Sunday, October 25, 2020
FOLLOW US ON
BREAKING NEWS

Article

***ਸਾਇਕਲ ਦੋੜ***

September 21, 2020 11:13 PM
 
 
 
ਸੁਬਾ ਸੁਬਾ ਘੰਟੀ ਵੱਜੀ ਰਾਮੂ ਉੱਠਿਆ ਤੇ ਹੈਰਾਨ ਹੋਇਆ ਇੰਨੀ ਸੁਭਾ ਕੌਣ ?
ਗੇਟ ਖੋਲ੍ਹਿਆ ਤਾਂ ਵੇਖਿਆ ਡੀ. ਐੱਸ. ਪੀ. ਸਾਹਿਬ ਦਾ ਡਰਾਈਵਰ ਹਰਬੰਸ ਸੀ ।
 "ਕਿਆ ਬਾਤ ਹੋ ਗਈ ਬਾਬੂ ਜੀ ਆਜ ਇਤਨੀ ਜਲਦੀ ਕੇਸੇ ?"  ਰਾਮੂ ਨੇ ਪੁੱਛਿਆ।
" ਕੋਈ ਬਾਤ ਨਹੀਂ ਅਾਜ ਹਮਨੇ ਸਾਹਿਬ  ਕੇ ਸਾਥ ਇੱਕ ਸਾਈਕਲ ਰੈਲੀ ਕੋ  ਹਰੀ ਝੰਡੀ ਦੇਣੇ ਜਾਣਾ ਹੈ" । ਸਾਹਿਬ ਕੋ ਜਾਕਰ ਬੋਲ ਦੋ ਹਰਬੰਸ ਆ ਗਿਆ ਹੈ ਜੀ"। 
" ਸਾਹਿਬ ਤੋ ਹਰਰੋਜ ਕੀ ਤਰਾਂ ਚਾਰ ਵਜੇ ਉਠ ਜਾਤੇ ਹੈਂ, ਬਿਲਕੁਲ  ਤਿਆਰ ਹੈਂ, ਮੈਂ  ਜਾ ਕਰ ਬੋਲ ਦੇਤਾ ਹੂੰ " । ਰਾਮੂ ਨੇ ਹਰਬੰਸ ਨੂੰ ਕਹਿ ਸਾਹਿਬ ਦੇ ਕਮਰੇ ਵੱਲ ਤੁਰ ਪਿਆ।
ਏਨੇ ਨੂੰ ਡੀ.ਐਸ਼. ਪੀ. ਸਾਹਿਬ ਖੁਦ ਬਾਹਰ ਹੀ ਆ ਗੲੇ ਤੇ ਕਹਿਣ ਲੱਗੇ ਹਰਬੰਸ ਗੱਡੀ ਕੱਢ ਲੈ ਆਪਾਂ ਲੇਟ ਨਾ ਹੋ ਜਾਈਏ, ਕਿਤੇ ਆਪਣੇ ਤੋਂ ਪਹਿਲਾਂ ਮੰਤਰੀ ਸਾਹਿਬ ਨਾ ਪਹੁੰਚ ਜਾਣ।
ਹਰਬੰਸ ਨੇ ਗੱਡੀ ਸਟਾਰਟ ਕਰ ਲੲੀ ਐਨੇ ਨੂੰ ਗੰਨਮੈਨ ਮਲਕੀਤ ਸਿੰਘ ਆ ਗਿਆ ।
