Article

ਪਲੇਠੇ ਗੀਤ "ਤੇਰੀ ਆਦਤ" ਨਾਲ ਰੂਬਰੂ ਹੋ ਰਿਹਾ ਹੈ... ਨੌਜਵਾਨ ਗਾਇਕ ਮਨਦੀਪ ਰਾਜਨ

September 15, 2020 10:36 PM

ਪਲੇਠੇ ਗੀਤ "ਤੇਰੀ ਆਦਤ" ਨਾਲ ਰੂਬਰੂ ਹੋ ਰਿਹਾ ਹੈ... ਨੌਜਵਾਨ ਗਾਇਕ ਮਨਦੀਪ ਰਾਜਨ

ਲੰਮੇ ਸਮੇਂ ਦੀ ਅਥੱਕ ਮਿਹਨਤ ਅਤੇ ਲਗਨ ਤੋਂ ਬਾਅਦ ਮਾਝੇ ਦਾ ਨੌਜਵਾਨ, ਸੁਰੀਲੀ ਅਵਾਜ਼ ਦਾ ਮਾਲਕ ਮਨਦੀਪ ਰਾਜਨ ਦਰਸ਼ਕਾਂ ਅਤੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰਨ ਜਾ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਪੱਖੋਕੇ ਵਿਖੇ ਪਿਤਾ ਸ. ਜਗੀਰ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁੱਖੋਂ  ਜਨਮੇ ਹੋਣਹਾਰ ਸਪੁੱਤਰ ਮਨਦੀਪ ਰਾਜਨ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਬਾਲ ਸਭਾਵਾਂ ਵਿੱਚ ਮੋਹਰੀ ਹੋ ਕੇ ਗੀਤ - ਕਵਿਤਾਵਾਂ ਗਾਇਆ - ਸੁਣਾਇਆ ਕਰਦਾ ਸੀ। ਫਿਰ ਸਮੇਂ ਦੇ ਨਾਲ ਨਾਲ ਹੌਸਲਾ ਅਫ਼ਜਾਈ ਮਿਲਣ ਨਾਲ ਪੜ੍ਹਾਈ ਦੇ ਨਾਲ ਨਾਲ ਰਿਆਜ਼ ਵੀ ਕਰਨਾ ਸ਼ੁਰੂ ਕਰ ਦਿੱਤਾ।  ਉਹਦੀ ਮਿੱਠੀ ਅਤੇ ਦਰਦ ਭਰੀ ਆਵਾਜ਼ ਦੇ ਕਦਰਦਾਨ ਹਮੇਸ਼ਾ ਹੀ ਉਸਤੋਂ ਕੋਈ ਨਾ ਕੋਈ ਗੀਤ ਸੁਣਨ ਦੀ ਫਰਮਾਇਸ਼ ਕਰਦੇ  ਰਹਿੰਦੇ ਸਨ।ਸੁਰੀਲੀ ਅਵਾਜ਼ ਦੇ ਮਾਲਕ ਮਨਦੀਪ ਰਾਜਨ ਬਾਰੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਗਾਇਕ ਦੇ ਨਾਲ ਨਾਲ ਉਹ ਖੁਦ ਇੱਕ ਵਧੀਆ ਕਵੀ ਅਤੇ ਗੀਤਕਾਰ ਵੀ ਹੈ। ਉਸਦੀ ਕ਼ਲਮ ਵਿਚ ਪ੍ਰਪੱਕਤਾ ਦਾ ਕਾਰਨ ਉਸਦਾ ਪੰਜਾਬੀ ਸਾਹਿਤ ਸਭਾਵਾਂ ਨਾਲ ਜੁੜਨਾ ਸੀ ਉਹ ਸਭ ਤੋਂ ਪਹਿਲਾ ਪੰਜਾਬੀ ਸਾਹਿਤ ਸਭਾ ਤਰਨਤਾਰਨ ਜੁੜਿਆ ਜਿੱਥੇ ਉਸ ਨੂੰ ਸਵਰਗੀਏ ਰਘੁਬੀਰ ਸਿੰਘ ਤੀਰ ਜੀ ਤੇ ਉਸਤਾਦ ਕੀਰਤ ਪੰਨੂੰ ਜੀ ਦੀ ਸੋਹਬਤ ਮਿਲੀ।
