Thursday, September 24, 2020
FOLLOW US ON

Article

ਈਰਖਾ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

September 15, 2020 10:25 PM

ਈਰਖਾ  /  ਪ੍ਰਭਜੋਤ ਕੌਰ ਢਿੱਲੋਂ ਮੁਹਾਲੀ                                                                                          

  ਈਰਖਾ ਬਹੁਤ ਛੋਟਾ ਸ਼ਬਦ ਪਰ ਬੇਹੱਦ ਭਿਆਨਕ ਹੈ।ਅਸਲ ਵਿੱਚ ਈਰਖਾ ਕਰਨ ਵਾਲੇ ਨੂੰ ਇੰਨੀ ਸਮਝ ਹੀ ਨਹੀਂ ਹੁੰਦੀ ਕਿ ਉਹ ਆਪਣਾ ਨੁਕਸਾਨ ਕਰ ਰਿਹਾ ਹੈ ਜਾਂ ਜਿਸ ਨਾਲ ਈਰਖਾ ਕਰ ਰਿਹਾ ਹੈ ਉਸਦਾ।ਈਰਖਾ ਘਟੀਆ,ਨਿਕੰਮ ਅਤੇ ਸੌੜੀ ਸੋਚ ਵਿਚੋਂ ਜਨਮ ਲੈਂਦੀ ਹੈ। ਸਿਆਣੇ ਕਹਿੰਦੇ ਨੇ ਜਿਹੜਾ ਦੂਜੇ ਦੀ ਖੁਸ਼ੀ ਤੇ ਖੁਸ਼ ਨਹੀਂ ਹੁੰਦਾ ਉਹ ਆਪ ਵੀ ਕਦੇ ਖੁਸ਼ ਨਹੀਂ ਰਹਿ ਸਕਦਾ।ਈਰਖਾ ਕਰਨ ਵਾਲਾ ਮਾਨਸਿਕ ਤੌਰ ਤੇ ਸਥਿਰ ਨਹੀਂ ਰਹਿ ਸਕਦਾ।ਭਾਰਤੀ ਦਰਸ਼ਨ ਅਨੁਸਾਰ, "ਜਿਵੇਂ ਕੀੜਾ ਕੱਪੜੇ ਨੂੰ ਕੁਤਰ ਦਿੰਦਾ ਹੈ ਉਸੇ ਤਰ੍ਹਾਂ ਈਰਖਾ ਬੰਦੇ ਦੇ ਵਜੂਦ ਨੂੰ ਖਤਮ ਕਰ ਦਿੰਦੀ ਹੈ। "ਈਰਖਾ ਕਰਨ ਵਾਲਾ ਹਮੇਸ਼ਾ ਕੁੜਦਾ ਰਹਿੰਦਾ ਹੈ, ਗੱਲ ਗੱਲ ਤੇ ਕਲੇਸ਼ ਪਾ ਲੈਂਦਾ ਹੈ। ਅਜਿਹੇ ਬੰਦੇ ਨਾ ਖੁਸ਼ ਰਹਿ ਸਕਦੇ ਹਨ ਅਤੇ ਨਾ ਰਹਿਣ ਦਿੰਦੇ ਹਨ।   

