Article

ਸਰੋਮਣੀ ਕਮੇਟੀ ਦੇ ਨਰੈਣੂਸਾਹੀ ਹਮਲੇ ਅਤੇ ਪੰਥਕ ਧਿਰਾਂ ਦੀ ਕਮਜੋਰ ਕਾਰਜਸ਼ੈਲੀ

September 15, 2020 10:29 PM

ਸਰੋਮਣੀ ਕਮੇਟੀ ਦੇ ਨਰੈਣੂਸਾਹੀ ਹਮਲੇ ਅਤੇ ਪੰਥਕ ਧਿਰਾਂ ਦੀ ਕਮਜੋਰ ਕਾਰਜਸ਼ੈਲੀ
> ਮੀਡੀਆ ਕਰਮੀਆਂ ਦੀ ਕੁੱਟਮਾਰ ਸ਼ਰੋਮਣੀ ਕਮੇਟੀ ਦੀ ਹੈਂਕੜ  ਭਰਪੂਰ ਵਤੀਰੇ ਦਾ ਸ਼ਿਖਰ
>> ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸੁਦਗੀ ਨੇ ਇੱਕ ਵਾਰ ਫਿਰ ਅਜਿਹੇ ਸੁਆਲ ਖੜੇ ਕੀਤੇ ਹਨ,ਜਿੰਨਾਂ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਤਕਰੀਬਨ ਸੌ ਸਾਲ ਪਹਿਲਾਂ ਗੁਰਦੁਆਰਾ ਪਰਬੰਧ ਨੂੰ ਮਹੰਤਾਂ ਦੇ ਕਬਜੇ ਚੋ ਕੱਢ ਕੇ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਨੂੰ ਯਕੀਨੀ ਬਨਾਉਣ ਦੀ ਸ਼ੁੱਧ ਮਣਸ਼ਾ ਨਾਲ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।ਇਹ ਉਹ ਸਮਾ ਸੀ ਜਦੋ ਅੰਗਰੇਜ ਹਕੂਮਤ ਦੀ ਸ਼ਹਿ ਤੇ ਮਹੰਤਾਂ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਪਰਮੁੱਖ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਚ ਸਿੱਖੀ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਦੇ ਇਰਾਦੇ ਨਾਲ ਮਨਮੱਤੀਆਂ ਤੇ ਅਯਾਸ਼ੀਆਂ ਕਰਨਾ ਅਪਣਾ ਸ਼ੌਕ ਬਣਾ ਲਿਆ ਸੀ।ਇਸ ਨਾ-ਸਹਿਣਯੋਗ ਵਰਤਾਰੇ ਦੇ ਵਿਰੋਧ ਵਿੱਚ ਸਿੱਖਾਂ ਨੇ ਖੂਨ ਡੋਲਵਾਂ ਲੰਮਾ ਫੈਸਲਾਕੁਨ ਸੰਘਰਸ਼ ਲੜਿਆ। ਉਸ ਵਰਤਾਰੇ ਨੇ ਹੀ ਸਿੱਖਾਂ ਨੂੰ  ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਲੋੜ ਦਾ ਅਹਿਸਾਸ ਕਰਵਾਇਆ। ਕਹਿਣ ਤੋ ਭਾਵ ਹੈ ਕਿ ਜਿਸ ਸੰਸਥਾ ਦੀ ੳਸਾਰੀ ਲਈ ਸਿੱਖਾਂ ਨੇ ਅਪਣੇ ਲਹੂ ਮਿੱਝ ਦੀ ਵਰਤੋਂ ਕੀਤੀ ਹੋਵੇ,ਤਾਂ ਕਿ ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤਾਂ ਨੂੰ ਕੋਈ ਆਂਚ ਨਾ ਆਵੇ,ਅੱਜ ਉਸ ਸੰਸਥਾ ਤੇ ਹੀ ਸਿੱਖੀ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਦੇ ਗੰਭੀਰ ਦੋਸ਼ ਲੱਗ ਰਹੇ ਹੋਣ,ਸਿੱਖ ਕੌਂਮ ਲਈ ਇਸ ਤੋਂ ਵੱਡੀ ਨਮੋਸੀ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ।ਬੇਸ਼ੱਕ ਬਰਗਾੜੀ ਕਾਂਡ ਹੋਵੇ ਜਾਂ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸੁਦਗੀ ਦਾ ਮਾਮਲਾ ਹੋਵੇ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸਾਂ ਨਾਕਾਮ ਹੀ ਸਿੱਧ ਨਹੀ ਹੋਈ ਬਲਕਿ ਸਿੱਧੇ ਤੌਰ ਤੇ ਦੋਸ਼ੀਆਂ ਦੀ ਕਤਾਰ ਵਿੱਚ ਖੜੀ ਪਰਤੀਤ ਹੁੰਦੀ ਹੈ। ਜੂਨ 1984 ਦੇ ਘੱਲੂਘਾਰੇ ਦੀ ਯਾਦ ਹੋਵੇ ਜਾਂ ਸਿੱਖ ਲਹਿਰ ਦੇ ਕਿਸੇ ਸਿੰਘ ਦੀ ਯਾਦ ਵਿੱਚ ਅਰਦਾਸ ਦਾ ਦਿਹਾੜਾ ਹੋਵੇ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਇਹ ਨਹੀ ਚਾਹੁੰਦੀ ਕਿ ਸਿੱਖ ਸੰਗਤ ਅਪਣੇ ਸ਼ਹੀਦਾਂ ਦੀ ਯਾਦ ਚ ਇਕੱਤਰ ਹੋ ਕੇ ਅਰਦਾਸ ਵਿੱਚ ਸ਼ਾਮਲ ਹੋਣ। ਇੱਥੇ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਮੌਜੂਦਾ ਦੌਰ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਹੀ ਭੂਮਿਕਾ ਅਦਾ ਕਰ ਰਹੀ ਹੈ ,ਜਿਹੜੀ ਕਦੇ ਨਰੈਣੂ ਮਹੰਤ ਦੀ ਜੁੰਡਲੀ ਕਰਦੀ ਰਹੀ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਕੜਿਆਂ ਦੀ ਗਿਣਤੀ ਚ ਗੁੰਮ ਹੋਏ ਪਾਵਨ ਸਰੂਪਾਂ ਦੀ ਵਜਾਹ ਕਰਕੇ ਫਿਰ ਜੋਰਦਾਰ ਚਰਚਾ ਵਿੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਕਮੇਟੀ ਦੀ ਰੀਪੋਰਟ ਆਉਣ ਤੋ ਬਾਅਦ ਇਹ ਮਾਮਲਾ ਉਸ ਸਮੇ ਬੁਰੀ ਤਰਾਂ ਗਰਮਾ ਗਿਆ,ਜਦੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਤੇ ਅਪਣਾ ਫੈਸਲਾ ਸੁਣਾਉਂਦਿਆਂ,ਜਿਸ ਤਰਾਂ ਗੋਂਗਲੂਆਂ ਤੋ ਮਿੱਟੀ ਝਾੜਨ ਵਾਲੀ ਗੱਲ ਕੀਤੀ,ਉਸ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਹੈ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਇਹ ਕਹਿੰਦਿਆਂ ਮਾਮਲੇ ਨੂੰ ਮੁੱਢੋ ਹੀ ਰੱਦ ਕਰ ਦਿੱਤਾ,ਕਿ ਸਰੂਪ ਨਾ ਹੀ ਗੁੰਮ ਹੋਏ ਹਨ ਅਤੇ ਨਾ ਹੀ ਸਰੂਪ ਘੱਟਦੇ ਹਨ,ਉਹਨਾਂ ਇਸ ਘਟਨਾ ਤੋ ਧਿਆਨ ਹਟਾਉਣ ਅਤੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਕਾਸ਼ਨਾ ਵਿਭਾਗ ਦੇ ਮੁਲਾਜਮਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਮਾਮਲਾ ਰਫਾ ਦਫਾ ਕਰ ਦਿੱਤਾ। ਉੱਧਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਸ ਸ਼ੱਕੀ ਕਾਰਵਾਈ ਤੋਂ ਸ਼ਕਤੇ ਚ ਆਈਆਂ ਪੰਥਕ ਧਿਰਾਂ ਨੇ ਇਸ ਮਾਮਲੇ ਤੇ ਵਿਚਾਰ ਕਰਨ ਲਈ ਗੁਰਦੁਆਰਾ ਦਿਵਾਨ ਹਾਲ ਮੰਜੀ ਸਾਹਿਬ ਸ੍ਰੀ ਅਮ੍ਰਿਤਸਰ ਵਿੱਖੇ 14 ਸਤੰਬਰ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਸੀ,ਪਰ ਇੱਥੇ ਵੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਵਿੱਚ ਪੰਥਕ ਧਿਰਾਂ ਦੇ ਦਾਖਲੇ ਤੇ ਪਬੰਦੀ ਲਾਉਣ ਦਾ ਨਰੈਣੂਸ਼ਾਹੀ ਐਲਾਨ ਤੋਂ ਬਾਅਦ ਕਮੇਟੀ ਦੀ ਟਾਸਕ ਫੋਰਸ ਨੇ ਜਿਸਤਰਾਂ ਦਾ ਵਿਹਾਰ ਨਿਹੰਗ ਸਿੰਘਾਂ ਅਤੇ ਮੀਡੀਆ ਕਰਮੀਆਂ ਨਾਲ ਕੀਤਾ,ਉਸ ਨੇ ਸਾਫ ਕਰ ਦਿੱਤਾ ਹੈ ਕਿ ਸਰੋਮਣੀ ਕਮੇਟੀ ਮਹੰਤੀ ਪ੍ਰਥਾ ਦੀਆਂ ਲੀਹਾਂ ਤੇ ਚੱਲ ਕੇ ਸ਼ਰੇਆਮ ਪੰਥ ਨਾਲ ਟੱਕਰ ਲੈਣ ਦੇ ਰਾਹ ਤੁਰ ਪਈ ਹੈ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਪੰਥਕ ਧਿਰਾਂ ਦਰਮਿਆਨ ਹੋਇਆ ਇਹ ਟਕਰਾਅ ਕੌਂਮ ਦੀ ਅੰਦਰੂਨੀ ਪਾਟੋਧਾੜ ਅਤੇ ਖਾਨਾਜੰਗੀ ਦੇ ਭਵਿੱਖੀ ਖਤਰਿਆਂ ਨੂੰ ਰੂਪਮਾਨ ਕਰਦਾ ਹੈ।