Monday, January 25, 2021
FOLLOW US ON

Article

ਪਹਿਲੀ ਜਨਮ ਸ਼ਤਾਬਦੀ ਸਮੇਂ ਮੇਰੇ ਹਿੱਸੇ ਦਾ ਤੇਰਾ ਸਿੰਘ ਚੰਨ - ਜੈਤੇਗ ਸਿੰਘ ਅਨੰਤ

January 12, 2021 11:25 PM

ਪਹਿਲੀ ਜਨਮ ਸ਼ਤਾਬਦੀ ਸਮੇਂ
ਮੇਰੇ ਹਿੱਸੇ ਦਾ ਤੇਰਾ ਸਿੰਘ ਚੰਨ
ਜੈਤੇਗ ਸਿੰਘ ਅਨੰਤ*
ਮੇਰੀਆਂ ਯਾਦਾਂ ਦੇ ਝਰੋਖੇ ਵਿਚ ਤੇਰਾ ਸਿੰਘ ਚੰਨ ਦਾ ਇੱਕ ਵਿਸ਼ੇਸ਼ ਮੁਕਾਮ ਹੈ । ਉਹ ਪੰਜਾਬੀ ਸਾਹਿਤ ਦੀ ਨਾਮਵਰ ਤੇ ਬੇਨਿਆਜ਼ ਹਸਤੀ ਹੋਏ ਹਨ । ਓਪੇਰਾ
ਥੀਏਟਰ ਤੇ ਕਾਲਮ ਨਵੀਸ ਵਜੋਂ ਵੀ ਉਨ੍ਹਾਂ ਸ਼ੁਹਰਤ ਦੇ ਡੰਕ ਵਜਾਏ ਹਨ । ਲੱਕੜ ਦੀ ਲੱਤ ਓਪੇਰਾ ਬੜਾ ਮਕਬੂਲ ਹੋਇਆ ਹੈ । ਆਪ ਇੰਡੀਆ ਪੀਪਲਜ਼
ਥੀਏਟਰ ਐਸੋਸੀਏਸ਼ਨ (ਇਪਟਾ) ਦੇ ਮੋਢੀਆਂ ਵਿੱਚੋਂ ਇੱਕ ਸਨ । ਜਿਨ੍ਹਾਂ ਨੇ ਅਮਨ ਲਹਿਰ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ ਹੈ । ਇਸ ਲਹਿਰ ਵਿੱਚ ਬਲਰਾਜ
ਸਾਹਨੀ ਸੁਰਿੰਦਰ ਕੌਰ, ਜੋਗਿੰਦਰ ਬਾਹਰਲਾ ਤੇ ਜਗਦੀਸ਼ ਫਰਿਆਦੀ ਇਨ੍ਹਾਂ ਦੇ ਸੰਗੀ ਸਾਥੀ ਰਹੇ ਹਨ । ਲਹਿੰਦਾ ਪੰਜਾਬ ਜਿਸ ਨੂੰ ਉਸ ਸਮੇਂ ਬ੍ਰਿਟਿਸ਼ ਪੰਜਾਬ ਵੀ
ਕਿਹਾ ਜਾਂਦਾ ਸੀ ਦੇ ਜ਼ਿਲ੍ਹਾ ਕੈਂਬਲਪੁਰ ਦੇ ਫਤਹਿਜੰਗ ਤਹਿਸੀਲ ਵਿੱਚ ਪੈਂਦੇ ਪਿੰਡ ਬਿਲਾਵਲ ਵਿਚ 6 ਜਨਵਰੀ 1921 ਨੂੰ ਮਾਤਾ ਜੀ ਵੀ ਜੀ ਦੀ ਕੁੱਖੋਂ ਬਾਪੂ
ਸਰਦਾਰ ਸਿੰਘ ਮੇਲਾ ਦੇ ਖੱਤਰੀ ਪਰਿਵਾਰ ਦੇ ਘਰ ਪੈਦਾ ਹੋਏ । ਬੜੇ ਘੱਟ ਲੋਕਾਂ ਨੂੰ ਪਤਾ ਹੈ ਕਿ ਆਪ ਦਾ ਪਿਛੋਕੜ ਖੁਖਰੈਣ ਬਰਾਦਰੀ ਦੇ ਚੱਢਾ ਗੋਤ ਨਾਲ ਹੈ