ਜਦੋਂ ਕੋਈ ਕਿਸੇ ਨਾਲ ਈਰਖਾ ਕਰਦਾ ਹੈ ਤਾਂ ਉਸ ਵਿੱਚ ਹਮੇਸ਼ਾਂ ਨੁਕਸ ਹੀ ਕੱਢਦਾ ਰਹਿੰਦਾ ਹੈ। ਉਸਨੂੰ ਇੰਨੀ ਅਕਲ ਅਤੇ ਸਮਝ ਨਹੀਂ ਹੁੰਦੀ ਕਿ ਤੇਰੇ ਵਿੱਚ ਸਭ ਤੋਂ ਵੱਡਾ ਨੁਕਸ ਹੈ ਕਿ ਤੂੰ ਦੂਜੇ ਲਈ ਮਾੜਾ ਸੋਚ ਅਤੇ ਕਰ ਰਿਹਾ ਹੈ।ਜਿਸ ਨਾਲ ਈਰਖਾ ਹੁੰਦੀ ਹੈ ਉਸ ਵਿੱਚ ਸਿਰਫ਼ ਨੁਕਸ ਹੀ ਵਿਖਾਈ ਦਿੰਦੇ ਹਨ।ਮਹਾਂ ਭਾਰਤ ਵਿੱਚ ਵੀ ਲਿਖਿਆ ਹੈ, "ਜਿਸ ਮਨੁੱਖ ਨਾਲ ਈਰਖਾ ਹੋ ਜਾਵੇ, ਉਹ ਨਾ ਤਾਂ ਨੇਕ ਲੱਗਦਾ ਹੈ,ਨਾ ਵਿਦਵਾਨ ਲੱਗਦਾ ਹੈ ਅਤੇ ਨਾ ਹੀ ਸਿਆਣਾ ਲੱਗਦਾ ਹੈ।"ਈਰਖਾ ਕਰਨਾ ਵੀ ਸੁਭਾਅ ਦਾ ਹਿੱਸਾ ਹੈ।ਜਿਸ ਬੰਦੇ ਵਿੱਚ ਈਰਖਾ ਕਰਨ ਦੀ ਆਦਤ ਹੋਵੇ ਉਹ ਹਰ ਉਸ ਬੰਦੇ ਨਾਲ ਈਰਖਾ ਕਰੇਗਾ ਜੋ ਤਰੱਕੀ ਕਰ ਰਿਹਾ ਹੋਵੇ।ਈਰਖਾ ਕਰਨ ਵਾਲਾ ਆਪਣੇ ਹੀ ਕੰਡੇ ਸਾੜਦੇ ਹੈ।ਜਦੋਂ ਇਹ ਆਪਣੇ ਘਰ ਪਰਿਵਾਰ ਜਾਂ ਦੋਸਤਾਂ ਮਿੱਤਰਾਂ ਵਿੱਚ ਅਜਿਹਾ ਕਰਦੇ ਹਨ ਤਾਂ ਦੂਜੇ ਵੀ ਪ੍ਰਵਾਹ ਕਰਨੀ ਛੱਡ ਦਿੰਦੇ ਹਨ।ਕਈ ਵਾਰ ਉਹ ਹੋਰ ਮਿਹਨਤ ਕਰਨ ਲੱਗ ਜਾਂਦੇ ਹਨ ਕਿ ਇਹ ਈਰਖਾ ਕਰਦਾ ਹੈ ਮੈਂ ਇਸ ਤੋਂ ਵੀ ਬਿਹਤਰ ਕਰਾਂਗਾ ਅਤੇ ਉਹ ਬੰਦਾ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈ।ਉਥੇ ਇਹ ਗੱਲ ਵੀ ਢੁੱਕਦੀ ਹੈ,ਕੁੱਬੇ ਦੇ ਲੱਤ ਮਾਰੀ,ਵਰ ਆ ਗਈ ।"ਹਰ ਇਕ ਦੀ ਮਿਹਨਤ ਹੈ ਜੇਕਰ ਉਸਨੂੰ ਸਫਲਤਾ ਮਿਲ ਰਹੀ ਹੈ।ਉਸਦਾ ਸੁਭਾਅ ਹੈ ਜੇਕਰ ਲੋਕ ਉਸਨੂੰ ਪਿਆਰ ਕਰਦੇ ਹਨ।ਸਭ ਤੋਂ ਮਹੱਤਵਪੂਰਨ ਕਿ ਕੁਦਰਤ ਉਸਦੇ ਕਰਮਾਂ ਅਤੇ ਮਿਹਨਤ ਨੂੰ ਵੇਖ ਰਹੀ ਹੈ। ਦੂਸਰੇ ਦੀ ਤਰੱਕੀ ਨੂੰ ਵੇਖਕੇ ਅਤੇ ਈਰਖਾ ਕਰਨ ਦੀ ਥਾਂ ਆਪਣੇ ਆਪ ਨੂੰ ਉਵੇਂ ਦਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਮੈਨੂੰ  ਯਾਦ ਆ ਗਈ ਇਕ ਸਤਰ ਜੋ ਮੈਂ ਬਹੁਤ ਵਾਰ ਟਰੱਕ ਦੇ ਪਿੱਛੇ ਲਿਖੀ ਪੜ੍ਹੀ ਹੈ,"ਸੜਿਆ ਨਾ ਕਰ,ਰੀਸ ਕਰ"।ਕਿੰਨੀ ਸੌੜੀ ਸੋਚ ਹੈ ਕਿ ਤੁਸੀਂ ਕਿਸੇ ਦੀ ਖੁਸ਼ੀ ਅਤੇ ਕਿਸੇ ਦੀ ਤਾਰੀਫ਼ ਸੁਣ ਨਹੀਂ ਸਕਦੇ।