Monday, January 25, 2021
FOLLOW US ON

Article

ਸੰਘਰਸ਼ 'ਚ ਔਰਤਾਂ ਦੀ ਸ਼ਮੂਲੀਅਤ: ਸੰਜੀਵ ਸਿੰਘ ਸੈਣੀ

January 12, 2021 11:21 PM

ਸੰਘਰਸ਼ 'ਚ ਔਰਤਾਂ ਦੀ ਸ਼ਮੂਲੀਅਤ:

ਜੂਨ 2020ਵਿੱਚ ਕੇਂਦਰ ਵੱਲੋਂ ਨਵੇ ਖੇਤੀਬਾੜੀ ਆਰਡੀਨੈਂਸ ਜਾਰੀ ਕੀਤੇ ਗਏ।ਕਿਸਾਨਾਂ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਖੇਤੀ ਬਿੱਲ ਲਾਗੂ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਮੀਨਾਂ ਕਾਰਪੋਰੇਟ ਦੇ ਹਵਾਲੇ ਹੋ ਜਾਣਗੀਆਂ। ਜਿਸ ਕਰਕੇ ਔਰਤਾਂ ਵੱਲੋਂ ਪਿੰਡ-ਪਿੰਡ ਵਿੱਚ ਲੋਕਾਂ ਨੂੰ ਇਨ੍ਹਾਂ ਮਾਰੂ ਖੇਤੀ ਬਿੱਲਾਂ ਪ੍ਰਤੀ ਜਾਗਰੂਕ ਕੀਤਾ ਗਿਆ। ਤਕਰੀਬਨ ਦੋ ਮਹੀਨੇ ਰੇਲ ਚੱਕਾ ਜਾਮ ਰਿਹਾ। ਜਿਸ ਵਿਚ ਔਰਤਾਂ ਵੀ ਸ਼ਾਮਿਲ ਹੋਈਆਂ।ਰਿਲਾਇੰਸ ਸਟੋਰ, ਪੈਟਰੋਲ ਪੰਪ ਤੇ ਵੀ ਧਰਨੇ ਦਿੱਤੇ ਗਏ। ਔਰਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਮਰਦਾਂ ਨਾਲ ਧਰਨੇ ਦਿੱਤੇ।ਪੰਜਾਬ ਵਿਚ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ, ਉਸ ਵਿੱਚ ਔਰਤਾਂ ਦੀ ਸ਼ਮੂਲੀਅਤ ਵੀ ਵੱਡੇ ਪੱਧਰ ਤੇ ਹੋਈ।
ਜਦੋਂ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਤਾਂ ਕਿਸਾਨਾਂ ਨੇ ਨਵੰਬਰ ਮਹੀਨੇ ਦਿੱਲੀ ਵੱਲ ਕੂੱਚ ਕੀਤਾ। ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ਸ਼ਾਮਿਲ ਹੋਈਆਂ। ਹਰਿਆਣਾ ਸਰਕਾਰ ਵੱਲੋਂ ਪਹਿਲੇ ਤਾਂ ਬਹੁਤ ਸਖ਼ਤੀ ਕੀਤੀ ਗਈ। ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਪਾਣੀ ਦੀਆਂ ਬੁਛਾੜਾਂ ਦੀਆਂ ਪਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ,ਨੌਜਵਾਨਾਂ ,ਬਜ਼ੁਰਗਾਂ ,ਮਜ਼ਦੂਰ, ਲੇਖਕਾਂ, ਗੀਤਕਾਰ, ਨਾਟਕਕਾਰ ਆਦਿ ਵਰਗਾਂ ਨੇ ਸ਼ਮੂਲੀਅਤ ਕੀਤੀ। ਦੇਖਾ ਦੇਖੀ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਹੋਰ ਸੂਬਿਆਂ ਦੀਆਂ ਔਰਤਾਂ ਨੇ ਕਿਸਾਨਾਂ ਨਾਲ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਹੋਰ ਸੂਬਿਆਂ ਦੀਆਂ ਔਰਤਾਂ ਜਿਵੇਂ ਰਾਜਸਥਾਨ ,ਹਰਿਆਣਾ ਆਪ ਹੀ ਟਰੈਕਟਰ ਚਲਾ ਕੇ 'ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ' ਦਾ ਨਾਅਰਾ ਦਿੰਦੇ ਹੋਏ ਵੱਡੇ ਪੱਧਰ ਤੇ ਇਸ ਵਿਚ ਸ਼ਾਮਲ ਹੋ ਰਹੀਆਂ ਹਨ। ਭੁੱਖ ਹੜਤਾਲ ਵਿੱਚ ਔਰਤਾਂ ਬਰਾਬਰ ਮਰਦਾਂ ਦੇ ਨਾਲ ਧਰਨੇ ਤੇ ਬੈਠੀਆਂ ਹਨ। ਲੰਗਰ ਸੇਵਾ ਜਾਂ ਹੋਰ ਵੀ ਕਈ ਜ਼ਿੰਮੇਵਾਰੀਆਂ ਔਰਤਾਂ ਬਹੁਤ ਹੀ ਬਾਖ਼ੂਬੀ ਤਰੀਕੇ ਨਾਲ ਨਿਭਾ ਰਹੀਆਂ ਹਨ।ਪੰਜਾਬ ਦੀਆਂ ਔਰਤਾਂ ਦੀ ਸੰਘਰਸ਼ ਸ਼ਮੂਲੀਅਤ ਨੇ ਹਰਿਆਣਵੀ ਔਰਤਾਂ ਨੂੰ ਵੀ ਜਾਗਰੂਕ ਕਰ ਦਿੱਤਾ ਹੈ।
7ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ ਤੇ ਟਰੈਕਟਰ ਮਾਰਚ ਕੱਢਿਆ ਗਿਆ। ਜਿਸ ਵਿੱਚ ਔਰਤਾਂ ਆਪ ਹੀ ਟਰੈਕਟਰ ਚਲਾ ਕੇ ਸ਼ਾਮਿਲ ਹੋਈਆਂ । ਆਮ ਸੁਣਨ ਵਿੱਚ ਵੀ ਆਉਂਦਾ ਹੈ ਕਿ ਹਰਿਆਣੇ ਵਿਚ ਔਰਤਾਂ ਆਪਣਾ ਮੂੰਹ ਢੱਕ ਕੇ ਰੱਖਦੀਆਂ ਹਨ । ਉਹ ਕਿਸੇ ਮਰਦ ਦੇ ਮੂਹਰੇ ਵੀ ਨਹੀਂ ਆਉਂਦੀਆਂ ਤੇ ਆਪਣੇ ਨਾਲੋਂ ਵੱਡੀ ਉਮਰ ਦੇ ਮਰਦ ਨਾਲ ਗੱਲ ਵੀ ਨਹੀਂ ਕਰਦੀਆਂ । ਹਰਿਆਣਵੀ ਔਰਤ ਜੇ ਆਪਣੇ ਘਰੇਲੂ ਕੰਮਕਾਜ ਲਈ ਬਾਹਰ ਵੀ ਜਾਂਦੀਆਂ ਹਨ ,ਤਾਂ ਉਹ ਹਮੇਸ਼ਾ ਘੁੰਡ ਕੱਢ ਕੇ ਹੀ ਰੱਖਦੀਆਂ ਹਨ। ਪਰ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਹਰਿਆਣਾ ਦੀਆਂ ਔਰਤਾਂ ਵੀ ਆਪਣੇ ਹੱਕਾਂ ਲਈ ਜਾਗਰੂਕ ਹੋ ਗਈਆਂ ਹਨ।ਉਹਨਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਦੀਆਂ ਔਰਤਾਂ ਧਰਨੇ ਵਿੱਚ ਸ਼ਾਮਲ ਹੋ ਸਕਦੀਆਂ ਹਨ , ਤਾਂ ਅਸੀਂ ਕਿਸੇ ਨਾਲੋਂ ਘੱਟ ਨਹੀਂ ਹਨ। ਹਰਿਆਣੇ ਦੀਆਂ ਔਰਤਾਂ ਆਪ ਹੀ ਟਰੈਕਟਰ ਚਲਾ ਕੇ "ਜੈ ਜਵਾਨ ਜੈ ਕਿਸਾਨ" ਦਾ ਨਾਅਰਾ ਲਾਉਂਦੇ ਹੋਏ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਈਆਂ। ਇੱਕ ਟਰੈਕਟਰ ਤੇ ਚਾਰ ਜਾਂ ਪੰਜ ਔਰਤਾਂ ਬੈਠੀਆਂ ਸਨ ਤੇ ਆਪ ਹੀ ਟਰੈਕਟਰ ਚਲਾ ਰਹੀਆਂ ਸਨ। ਉਹਨਾਂ ਦਾ ਕਹਿਣਾ ਹੈ ਕਿ ਜੋ 26 ਜਨਵਰੀ ਨੂੰ ਦਿੱਲੀ ਦੇ ਅੰਦਰ ਵੜ ਕੇ 'ਟਰੈਕਟਰ ਪਰੇਡ' ਕੀਤੀ ਜਾਵੇਗੀ ,ਉਸ ਵਿੱਚ ਬਹੁਤ ਵੱਡੇ ਪੱਧਰ ਤੇ ਔਰਤਾਂ ਸ਼ਾਮਲ ਹੋਣਗੀਆਂ।