। ਜਿਸ ਨੂੰ ਖੱਤਰੀਆਂ ਦੀ ਸਰਵ ਉੱਚ ਗੋਤ (ਜਾਤ)ਗਿਣਿਆ ਜਾਂਦਾ ਹੈ ਪਰ ਚੰਨ ਜੀ ਦੀ ਫਿਤਰਤ ਨੇ ਕਦੇ ਵੀ ਜਾਤ ਪਾਤ ਰੰਗ ਨਸਲ ਧਰਮ ਦਾ ਬੁਰਕਾ ਨਹੀਂ
ਪਾਇਆ।ਇਨ੍ਹਾਂ ਹਰ ਸਮੇਂ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ”ਨੂੰ ਹੀ ਜੀਵਨ ਦਾ ਆਦਰਸ਼ ਰੱਖਿਆ ਹੈ ।
ਇਨ੍ਹਾਂ ਨੇ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਇੱਕ ਅਧਿਆਪਕ ਦੇ ਤੌਰ ਤੇ ਕਾਰਜ ਕੀਤਾ । ਉਸ ਤੋਂ ਬਾਅਦ ਕੋਇਟਾ, ਜੇਹਲਮ ਤੇ ਰਾਵਲਪਿੰਡੀ ਵਿਚ ਇਕ ਦੁਕਾਨ
ਤੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਰਹੇ।ਦੇਸ਼ ਦੀ ਵੰਡ ਤੋਂ ਬਾਅਦ ਪ੍ਰੀਤ ਲੜੀ ਤੇ ਫਿਰ ਨਵਾਂ ਜ਼ਮਾਨਾ ਵਿਚ ਕੰਮ ਕੀਤਾ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ
ਪਹਿਲਾ ਸਕੱਤਰ ਸੀ ਜੋ 1956 ਵਿੱਚ ਗਿਆਨੀ ਹੀਰਾ ਸਿੰਘ ਦਰਦ ਦੀ ਪ੍ਰਧਾਨਗੀ ਵਿੱਚ ਸਥਾਪਤ ਹੋਈ । ਇਨ੍ਹਾਂ ਨਿਰੰਤਰ ਪੰਦਰਾਂ ਸਾਲ ਬਾਖ਼ੂਬੀ ਇਹ ਕਾਰਜ
ਨਿਭਾਇਆ । ਆਪ ਨੇ ਲੰਮਾ ਸਮਾਂ ਸਹਾਇਕ ਸੰਪਾਦਕ ਦੇ ਤੌਰ ਤੇ ਸੂਚਨਾ ਕੇਂਦਰ ਸੋਵੀਅਤ ਸਫ਼ਾਰਤਖਾਨਾ ਨਵੀਂ ਦਿੱਲੀ ਵਿੱਚ ਕੰਮ ਕੀਤਾ । ਸੰਨ 1983 ਨੂੰ
ਭਾਰਤੀ ਕਮਿਊਨਿਸਟ ਪਾਰਟੀ ਦੇ ਸੱਭਿਆਚਾਰਕ ਫਰੰਟ ਦੇ ਇੰਚਾਰਜ ਦੇ ਤੌਰ ਤੇ ਵੀ ਕੰਮ ਕੀਤਾ । ਉਨ੍ਹਾਂ ਦਾ ਸ਼ੁਰੂ ਤੋਂ ਹੀ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ
ਸੀ । ਉਹ ਉੱਚ ਕੋਟੀ ਦੇ ਕਵੀ , ਉਪੇਰੇ ਲੇਖਕ , ਨਾਟਕਕਾਰ ਅਤੇ ਅਨੁਵਾਦਕ ਸਨ । ਉਨ੍ਹਾਂ ਦੀ ਰਚਨਾਵਾਂ ਵੇਲੇ ਦੇ ਭਖਦੇ ਮਸਲਿਆਂ ਬਾਰੇ ਲੋਕਾਂ ਦੀ ਲੁੱਟ