ਉੱਧਰ ਸਰੋਮਣੀ ਅਕਾਲੀ ਦਲ (ਅ), ਦਲ ਖਾਲਸਾ ਅਤੇ ਉਹਨਾਂ ਨਾਲ ਸਬੰਧਤ ਜਥੇਬੰਦੀਆਂ ਨੇ 14 ਸਤੰਬਰ ਵਾਲੀ ਮੀਟਿੰਗ ਦਾ ਦਿਨ ਸਮਾ ਤੇ ਸਥਾਨ ਬਦਲ ਕੇ 17 ਸਤੰਬਰ ਕਰ ਦਿੱਤਾ ਹੋਇਆ ਹੈ, ਜਦੋਂਕਿ ਦੂਜੇ ਪਾਸੇ ਸਤਿਕਾਰ ਕਮੇਟੀਆਂ ਅਤੇ ਕੁੱਝ ਹੋਰ ਧਾਰਮਿਕ ਸਿੱਖ ਸੰਸਥਾਵਾਂ ਨੇ ਪਹਿਲਾਂ ਤੋ ਐਲਾਨੇ ਗਏ ਸਮੇ ਮੁਤਾਬਿਕ 14 ਸਤੰਬਰ ਨੂੰ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਤੇ ਸਰੋਮਣੀ ਕਮੇਟੀ ਵੱਲੋਂ ਤਸੱਲੀਬਖਸ਼ ਜਵਾਬ ਨਾ ਮਿਲਣ ਕਰਕੇ ਉਹਨਾਂ ਵੱਲੋਂ ਸਰੋਮਣੀ ਕਮੇਟੀ ਦੇ ਦਫਤਰ ਦੇ ਮੁੱਖ ਦੁਆਰ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ ਹੈ।ਇੱਕ ਪਾਸੇ ਜਦੋ ਸਰੋਮਣੀ ਕਮੇਟੀ ਪੰਥਕ ਰਹੁ ਰੀਤਾਂ,ਸਿੱਖੀ ਸਿਧਾਂਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਨ ਵਿੱਚ ਵੀ ਅਸਫਲ ਸਿੱਧ ਹੋਈ ਹੈ ਤੇ ਅਪਣੇ ਗੁਨਾਹਾਂ ਨੂੰ ਦਬਾਉਣ ਅਤੇ ਛੁਪਾਉਣ ਲਈ ਸਖਤੀ ਬਰਤਣ ਤੇ ਉੱਤਰੀ ਹੋਈ ਹੈ,ਉਸ ਮੌਕੇ ਪੰਥਕ ਧਿਰਾਂ ਨੂੰ ਏਕੇ ਦੀ ਬੇਹੱਦ ਜਿਆਦਾ ਜਰੂਰਤ ਸੀ ਪਰ ਏਥੇ ਇੱਕ ਵਾਰ ਫਿਰ ਪੰਥਕ ਜਥੇਬੰਦੀਆਂ  ਅਤੇ ਸਤਿਕਾਰ ਕਮੇਟੀਆਂ ਦੇ ਆਗੂਆਂ ਨੇ ਅਪਣੀ ਅਪਣੀ ਹਾਉਂਮੈ ਦਾ ਪ੍ਰਗਟਾਵਾ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਵਿੱਢੀ ਲੜਾਈ ਵਿੱਚ ਸ਼ੁਰੂਆਤ ਤੋ ਪਹਿਲਾਂ ਹੀ ਕਮਜੋਰੀ ਦਿਖਾ ਕੇ ਕੌਂਮ ਨੂੰ ਨਿਰਾਸ ਕੀਤਾ ਹੈ। ਦਲ ਖਾਲਸਾ ਅਤੇ ਸਰੋਮਣੀ ਅਕਾਲੀ ਦਲ (ਅ)  ਨੂੰ ਅਜਿਹਾ ਫੈਸਲਾ ਲੈਣ ਤੋ ਪਹਿਲਾਂ ਸਮੁੱਚੀਆਂ ਪੰਥਕ ਧਿਰਾਂ ਨੂੰ ਭਰੋਸ਼ੇ ਚ ਲੈਣਾ ਚਾਹੀਦਾ ਸੀ,ਪਰ ਉਹਨਾਂ ਵੱਲੋਂ ਅਪਣੇ ਤੌਰ ਤੇ ਸੁਣਾਏ ਫੈਸਲੇ ਕਾਰਨ ਇੱਕ ਵਾਰ ਫਿਰ ਪੰਥਕ ਦੁਬਿਧਾ ਪੈਦਾ ਹੋਣ ਦੇ ਆਸਾਰ ਬਣ ਗਏ ਹਨ,ਕਿਉਂਕਿ ਸਮੁੱਚੀਆਂ ਪੰਥਕ ਧਿਰਾਂ,ਜਿਹੜੀਆਂ ਇਸ ਮਾਮਲੇ ਤੇ ਇੱਕ ਮੱਤ ਹਨ,ਉਹਨਾਂ ਨੂੰ ਇਸ ਮੀਟਿੰਗ ਨੂੰ ਅੱਗੇ ਪਾਉਣ ਤੋ ਪਹਿਲਾਂ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਸੀ। ਦੂਜੇ ਪਾਸੇ ਸਤਿਕਾਰ ਕਮੇਟੀ ਦੇ ਸੇਵਾਦਾਰ ਸੁਖਜੀਤ ਸਿੰਘ ਖੋਸੇ ਨੇ ਮੀਟਿੰਗ ਸਬੰਧੀ ਅਪਣਾ ਪੱਖ ਅਤੇ ਸਟੈਡ ਸਪੱਸਟ ਕਰਦਿਆਂ ਕਿਹਾ ਕਿ ਅਸੀ ਚਾਰ ਸਤੰਬਰ ਨੂੰ ਵਰ੍ਹਦੇ ਮੀਂਹ ਵਿੱਚ ਸਰੋਮਣੀ ਕਮੇਟੀ ਦੇ ਦਫਤਰ ਦਾ ਘਿਰਾਓ ਕਰਕੇ ਇਸ ਘਟਨਾ ਤੇ ਅਪਣਾ ਗੁੱਸਾ ਜਾਹਰ ਵੀ ਕੀਤਾ ਸੀ ਤੇ ਨਾਲ ਹੀ ਇਹ ਫੈਸਲਾ ਵੀ ਕੀਤਾ ਸੀ ਕਿ 10 ਸਤੰਬਰ ਨੂੰ ਇਸ ਮਾਮਲੇ ਤੇ ਵਿਚਾਰ ਵਿਟਾਂਦਰਾ ਕਰਨ ਲਈ ਪੰਥ ਦੀ ਮੀਟਿੰਗ ਬੁਲਾਈ ਜਾਵੇ,ਮੈ ਇਸ ਮੀਟਿੰਗ ਲਈ ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ,ਭਾਈ  ਨਰੈਣ ਸਿੰਘ ਚੌੜਾ ਸਮੇਤ ਦਲ ਖਾਲਸਾ ਦੇ ਚੋਣਵੇਂ ਆਗੂਆਂ ਨਾਲ ਸੰਪਰਕ ਵੀ ਕੀਤਾ ਸੀ,ਇਸ ਦੇ ਬਾਵਜੂਦ ਪੰਥਕ ਜਥੇਬੰਦੀਆਂ ਵੱਲੋਂ 14 ਸਤੰਬਰ ਦੀ ਤਰੀਖ ਮਿਥੀ ਗਈ,ਪ੍ਰੰਤੂ ਅਸੀ ਪੰਥ ਦੇ ਵਡੇਰੇ ਹਿਤਾਂ ਦੇ ਮੱਦੇਨਜਰ 10 ਸਤੰਬਰ ਵਾਲੀ ਮੀਟਿੰਗ 14 ਸਤੰਬਰ ਦੀ ਕਰ ਦਿੱਤੀ।ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 11 ਸਤੰਬਰ ਨੂੰ ਭਾਈ ਨਰੈਣ ਸਿੰਘ ਚੌੜਾ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਅਸੀ ਅਮ੍ਰਿਤਸਰ ਕਿਸੇ ਸਿੰਘ ਦੇ ਘਰ ਬੈਠ ਕੇ ਗੱਲਬਾਤ ਕੀਤੀ,ਇਸ ਗੱਲ ਬਾਤ ਚੋ ਇਹ ਫੈਸਲਾ ਹੋਇਆ ਕਿ ਆਪਸ ਵਿੱਚ ਮਿਲ ਬੈਠ ਕੇ ਗਿਲੇ ਛਿਕਵੇ ਦੂਰ ਕੀਤੇ ਜਾਣ,ਇਸ ਲਈ ਪੰਥਕ ਧਿਰਾਂ ਨਾਲ ਬੈਠਾ ਕੇ ਗੱਲ ਕਰਨ ਲਈ 13 ਸਤੰਬਰ ਦਾ ਸਮਾ ਰੱਖਿਆ ਗਿਆ ਸੀ,ਪਰ ਉਸ ਤੋਂ ਪਹਿਲਾਂ ਹੀ ਭਾਈ ਨਰੈਣ ਸਿੰਘ ਚੌੜਾ ਸਾਹਿਬ ਹੋਰਾਂ ਨੇ 12 ਸਤੰਬਰ ਨੂੰ 14 ਵਾਲੀ ਮੀਟਿੰਗ 17 ਸਤੰਬਰ ਤੇ ਪਾਉਣ ਦਾ ਐਲਾਨ ਕਰ ਦਿੱਤਾ । ਉੱਧਰ ਸਰੋਮਣੀ ਅਕਾਲੀ ਦਲ(ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ,ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਯੁਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦੇ ਨਾਮ ਹੇਠ ਦਿੱਤੇ ਗਏ ਇਸਤਿਹਾਰ ਵਿੱਚ 14 ਸਤੰਬਰ ਦੀ ਮੀਟਿੰਗ ਨੂੰ ਅੱਗੇ ਪਾਉਣ ਦਾ ਕਾਰਨ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਕੁੱਝ ਜਥੇਬੰਦੀਆਂ ਵੱਲੋਂ ਪੰਥਕ ਏਕਤਾ ਨੂੰ ਤਾਰਪੀਡੋ ਕਰਨ ਲਈ ਵੱਖਰੇ ਤੌਰ ਤੇ ਮੀਟਿੰਗ ਕਰਨ ਦਾ ਐਲਾਨ ਕਰਕੇ ਭਰਾਮਾਰੂ ਜੰਗ ਨੂੰ ਸੱਦਾ ਦੇਣ ਦੀ ਗੁਸ਼ਤਾਖੀ ਕੀਤੀ ਗਈ ਹੈ,ਜਿਸਨੂੰ ਸਰੋਮਣੀ ਅਕਾਲੀ ਦਲ (ਅ) ਅਤੇ ਸਮੁੱਚੀਆਂ ਜਥੇਬੰਦੀਆਂ ਨਹੀ ਚਾਹੁੰਦੀਆਂ,ਦੂਸਰਾ ਇਹਨਾਂ ਜਥੇਬੰਦੀਆਂ ਵੱਲੋਂ ਵੱਖਰਾ ਪਰੋਗਰਾਮ ਕਰਨ ਦੇ ਐਲਾਨ ਕਰਕੇ ਸਰੋਮਣੀ ਕਮੇਟੀ ਦੇ ਪ੍ਰਧਾਨ ਨੇ ਗੁਰਦਾਰਾ ਮੰਜੀ ਸਾਹਿਬ ਵਿੱਚ ਮਰਯਾਦਾ ਦਾ ਹਬਾਲਾ ਦੇ ਕੇ ਅਜਿਹੇ ਹੋਣ ਵਾਲੇ ਇਕੱਠ ਤੇ ਰੋਕ ਲਾ ਦਿੱਤੀ ਹੈ,ਇਸ ਲਈ ਸਿੱਖ ਕੌਂਮ ਭਰਾ ਮਾਰੂ ਜੰਗ ਵੱਲ ਨਾ ਵਧੇ ਅਤੇ ਸਮੁੱਚੀ ਕੌਂਮ ਇੱਕ ਮਕਸਦ ਲਈ ਇੱਕ ਰੂਪ ਹੋ ਕੇ ਅੱਗੇ ਵਧੇ,ਉਸ ਮਕਸਦ ਨੂੰ ਮੁੱਖ ਰੱਖਦੇ ਹੋਏ 14 ਸਤੰਬਰ ਨੂੰ ਹੋਣ ਵਾਲੀ ਪੰਥਕ ਇਕੱਤਰਤਾ ਮੁਲਤਵੀ ਕਰਕੇ ਹੁਣ 17 ਸਤੰਬਰ ਦਿਨ ਵੀਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਪੰਥਕ ਸੰਜੀਦਾ ਇਕੱਠਾ ਹੋਵੇਗਾ,ਜਿਸ ਵਿੱਚ ਸਰਬਸੰਤੀ ਦੇ ਫੈਸਲੇ ਕਰਕੇ ਅਗਲਾ ਪਰੋਗਰਾਮ ਸਾਂਝੇ ਤੌਰ ਤੇ ਉਲੀਕਿਆ ਜਾਵੇਗਾ,ਤਾਂ ਕਿ ਅਸੀ ਸਾਰੇ ਪੰਥ ਦਰਦੀ ਇੱਕ ਤਾਕਤ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲੋਪ ਕਰਨ ਵਾਲਿਆਂ ਅਤੇ ਅਪਮਾਨ ਕਰਨ ਵਾਲੇ ਦੋਸ਼ੀ ਐਸ ਜੀ ਪੀ ਸੀ ਦੇ ਪ੍ਰਧਾਨ,ਅਗਜੈਕਟਿਵ ਮੈਂਬਰਾਂ ਅਤੇ ਸੀ ਏ, ਐਸ ਐਸ ਕੋਹਲੀ ਆਦਿ ਵਿਰੁੱਧ ਸਮੂਹਿਕ ਰੂਪ ਵਿੱਚ ਐਫ ਆਈ ਆਰ ਦਰਜ ਕਰਵਾਉਣ ਅਤੇ ਸਮੁੱਚੀ ਸਰੋਮਣੀ ਕਮੇਟੀ,ਆਹੁਦੇਦਾਰ ਅਤੇ ਮੈਂਬਰਾਂ ਤੋ ਅਸਤੀਫਾ ਲੈਣ ਦੀ ਮਹਿੰਮ ਨੂੰ ਅਮਲੀ ਰੂਪ ਦਿੰਦੇ ਹੋਏ,ਇਸ ਵਿਸ਼ੇ ਤੇ ਫੈਸਲਾਕੁਨ ਸੰਘਰਸ਼ ਵਿੱਢਣ ਲਈ ਵਿਚਾਰ ਕਰਦੇ ਹੋਏ ਅਗਲਾ ਕੌਮੀ ਐਕਸ਼ਨ ਪਰੋਗਰਾਮ ਉਲੀਕ ਸਕੀਏ। ਜੇਕਰ ਸਤਿਕਾਰ ਕਮੇਟੀਆਂ ਵੱਲੋਂ ਰੱਖੀਆਂ ਗਈਆਂ ਮੰਗਾਂ ਵੱਲ ਨਜਰ ਮਾਰੀ ਜਾਵੇ ਤਾਂ ਉਹਨਾਂ ਨੇ ਵੀ ਸਿਰਫ ਤੇ ਸਿਰਫ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਹੀ ਤਿੰਨ ਮੰਗਾਂ ਰੱਖੀਆਂ ਹਨ,ਜਿੰਨਾਂ ਵਿੱਚੋਂ ਸ਼ਰੋਮਣੀ ਕਮੇਟੀ ਨੇ ਦੋਸ਼ੀਆਂ ਤੇ ਪੁਲਿਸ ਕੇਸ ਰਜਿਸਟਰ ਕਰਵਾਉਣ ਤੋ ਸਪੱਸਟ ਜਵਾਬ ਦੇ ਦਿੱਤਾ ਗਿਆ ਹੈ। ਸੋ ਜਦੋ ਸਮੁੱਚੀ ਕੌਂਮ ਦਾ ਇੱਕੋ ਸਾਂਝਾ ਮਸਲਾ ਹੈ,ਫਿਰ ਇਸ ਮਸਲੇ ਤੇ ਲੜਾਈ ਲੜ ਰਹੀਆਂ ਪੰਥਕ ਜਥੇਬੰਦੀਆਂ ਨੂੰ ਹਾਉਮੈ ਦਾ ਤਿਆਗ ਕਰਕੇ ਪਰੋਗਰਾਮ ਵੀ ਸਾਂਝਾ ਹੀ ਉਲੀਕਣਾ ਚਾਹੀਦਾ ਹੈ,ਤਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਲਾਇਕੀਆਂ ਅਤੇ ਸਿੱਖੀ ਸਿਧਾਂਤਾਂ ਨੂੰ ਨਜਰਅੰਦਾਜ ਕਰਕੇ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਤੇ ਕਾਬੂ ਪਾ ਕੇ ਪੰਥਕ ਰਹੁ ਰੀਤਾਂ ਦੀ ਬਹਾਲੀ ਲਈ ਮੋੜਨ ਵੱਲ ਤੁਰਿਆ ਜਾ ਸਕੇ।
>> ਬਘੇਲ ਸਿੰਘ ਧਾਲੀਵਾਲ
>> 99142-58142
>>

Have something to say? Post your comment