ਦੇਖਣ ਵਿਚ ਵੀ ਆ ਰਿਹਾ ਹੈ ਕਿ ਹਰਿਆਣਾ ਦੇ ਕਈ ਪਿੰਡਾਂ ਵਿਚ ਔਰਤਾਂ ਟਰੈਕਟਰ ਚਲਾਉਣਾ ਸਿਖ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਆਪਣੀ ਜ਼ਮੀਨ ਨੂੰ ਬਚਾਉਣ ਲਈ ਲੜ ਰਹੀਆਂ ਹਨ। ਅਸੀਂ ਆਪਣੀ ਜ਼ਮੀਨ ਕਾਰਪੋਰੇਟ ਦੇ ਹਵਾਲੇ ਨਹੀਂ ਕਰਨਗੀਆਂ।
ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ।ਇਕ ਹੀ ਜਗ੍ਹਾ ਬੈਠ ਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਕੱਠੇ ਖਾਣਾ ਬਣਾਇਆ ਤੇ ਖਾਧਾ ਜਾ ਰਿਹਾ ਹੈ। ਹਰਿਆਣਾ ਦੀਆਂ ਔਰਤਾਂ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਮਹਿਮਾਨ ਦੱਸ ਕੇ ਉਹਨਾਂ ਦੀ ਖੂਬ ਆਉ ਭਗਤ ਕਰ ਰਹੀਆਂ ਹਨ। ਧਰਨੇ ਤੇ ਦੁੱਧ ਦੀਆਂ ਨਦੀਆਂ ਵੱਗ ਰਹੀਆਂ ਹਨ । ਖਾਣ ਪੀਣ ਦੀ ਕੋਈ ਕਮੀ ਨਹੀਂ ਹੈ। ਦੇਖਣ ਵਿੱਚ ਵੀ ਆਇਆ ਹੈ ਕਿ ਜੋ ਗਰੀਬ ਤਬਕਾ ਦਿੱਲੀ ਬਾਰਡਰ ਦੇ ਨੇੜੇ ਝੁੱਗੀ-ਝੌਂਪੜੀਆਂ ਵਿਚ ਰਹਿੰਦਾ ਹੈ ਉਹ ਕਿਸਾਨਾਂ ਨੂੰ ਦਿਲੋਂ ਅਸੀਸ ਦੇ ਰਹੇ ਹਨ।ਕਿਉਂਕਿ ਉਹਨਾਂ ਨੂੰ ਭਰ ਪੇਟ ਖਾਣ ਪੀਣ ਨੂੰ ਮਿਲ ਰਿਹਾ ਹੈ।ਸਵੇਰ ਸ਼ਾਮ ਹਰਿਆਣਵੀ ਕੁੜੀਆਂ ਬੈਡਮਿੰਟਨ ਤੇ ਕਬੱਡੀ ਖੇਡਦੀਆਂ ਹਨ।ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੰਸਦ ਦਾ ਦਾਮਨ ਨਾ ਛੱਡੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ। ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਹੋਰ ਪ੍ਰਚੰਡ ਹੁੰਦਾ ਜਾਵੇਗਾ ।ਇਸ ਦਾ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ।


ਸੰਜੀਵ ਸਿੰਘ ਸੈਣੀ, ਮੋਹਾਲੀ

Have something to say? Post your comment