ਈਰਖਾ ਕਰਨ ਵਾਲੇ ਦੂਜਿਆਂ ਨੂੰ ਨੀਵਾਂ ਵਿਖਾਉਣ ਵਿੱਚ ਆਪਣਾ ਵਧੇਰੇ ਸਮਾਂ ਲਗਾ ਦਿੰਦੇ ਹਨ।ਉਨ੍ਹਾਂ ਦੀ ਸੋਚ ਨੁਕਸ ਕੱਢਣ ਤੋਂ ਅੱਗੇ ਤੁਰ ਹੀ ਨਹੀਂ ਸਕਦੀ।ਉਹ ਦੂਸਰਿਆਂ ਨੂੰ ਦੁੱਖ ਦੇਣ ਦੇ ਚੱਕਰ ਵਿੱਚ ਆਪ ਵੀ ਦੁੱਖੀ ਹੀ ਰਹਿੰਦੇ ਹਨ।ਨੁਕਸ ਕੱਢਣ ਦੀ ਬਿਰਤੀ ਈਰਖਾ ਵਿੱਚੋ ਪੈਦਾ ਹੁੰਦੀ ਹੈ। ਸਿਆਣੇ ਕਹਿੰਦੇ ਨੇ ਜਿਹੜੇ ਨੁਕਸ ਕੱਢਣ ਵਾਲੇ ਹੁੰਦੇ ਹਨ ਉਨ੍ਹਾਂ ਦੀ ਸੋਚ ਇੱਥੇ ਤਕ ਹੁੰਦੀ ਹੈ ਕਿ ਉਨ੍ਹਾਂ ਨੇ ਬੋਲਣ ਤੋਂ ਪਹਿਲਾਂ ਸੋਚਣਾ ਹੀ ਨਹੀਂ। ਕਿਧਰੇ ਕਿਸੇ ਔਰਤ ਦੇ ਆਪਣੇ ਪਤੀ ਨਾਲ ਝਗੜਾ ਹੋਇਆ,ਪੰਚਾਇਤੀ ਬੰਦਿਆਂ ਨੇ ਪੁੱਛਿਆ ਕਿ ਤੂੰ ਆਪਣੇ ਘਰ ਵਾਲੇ ਨਾਲ ਰਹਿਣਾ ਕਿਉਂ ਨਹੀਂ ਚਾਹੁੰਦੀ? ਉਸ ਔਰਤ ਨੇ ਜਵਾਬ ਦਿੱਤਾ,"ਇਸਦੀ ਰੋਟੀ ਖਾਂਦੇ ਦੀ ਦਾੜ੍ਹੀ ਹਿੱਲੀ ਹੈ। "ਈਰਖਾ ਰਿਸ਼ਤਿਆਂ ਦਾ ਘਾਣ ਕਰ ਦਿੰਦੀ ਹੈ।ਜਿਥੇ ਈਰਖਾ ਹੋਵੇਗੀ ਉਥੇ ਰਿਸ਼ਤਿਆਂ ਵਿੱਚ ਮਿਠਾਸ ਨਹੀਂ ਰਹਿ ਸਕਦੀ।ਈਰਖਾ ਕਰਨ ਦੀ ਥਾਂ ਖੁਸ਼  ਹੋਣ ਨਾਲ ਸਿਹਤ ਖਰਾਬ ਨਹੀਂ ਹੁੰਦੀ।ਜਿਸ ਬੰਦੇ ਨੇ ਮਿਹਨਤ ਕੀਤੀ ਹੈ ਉਸਨੂੰ ਸਫਲਤਾ ਮਿਲੀ ਹੈ।ਹਾਂ, ਹੋ ਸਕਦਾ ਹੈ ਸਿਰਫ਼ ਤੁਸੀਂ ਉਸਦੀ ਆਲੋਚਨਾ ਕਰਦੇ ਹੋਵੋ,ਉਸ ਲਈ ਮਾੜਾ ਬੋਲ ਰਹੇ ਹੋਵੋ।ਜਿਹੜੇ ਉਸਦੀ ਮਿਹਨਤ ਅਤੇ ਉਸਦੇ ਕੰਮਾਂ ਦੀ ਸਮਝ ਰੱਖਦੇ ਹੋਣਗੇ ਉਹ ਉਸਨੂੰ ਹੱਥਾਂ ਤੇ ਚੁੱਕ ਲੈਣਗੇ।ਅਗਿਆਤ ਨੇ ਬਹੁਤ ਵਧੀਆ ਲਿਖਿਆ ਹੈ,"ਤੁਹਾਨੂੰ ਪਸੰਦ ਨਾ ਕਰਨ ਵਾਲੇ ਲੋਕ ਜੇ ਤੁਹਾਨੂੰ ਪਾਣੀ ਉੱਪਰ ਵੀ ਤੁਰਦੇ ਦੇਖ ਲੈਣ ਤਾਂ ਉਹ ਕਹਿਣਗੇ ਕਿ ਇਸ ਨੂੰ  ਤੈਰਨਾ ਨਹੀਂ ਆਉਂਦਾ,ਇਸੇ ਲਈ ਪਾਣੀ ਉੱਤੇ ਵੀ ਤੁਰਿਆ ਫਿਰਦਾ ਹੈ। "ਈਰਖਾਲੂ ਬੰਦਾ ਆਪਣੀਆਂ ਕਮਜ਼ੋਰੀਆਂ ਤੇ ਪਰਦਾ ਪਾਉਣ ਲਈ ਵੀ ਦੂਸਰਿਆਂ ਵਿੱਚ ਨੁਕਸ ਕੱਢਦਾ ਰਹਿੰਦਾ ਹੈ। ਯਾਦ ਰੱਖੋ ਈਰਖਾ ਦੂਸਰੇ ਦਾ ਘੱਟ ਅਤੇ ਈਰਖਾ ਕਰਨ ਵਾਲੇ ਦਾ ਵਧੇਰੇ ਨੁਕਸਾਨ ਕਰਦੀਆਂ ਹੈ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
Have something to say? Post your comment