਂ ਅਤੇ ਯੋਧਿਆਂ ਨੂੰ ਆਰੀਆ ਪੁੱਤਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਇਸ ਲਈ ਜੇ ਆਰੀਆ ਭਾਰਤ ਵਿੱਚ ਆਏ ਹੀ 3500 ਸਾਲ ਪਹਿਲਾਂ ਸਨ ਤਾਂ ਫਿਰ ਆਰੀਆ ਪੁੱਤਰ 1728000 ਸਾਲ ਪਹਿਲਾਂ ਕਿਵੇਂ ਪੈਦਾ ਹੋ ਸਕਦੇ ਹਨ? ਇਸ ਤੋਂ ਇਲਾਵਾ ਮਹਾਂਭਾਰਤ ਅਤੇ ਰਮਾਇਣ ਵਿੱਚ ਦਰਸਾਈਆਂ ਗਈਆਂ ਜੰਗਾਂ ਵਿੱਚ ਵਰਤੇ ਗਏ ਰੱਥ, ਘੋੜੇ ਅਤੇ ਲੋਹੇ ਦੇ ਹਥਿਆਰ ਆਰੀਅਨ ਹੀ ਭਾਰਤ ਲੈ ਕੇ ਆਏ ਸਨ। ਸਿੰਧੂ ਘਾਟੀ ਸਭਿਅਤਾ ਨੂੰ ਘੋੜੇ, ਰੱਥ ਅਤੇ ਲੋਹੇ ਬਾਰੇ ਜਾਣਕਾਰੀ ਨਹੀਂ ਸੀ, ਉਹ ਤਾਂਬੇ ਦੇ ਔਜ਼ਾਰ ਵਰਤਦੇ ਸਨ। ਇਸ ਤੋਂ ਇਲਾਵਾ ਕਲਿਯੁੱਗ ਨੂੰ ਅਗਿਆਨ ਦਾ ਯੁੱਗ ਕਿਹਾ ਗਿਆ ਹੈ। ਇਹ ਗੱਲ ਠੀਕ ਹੈ ਕਿ ਇਸ ਯੁੱਗ ਵਿੱਚ ਇਨਸਾਨ ਦਾ ਨੈਤਿਕ ਪਤਨ ਹੋ ਗਿਆ ਹੈ, ਪ੍ਰਦੂਸ਼ਣ ਵੱਧ ਗਿਆ ਹੈ ਤੇ ਖਾਣ ਪੀਣ ਬੇਹੱਦ ਘਟੀਆ ਹੋ ਗਿਆ ਹੈ। ਵਾਤਾਵਰਣ ਦੀ ਬਰਬਾਦੀ ਤੇ ਮਾਰੂ ਹਥਿਆਰਾਂ ਦੇ ਨਿਰਮਾਣ ਕਾਰਨ ਇਹ ਗੱਲ ਵੀ ਮੰਨਣ ਯੋਗ ਹੈ ਕਿ ਜੇ ਇਨਸਾਨ ਨੇ ਆਪਣੇ ਚਾਲੇ ਠੀਕ ਨਾ ਕੀਤੇ ਤਾਂ ਦੁਨੀਆਂ ਬਹੁਤ ਜਲਦੀ ਨਸ਼ਟ ਹੋ ਜਾਵੇਗੀ। ਪਰ ਇਸ ਯੁੱਗ ਵਿੱਚ ਇਨਸਾਨ ਨੇ ਗਿਆਨ ਦੇ ਖੇਤਰ ਵਿੱਚ ਅਥਾਹ ਤਰੱਕੀ ਕੀਤੀ ਹੈ। ਇਨਸਾਨ ਚੰਦਰਮਾ ਤੋਂ ਲੈ ਕੇ ਮੰਗਲ ਤੱਕ ਰਾਕੇਟ ਭੇਜ ਚੁੱਕਾ ਹੈ। ਹਰੇਕ ਖੇਤਰ ਵਿੱਚ ਹੈਰਾਨੀਜਨਕ ਖੋਜਾਂ ਹੋਈਆਂ ਹਨ ਤੇ ਇਨਸਾਨ ਦੀ ਜ਼ਿੰਦਗੀ ਬਹੁਤ ਹੀ ਸੌਖੀ ਹੋ ਗਈ ਹੈ। ਇਸ ਲਈ ਤਰਕ ਦੇ ਅਧਾਰ 'ਤੇ ਕੱਸਣ ਤੋਂ ਬਾਅਦ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਚਾਰੇ ਯੁੱਗ ਸਿਰਫ ਧਾਰਮਿਕ ਵਿਅਕਤੀਆਂ ਦੇ ਮਨ ਦੀ ਕਲਪਨਾ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ।
     

      ਬਲਰਾਜ ਸਿੰਘ ਸਿੱਧੂ ਐਸ.ਪੀ.
       ਪੰਡੋਰੀ ਸਿੱਧਵਾਂ 9501100062

Have something to say? Post your comment