Thursday, September 24, 2020
FOLLOW US ON

Article

ਰੂਹਾਂ ਦਾ ਰਿਸ਼ਤਾ     

September 14, 2020 09:19 PM
 
 
ਰਿਸ਼ਤਿਆ ਦੀ ਮਾਲਾ ਵਿੱਚ ਪਰੋਇਆ ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਅਹਿਮ ਸਥਾਨ ਰੱਖਦਾ ਹੈ।ਨਿਰਸਵਾਰਥ ਆਪਸੀ ਪ੍ਰੇਮ,ਸਹਿਯੋਗ ਅਤੇ ਵਿਸ਼ਵਾਸ ਇਸ ਰਿਸ਼ਤੇ ਦੀ ਨੀਂਹ ਹੁੰਦੇ ਹਨ।ਇਹ ਰਿਸ਼ਤਾ 'ਏਕ ਜੋਤਿ ਦੁਇ ਮੂਰਤੀ' ਵਾਲਾ ਹੁੰਦਾ ਹੈ।ਧਾਰਮਿਕ ਤੌਰ ਤੇ ਧੁਰੋਂ ਲਿਖੇ ਸੰਯੋਗਾਂ ਨਾਲ ਇਸ ਰਿਸ਼ਤੇ ਦੀ ਪਵਿੱਤਰਤਾ ਕਾਇਮ ਹੈ।ਇਹ ਪਵਿੱਤਰ ਰਿਸ਼ਤਾ ਸਿਰਫ਼ ਵਿਸ਼ਵਾਸ ਦੀ ਬੁਨਿਆਦ ਤੇ ਖੜਾ ਹੁੰਦਾ ਹੈ।ਇਹ ਰਿਸ਼ਤਾ ਤਾਂ ਰੂਹ ਦੇ ਸੁਮੇਲ ਵਰਗਾ ਹੁੰਦਾ ਹੈ ਅਤੇ ਦਿਲ ਤੋਂ ਜੁੜਿਆ ਹੁੰਦਾ ਹੈ।
ਦਿਲ ਦੇ ਰਿਸ਼ਤੇ ਧੁਰ ਦਰਗਾਹੋ,
ਕਹਿੰਦੇ ਬਣਕੇ ਆਉਂਦੇ ਨੇ।
ਪਾਕਿ ਮੁਹੱਬਤ ਦੇ ਇਹ ਰਿਸ਼ਤੇ ਹੀ, ਸਤਿਗੁਰ ਦੇ ਮਨ ਨੂੰ ਭਾਉਂਦੇ ਨੇ।
ਇਨਸਾਨੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈ।ਪਤੀ ਪਤਨੀ ਦੇ ਰਿਸ਼ਤੇ ਤੋਂ ਸਮਾਜ ਦੀ ਨਵੀਂ ਇਕਾਈ ਸਥਾਪਿਤ ਹੁੰਦੀ ਹੈ।ਮਾਂ ਪਿਓ ਦੇ ਪਾਲਣ ਪੋਸ਼ਣ ਤੋਂ ਬਾਅਦ ਦੂਜਾ ਅਧਿਆਇ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ।ਬੰਦੇ ਦੀ ਜ਼ਿੰਦਗੀ ਵਿੱਚ ਮਾਂ ਤੋਂ ਬਾਅਦ ਪਤਨੀ ਦਾ ਰੋਲ ਹੁੰਦਾ ਹੈ।ਸਿੱਕੇ ਦੇ ਦੋਵੇਂ ਪਾਸਿਆ ਵਾਂਗ ਪਤੀ ਪਤਨੀ ਦੀ ਕੀਮਤ ਹੁੰਦੀ ਹੈ।