ਖਸੁੱਟ ਅਤੇ ਸਾਮਰਾਜਵਾਦ ਵਿਰੁੱਧ ਆਵਾਜ਼ ਉਠਾਉਂਦੀਆਂ ਰਹੀਆਂ ਹਨ । ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਸਿਸਕੀਆਂ, ਜੈ ਹਿੰਦ ਸਮੇਂ ਸਮੇਂ ਦੀਆਂ ਗੱਲਾਂ,ਕਾਗ
ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਝੀਲ ਦੀ ਸ਼ਹਿਜ਼ਾਦੀ ਤੇ ਫੁੱਲਾਂ ਦਾ ਸੁਨੇਹਾ ਆਦਿ ਹਨ ।
ਸੰਨ 1981 - 82 ਦੇ ਨੇੜੇ ਤੇਰਾ ਸਿੰਘ ਚੰਨ ਸੋਵੀਅਤ ਸਫ਼ਾਰਤਖਾਨਾ ਦਿੱਲੀ ਤੋਂ ਸੇਵਾਮੁਕਤ ਹੋ ਚੰਡੀਗਡ਼੍ਹ ਆ ਗਏ । ਉਥੇ ਹੀ ਚੰਨ ਸਾਹਿਬ ਨਾਲ ਮੇਰੀ ਪਹਿਲੀ
ਮੁਲਾਕਾਤ ਦਾ ਸਬੱਬ ਨਾਟਕਕਾਰ ਦਵਿੰਦਰ ਦਮਨ ਦੇ ਰਾਹੀਂ ਬਣਿਆ। ਉਹ ਉਸ ਸਮੇਂ ਆਪਣੇ ਜਵਾਈ ਡਾ. ਰਘਬੀਰ ਸਿੰਘ ਦੇ ਘਰ ਸੈਕਟਰ ਪੰਦਰਾਂ ਵਿਚ ਰਹਿ
ਰਹੇ ਸਨ । ਅਸੀਂ ਇਕ ਦਿਨ ਦੋਹੇਂ ਹੀ ਮਿੱਥੇ ਸਮੇਂ ਸੈਕਟਰ ਪੰਦਰਾਂ ਡਾ. ਰਘਬੀਰ ਸਿੰਘ ਦੇ ਘਰ ਚਲੇ ਗਏ । ਘਰ ਵਿੱਚ ਉਨ੍ਹਾਂ ਦੀ ਵੱਡੀ ਲੜਕੀ ਸੁਲੇਖਾ ਸੀ। ਚੰਨ
ਸਾਹਿਬ ਕਿਉਂਕਿ ਦੇਵਿੰਦਰ ਦਮਨ ਦੇ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਵਾਕਫ਼ ਸਨ। ਇਸ ਲਈ ਸਾਡੀ ਮੁਲਾਕਾਤ ਬੜੇ ਖੁਸ਼ਗਵਾਰ ਮਾਹੌਲ ਵਿੱਚ ਹੋਈ,ਨਾਲ- ਨਾਲ
ਕੁਝ ਰਸਮੀ ਗੱਲਾਂ ਦਾ ਦੌਰ ਚਲਾਇਆ । ਚਾਹ ਦੀਆਂ ਚੁਸਕੀਆਂ ਵੀ ਲਈਆਂ ਤੇ ਉਨ੍ਹਾਂ ਨਾਲ ਇਕ ਘੰਟੇ ਤੋਂ ਉੱਤੇ ਦਾ ਸਮਾਂ ਬਿਤਾਇਆ । ਮੇਰੀ ਪਹਿਲੀ ਨਜ਼ਰ
ਵਿੱਚ ਉਹ ਇਕ ਜ਼ਿੰਦਾਦਿਲ ਤੇ ਫੱਕਰ ਤਬੀਅਤ ਦੇ ਮਾਲਕ ਜਾਪੇ । ਉਹ ਪੰਜਾਬੀ ਸਾਹਿਤ ਵਿਰਸੇ ਅਤੇ ਵਿਰਾਸਤ ਦਾ ਤੁਰਦਾ ਫਿਰਦਾ ਇਤਹਾਸ ਸਨ । ਤੇਰਾ
ਸਿੰਘ ਚੰਨ ਕਿਸੇ ਵਿਅਕਤੀ ਦਾ ਨਾਂਅ ਨਹੀਂ ਸੀ ਉਹ ਇੱਕ ਸੰਸਥਾ ਦਾ ਨਾਂ ਸੀ ।ਉਨ੍ਹਾਂ ਦਾ ਸਮੁੱਚਾ ਜੀਵਨ ਭਾਈਚਾਰੇ ਦੀ ਲੋਕ ਸੇਵਾ ਅਤੇ ਪੰਜਾਬੀ ਮਾਂ ਬੋਲੀ ਨੂੰ
ਸਮਰਪਿਤ ਸੀ । ਉਹ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ ਸਾਦਗੀ ਈਮਾਨਦਾਰੀ ਅਤੇ ਉੱਚੀਆਂ ਕਦਰਾਂ ਕੀਮਤਾਂ ਦੀ ਮਿਸਾਲ ਸਨ । ਸਾਡੀ ਪਹਿਲੀ ਮੁਲਾਕਾਤ
ਤੋਂ ਇੰਜ ਜਾਪਿਆ ਜਿਵੇਂ ਅਸੀਂ ਮੁੱਦਤਾਂ ਤੋਂ ਇੱਕ ਦੂਜੇ ਤੋਂ ਵਾਕਫ਼ ਸਾਂ । ਕੁਝ ਸਮੇਂ ਬਾਅਦ ਉਹ ਸੈਕਟਰ 38 ਡੀ ਆ ਗਏ । ਦਸ ਮਰਲੇ ਦਾ ਖੁੱਲ੍ਹਾ ਡੁੱਲ੍ਹਾ ਮਕਾਨ ਸੀ
। ਮੈਂ ਉਨ੍ਹਾਂ ਦੇ ਘਰ ਤੋਂ ਇੱਕ ਫਰਲਾਂਗ ਦੇ ਫ਼ਾਸਲੇ ਤੇ ਸੈਕਟਰ ਚਾਲੀ ਬੀ ਵਿੱਚ ਰਹਿੰਦਾ ਸਾਂ । ਹੁਣ ਅਕਸਰ ਮੇਲ ਮਿਲਾਪ ਹੋ ਜਾਂਦਾ । ਉਨ੍ਹਾਂ ਦਿਨਾਂ ਵਿੱਚ ਉਹ ਮੁੜ
ਕੇਂਦਰੀ ਲਿਖਾਰੀ ਸਭਾ ਦੇ ਸਕੱਤਰ ਦੀ ਸੇਵਾ ਨਿਭਾ ਰਹੇ ਸਨ । ਮੈਂ ਜਦੋਂ ਵੀ ਉਨ੍ਹਾਂ ਦੇ ਘਰ ਜਾਣਾ ਤਾਂ ਉਨ੍ਹਾਂ ਨੂੰ ਕਾਗਜ਼ਾਂ ਫਾਈਲਾਂ ਨੂੰ ਰੱਖਦੇ ਤੇ ਸਮੇਟਦੇ ਵੇਖਦਾ ।
ਅਨੇਕਾਂ ਵਾਰ ਉਹ ਸੈਰ ਕਰਦੇ ਵੀ ਆ ਜਾਣ ਪਰ ਉਨ੍ਹਾਂ ਹਮੇਸ਼ਾਂ ਇਹੋ ਆਖਣਾ ਕਿ ਮੈਂ ਤੁਹਾਡੇ ਘਰ ਅੱਗੋਂ ਲੰਘ ਰਿਹਾ ਸਾਂ, ਸੋਚਿਆ ਤੁਹਾਡਾ ਹਾਲ ਪੁੱਛ ਲਵਾਂ ।
ਇੱਕ ਦਿਨ ਉਹ ਸਵੇਰੇ ਸਵੇਰੇ ਆ ਗਏ । ਆਏ ਉਹ ਆਪਣੇ ਕੰਮ ਸਨ ਪਰ ਕਹਿਣ ਤੋਂ ਝਿਜਕ ਮਹਿਸੂਸ ਕਰ ਰਹੇ ਸਨ , ਅੰਤ ਉਨ੍ਹਾਂ ਆਖ ਹੀ ਦਿੱਤਾ ਕਿ ਕਾਕਾ
ਚਾਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਬੱਚੇ ਦਾ ਜਨਮਦਿਨ ਹੈ ਤੇ ਤੁਸੀਂ ਕੁਝ ਯਾਦਗਾਰੀ ਪਲ ਕੈਮਰੇ ਨਾਲ ਕਵਰ ਕਰ ਦੇਵੋ । ਫ਼ਿਲਮ ਤੁਹਾਨੂੰ ਲੜਕਾ ਦੇ ਦੇਵੇਗਾ। ਉਨ੍ਹਾਂ
