Thursday, September 24, 2020
FOLLOW US ON

Article

ਖ਼ੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ

September 14, 2020 09:33 PM
 
 
ਮਨੁੱਖੀ ਜੀਵਨ ਪਰਮਾਤਮਾ ਵੱਲੋਂ ਬਖ਼ਸੀ ਇੱਕ ਅਦੁੱਤੀ ਸੁਗਾਤ ਹੈ ਪਰ ਇਸ ਪਰਮਾਤਮਾ ਦੀ ਬਖਸ਼ਿਸ਼ ਨੂੰ ਅਦਾ ਨਾਲ ਜਿਊਣਾ ਕੁਝ ਲੋਕ ਹੀ ਜਾਣਦੇ ਹਨ।ਅਦਾ ਭਰਪੂਰ ਜ਼ਿੰਦਗੀ ਜਿਊਣ ਵਾਲੇ ਵਿਅਕਤੀ ਨੂੰ ਕਾਇਨਾਤ ਦੀ ਹਰ ਸ਼ੈਅ ਕਿਸੇ ਆਹਰੇ ਲੱਗੀ ਨਜ਼ਰ ਆਉਂਦੀ ਹੈ।ਸਾਰੇ ਮਨੁੱਖਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਤੇ ਨਾ ਹੀ ਜ਼ਿੰਦਗੀ ਜਿਊਣ ਦੀ ਅਦਾ ਇੱਕ ਤਰ੍ਹਾਂ ਦੀ ਹੁੰਦੀ ਹੈ।ਹਰ ਇੱਕ ਮਨੁੱਖ ਦਾ ਜ਼ਿੰਦਗੀ ਜਿਊਣ ਜਾਂ ਦੇਖਣ ਦਾ ਆਪਣਾ-ਆਪਣਾ ਨਜ਼ਰੀਆਂ ਹੁੰਦਾ ਹੈ।ਕੁਝ ਲੋਕ ਆਪਣੀ ਜ਼ਿੰਦਗੀ ਲਈ ਬਹੁਤ ਹੀ ਸਖ਼ਤ ਨਿਯਮ ਰੱਖਦੇ ਹਨ,ਜੋ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਰਸ ਅਤੇ ਖ਼ੁਸ਼ੀਆਂ ਨਹੀਂ ਰਹਿਣ ਦਿੰਦੇ।ਮਨੁੱਖ ਨੂੰ ਆਪਣੇ ਆਪ ਨੂੰ ਉਨੇ ਕੁ ਹੀ ਨਿਯਮਾਂ ਵਿੱਚ ਬੰਨ੍ਹ ਕੇ ਰੱਖਣਾ ਚਾਹੀਦਾ ਹੈ,ਜਿੰਨਾ ਕਿ ਉਸਦੀ ਜ਼ਿੰਦਗੀ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ।ਆਪਣੀ ਜ਼ਿੰਦਗੀ ਵਿੱਚ ਬਣਾਏ ਨਿਯਮਾਂ ਨੂੰ ਦੂਸਰਿਆਂ ਉੱਪਰ ਥੋਪਣਾ ਨਹੀਂ ਚਾਹੀਦਾ।ਜੇ ਅਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਸ਼ੂ-ਪੰਛੀ ਅਤੇ ਬਾਕੀ ਜੀਵ ਵੀ ਆਪਸ ਵਿੱਚ ਕਿੰਨੇ ਮੋਹ ਅਤੇ ਪਿਆਰ ਦੇ ਰਿਸ਼ਤੇ ਨਿਭਾਉਂਦੇ ਹਨ।ਉਨ੍ਹਾਂ ਦਾ ਇਹ ਮੋਹ ਕੇਵਲ ਆਪਣੀ ਨਸਲ ਲਈ ਹੀ ਨਹੀਂ ਹੁੰਦਾ,ਸਗੋਂ ਉਹ ਜਦ ਕਿਸੇ ਦੂਸਰੀ ਨਸਲ ਵਾਲੇ ਜੀਵ ਨੂੰ ਵੀ ਮੁਸੀਬਤ ਵਿੱਚ ਦੇਖਦੇ ਹਨ ਤਾਂ ਉਸ ਦੀ ਸਹਾਇਤਾ ਲਈ ਪਹੁੰਚ ਜਾਂਦੇ ਹਨ।