ਪਤੀ ਪਤਨੀ ਦੇ ਰੁਸਣ ਮਨਾਉਣ ਦਾ ਵੀ ਆਪਣਾ ਹੀ ਅੰਦਾਜ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੀ ਖੁਰਾਕ ਚਾਹੀਦੀ ਹੈ ਅਤੇ ਸ਼ਹਿਣਸ਼ੀਲਤਾ ਦਾ ਸ਼ੀਤਲ ਪਾਣੀ ਚਾਹੀਦਾ ਹੈ(ਮਾਣ-ਸਨਮਾਨ)ਜੇ ਇਸ ਰਿਸ਼ਤੇ ਵਿੱਚ ਅਪਣੱਤ ਦੀ ਭਾਵਨਾ,ਮੁਹੱਬਤ ਦੀ ਖ਼ੁਸ਼ਬੂ ਮਿਲਣ ਦੀ ਤਾਂਘ ਅਤੇ ਅਹਿਸਾਸਾਂ ਦਾ ਨਿੱਘ ਹੋਵੇ ਤਾਂ ਇਹ ਜੀਵਨ ਖ਼ੁਸ਼ੀਆਂ ਖੇੜਿਆ ਨਾਲ ਭਰ ਜਾਂਦਾ ਹੈ।ਇਸਦੇ ਉਲਟ ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਉਪਚਾਰਕ ਪੱਧਰ ਤੇ ਲੈ ਰਹੇ ਹਾਂ ਤਾਂ ਇਹ ਮੋਹ,ਮੁਹੱਬਤ ਅਤੇ ਨਿੱਘ ਤੋਂ ਕੋਰੇ ਹਨ ਤਾਂ ਸਾਡਾ ਜੀਵਨ ਖ਼ੁਸ਼ਕ ਤੇ ਨੀਰਸ ਹੀ ਹੋਵੇਗਾ।ਦੋ ਅਨਜਾਣ ਰੂਹਾਂ ਜਦੋਂ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਬੱਝਦੀਆਂ ਹਨ ਤਾਂ ਇੱਕ ਨਵੀਂ ਦੁਨੀਆਂ ਦੀ ਸਿਰਜਨਾ ਹੁੰਦੀ ਹੈ।ਉਸ ਨਵੀਂ ਦੁਨੀਆਂ ਨੂੰ ਸਵਰਗ ਬਣਾਉਣਾ ਪਤੀ ਪਤਨੀ ਦੀ ਆਪਸੀ ਜ਼ਿੰਮੇਵਾਰੀ ਹੁੰਦੀ ਹੈ।ਪਿਆਰ,ਆਪਸੀ ਸਮਝ,ਵਫ਼ਾਦਾਰੀ ਅਤੇ ਵਿਸ਼ਵਾਸ ਦੇ ਨਾਲ ਹੀ ਇਹ ਰਿਸ਼ਤਾ ਸਫ਼ਲ ਬਣਾਇਆ ਜਾ ਸਕਦਾ ਹੈ।ਪਤੀ ਪਤਨੀ ਜ਼ਰੂਰੀ ਹੈ ਕਿ ਦੋਨੋਂ ਹੀ ਇੱਕ-ਦੂਜੇ ਦੀ ਸੋਚ ਦਾ ਸਤਿਕਾਰ ਕਰਨ।ਆਪਣੀ ਵਸੀ-ਵਸਾਈ ਦੁਨੀਆਂ ਛੱਡ ਔਰਤ ਪਤੀ ਦੇ ਘਰ ਪਰਿਵਾਰ ਨੂੰ ਅਪਨਾਉਂਦੀ ਹੈ।ਇਸ ਲਈ ਪਤੀ ਦਾ ਫ਼ਰਜ ਬਣਦਾ ਹੈ ਕਿ ਉਹ ਉਸਨੂੰ ਕਦੇ ਵੀ ਇਕੱਲੇਪਣ ਦਾ ਅਹਿਸਾਸ ਨਾ ਹੋਣ ਦੇਵੇ।ਹਰ ਔਰਤ ਨੂੰ ਹੀ ਪਤੀ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ,ਪਰ ਜੇਕਰ ਔਰਤ ਨੌਕਰੀ ਪੇਸ਼ੇ ਵਾਲੀ ਹੋਵੇ ਤਾਂ ਪਤੀ ਦਾ ਸਾਥ ਉਸ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।ਜੇਕਰ ਇਸ ਰਿਸ਼ਤੇ ਵਿੱਚ ਵਿਸ਼ਵਾਸ ਹੋਵੇ ਤਾਂ ਜ਼ਿੰਦਗੀ ਦੇ ਬਿਖਰੇ ਪੈਂਡਿਆ ਤੇ ਚੱਲਣਾ ਆਸਾਨ ਹੋ ਜਾਂਦਾ ਹੈ।ਰਿਸ਼ਤਿਆ ਵਿੱਚ ਬੱਝਿਆ ਤਾਂ ਹਰ ਵਿਅਕਤੀ ਹੀ ਹੈ,ਫ਼ਰਕ ਕੇਵਲ ਇੰਨਾ ਕੁ ਹੈ ਕਿ ਕੁਝ ਇਨ੍ਹਾਂ ਦਾ ਕੇਵਲ ਭਾਰ ਹੀ ਢੋਂਦੇ ਹਨ,ਜਦਕਿ ਕੁਝ ਇਨ੍ਹਾਂ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ।ਬੋਲ ਚਾਲ ਵਿੱਚ ਮਿਠਾਸ ਅਤੇ ਵਰਤਾਓ ਵਿੱਚ ਹਲੀਮੀ ਅਜਿਹੇ ਰਿਸ਼ਤਿਆ ਨੂੰ ਨਿੱਘ ਨਾਲ ਭਰ ਸਕਦੀ ਹੈ।ਜੇ ਤੁਹਾਡਾ ਜੀਵਨ ਸਾਥੀ ਖ਼ੁਸ਼ ਨਹੀਂ ਤਾਂ ਤੁਸੀਂ ਕਲਪਨਾ ਵਿੱਚ ਵੀ ਖ਼ੁਸ਼ ਨਹੀਂ ਹੋ ਸਕਦੇ।ਜੇ ਜੀਵਨ ਸਾਥੀ ਝੁਡੂ,ਲਾਈ ਲਗ ਲੜ ਲਗ ਜਾਵੇ ਤਾਂ ਵੀ ਰਿਸ਼ਤਾ ਬੇਸਵਾਦ ਹੋ ਜਾਂਦਾ ਹੈ।ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਮਿਲਦਾ ਉੱਥੇ ਜ਼ਿੰਦਗੀ ਨਰਕ ਭਰੀ ਲੱਗਦੀ ਹੈ।ਪਤਨੀ ਘਰ ਵਿੱਚ ਕਈ ਸਮੱਸਿਆਵਾਂ ਸਹੇੜਦੀ ਹੈ।ਪਤੀ ਪਤਨੀ ਦੋਵਾਂ ਵਿੱਚ ਇੱਕ ਦੂਜੇ ਪ੍ਰਤੀ ਵਫ਼ਾਦਾਰੀ ਜ਼ਰੂਰੀ ਹੈ।ਪਤੀ ਪਤਨੀ ਦੋਵਾਂ ਨੂੰ ਇੱਕ ਦੂਜੇ ਦੀਆਂ ਇਛਾਵਾਂ ਨੂੰ ਸਮਝਦਿਆ ਇੱਕ ਦੂਜੇ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ।ਇੱਕ ਸਮਝਦਾਰ ਪਤੀ ਆਪਣੀ ਪਤਨੀ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਗੱਲ ਕਰਦਾ ਹੈ।ਇਸ ਦੇ ਨਾਲ-ਨਾਲ ਉਹ ਉਸ ਦੇ ਵਿਚਾਰਾਂ ਤੇ ਜਜ਼ਬਾਤਾਂ ਦੀ ਕਦਰ ਕਰਦਾ ਹੈ।ਜਦ ਪਤੀ ਪਤਨੀ ਇੱਕ ਦੂਜੇ ਨੂੰ ਸਮਝਣ,ਇੱਕ ਦੂਜੇ ਦੀ ਕਦਰ ਕਰਨ ਅਤੇ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ,ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਚਾਰ ਚੰਨ ਲੱਗ ਜਾਂਦੇ ਹਨ।