ਦਾ ਵੱਡਾ ਲੜਕਾ ਡਾ. ਮਨਦੀਪ ਸਿੰਘ ਗੌਰਮਿੰਟ ਕਾਲਜ ਡੇਰਾਬਸੀ ਲੱਗਾ ਹੋਇਆ ਸੀ । ਮੈਂ ਉਨ੍ਹਾਂ ਦੀ ਇੱਛਾ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਇਹ ਗੱਲ ਤਾਂ
ਮਨਦੀਪ ਵੀ ਆਖ ਸਕਦਾ ਸੀ । ਸ਼ਾਮ ਨੂੰ ਸਾਰਾ ਪਰਿਵਾਰ ਬੱਚੇ ਦੀ ਖੁਸ਼ੀ ਸਾਂਝੀ ਕਰਨ ਹਿੱਤ ਇਕੱਠਾ ਹੋਇਆ ਸੀ , ਮੈਂ ਸਮੇਂ ਸਿਰ ਪਹੁੰਚ ਗਿਆ । ਇਸ ਸ਼ਾਮ
ਵਿੱਚ ਜਿਹੜਾ ਇੱਕ ਵਿਸ਼ੇਸ਼ ਵਿਅਕਤੀ ਸ਼ਾਮਲ ਸੀ , ਉਨ੍ਹਾਂ ਦਾ ਨਾਉਂ ਅਵਤਾਰ ਸਿੰਘ ਮਲਹੋਤਰਾ ਸੀ, ਜੋ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਇਕਾਈ ਦੇ
ਸਭ ਤੋਂ ਵੱਡੇ ਨੇਤਾ ਸੀ । ਮਲਹੋਤਰਾ ਤੇਰਾ ਸਿੰਘ ਚੰਨ ਤੋਂ ਚਾਰ ਸਾਲ ਵੱਡਾ ਤੇ ਉਨ੍ਹਾਂ ਦਾ ਜਿਗਰੀ ਯਾਰ ਸੀ । ਮਲਹੋਤਰਾ ਸਾਹਿਬ ਮੇਰੇ ਵੀ ਥੋੜ੍ਹਾ ਬਹੁਤਾ ਵਾਕਫ਼
ਸਨ । ਦੋਨੋਂ ਕਿਉਂਕਿ ਪੋਠੋਹਾਰ ਦੀ ਧਰਤੀ ਤੇ ਪਲੇ ਹੋਣ ਕਾਰਨ ਦੋਹਾਂ ਦੀ ਇੱਕ ਸੁਰ ਸੀ । ਜਨਮ ਦਿਨ ਦੇ ਯਾਦਗਾਰੀ ਪਲ ਵੀ ਮੇਰੇ ਯਾਦਾਂ ਦੇ ਝਰੋਖੇ ਵਿੱਚ ਸਦਾ
ਸਾਂਭੇ ਰਹਿਣਗੇ ।
ਉਨ੍ਹਾਂ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਉਤਰਾਅ ਚੜ੍ਹਾਵਾਂ ਦੇ ਬਾਵਜੂਦ ਆਪਣੀ ਵਿਚਾਰਧਾਰਾ ਤੋਂ ਕਦੇ ਵੀ ਮੁੱਖ ਨਹੀਂ ਮੋੜਿਆ ਨਾ ਇਖ਼ਲਾਕੀ ਕਦਰਾਂ
ਕੀਮਤਾਂ ਬਣਾਈ ਰੱਖਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਹ ਇਕ ਹਰਮਨ ਪਿਆਰੇ ਤੇ ਉਤਸ਼ਾਹੀ ਪੁਰਸ਼ ਸਨ,ਉਨ੍ਹਾਂ ਦਾ ਵਿਆਹ ਪਿੰਡ ਦੁੱਲਾ ਨੇੜੇ ਨੀਲਾ
