Monday, January 25, 2021
FOLLOW US ON

Article

ਆਮ ਵਿਸ਼ਿਆਂ ਦਾ ਖਾਸ ਕਹਾਣੀਕਾਰ : ਕਮਲੇਸ਼ ਭਾਰਤੀ ~ ਪ੍ਰੋ. ਨਵ ਸੰਗੀਤ ਸਿੰਘ

January 13, 2021 11:13 PM
            ਆਮ ਵਿਸ਼ਿਆਂ ਦਾ ਖਾਸ ਕਹਾਣੀਕਾਰ : 
                        ਕਮਲੇਸ਼ ਭਾਰਤੀ
                                   ~ ਪ੍ਰੋ. ਨਵ ਸੰਗੀਤ ਸਿੰਘ
 
    ਅੱਜ (17 ਜਨਵਰੀ) ਕਮਲੇਸ਼ ਭਾਰਤੀ ਦਾ ਜਨਮਦਿਨ ਹੈ। ਅੱਜ ਤੋਂ ਠੀਕ 69 ਵਰ੍ਹੇ ਪਹਿਲਾਂ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੋਆਬਾ (ਹੁਸ਼ਿਆਰਪੁਰ, ਪੰਜਾਬ) ਵਿੱਚ ਹੋਇਆ। ਉਨ੍ਹਾਂ ਨੇ ਐਮ ਏ ਹਿੰਦੀ, ਪ੍ਰਭਾਕਰ ਅਤੇ ਬੀਐਡ ਦੀ ਸਿੱਖਿਆ ਪ੍ਰਾਪਤ ਕਰ ਕੇ ਕਰੀਬ 17 ਸਾਲ ਅਧਿਆਪਕ, ਮੁੱਖ ਅਧਿਆਪਕ, ਅਤੇ ਪ੍ਰਿੰਸੀਪਲ ਵਜੋਂ ਕਾਰਜ ਕੀਤਾ। ਪਿੱਛੋਂ ਦੈਨਿਕ ਟ੍ਰਿਬਿਊਨ ਚੰਡੀਗੜ੍ਹ ਵਿਖੇ ਉਪ ਸੰਪਾਦਕ ਵਜੋਂ ਕਰੀਬ 22 ਵਰ੍ਹੇ ਕੰਮ ਕਰਦੇ ਰਹਿਣ ਪਿੱਛੋਂ ਉਨ੍ਹਾਂ ਨੇ ਅਸਤੀਫ਼ਾ ਦੇ ਕੇ ਹਰਿਆਣਾ ਗ੍ਰੰਥ ਅਕਾਦਮੀ ਦੇ ਸਹਿ-ਨਿਰਦੇਸ਼ਕ ਵਜੋਂ ਕਾਰਜਭਾਰ ਸੰਭਾਲ ਲਿਆ ਅਤੇ ਤਿੰਨ ਸਾਲ ਅਕਾਦਮੀ ਦੀ ਕਥਾ ਪੱਤ੍ਰਿਕਾ 'ਕਥਾ ਸਮਯ' ਦੀ ਸੰਪਾਦਨਾ ਕੀਤੀ।
     ਮੌਜੂਦਾ ਸਮੇਂ ਉਹ ਹਰਿਆਣਾ ਦੇ ਹਿਸਾਰ ਵਿਖੇ ਰਹਿ ਰਹੇ ਹਨ ਪਰੰਤੂ ਸੁਤੰਤਰ ਲੇਖਨ ਅਤੇ ਪੱਤਰਕਾਰੀ ਦੇ ਨਾਲ-ਨਾਲ ਸਾਹਿਤ, ਸੰਸਕ੍ਰਿਤੀ ਅਤੇ ਸਿੱਖਿਆ ਨਾਲ ਵੀ ਜੁੜੇ ਹੋਏ ਹਨ।
     ਉਹ 17 ਸਾਲ ਦੀ ਉਮਰ ਤੋਂ ਹੀ ਸਾਹਿਤ ਨਾਲ ਵਾਬਸਤਾ ਹਨ ਅਤੇ ਹੁਣ ਤੱਕ ਉਨ੍ਹਾਂ ਦੇ ਹਿੰਦੀ ਵਿਚ ਗਿਆਰਾਂ ਕਹਾਣੀ- ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਜਿਨ੍ਹਾਂ ਵਿੱਚ ਚਾਰ ਲਘੂ ਕਥਾ ਸੰਗ੍ਰਹਿ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਸ਼ਾਮਲ ਹਨ: ਮਹਿਕ ਸੇ ਊਪਰ, ਮਸਤਰਾਮ ਜ਼ਿੰਦਾਬਾਦ, ਮਾਂ ਔਰ ਮਿੱਟੀ, ਇਸ ਬਾਰ, ਏਕ ਸੰਵਾਦਦਾਤਾ ਕੀ ਡਾਇਰੀ, ਜਾਦੂਗਰਨੀ, ਸ਼ੋਅ ਵਿੰਡੋ ਕੀ ਗੁੜੀਆ, ਐਸੇ ਥੇ ਤੁਮ, ਇਤਨੀ ਸੀ ਬਾਤ, ਦਰਵਾਜ਼ਾ ਕੌਨ ਖੋਲ੍ਹੇਗਾ ਅਤੇ ਨਵ ਪ੍ਰਕਾਸ਼ਿਤ (2020) ਕਹਾਣੀ ਸੰਗ੍ਰਹਿ 'ਯਹ ਆਮ ਰਾਸਤਾ ਨਹੀਂ ਹੈ'। ਦੇਸ਼ ਦੇ ਚਰਚਿਤ ਸਾਹਿਤਕਾਰਾਂ ਨਾਲ ਕੀਤੀ ਇੰਟਰਵਿਊ ਦੀ ਪੁਸਤਕ 'ਯਾਦੋਂ ਕੀ ਧਰੋਹਰ' ਦੀਆਂ ਦੋ ਐਡੀਸ਼ਨਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੇ ਕਹਾਣੀ- ਸੰਗ੍ਰਹਿ 'ਇਤਨੀ ਸੀ ਬਾਤ' ਦਾ 'ਏਨੀ ਕੁ ਗੱਲ' ਸਿਰਲੇਖ ਹੇਠ ਪੰਜਾਬੀ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ, ਜਿਸ ਨੂੰ ਕਮਲਾ ਨਹਿਰੂ ਕਾਲਜ ਫਗਵਾੜਾ ਦੀ ਅਧਿਆਪਕਾ ਡਾ. ਕਿਰਨ ਵਾਲੀਆ ਨੇ ਅਨੁਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਨਵ-ਪ੍ਰਕਾਸ਼ਿਤ ਪੁਸਤਕ 'ਯਹ ਆਮ ਰਾਸਤਾ ਨਹੀਂ ਹੈ' ਦੀ ਇੱਕ ਕਹਾਣੀ "ਮੈਨੇ ਅਪਨਾ ਨਾਮ ਬਦਲ ਲੀਆ ਹੈ" ਦਾ (ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਕੀਤਾ) ਪੰਜਾਬੀ ਅਨੁਵਾਦ 7 ਜਨਵਰੀ 2021 ਨੂੰ 'ਪੰਜਾਬੀ ਟ੍ਰਿਬਿਊਨ' ਵਿੱਚ ਛਪ ਚੁੱਕਾ ਹੈ।
      ਉਨ੍ਹਾਂ ਦੀਆਂ ਰਚਨਾਵਾਂ ਦੇ ਅਨੁਵਾਦ ਪੰਜਾਬੀ, ਉਰਦੂ, ਗੁਜਰਾਤੀ, ਅੰਗਰੇਜ਼ੀ, ਡੋਗਰੀ, ਬੰਗਲਾ ਤੇ ਮਲਿਆਲਮ ਆਦਿ ਭਾਸ਼ਾਵਾਂ ਵਿੱਚ ਹੋ ਚੁੱਕੇ ਹਨ। ਹੁਣੇ ਜਿਹੇ ਉਕਤ ਨਵ ਪ੍ਰਕਾਸ਼ਿਤ ਕਿਤਾਬ ਦਾ ਅਨੁਵਾਦ ਵੀ ਨੇਪਾਲੀ ਭਾਸ਼ਾ ਵਿੱਚ ਰਾਜੇਂਦਰ ਢਾਕਲ ਵੱਲੋਂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
      ਕਮਲੇਸ਼ ਭਾਰਤੀ ਨੂੰ ਉਨ੍ਹਾਂ ਦੀਆਂ ਲਿਖਤਾਂ ਲਈ ਵਿਭਿੰਨ ਸੰਸਥਾਵਾਂ ਵੱਲੋਂ ਮਾਣ-ਸਨਮਾਨ ਅਤੇ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: 1972 ਵਿਚ ਹਿੰਦੀ ਦੈਨਿਕ 'ਵੀਰ ਪ੍ਰਤਾਪ' ਵੱਲੋਂ "ਆਜ ਕਾ ਰਾਂਝਾ" ਨੂੰ ਪਹਿਲਾ ਸਥਾਨ; 1982 ਵਿੱਚ 'ਮਹਿਕ ਸੇ ਉੂਪਰ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ ਦੀ ਸਰਵੋਤਮ ਕਹਾਣੀ-ਪੁਸਤਕ ਦਾ ਇਨਾਮ; 1990 ਵਿੱਚ ਪਟਨਾ ਵਿੱਚ ਪ੍ਰਗਤੀਸ਼ੀਲ ਲਘੂ ਕਥਾ ਮੰਚ ਵੱਲੋਂ ਰਾਸ਼ਟਰੀ ਪੁਰਸਕਾਰ; 1992 ਵਿਚ ਰਿਸ਼ੀਕੇਸ਼ ਦੀ ਕਹਾਣੀ ਲੇਖਨ ਵਰਕਸ਼ਾਪ ਵਿੱਚ ਕਹਾਣੀ ਲੇਖਨ ਮਹਾਂਵਿਦਿਆਲਾ ਅੰਬਾਲਾ ਛਾਉਣੀ ਵੱਲੋਂ ਸ੍ਰੇਸ਼ਟ ਲੇਖਨ ਪੁਰਸਕਾਰ; 1999 ਵਿੱਚ ਹਿਸਾਰ ਵਿੱਚ ਰਾਜਕਵੀ ਸਵਰਗੀ ਪਰਮਾਨੰਦ ਯਾਦਗਾਰੀ ਸਨਮਾਨ; 2003 ਵਿਚ ਕੇਂਦਰੀ ਹਿੰਦੀ ਨਿਦੇਸ਼ਾਲਿਆ ਨਵੀਂ ਦਿੱਲੀ ਵੱਲੋਂ ਪੰਜਾਹ ਹਜ਼ਾਰ ਰੁਪਏ ਦਾ ਪੁਰਸਕਾਰ; ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਵੱਲੋਂ ਸ੍ਰੇਸ਼ਟ ਗ੍ਰਾਮੀਣ ਪੱਤਰਕਾਰਿਤਾ ਲਈ ਸਨਮਾਨ; 2008 ਵਿੱਚ ਕੈਥਲ ਦੀ ਸਾਹਿਤ ਸਭਾ ਵੱਲੋਂ ਧੀਰਜ ਤ੍ਰਿਖਾ ਯਾਦਗਾਰੀ ਪੱਤਰਕਾਰੀ ਸਨਮਾਨ; ਪੰਜਾਬ ਹਿੰਦੀ ਸਾਹਿਤ ਅਕਾਦਮੀ, ਫਗਵਾੜਾ ਵੱਲੋਂ ਸਵਰਗੀ ਡਾ. ਚੰਦਰਸ਼ੇਖਰ ਯਾਦਗਾਰੀ ਸਨਮਾਨ; ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ 2010 ਵਿਚ ਦੇਸ਼ਬੰਧੂ ਗੁਪਤ ਸਾਹਿਤਕ ਪੱਤਰਕਾਰੀ ਲਈ ਇੱਕ ਲੱਖ ਰੁਪਏ ਦਾ ਪੁਰਸਕਾਰ; ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿੱਚ ਲਘੂ ਕਹਾਣੀਆਂ ਸ਼ਾਮਲ ਆਦਿ।  
    ਉਹ ਆਪਣੀਆਂ ਰਚਨਾਵਾਂ ਦਾ ਪਾਠ ਜਲੰਧਰ, ਸ਼ਿਮਲਾ, ਰੋਹਤਕ, ਹਿਸਾਰ, ਚੰਡੀਗੜ੍ਹ ਦੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਕੇਂਦਰਾਂ ਤੋਂ ਅਕਸਰ ਕਰਦੇ ਰਹਿੰਦੇ ਹਨ। ਅੱਜਕੱਲ੍ਹ ਉਹ 'ਨਭਛੋਰ' (ਸ਼ਾਮ ਦੈਨਿਕ) ਨਾਲ ਜੁੜੇ ਹੋਏ ਹਨ। 