ਇਹ ਸਾਈਕਲ ਦੋੜ ਸ਼ਹਿਰ ਦੀ ਇੱਕ  ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਹੈ , ਜਿਸ ਵਿਚ ਭਾਗ ਲੈਣ ਵਾਲਿਆਂ ਲੲੀ ਕਲੱਬ ਵੱਲੋਂ ਟੀ-ਸ਼ਰਟ ਤੇ ਰੀਫਰੇਸਮੈਂਟ ਦਾ ਪ੍ਰੰਬਧ  ਵੀ ਕੀਤਾ ਗਿਆ ਤੇ ਜੇਤੂਆਂ ਨੂੰ ਪਹਿਲਾ,ਦੂਜਾ , ਤੀਜਾ ਇਨਾਮ ਤੇ ਭਾਗ ਲੈਣ ਵਾਲੇ ਨੂੰ ਮੈਡਲ ਦੇਣੇ ਨੇ। 
ਜਦੋਂ ਡੀ. ਐਸ਼ ਪੀ ਸਾਹਿਬ ਦੀ ਗੱਡੀ ਸਾਇਕਲ  ਦੋੜ ਵਾਲੀ ਥਾਂ ਪਹੁੰਚੀ ਤਾਂ ਹਜ਼ਾਰਾਂ ਦਾ ਇੱਕਠ ਵੇਖ ਡੀ.ਐਸ਼.ਪੀ. ਨੇ ਹੱਸਦਿਆਂ ਆਪਣੇ ਗੰਨਮੈਨ ਮਲਕੀਤ ਨੂੰ ਕਿਹਾ ਕਿ "ਅੱਜ ਤਾਂ ਸਾਰਾ ਸ਼ਹਿਰ ਹੀ ਤੰਦਰੁਸਤ ਹੋਣ ਆ ਗਿਆ"।
" ਸਾਹਿਬ ਜੀ, ਇਹ ਤਾਂ ਇੱਕ ਚੋਣ ਸੰਟਟ ਹੈ ਮੰਤਰੀ ਜੀ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਨੇ ਤੇ ਕੱਲਬ ਵਾਲੇ  ਫੰਡ, ਇਹਨਾਂ ਨੇ ਕਿਸੇ ਦੀ ਤੰਦਰੁਸਤੀ ਤੋਂ ਕੀ ਲੈਣਾ"।  ਬਿਨਾਂ ਸੋਚੇ ਮਲਕੀਤ ਤੋਂ ਇਹ ਗੱਲ ਕਹਿ ਹੋ ਗਈ।
" ਨਾ ਮੁੰਡਿਆ ਇੰਝ ਨੀ ਬੋਲੀਦਾ, ਜਿਹਦੇ ਮਨ ਆਉਂਦਾ ਉਹੋ  ਕਰਨ ਲੈਣ ਦੇ, ਹੁਣ ਲੋਕ ਬਹੁਤ ਸਿਆਣੇ ਨੇ, ਆਪਣਾ ਚੰਗਾ ਮਾੜਾ ਆਪ ਸਮਝਦੇ ਨੇ"। ਇਹਨਾਂ ਕਹਿ  ਡੀ. ਐਸ਼. ਪੀ. ਸਾਹਿਬ ਗੱਡੀ ਤੋਂ ਉਤਰ ਗੲੇ।
 ਕੱਲਬ ਦੇ ਚੇਅਰਮੈਨ ਨੇ ਡੀ. ਐਸ. ਪੀ. ਸਾਹਿਬ ਦਾ ਸਵਾਗਤ ਕਰਦੇ ਹੋਏ  ਦੱਸਿਆ ਕਿ ਮੰਤਰੀ ਸਾਹਿਬ ਨੂੰ ਕਿਸੇ ਜ਼ਰੂਰੀ ਮੀਟਿੰਗ ਲੲੀ ਦਿੱਲੀ ਜਾਣਾ ਪੈ ਗਿਆ, ਪਰ ਉਹਨਾਂ ਦੇ ਸੁਪੱਤਰ ਨੇ ਆਉਣਾ ਹੈ । 