ਪਿੰਡ ਜ਼ਿਲ੍ਹਾ ਜੇਹਲਮ ਬ੍ਰਿਟਿਸ਼ ਪੰਜਾਬ ਵਿਚ ਸ੍ਰੀਮਤੀ ਬਸੰਤ ਕੌਰ ਨਾਲ ਹੋਇਆ । ਉਨ੍ਹਾਂ ਦੀਆਂ ਤਿੰਨ ਧੀਆਂ ਸੁਲੇਖਾ ਨਤਾਸ਼ਾ ਤੇ ਮਮਤਾ ਅਤੇ ਤਿੰਨ ਪੁੱਤਰ

ਮਨਦੀਪ ਸਿੰਘ ਦਿਲਦਾਰ ਸਿੰਘ ਅਤੇ ਜਨਮੀਤ ਸਿੰਘ ਹਨ । ਉਨ੍ਹਾਂ ਦਾ ਸਮੁੱਚਾ ਪਰਿਵਾਰ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ । ਜਿਨ੍ਹਾਂ ਵਿਚ ਉਨ੍ਹਾਂ ਦੀ
ਵੱਡੀ ਲੜਕੀ ਸੁਲੇਖਾ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਖਰੜ ਵਿਚ ਅਧਿਆਪਕਾ ਤੇ ਜਵਾਈ ਡਾ. ਰਘਬੀਰ ਸਿੰਘ ਸਿਰਜਣਾ ਪੰਜਾਬੀ ਦਾ
ਨਾਮਵਰ ਆਲੋਚਕ ਤੇ ਵਿਦਵਾਨ ਹੋਏ ਹਨ । ਚੰਨ ਸਾਹਿਬ ਦੇ ਵੱਡੇ ਲੜਕੇ ਨੇ ਗੌਰਮਿੰਟ ਕਾਲਜ ਮੁਹਾਲੀ ਵਿੱਚ ਬਤੌਰ ਲੈਕਚਰਾਰ ਕਾਰਜ ਕੀਤਾ ਹੈ । ਛੋਟਾ
ਲੜਕਾ ਦਿਲਦਾਰ ਸਿੰਘ ਜਿਨ੍ਹਾਂ ਨਾਲ ਚੰਨ ਜੀ ਨੇ 9 ਜੁਲਾਈ 2009 ਵਿਚ ਵਿਛੋੜਾ ਦਿੱਤਾ , ਮੋਹਾਲੀ ਵਿਚ ਰਹਿ ਰਿਹਾ ਹੈ । ਇਸ ਗੱਲ ਦਾ ਵੀ ਸਮੂਹ
ਭਾਈਚਾਰੇ ਨੂੰ ਮਾਣ ਹੈ ਕਿ ਆਪ ਦੀ ਦੋਹਤੀ ਰਚਨਾ ਸਿੰਘ ਦੂਜੀ ਵਾਰ ਬ੍ਰਿਟਿਸ਼ ਕੋਲੰਬੀਆ ਦੀ ਐਮ. ਐਲ. ਏ.ਬਣ ਕੇ ਸੰਸਦੀ ਸਕੱਤਰ ਦੇ ਪੱਧਰ ‘ਤੇ ਪਹੁੰਚ ਕੇ
ਸਮੂਹ ਪੰਜਾਬੀ ਜਗਤ ਦੀ ਆਵਾਜ਼ ਬਣੀ ਹੈ । ਅੱਜ 6 ਜਨਵਰੀ 2021 ਨੂੰ ਪੰਜਾਬੀ ਮਾਂ ਬੋਲੀ ਤੇ ਸਕਾਫ਼ਤ ਦੀ ਬੇਨਜ਼ੀਰ ਸ਼ਖ਼ਸੀਅਤ ਤੇਰਾ ਸਿੰਘ ਚੰਨ ਜੀ ਦੀ
ਪਹਿਲੀ ਜਨਮ ਸ਼ਤਾਬਦੀ ਨੂੰ ਉਨ੍ਹਾਂ ਦੇ ਰੰਗਲੇ ਤੇ ਸੰਘਰਸ਼ਮਈ ਜੀਵਨ ਦੇ ਉਜਾਗਰ ਕਰੀਏ । ਉਹ ਪੰਜਾਬ ਦਾ ਇਕ ਸੱਚਾ ਤੇ ਸੁੱਚਾ ਸਪੂਤ ਸੀ – ਆਮੀਨ ।

Have something to say? Post your comment