Thursday, September 24, 2020
FOLLOW US ON

Article

ਕਹਾਣੀ — ਦੂਜਾ ਪਾਸਾ

September 16, 2020 01:26 PM
ਕਹਾਣੀ — ਦੂਜਾ ਪਾਸਾ
 
ਸੇਵਕ ਸਿੰਘ ਮਜ਼ਦੂਰ ਦਿਹਾੜੀਦਾਰ ਆਦਮੀ, ਜਿਸ ਦਾ ਨਾ ਕੋਈ ਐਂਤਵਾਰ ਨਾ ਦਿਨ ਤਿਉਹਾਰ। ਪਿੰਡੇ ’ਚੋਂ ਨੁਚੜਦੇ ਪਸੀਨੇ ਨਾਲ ਉਸਦਾ ਪਰਿਵਾਰ ਪਲਦਾ ਸੀ।ਅੱਜ ਸਵੇਰੇ ਜਦੋਂ ਸੇਵਕ ਸਿੰਘ ਨੀਂਦ ’ਚੋਂ ਜਾਗਿਆ, ਮੰਜੇ ਲਾਗੇ ਪਿਆ ਪਾਣੀ ਦਾ ਜੱਗ ਚੱਕਿਆ ਤਾਂ ਜੱਗ ਖਾਲੀ ਸੀ।ਉਸ ਨੇ ਆਪਣੀ ਘਰਵਾਲੀ ਲਾਜੋ ਨੂੰ ਆਵਾਜ਼ ਮਾਰੀ ‘ਲਾਜੋ.. ਆਹ ਪਾਣੀ ਦਾ ਗਲਾਸ ਫੜਾਈਂ ਭਰ ਕੇ’। ਅੱਗੋਂ ਲਾਜੋ ਬੋਲੀ ‘ਆਪੇ ਡੱਫ ਲਾ ਉੱਠ ਕੇ, ਮੈਂ ਗੁਰਦੁਆਰੇ ਚੱਲੀ ਆਂ, 6 ਵੱਜ ਗਏ ਆਏ ਨੀ ਇਹਨੂੰ ਟੈਮ ਨਾਲ ਖੜ੍ਹਾ ਹੋ ਜਾਂ’। ਸੇਵਕ ਕਦੇ ਆਪਣੇ ਹੱਥ ਵਿਚ ਫੜ੍ਹੇ ਖਾਲੀ ਜੱਗ ਵੱਲ ਵੇਖੇ ਕਦੇ ਬੋਲਦੀ ਜਾਂਦੀ ਲਾਜੋ ਵੱਲ।ਖੜ੍ਹਾ ਹੋਇਆ ਤੇ ਸਿਰ ਤੇ ਮੜਾਸਾ ਮਾਰਦਾ ਹੋਇਆ ਰਸੋਈ ਵੱਲ ਹੋ ਤੁਰਿਆ।
ਦੂਜੀਆਂ ਔਰਤਾਂ ਵਾਂਗ ਲਾਜੋ ਦੀ ਵੀ ਆਦਤ ਸੀ, ਕਿ ਕੁਛ ਹੋਜੇ, ਘਰਵਾਲੇ ਨੂੰ ਚੰਗਾ ਨੀ ਕਹਿਣਾ, ਉਹ ਵੀ ਲੋਕਾਂ ਅੱਗੇ ਆਪਣੇ ਪਤੀ ਨੂੰ ਨਿੰਦਦੀ ਰਹਿੰਦੀ।ਲਾਜੋ ਪਿੰਡ ਦੀ ਹੀ ਔਰਤ ਗੋਬਿੰਦ ਕੁਰ ਨਾਲ ਗੁਰੂ ਘਰ ਦੇ ਰਾਹ ਪੈ ਗਈ। ਦੋਵੇਂ ਜਾਂਦੀਆਂ ਜਾਂਦੀਆਂ ਗੱਲਾਂ ਕਰ ਰਹੀਆਂ ਨੇ। ਗੋਬਿੰਦ ਕੁਰ ਆਖ਼ਦੀ ਹੈ ‘ਕਰ ਆਈ ਚਾਹ ਪਾਣੀ ਭੈਣੇ’? ਲਾਜੋ ਕਹਿੰਦੀ ਕਾਹਦਾ ਚਾਹ ਪਾਣੀ, 6 ਵੱਜ ਗਏ ਹਾਲੇ ਤੱਕ ਲੰਮੀਆ ਤਾਣੀ ਪਿਆ, ਆਏ ਨੀ ਵੀ ਖੜ੍ਹਾ ਹੋਜਾਂ ਟੈਮ ਨਾਲ, ਮੈਂ ਤਾਂ ਐਵੇਂ ਹੀ ਆਗੀ, ਆਪੇ ਕਰ ਕੇ ਪੀ ਲੂ ਜੇ ਪੀਣੀ ਹੋਈ। ਗੋਬਿੰਦ ਕੁਰ ਕਹਿੰਦੀ, ਨਾ ਕਮਲੀਏ ਇਹ ਵੀ ਸੋਚ ਲਿਆ ਕਰ ਦਿਹਾੜੀਦਾਰ ਬੰਦਾ ਉਹ, ਥੱਕਿਆ ਟੁੱਟਿਆ ਹੁੰਦੈ, ਨਾਲੇ 6 ਵਜੇ ਕਿੰਨਾ ਕੁ ਟੈਮ ਆ ਉੱਠਣ ਲਈ। ਲਾਜੋ ਕਹਿੰਦੀ ਆਹੋ ਤੈਨੂੰ ਬੜਾ ਪਤਾ, ਇਹ ਬੰਦੇ ਨੀ ਸੂਤ ਆਉਂਦੇ ਹੁੰਦੇ, ਇਨ੍ਹਾਂ ਦੀ ਤਾਂ ਜ਼ਾਤ ਹੀ ਇਹੋਜੀ ਹੁੰਦੀ ਆ। ਨਾਲੇ ਕੰਮ ਜਿੰਨਾ ਸਹੇੜਾਂਗੀਆਂ ਓਨਾ ਹੀ ਗਲ ਪੈ ਜਾਂਦਾ, ਆਪੇ ਕਰਦੀ ਆ ਬੁੜ੍ਹੀ, ਆਪਾਂ ਤਾਂ ਸਵੇਰੇ ਪਾਠ ਕਰੀਦਾ ਤੇ ਕੱਲਾ ਆਵਦੇ ਆਲਾ ਕਮਰਾ ਸਾਫ ਕਰਕੇ ਗੁਰਦੁਆਰੇ ਆ ਜਾਈਦਾ। ਗੋਬਿੰਦ ਕੁਰ ਕਹਿੰਦੀ ‘ਲੈ, ਤੇਰਾ ਆਵਦਾ ਘਰ ਆ ਜਿੰਨਾ ਮਰਜ਼ੀ ਕਰ ਲੈ, ਤੂੰ ਤਾਂ ਆਏਂ ਗੱਲਾਂ ਕਰਦੀ ਆਂ ਜਿਵੇਂ ਕਿਸੇ ਹੋਰ ਦੇ ਘਰ ਦਾ ਕੰਮ ਕਰਨ ਜਾਂਦੀ ਹੋਵੇਂ’।
8 ਵਜੇ ਦਿਹਾੜੀ ਤੇ ਜਾਣ ਤੋਂ ਪਹਿਲਾਂ ਸੇਵਕ ਮੰਜੇ ਦੀਆਂ ਦੌਣਾਂ ਕਸ ਦਿੰਦਾ ਸੀ, ਕਈ ਵਾਰ ਆਟਾ ਪਿਹਾਉਣਾ ਧਰ ਆਉਂਦਾ ਸੀ। ਲਾਜੋ ਦੁਆਰਾ ਦੱਸੇ ਸਾਮਾਨ ਦੀ ਲਿਸਟ ਬਣਾ ਲੈਂਦਾ ਸੀ।ਉਹ ਲਾਜੋ ਅਤੇ ਬੱਚਿਆਂ ਦੀ ਕੱਲੀ ਕੱਲੀ ਖਵਾਹਿਸ਼ ਦਾ ਪੂਰਾ ਖਿਆਲ ਰੱਖਦਾ ਸੀ। ਉਸ ਦੇ ਪਰਿਵਾਰ ਦੇ ਨਵੇਂ ਕੱਪੜੇ ਪਰ ਉਹ ਆਪ ਸਾਲ ਛਿਮਾਹੀਂ ਹੀ ਕੱਪੜੇ ਖਰੀਦਦਾ।ਘਰ ਦੀਆਂ ਲੋੜਾਂ ਦੀ ਪੂਰਤੀ ਅਤੇ ਸਮਾਜਿਕ ਜਿੰਮੇਵਾਰੀਆਂ ਪ੍ਰਤੀ ਸੇਵਕ ਪੂਰੀ ਤਰ੍ਹਾਂ ਸਮਰਪਿਤ ਸੀ। ਨਾ ਤਾਂ ਕਿਸੇ ਨਸ਼ੇ ਦਾ ਵੈਲ, ਦਿਹਾੜੀਦਾਰ ਹੋਣ ਦੇ ਬਾਵਜ਼ੂਦ ਸ਼ਰਾਬ ਤੱਕ ਦਾ ਵੀ ਵੈਲ ਨਹੀਂ ਸੀ।
ਇਕ ਵਾਰ ਲਾਜੋ ਤੇ ਸੇਵਕ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਤੇ ਚਲੇ ਗਏ। ਉੱਥੇ ਲਾਜੋ ਦੇ ਤਾਏ ਦੀ ਕੁੜੀ ਵਿਆਹੀ ਹੋਈ ਸੀ, ਜਿਸ ਦਾ ਨਾਮ ਸੀ ਨਸੀਬ। ਵਿਆਹ ਵਿਚ ਦੋਹੇਂ ਇਕੱਠੀਆਂ ਹੋ ਗਈਆਂ। ਲਾਜੋ ਨੇ ਪੁੱਛਿਆ ‘ਨੀ ਸ਼ਮਸ਼ੇਰ ਨੀ ਆਇਆ?’ ਨਸੀਬ ਕਹਿੰਦੀ ਨਹੀਂ ਭੈਣੇ ਉਨ੍ਹਾਂ ਕੋਲ ਕਿੱਥੇ ਸਮਾਂ ਆ। ਕਾਰੋਬਾਰ ਹੀ ਐਨਾ ਵੱਡਾ ਆ, ਨਾਲ ਹੀ ਕਹਿੰਦੀ ਵਿਆਹ ਆਲੇ ਘਰੇ ਤਾਂ ’ਕੱਠ ਬਾਲ ਬਾਹਲਾ ਆ। ਤੁਸੀਂ ਓਧਰ ਆਜਿਓ ਆਪਣੇ ਕੰਨੀ। ਦੋਵੇਂ ਰਾਜੀ ਹੋ ਗਏ। ਜਾਗੋ ਦਾ ਪ੍ਰੋਗਰਾਮ ਨਿੱਬੜਨ ਤੋਂ ਬਾਅਦ ਲਾਜੋ ਤੇ ਸੇਵਕ ਨਸੀਬ ਦੇ ਘਰ ਚਲੇ ਗਏ। 
ਘਰ ਪਹੁੰਚ ਕੇ ਬੈਠਦਿਆਂ ਹੀ ਸੇਵਕ ਨੇ ਪੁੱਛਿਆ ‘ਸਾਢੂ ਸਾਬ੍ਹ ਨੀ ਆਏ ਹਾਲੇ??’ ਨਸੀਬ ਨੇ ਕਿਹਾ ਆਉਣ ਵਾਲੇ ਹੀ ਨੇ, ਲੇਟ ਹੀ ਆਉਂਦੇ ਆ। ਕੰਮ ’ਚ ਰੁੱਝੇ ਰਹਿੰਦੇ ਆ।ਸਮਾਂ ਘੱਟ ਹੀ ਲੱਗਦਾ। ਸੇਵਕ ਕਹਿੰਦਾ ‘ਲੈ ਐਨੇ ਵੀ ਪੈਸੇ ਕਮਾ ਕੇ ਕੀ ਕਰਨੇ ਨੇ, ਜੇ ਪਰਿਵਾਰ ਵਾਸਤੇ ਟਾਇਮ ਹੀ ਨਾ ਹੋਵੇ’। ਨਸੀਬ ਕਹਿੰਦੀ ਨਹੀਂ ਸਮਾਜ ਵਿਚ ਵਿਚਰਨ ਲਈ ਸਾਰਾ ਕੁਝ ਜ਼ਰੂਰੀ ਹੁੰਦਾ। ਐਡੀ ਵੱਡੀ ਕਬੀਲਦਾਰੀ ਆ, ਸਾਂਭੀ ਬੈਠੇ ਨੇ, ਹੋਰ ਕੀ ਚਾਹੀਦਾ। ਪ੍ਰਮਾਤਮਾ ਦੀ ਮਿਹਰ ਆ। ਗੱਲਬਾਤ ਕਰਦਿਆਂ ਹੀ ਨਸੀਬ ਦਾ ਪਤੀ ਸ਼ਮਸ਼ੇਰ ਆ ਗਿਆ। ਸ਼ਰਾਬ ਨਾਲ ਰੱਜਿਆ ਹੋਇਆ, ਲੜਖੜਾਉਂਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਬੈਠ ਗਿਆ। ਨਸੀਬ ਨੇ ਬੈਠਦੇ ਨੂੰ ਹੀ ਸਤਿਕਾਰ ਨਾਲ ਪਾਣੀ ਫੜਾਇਆ, ਤੇ ਖਾਣੇ ਲਈ ਪੁੱਛਣ ਲੱਗੀ।ਸ਼ਮਸ਼ੇਰ ਨੇ ਕਿਹਾ ਕੋਈ ਗੱਲ ਨੀ ਸਾਰੇ ਇਕੱਠੇ ਹੀ ਖਾਵਾਂਗੇ ਖਾਣਾ।