ਦੂਜੇ ਪਾਸੇ ਇਨਸਾਨ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿੰਦੇ ਹਨ ਅਤੇ ਬਿਨਾਂ ਮਤਲਬ ਤੋਂ ਦੂਜਿਆ ਦੀ ਜ਼ਿੰਦਗੀ ਵਿੱਚ ਦਖ਼ਲ-ਅੰਦਾਜੀ ਕਰਕੇ ਰੁਕਾਵਟਾਂ ਪੈਦਾ ਕਰਦੇ ਹਨ ਪਰ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਸਗੋਂ ਇਹਨਾਂ ਰੁਕਾਵਟਾਂ ਦਾ ਸੱਚ ਦੇ ਰਾਹ ਤੇ ਚੱਲ ਕੇ ਸਾਹਮਣਾ ਕਰਨਾ ਚਾਹੀਦਾ ਹੈ।ਮਨੁੱਖ ਆਪਣੀ ਸਖ਼ਸ਼ੀਅਤ ਆਪ ਬਣਾਉਂਦਾ ਹੈ।ਸਾਡੇ ਚੰਗੇ ਮਾੜੇ ਕਰਮਾਂ ਦਾ ਫ਼ਲ ਸਾਨੂੰ ਇੱਥੇ ਹੀ ਮਿਲਣਾ ਹੈ।ਅਸੀਂ ਜੈਸਾ ਕਰਾਂਗੇ,ਵੈਸਾ ਹੀ ਕੱਟਾਂਗੇ।ਜੇ ਮਿੱਠੇ ਫ਼ਲ ਖਾਣੇ ਹਨ ਤਾਂ ਸਾਨੂੰ ਉਹ ਹੀ ਬੀਜਣੇ ਪੈਣਗੇ।ਜ਼ਿੰਦਗੀ ਸਾਨੂੰ ਖ਼ੁਸ਼ ਹੋਣ ਦੇ ਬੇਅੰਤ ਮੌਕੇ ਦਿੰਦੀ ਹੈ।ਖ਼ੁਸ਼ੀ ਦਾ ਇੱਕ ਮੌਕਾ ਹੱਥੋਂ ਨਿਕਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ।ਚੰਗੀ ਜ਼ਿੰਦਗੀ ਜਿਊਣ ਲਈ ਦੁਨੀਆਂ ਦੀ ਪਰਵਾਹ ਨਾ ਕਰੋ,ਆਪਣੇ ਹਿਸਾਬ ਨਾਲ਼ ਜ਼ਿੰਦਗੀ ਜੀਓ।ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ।ਜੋ ਦਿਲ ਕਰਦਾ ਹੈ ਖਾਓ,ਜੋ ਦਿਲ ਕਰਦਾ ਹੈ ਪਹਿਨੋ।ਜੋ ਦਿਲ ਕਰਦਾ ਹੈ ਉਹ ਕਰੋ,ਕਿਸੇ ਹੋਰ ਨੂੰ ਖ਼ੁਸ਼ ਕਰਨ ਲਈ ਨਹੀਂ ਆਪਣੇ ਆਪ ਨੂੰ ਖ਼ੁਸ਼ ਕਰਨ ਲਈ।ਪਹਿਲਾਂ ਹੱਕ ਤੁਹਾਡਾ ਬਣਦਾ ਹੈ ਕਿ ਤੁਸੀਂ ਖ਼ੁਦ ਖ਼ੁਸ਼ ਰਹੋ ਪਰ ਕਿਸੇ ਨੂੰ ਦੁਖੀ ਕਰਕੇ ਖ਼ੁਸ਼ ਹੋਣਾ ਗਲਤ ਹੈ।ਆਪਣੇ ਆਪ ਨਾਲ਼ ਪਿਆਰ ਕਰੋ।ਦੂਸਰਿਆਂ ਦੇ ਹਿਸਾਬ ਨਾਲ਼ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਨਾ ਕਰੋ।ਤੁਹਾਨੂੰ ਕੋਈ ਖ਼ੁਸ਼ ਨਹੀਂ ਰੱਖ ਸਕਦਾ ਜਿੰਨਾ ਤੁਸੀਂ ਆਪਣੇ ਆਪ ਨੂੰ ਖ਼ੁਸ਼ ਰੱਖ ਸਕਦੇ ਹੋ।ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ।ਜੇਕਰ ਤੁਸੀਂ ਆਪਣੇ ਆਪ ਨੂੰ ਸੰਪੂਰਨ ਸਮਝਣ ਲੱਗ ਪਏ ਤਾਂ ਸਿੱਖਣ ਦੇ ਸਾਰੇ ਅਵਸਰ ਗਵਾ ਦੇਵੋਗੇ।ਸਿੱਖਣ ਦੀ ਕੋਈ ਉਮਰ ਜਾਂ ਸੀਮਾ ਨਹੀਂ ਹੁੰਦੀ।ਕਿਤਾਬਾਂ,ਮੈਗਜੀਨ ,ਅਖ਼ਬਾਰ ਪੜਨ ਦੀ ਆਦਤ ਬਣਾਓ।ਹੋ ਸਕੇ ਤਾਂ ਦੂਸਰਿਆਂ ਦੀ ਗਲਤੀਆਂ ਨੂੰ ਮਾਫ਼ ਕਰ ਦਿਓ।