ਵਿਆਹੁਤਾ ਜ਼ਿੰਦਗੀ ਵਿੱਚ ਪਿਆਰ ਹੋਣਾ ਸਭ ਤੋਂ ਜ਼ਰੂਰੀ ਹੈ ਤੇ ਇਹ ਪਤੀ ਪਤਨੀ ਨੂੰ ਏਕਤਾ ਦੇ ਬੰਧਨ ਵਿੱਚ ਪੂਰੀ ਤਰ੍ਹਾਂ ਬੰਨ੍ਹਦਾ ਹੈ।ਜਦ ਜੀਵਨ ਸਾਥੀ ਦੁੱਖ-ਸੁੱਖ ਵਿੱਚ ਇੱਕ ਦੂਜੇ ਦਾ ਸਾਥ ਨਿਭਾਉਂਦੇ ਹਨ,ਤਾਂ ਉਹ ਇੱਕ ਦੂਜੇ ਦੇ ਹੋਰ ਕਰੀਬ ਹੁੰਦੇ ਹਨ ਤੇ ਇਕੱਠਾ ਸਮਾਂ ਬਿਤਾਉਣਾ ਚਾਹੁੰਦੇ ਹਨ।ਪਤੀ ਪਤਨੀ ਦਾ ਆਪਸ਼ੀ ਰਿਸ਼ਤਾ ਇਸ ਕਰਕੇ ਨਹੀਂ ਵਧਦਾ-ਫੁੱਲਦਾ ਕਿਉਂਕਿ ਉਹ ਇੱਕ ਦੂਜੇ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੰਦੇ ਹਨ,ਸਗੋਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਵਧਦਾ ਹੈ।ਇੱਕ ਮੁਸਕਰਾਹਟ ਜਾਂ ਇਹ ਪੁੱਛਣਾ 'ਤੁਸੀਂ ਠੀਕ ਹੋ?' ਇੱਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਪਤੀ ਪਤਨੀ ਲਈ ਮਾਅਨੇ ਰੱਖਦੀਆਂ ਹਨ।ਦਿਲ ਖੋਲ ਕੇ ਗੱਲਬਾਤ ਕਰਨ ਨਾਲ ਜ਼ਿੰਦਗੀ ਦਾ ਸਫ਼ਰ ਸੁਹਾਵਣਾ ਬਣਦਾ ਹੈ।ਘਮੰਡ ਪਤੀ ਪਤਨੀ ਦੇ ਰਿਸ਼ਤੇ ਵਿੱਚ ਜ਼ਹਿਰ ਭਰ ਸਕਦਾ ਹੈ।ਯਾਦ ਰੱਖੋ ਪਰਮਾਤਮਾ ਹੰਕਾਰੀਆਂ ਦਾ ਵਿਰੋਧ ਕਰਦਾ ਹੈ,ਪਰ ਨਿਮਰ ਲੋਕਾਂ ਤੇ ਅਪਾਰ ਕਿਰਪਾ ਕਰਦਾ ਹੈ।ਸੁਖੀ ਜੀਵਨ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਬਿਲਕੁਲ ਨਿਰਮਲ ਅਤੇ ਕਿਸੇ ਵੀ ਸ਼ੱਕ ਦੀ ਗੁਜ਼ਾਇਸ ਤੋਂ ਮੁਕਤ ਹੋਵੇ।
 
ਸੰਦੀਪ ਕੌਰ ਹਿਮਾਂਯੂੰਪੁਰਾ
9781660021
Have something to say? Post your comment