Poem

ਬੋਲੀ (ਪੰਜਾਬੀ) ਨੂੰ ਗ੍ਰਹਿਣ* - ਰੋਮੀ ਘੜਾਮੇਂ ਵਾਲਾ

November 21, 2020 09:43 PM
 
ਨਵੀਂ ਇੱਕ ਚੱਲ ਪਈ ਬੀਮਾਰੀ ਮਿੱਤਰੋ
ਬਣ ਜਏ ਨਾ ਕਿਤੇ ਮਹਾਂਮਾਰੀ ਮਿੱਤਰੋ 
ਅੱਖਰਾਂ ਦੀ ਹੌਂਦ ਕਿਉਂ ਮਿਟਾਈ ਜਾਨੇ ਉਂ 
ਬੋਲੀ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ 
 
ਘੱਗੇ ਤਾਈਂ ਕੱਕਾ ਕਿਤੇ ਗੱਗਾ ਆਖਦੇ
ਝੱਜੇ ਨੂੰ ਕਿਉਂ ਚੱਚਾ ਕਿਤੇ ਜੱਜਾ ਆਖਦੇ
'ਚੰਮ ਦੀਆਂ' ਕਾਸਤੋਂ ਚਲਾਈ ਚਲਾਈ ਜਾਨੇ ਉਂ 
ਬੋਲੀ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ 
 
ਰਹਿਣ ਦਿਉ ਢੱਡਾ ਟੈਂਕਾ, ਡੱਡਾ ਨਾ ਕਰੋ
ਧੱਦੇ ਨੂੰ ਵੀ ਤੱਤਾ ਕਿਤੇ ਦੱਦਾ ਨਾ ਕਰੋ
'ਜੜ੍ਹਾਂ ਵਿੱਚ ਤੇਲ' ਕਾਹਨੂੰ ਪਾਈ ਜਾਨੇ ਉਂ 
ਬੋਲੀ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ
 
ਭੱਬੇ ਦੀ ਥਾਂ ਬੱਬਾ ਕਿਤੇ ਪੱਪਾ ਜੜੋ ਨਾ
ਚੰਗੇ ਭਲੇ ਨਾਣੇ ਤਾਈਂ ਨੱਨਾ ਕਰੋ ਨਾ 
'ਲਾੜੀ ਦਾ ਸ਼ਿੰਗਾਰ' ਕਿਉਂ ਘਟਾਈ ਜਾਨੇ ਉਂ 
ਬੋਲੀ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ 
 
ਸੱਭੇ ਅੱਖਰਾਂ ਦਾ ਆਪਣਾ ਈ ਰੰਗ ਜੀ
ਪੰਜਾਬੀ ਕੱਦਾਵਰ ਕਰੋ ਨਾ ਅਪੰਗ ਜੀ
ਰੋਮੀ ਜਏ ਘੜਾਮੇਂ ਕਿਉਂ ਮਚਾਈ ਜਾਨੇ ਉਂ 
ਬੋਲੀ ਨੂੰ ਗ੍ਰਹਿਣ ਜਿਆ ਕਿਉਂ ਲਾਈ ਜਾਨੇ ਉਂ 
 
ਰੱਖਦੇ ਜੋ ਖਿਆਲ ਬੜਾ ਧੰਨਵਾਦ ਹੈ
ਕਰੋ ਪ੍ਰਚਾਰ ਅੱਗੇ ਫਰਿਯਾਦ ਹੈ
ਬੀਬੇ ਹੋ ਜੇ ਫਰਜ਼ ਨਿਭਾਈ ਜਾਨੇ ਉਂ
ਖਜ਼ਾਨੇ ਅਨਮੋਲ ਨੂੰ ਬਚਾਈ ਜਾਨੇ ਉਂ
ਖਜ਼ਾਨੇ ਅਨਮੋਲ ਨੂੰ ਬਚਾਈ ਜਾਨੇ ਉਂ
                   
     ਰੋਮੀ ਘੜਾਮੇਂ ਵਾਲਾ
Have something to say? Post your comment