ਲਾਜੋ ਨੇ ਸਾਰਾ ਕੁਝ ਵੇਖ ਰਹੀ ਸੀ, ਹੈਰਾਨ ਹੋ ਰਹੀ ਸੀ। ਜਦੋਂ ਸਾਰੇ ਖਾਣਾ ਪਾਣੀ ਖਾ ਪੀ ਕੇ ਸੌਣ ਲੱਗੇ ਤਾਂ ਲਾਜੋ ਨੇ ਆਪਣੇ ਪਤੀ ਸੇਵਕ ਸਿੰਘ ਦੇ ਪੈਰ ਫੜ੍ਹ ਲਏ, ਤੇ ਕਿਹਾ ‘ਮੈਨੂੰ ਮਾਫ ਕਰਦੋ, ਤੁਸੀਂ ਸਾਰੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦੇ ਹੋ, ਹਰ ਚੀਜ਼ ਲੈ ਕੇ ਦਿੰਦੇ ਹੋ, ਆਪ ਆਪਣੀਆਂ ਲੋੜਾਂ ਤਿਆਗ ਕੇ ਸਾਡੀਆਂ ਲੋੜਾਂ ਪੂਰੀਆਂ ਕਰਦੇ ਹੋ, ਪਰ ਮੈਂ ਹਮੇਸ਼ਾ ਰਵਾਇਤੀ ਤੌਰ ਵਾਂਗ ਆਪਣੇ ਪਤੀ ਨੂੰ ਲੋਕਾਂ ਸਾਹਮਣੇ ਨਿੰਦਣ ਤੋਂ ਇਲਾਵਾ ਕੁਝ ਨੀ ਕੀਤਾ, ਇਕ ਸ਼ਮਸ਼ੇਰ ਆ ਜੋ ਕਿ ਸ਼ਰਾਬੀ ਕਬਾਬੀ ਆ, ਨਾਲੇ ਨਸੀਬ ਨੂੰ ਕੁੱਟਦਾ ਮਾਰਦਾ, ਉਹ ਫੇਰ ਵੀ ਉਸ ਦੀ ਕਿੰਨੀ ਇੱਜਤ ਕਰਦੀ ਆ, ਤੇ ਮੈਂ ਤਾਂ ਸੁੱਖ ਨਾਲ ਮੌਜ ਕਰਦੀ ਆ ਆਵਦੇ ਘਰੇ, ਮੈਨੂੰ ਮਾਫ ਕਰਦੋ,ਆਪਣੇ ਅਸਲ ਘਰ ਨੂੰ ਬੇਗਾਨਾ ਤੇ ਆਵਦੇ ਪੇਕੇ ਨੂੰ ਹੀ ਆਪਣਾ ਸਮਝੀ ਬੈਠੀ ਸੀ। ਅੱਜ ਮੈਂ ਜ਼ਿੰਦਗੀ ਦਾ ਦੂਜਾ ਪਾਸਾ ਵੇਖ ਲਿਆ, ਜਿਸ ਨੂੰ ਨਰਕ ਕਹਿੰਦੇ ਨੇ, ਮੈਨੂੰ ਸਵਰਗ ਦੇਣ ਲਈ ਮੈਂ ਹਮੇਸ਼ਾ ਤੁਹਾਡਾ ਸ਼ੁਕਰੀਆ ਅਦਾ ਕਰਦੀ ਰਹਾਂਗੀ’।
 
ਲੇਖਕ: ਸੁਖਵਿੰਦਰ ਰਾਜ
ਸੰਪਰਕ: 99882—22668
ਮਾਨਸਾ
Have something to say? Post your comment