ਜੇਕਰ ਕੋਈ ਫਿਰ ਵੀ ਜਾਣ ਬੁੱਝ ਕੇ ਤੁਹਾਡਾ ਗਲਤ ਕਰਦਾ ਹੈ ਤਾਂ ਉਸ ਨਾਲ਼ ਉਲਝਣ ਦੀ ਬਜਾਇ ਉਸਤੋਂ ਕਿਨਾਰਾ ਕਰ ਲਵੋ।ਕੁਝ ਇਨਸਾਨ ਅਜਿਹੇ ਹੁੰਦੇ ਹਨ,ਜੋ ਦੂਸਰੇ ਇਨਸਾਨਾਂ ਵਿੱਚ ਸਿਰਫ਼ ਕਮੀਆਂ ਹੀ ਕੱਢਦੇ ਹਨ।ਦੂਸਰਿਆਂ ਵਿੱਚ ਕਮੀਆਂ ਕੱਢਣ ਦੀ ਬਜਾਇ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ।ਜ਼ਿੰਦਗੀ ਬਹੁਤ ਆਸਾਨ ਹੁੰਦੀ ਹੈ ਜਦੋਂ ਲੋਕਾਂ ਦੀਆਂ ਬੁਰਾਈਆਂ ਦੇਖਣ ਦੀ ਬਜਾਇ ਚੰਗਿਆਈਆਂ ਵੇਖਦੇ ਹੋ।ਛੋਟੇ-ਛੋਟੇ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਮਿਲਦੀ ਹੈ।ਪੈਸਾ ਖ਼ੁਸ਼ਨੁਮਾ ਜ਼ਿੰਦਗੀ ਬਤੀਤ ਕਰਨ ਦਾ ਸਾਧਨ ਨਹੀਂ ਹੈ।ਹਜ਼ਾਰਾਂ ਉਹ ਲੋਕ ਹਨ ਜਿੰਨ੍ਹਾਂ ਕੋਲ ਪੈਸਾ ਬਹੁਤ ਹੈ ਪਰ ਖ਼ੁਸ਼ੀਆਂ ਭਰੀ ਜ਼ਿੰਦਗੀ ਨਹੀਂ।ਕਦੇ ਵੀ ਆਪਣੇ ਪੈਸੇ ਰੁਤਬੇ ਦਾ ਹੰਕਾਰ ਨਾ ਕਰੋ।ਹਮੇਸ਼ਾ ਸਚਾਈ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੋ।ਛੋਟੀ ਤੋਂ ਛੋਟੀ ਖ਼ੁਸ਼ੀ ਦਾ ਵੀ ਆਨੰਦ ਮਾਣੋ ਕਿਉਕਿ ਇੱਕ ਦਿਨ ਪਿੱਛੇ ਮੁੜ ਕੇ ਦੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਖ਼ੁਸ਼ੀਆਂ ਕਿੰਨੀਆ ਵੱਡੀਆਂ ਸਨ।ਜ਼ਿੰਦਗੀ ਬਹੁਤ ਹੀ ਕਠਿਨਾਈਆ ਅਤੇ ਉਤਰਾਅ ਚੜਾਅ ਨਾਲ਼ ਭਰਪੂਰ ਹੁੰਦੀ ਹੈ।ਜ਼ਿੰਦਗੀ ਵਿੱਚ ਜੇਕਰ ਖ਼ੁਸ਼ੀਆਂ ਹਨ ਤਾਂ ਦੁੱਖ ਵੀ ਹਨ।ਜਿੱਤ ਹੈ ਤਾਂ ਹਾਰ ਵੀ ਹੈ।ਆਪਣੇ ਅਤੀਤ ਅਤੇ ਭਵਿੱਖ ਬਾਰੇ ਜ਼ਿਆਦਾ ਨਾ ਸੋਚੋ।ਵਰਤਮਾਨ ਵਿੱਚ ਜੀਓ।ਇਮਾਨਦਾਰ ਬਣੋ।ਕੁਦਰਤ ਨਾਲ ਪੰਛੀਆਂ ਨਾਲ ਪਿਆਰ ਕਰੋ।ਇਸ ਵਿੱਚ ਕੋਈ ਸੱਕ ਨਹੀਂ ਕਿ ਬੰਦੇ ਨੂੰ ਆਪਣੀਆਂ ਪਰਿਵਾਰਿਕ ਜ਼ਰੂਰਤਾਂ ਅਤੇ ਜਿੰਮੇਵਾਰੀਆਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ।ਇਨ੍ਹਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਖਪਤ ਹੋ ਜਾਂਦਾ ਹੈ ਪਰ ਪੈਸਾ ਸਾਰਾ ਕੁਝ ਹੀ ਤਾਂ ਨਹੀਂ ਹੁੰਦਾ।