ਡੀ.ਐਸ. ਪੀ. ਸਾਹਿਬ ਨੇ ਵੇਖਿਆ ਕਿ ਹਰ ਵਿਅਕਤੀ ਦੇ ਕੱਲਬ ਦੇ ਨਾਮ ਤੇ ਮੰਤਰੀ ਜੀ ਫੋਟੋ ਵਾਲੀ ਟੀ-ਸ਼ਰਟ ਪਾਈ ਨਵੇਂ- ਨਕੋਰ ਸਾਇਕਲਾਂ ਤੇ ਹਰ ਕੋਈ ਦੌੜਨ ਲਈ ਤਿਆਰ ਸੀ। ਮੰਤਰੀ ਜੀ ਦਾ ਬੇਟਾ ਵੀ ਆ ਗਿਆ ।
ਡੀ.ਐਸ. ਪੀ. ਸਾਹਿਬ ਤੇ ਮੰਤਰੀ ਜੀ ਦੇ ਬੇਟੇ ਨੇ ਸਾਇਕਲ ਦੋੜ ਨੂੰ  ਹਰੀ ਝੰਡੀ ਦੇ ਦੋੜ ਸ਼ੁਰੂ ਕਰ ਦਿੱਤੀ, ਇਹ ਦੋੜ 15 ਕਿਲੋਮੀਟਰ ਲਗਭਗ ਡੇਢ- ਦੋ  ਘੰਟੇ ਦੀ ਸੀ। ਮੰਤਰੀ ਜੀ ਦੇ ਸੁਪੱਤਰ ਸਾਇਕਲ ਰੈਲੀ ਨੂੰ ਝੰਡੀ ਦੇ ਅਤੇ ਕੱਲਬ ਨੂੰ ਫੰਡ ਦੇ ਚਲੇ ਗਏ।
ਡੀ.ਐੱਸ. ਪੀ. ਸਾਹਿਬ ਵੀ ਜਾਣ ਲੱਗੇ ਤਾਂ ਕੱਲਬ ਦੇ ਚੇਅਰਮੈਨ ਤੇ ਪ੍ਰਧਾਨ ਉਹਨਾਂ ਨੂੰ ਇਨਾਮਾਂ ਦੀ ਵੰਡ ਤੱਕ ਰੁਕਣ ਲਈ ਬੇਨਤੀ ਕੀਤੀ ਤੇ ਕੱਲਬ ਮੈਂਬਰਾਂ ਨੂੰ ਜੂਸ ਲਿਆਉਣ ਲਈ ਕਿਹਾ।
"ਡੀ.ਐੱਸ.ਪੀ. ਸਾਹਿਬ ਤੁਸੀਂ ਵੀ ਕਦੇ ਲਗਾਈ ਹੈ ਸਾਇਕਲ ਦੋੜ" ਹੱਸਦਿਆਂ ਹੋਇਆਂ ਕੱਲਬ ਪ੍ਰਧਾਨ ਨੇ। ਪੁੱਛਿਆ।
ਡੀ.ਐੱਸ.ਪੀ. ਸਾਹਿਬ ਇਹ ਸ਼ਬਦ ਸੁਣ ਆਪਣੇ ਅਤੀਤ ਚ ਚੱਲੇਗੇ  ਤੇ ਚੁੱਪ ਜੀ ਤੋੜਦੇ ਹੋਏ ਭਾਵੁਕ ਹੋ ਕੇ ਬੋਲੇ " ਇਹ ਸਾਈਕਲ ਦੋੜ ਦਾ ਹੀ ਨੀਤਜਾ ਜਿਸ ਨੇ ਮੈਨੂੰ ਅੱਜ ਇਸ ਮੁਕਾਮ ਤੇ ਪਹੁੰਚ ਦਿੱਤਾ"। 
" ਕਿਵੇਂ ਕੁੱਝ ਸਮਝ ਨੀ ਲੱਗੀ ਡੀ.ਐੱਸ.ਪੀ. ਸਾਹਿਬ ਕਿਵੇਂ "
ਮੈਂ ਤਿੰਨ ਭੈਣਾਂ ਦਾ ਇਕਲੌਤਾ ਵੀਰ ਤੇ ਮਾਂ ਬਾਪ ਦਾ ਲਾਡਲਾ ਪੁੱਤ ਸੀ ,
ਮੇਰੇ ਬਾਪੂ ਉਪਰ ਗਰੀਬੀ ਤੇ ੳੁੱਤੋਂ ਸਾਡੇ ਚਾਰ ਭੈਣ-ਭਰਾਵਾਂ ਦੀ ਪੜ੍ਹਾਈ ਦੇ ਖਰਚੇ ਨਾਲ ਬਾਪੂ ਦੇ ਮਨ ਦੇ ਸੁਪਨੇ ਮਿੱਟੀ ਦੇ ਡਲੇ ਪੈਰਾਂ ਹੇਠ ਪਿਸਣ ਵਾਂਗ ਟੁੱਟ ਰਹੇ ਸਨ । ਦਿਨ ਰਾਤ ਇੱਕ ਕਰਦਾ, ਮੱਥੇ ਤੋਂ ਪੈਰਾਂ ਤੱਕ ਪਸੀਨੋ ਪੀਸ਼ੀਨੀ ਹੁੰਦਾ ਰਹਿੰਦਾ ਪਰ ਫਿਰ ਵੀ ਪੁਰੀ ਨਾ ਪੈਂਦੀ।
ਮੈਂ ਵੀ ਸਕੂਲ ਦੀ ਛੁੱਟੀ ਤੋਂ ਬਾਅਦ ਬਾਪੂ ਨਾਲ ਖੇਤਾਂ ਦਾ ਕੰਮ ਕਰਵਾਉਂਦਾ ਫਿਰ ਵੀ ਸ਼ਾਹ ਦੀ ਬਹੀ ਤੇ ਲੱਗੇ ਬਾਪੂ ਦੇ ਅੰਗੂਠੇ ਦੇ ਨਿਸ਼ਾਨ ਨਾ ਮਿੱਟਦੇ ਪਰ ਬਾਪੂ ਦੇ ਅੰਗੂਠੇ ਦੀ ਕਿਸਮਤ ਵਾਲੀਆਂ ਲਕੀਰਾਂ ਜ਼ਰੂਰ ਘਸ ਗੲੀਆਂ ਸਨ।
ਦਸਵੀਂ ਜਮਾਤ ਵਿੱਚੋਂ ਮੈਂ ਫਸਟ ਆਇਆ। ਹੁਣ ਗਿਆਰਵੀਂ ਜਮਾਤ ਚ ਪੜਨ ਲਈ ਨਾਲ ਦੇ ਪਿੰਡ ਵਾਲੇ ਸਕੂਲੇ ਜਾਣਾ ਪੈਣਾ ਸੀ , ਬਾਪੂ ਨੇ ਅੱਗੇ ਦੀ ਪੜ੍ਹਾਈ ਲਈ ਹਾਮੀ ਨਾ ਭਰੀ ਪਰ ਬੇਬੇ ਦੇ ਕਹਿਣ ਤੇ ਉਹ ਮੰਨ ਗਏ।
ਪਿੰਡ ਵਿੱਚੋਂ ਸਰਪੰਚਾਂ ਦਾ ਧਰਮਾ ਤੇ ਜਰਨੈਲ ਫ਼ੋਜੀ ਦਾ ਮੁੰਡਾ ਬਚਨਾ ਵੀ ਮੇਰੇ ਨਾਲ ਹੀ ਪੜਨ ਲੱਗ ਗੲੇ, ਸਕੂਲ ਸਾਡੇ ਪਿੰਡ ਤੋਂ 7-8ਕਿਲੋਮੀਟਰ ਦੂਰ ਪੈਦਾਂ ਸੀ, ਧਰਮਾ ਤੇ ਬਚਨਾ ਆਪਣੇ ਆਪਣੇ ਸਾਇਕਲ ਤੇ ਜਾਂਦੇ ਸਨ ਕੁੱਝ ਦਿਨ ਮੈਂ ਵੀ ਉਹਨਾਂ ਨਾਲ ਜਾਂਦਾ ਰਿਹਾ। ਕੁੱਝ ਸਮਾਂ ਬੀਤਿਆ  ਪੇਪਰਾਂ ਚ ਨਕਲ ਨਾ ਕਰਾਉਣ ਕਰਕੇ ਉਹਨਾਂ ਨੇ ਮੇਰੇ ਨਾਲੋਂ ਯਾਰੀ ਤੋੜ ਲੲੀ । ਮੈਨੂੰ ਮੇਰੇ ਘਰ ਦੀ ਹਾਲਤ, ਭੈਣਾਂ ਦੀ ਵਿਆਹ ਦੀ ਉਮਰ, ਮਾਂ ਦਾ ਚੋਰੀਓ ਚੌਂਕੇ ਦੇ ਧੂੰਏਂ ਦੇ ਬਾਹਨੇ ਨਾਲ ਰੋਣਾ ਤੋਂ  ਮੈਂ ਭਲੀ-ਭਾਂਤ ਜਾਣੂ ਸੀ । ਬਾਪੂ ਦੇ ਨਾਲ ਖੇਤਾਂ ਚ ਕੰਮ ਕਰਵਾਉਂਣਾ ਕਰਕੇ ਤੇ ਪੈਦਲ ਸਕੂਲ ਜਾਣ ਕਰਕੇ ਮੈਂ ਕੁੱਝ ਦਿਨ ਲੇਟ ਹੁੰਦਾ ਰਿਹਾ । ਫਿਰ ਮੈਂ ਘਰ ਤੋਂ ਸਕੂਲ ਤੱਕ ਬਚਨੇ ਤੇ ਧਰਮੇ ਦੇ ਸਾਇਕਲਾਂ ਨਾਲ ਬਰਾਬਰ ਦੌੜਦਾ ਕਦੇ ਸਾਇਕਲਾਂ ਤੋਂ ਅੱਗੇ ਕਦੇ ਪਿੱਛੇ ਦੋੜਦੇ ਹੋੲੇ ਸਮੇਂ ਸਿਰ ਪਹੁੰਚ ਜਾਣਾ। ਹੁਣ ਮੇਰੇ ਇਹ ਸਾਇਕਲਾਂ ਬਰਾਬਰ ਦੌੜਨਾ ਇੱਕ ਆਦਤ ਜਿਹੀ ਬਣ ਗਈ ਸੀ । ਇੱਕ ਦਿਨ ਸਕੂਲ ਦੇ ਵਿਚ ਖੇਡ ਮੁਕਾਬਲਿਆਂ ਵਿੱਚ ਮੈਂ ਦੋੜਾਂ ਵਿੱਚੋਂ ਫਸਟ ਆਇਆ। 
"ਤਕੜਾ ਹੋ ਪੁੱਤ ਹੁਣ ਤੈਨੂੰ ਸ਼ਹਿਰ ਵੱਡੇ ਖੇਡ ਮੈਦਾਨਾਂ ਦਾ ਖਿਡਾਰੀ ਬਣਾਉਣਾ" ਡੀ. ਪੀ. ਸਾਹਿਬ ਦੇ ਕਹੇ ਬੋਲਾਂ ਨੇ ਮੈਨੂੰ ਹੋਰ ਤਕੜਾ ਕਰ ਦਿੱਤਾ 
ਪਰ 
ਬਾਪੂ ਦੇ ਬੋਲ " ਇਹ ਖੇਡਾਂ ਪੁੱਤ ਵੱਡਿਆਂ ਘਰਾਂ ਦੇ ਕਾਕਿਆਂ ਲੲੀ ਬਣੀਆਂ ਆਪਣੇ ਹਿੱਸੇ ਤਾਂ ਬੱਸ ਦਿਹਾੜੀਆਂ ਤੇ ਖੇਤਾਂ ਦੇ ਕੰਮ ਹੀ ਨੇ" ਮੇਰੇ ਮਨ ਨੂੰ ਗੁੰਝਲਾਂ ਚ ਪਾਇਆ ਹੋਇਆ ਸੀ। ਮੇਰੀ ਮਾਂ ਮਿੰਦੋ ਦੇ ਦਿੱਤੇ ਹੋਂਸਲੇ ਤੇ ਡੀ. ਪੀ. ਦੀ ਦਿੱਤੀ ਰਿਫੈਰਸਮੈਂਟ ਨੇ ਐਸਾ ਦੌੜਾਇਆ ਕਿ ਇਹ ਦੌੜ ਨੇ  ਅੱਜ ਮੈਨੂੰ ਡੀ.ਐਸ. ਪੀ ਬਣਾ ਦਿੱਤਾ। 
" ਵਾਹ ਜੀ ਵਾਹ ਡੀ.ਐਸ.ਪੀ. ਸਾਹਿਬ   ਮੈਂ ਤਾਂ ਉਂਝ ਹੀ ਮਜ਼ਾਕ ਜਿਹਾ ਪਰ ਤੁਸੀਂ ਤਾਂ ਸੱਚਮੁੱਚ ਤੁਸੀਂ ਜ਼ਿੰਦਗੀ ਦੇ ਮਹਾਨ ਦੌੜਾਕ ਨਿੱਕਲੇ"  ਇਹ ਕਹਿ ਕੱਲਬ ਦਾ ਪ੍ਰਧਾਨ ਹੱਸਣ ਲੱਗੇ।