 ਜਿਸ ਕਰਕੇ ਉਸਦੀ ਕ਼ਲਮ ਵਿਚ ਹੋਰ ਨਿਖਾਰ ਆ ਗਿਆਂ , ਇਸ ਤੋ ਬਾਅਦ ਕੀਰਤ ਪੰਨੂੰ ਦੀ ਸਰਪ੍ਰਸਤੀ ਹੇਠ  ਮਨਦੀਪ ਰਾਜਨ ਨੇ  ਆਪਣੇ ਪਰਮ ਮਿੱਤਰਾਂ ਨਵਦੀਪ ਸਿੰਘ ਬਦੇਸ਼ਾ, ਰਿੱਕੀ ਬਾਬਾ ਬਕਾਲਾ, ਮਨਿੰਦਰ ਕਾਲਾ, ਬਲਦੇਵ ਕ੍ਰਿਸ਼ਨ ਸ਼ਰਮਾ, ਹਰਦਰਸ਼ਨ ਸਿੰਘ ਕਮਲ ਤੇ ਹੋਰ ਪਰਮ ਮਿੱਤਰਾ ਦੇ ਸਹਿਯੋਗ ਨਾਲ ਮਾਂਝਾ ਜਨਵਾਦੀ ਲਿਖਾਰੀ ਸਭਾ ਦੀ ਸ਼ੁਰੂਆਤ ਕੀਤੀ ,  ਜਿਸਨੂੰ ਮਜ਼ਲਸ ਦਾ ਨਾਮ ਦਿੱਤਾ ਗਿਆ, ਜ਼ੋ ਪੰਜਾਬ ਦੀ ਸਲਾਹੀ ਜਾਣ ਵਾਲੀ ਸਭਾ ਹੈ। ਇਸੇ ਮਜ਼ਲਸ ਰਾਹੀ ਉਹ ਮਾਂ ਬੋਲੀ ਦੀ ਸੇਵਾ ਵਿਚ ਵੀ ਲੱਗਾ ਹੋਇਆ ਹੈ ‌।
ਉਸਦੀਆਂ ਲਿਖਿਆ ਲਿਖਤਾਂ ਅਕਸ਼ਰ ਅਖ਼ਬਾਰਾਂ ਤੇ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਨੇ ।
ਉਸਤਾਦ ਨਿਸ਼ਾਨ ਸਿੰਘ ਜੀ ਦੀ ਯੋਗ ਅਗਵਾਹੀ ਹੇਠ ਉਹ ਸੰਗੀਤਕ ਬਾਰੀਕੀਆਂ ਸਿੱਖ ਰਿਹਾ ਹੈ। ਮਾਝੇ ਦੀਆਂ ਤਮਾਮ ਸਾਹਿਤਕ ਸਭਾਵਾਂ ਵਿੱਚ ਉਸਦੀ ਸ਼ਮੂਲੀਅਤ ਅਤੇ ਗਾਇਕੀ ਸਭ ਨੂੰ ਪ੍ਰਭਾਵਿਤ ਕਰਦੀ ਹੈ। ਹੁਣ ਮਨਦੀਪ ਰਾਜਨ ਬਹੁਤ ਜਲਦ ਹਰਦਿਲ ਅਜ਼ੀਜ਼ ਦਿਲਕਸ਼ ਥਿੰਦ ਦੀ ਦਿਲਕੁਸ਼ ਰਿਕਾਰਡ ਕੰਪਨੀ ਵੱਲੋਂ ਕੀਰਤ ਪ੍ਰਤਾਪ ਪੰਨੂੰ, ਜਗਦੀਸ਼ ਹਸਰਤ ਅਤੇ ਨਵਦੀਪ ਸਿੰਘ ਬਦੇਸ਼ਾ ਜੀ ਦੇ ਸਹਿਯੋਗ ਨਾਲ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਪਹਿਲੀ ਹਾਜ਼ਰੀ ਲਵਾਉਣ ਜਾ ਰਿਹਾ ਹੈ। ਪੰਜਾਬ ਦੇ ਮਸ਼ਹੂਰ ਸ਼ਾਇਰ ਭੱਟੀ ਦੁਆਰਾ ਲਿਖੇ ਇਸ ਗੀਤ ਨੂੰ ਮਿਊਜ਼ਿਕ ਉਸਤਾਦ ਨਿਸ਼ਾਨ ਸਿੰਘ ਵੱਲੋਂ ਦਿੱਤਾ ਗਿਆ ਹੈ ਜਦਕਿ ਇਸ ਗੀਤ ਦੇ ਵੀਡੀਓ ਡਾਇਰੈਕਟਰ ਸੁਮਨਜੋਤ ਚੀਮਾ ਹਨ। "ਤੇਰੀ ਆਦਤ" ਗੀਤ ਦੀ ਪੂਰੀ ਟੀਮ ਨੂੰ ਪੂਰਨ ਉਮੀਦ ਹੈ ਕਿ ਇਸ ਗੀਤ ਨੂੰ ਦਰਸ਼ਕਾਂ ਅਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲੇਗਾ।
ਆਮੀਨ!!!!


ਸਵਿੰਦਰ ਸਿੰਘ ਭੱਟੀ
9872989193

Have something to say? Post your comment