ਸਾਨੂੰ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦਾ ਆਨੰਦ ਵੀ ਮਾਣਨਾ ਚਾਹੀਦਾ ਹੈ।ਅਸੀਂ ਪੈਸਾ ਕਮਾਉਣ ਲਈ ਬੁਰੀ ਤਰ੍ਹਾਂ ਰੁੱਝ ਗਏ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਜਿਊਣੀ ਹੀ ਭੁੱਲ ਗਈ ਹੈ।ਸਾਡੇ ਕੋਲ ਆਪਣੇ ਪਰਿਵਾਰ ਦੇ ਜੀਆਂ ਨਾਲ ਮੋਹ ਭਰਿਆ ਸਬੰਧ ਰੱਖਣ ਦਾ ਸਮਾਂ ਹੀ ਨਹੀਂ।ਸਾਡੀ ਜ਼ਿੰਦਗੀ ਇੱਕ ਮਸ਼ੀਨ ਦੀ ਤਰ੍ਹਾਂ ਬਣ ਕੇ ਰਹਿ ਗਈ ਹੈ।ਸਾਡੇ ਕੋਲ ਸਹਿਜ ਨਾਲ਼ ਖਾਣਾ ਖਾਣ ਦੀ ਵੀ ਫੁਰਸਤ ਨਹੀਂ।ਸਾਨੂੰ ਕੁਦਰਤ ਦੀ ਸੁੰਦਰਤਾ ਮਾਣਨ ਦੀ ਵੀ ਫੁਰਸਤ ਨਹੀਂ।ਸਾਨੂੰ ਆਪਣੇ ਲਈ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਚਾਹੀਦਾ ਹੈ।ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੁੱਖ ਦੀਆਂ ਘੜੀਆਂ ਵਿੱਚ ਵੀ ਖ਼ੁਸ਼ੀਆਂ ਲੱਭੇ।ਇਸ ਤਰ੍ਹਾਂ ਕਰਨ ਨਾਲ਼ ਇਹ ਧਰਤੀ ਹੀ ਉਸਨੂੰ ਸਵਰਗ ਲੱਗਣ ਲੱਗੇਗੀ।ਜੋ ਲੋਕ ਆਪਣੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ਼ ਜਿਊਂਦੇ ਹਨ,ਉਹ ਆਪ ਵੀ ਖ਼ੁਸ਼ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖਦੇ ਹਨ।ਉਹ ਸਦਾ ਆਸ਼ਾਵਾਦੀ ਰਹਿੰਦੇ ਹਨ।ਉਨ੍ਹਾਂ ਤੇ ਜ਼ਿੰਦਗੀ ਵਿੱਚ ਜਿੰਨੀ ਮਰਜੀ ਮੁਸੀਬਤ ਆਏ,ਉਹ ਕਦੀ ਹੌਂਸਲਾ ਨਹੀਂ ਹਾਰਦੇ।ਉਹ ਇਨਸਾਨ ਜਿੰਨ੍ਹਾਂ ਨੇ ਖ਼ੁਸ਼ੀ ਨੂੰ ਆਪਣੇ ਅੰਦਰੋਂ ਹੀ ਲੱਭ ਲਿਆ ਹੈ,ਉਹ ਬਹੁਤ ਹੀ ਕਿਸਮਤ ਵਾਲੇ ਹਨ।ਜੇਕਰ ਅਸੀਂ ਇਨ੍ਹਾਂ ਕੁਝ ਕੁ ਗੱਲਾਂ ਨੂੰ ਧਿਆਨ ਵਿੱਚ ਰੱਖਕੇ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਤਾਂ ਇਹ ਜ਼ਿੰਦਗੀ ਸਾਨੂੰ ਬੋਝ ਨਹੀੰ ਲੱਗੇਗੀ ਸਗੋਂ ਇਹ ਸਾਨੂੰ ਖ਼ੁਸ਼ੀ ਮਾਨਣ ਲਈ ਵੀ ਬਹੁਤ ਥੋੜੀ ਤੇ ਕੀਮਤੀ ਲੱਗੇਗੀ।
      ਸੰਦੀਪ ਕੌਰ ਹਿਮਾਂਯੂੰਪੁਰਾ
       9781660021
Have something to say? Post your comment