ਦੌੜ ਖ਼ਤਮ ਹੋ ਗਈ ਤੇ ਇਨਾਮਾਂ ਦੀ ਵੰਡ ਤੋਂ ਬਾਅਦ ਡੀ.ਐਸ.ਪੀ. ਸਾਹਿਬ ਆਪਣੀ ਗੱਡੀ ਬੈਠ ਘਰ ਵੱਲ ਚੱਲਣ ਹੀ ਲੱਗੇ ਸਨ ਕਿ ਗੰਨਮੈਨ ਮਲਕੀਤ ਨੇ ਕਿਹਾ ਵੇਖੋ ਸਾਹਿਬ ਪਹਿਲੇ ਸਥਾਨ ਤੇ ਆਉਣ ਵਾਲਾ ਬੱਚਾ ਰੋ ਰਿਹਾ ਹੈ ।
ਡੀ.ਐਸ.ਪੀ. ਸਾਹਿਬ ਨੇ ਗੱਡੀ ਰੋਕਵਾ ਕਿ ਉਸ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਰੋਣ ਦਾ ਕਾਰਣ ਪੁੱਛਿਆ।
" ਇਹਨਾਂ ਨੇ ਮੈਨੂੰ ਦੋ ਸੋ ਰੁਪਏ ਘੱਟ ਦਿੱਤੇ ਨੇ , ਕਹਿੰਦੇ ਤੂੰ ਐਂਟਰੀ ਫੀਸ ਘੱਟ ਜਮਾਂ ਕਰਵਾਈ ਸੀ, ਮੈਂ ਆਪਣੀ ਤੇ ਭੈਣ ਦੀ ਫੀਸ ਭਰਨੀ ਹੈ, ਕਿੱਥੋਂ ਭਰਾਂਗਾ " ਬੱਚਾ ਦੀ ਗੱਲ ਸੁਣ ਡੀ.ਐਸ.ਪੀ. ਸਾਹਿਬ ਨੇ ਬੱਚੇ ਨੂੰ ਕੁੱਝ ਪੈਸੇ ਇਨਾਮ ਵਜੋਂ ਦਿੱਤੇ ਤੇ ਉਸ ਬੱਚੇ ਨੂੰ ਖੇਡ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਸ ਬੱਚੇ ਦੀ ਫੀਸ ਤੇ ਖੇਡ ਦੇ ਖ਼ਰਚਾ ਵੀ ਆਪ ਕਰ ਬੱਚੇ ਦੀ ਜ਼ਿੰਦਗੀ ਨੂੰ ਸਫ਼ਲ ਬਣਾ ਡੀ.ਐਸ.ਪੀ. ਸਾਹਿਬ ਨੇ ਆਪਣੇ ਆਪ ਨੂੰ ਜ਼ਿੰਦਗੀ ਦੀ ਇਸ ਦੌੜ ਇੱਕ ਵਾਰ ਫਿਰ ਜਿੱਤਿਆ ਮਹਿਸੂਸ ਕੀਤਾ।
 
ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ
ਮਾਲੇਰਕੋਟਲਾ।
Have something to say? Post your comment