    ਕਮਲੇਸ਼ ਭਾਰਤੀ ਦੀਆਂ ਕਹਾਣੀਆਂ ਦੇ ਵਿਸ਼ੇ ਆਮ ਜੀਵਨ ਵਿੱਚੋਂ ਹੀ ਹੁੰਦੇ ਹਨ ਤੇ ਉਨ੍ਹਾਂ ਨੂੰ ਅਜਿਹੀ ਕਲਾਤਮਕਤਾ ਨਾਲ ਪੇਸ਼ ਕਰਦੇ ਹਨ ਕਿ ਪਾਠਕ ਮੰਤਰਮੁਗਧ ਹੋ ਕੇ ਉਨ੍ਹਾਂ ਨੂੰ ਪੜ੍ਹਨ ਵਿਚ ਖੁੱਭ ਜਾਂਦਾ ਹੈ। ਉਨ੍ਹਾਂ ਨੂੰ ਕਹਾਣੀ ਨਾਲ ਬਚਪਨ ਤੋਂ ਹੀ ਲਗਾਓ ਰਿਹਾ ਹੈ। ਆਪਣੀਆਂ ਯਾਦਾਂ ਵਿੱਚ ਉਹ ਲਿਖਦੇ ਹਨ ਕਿ ਉਨ੍ਹਾਂ ਨੂੰ ਛੋਟੇ ਹੁੰਦਿਆਂ ਦਾਦੀ ਤੋਂ ਕਹਾਣੀ ਸੁਣੇ ਬਿਨਾਂ ਨੀਂਦ ਨਹੀਂ ਸੀ ਆਉਂਦੀ।... "ਕਹਾਣੀਆਂ ਉਹੀ ਰਾਜ ਕੁਮਾਰ, ਪਰੀ ਅਤੇ ਰਾਕਸ਼ ਦੀਆਂ ਹੀ ਹੁੰਦੀਆਂ ਸਨ। ਰਾਜਕੁਮਾਰ ਸੋਹਣੀ ਪਰ ਮਜਬੂਰ ਰਾਜਕੁਮਾਰੀ ਜਾਂ ਪਰੀ ਨੂੰ ਰਾਖਸ਼ ਤੋਂ ਛੁਡਾਉਣ ਲਈ ਪੂਰਾ ਜ਼ੋਰ ਲਾ ਦਿੰਦਾ ਸੀ। ਅੱਜ ਜਦੋਂ ਉਮਰ ਦੇ ਇਸ ਮੋੜ ਤੇ ਆ ਗਿਆ ਹਾਂ ਤਾਂ ਲੱਗਦਾ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਰਾਜ ਕੁਮਾਰ ਦਾ ਸਾਹਮਣਾ ਕਿਸੇ ਨਾ ਕਿਸੇ ਰਾਖਸ਼ ਨਾਲ ਹੁੰਦਾ ਹੈ। ਉਹ ਸੁੰਦਰੀ ਕੋਈ ਵੀ ਹੋ ਸਕਦੀ ਹੈ- ਨੌਕਰੀ, ਪਦਵੀ, ਪ੍ਰਾਪਤੀ, ਪੁਰਸਕਾਰ, ਮਾਣ ਸਨਮਾਨ। ਰਾਜਕੁਮਾਰ ਸੰਘਰਸ਼ ਵਿੱਚ ਲੱਗੇ ਰਹਿੰਦੇ ਹਨ..।"
     ਉਹ ਦੱਸਦੇ ਹਨ ਕਿ 1990 ਤੋਂ ਪੂਰਨ ਤੌਰ ਤੇ ਪੱਤਰਕਾਰੀ ਵਿਚ ਆਉਣ ਪਿੱਛੋਂ ਇਹ ਸਮਾਂ ਖ਼ਲਨਾਇਕ ਹੋ ਗਿਆ ਅਤੇ ਲੰਮੀਆਂ ਕਹਾਣੀਆਂ ਲਿਖਣ ਦਾ ਸਮਾਂ ਨਹੀਂ ਰਿਹਾ। ਇਸ ਲਈ ਲਘੂ ਕਹਾਣੀਆਂ ਵਿੱਚ ਜ਼ਿਆਦਾ ਕਾਰਜਸ਼ੀਲ ਰਹੇ। ਫਿਰ ਵੀ ਜਾਦੂਗਰਨੀ, ਭੁਗਤਾਨ, ਤੀਨ ਦ੍ਰਿਸ਼: ਏਕ ਚਿਹਰਾ, ਹਿੱਸੇਦਾਰ ਵਰਗੀਆਂ ਕਹਾਣੀਆਂ ਦੈਨਿਕ ਟ੍ਰਿਬਿਊਨ ਦੀ ਉਪ ਸੰਪਾਦਕੀ ਦੌਰਾਨ ਹੀ ਲਿਖੀਆਂ ਗਈਆਂ। ਏਕ ਸੂਰਜਮੁਖੀ ਕੀ ਅਧੂਰੀ ਪਰਿਕ੍ਰਮਾ, ਯਹ ਆਮ ਰਾਸਤਾ ਨਹੀਂ ਹੈ ਅਤੇ ਕਠਪੁਤਲੀ ਵਰਗੀਆਂ ਕਹਾਣੀਆਂ ਨਾਰੀ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਰੇਖਾਂਕਿਤ ਕਰਦੀਆਂ ਹਨ।
    ਉਨ੍ਹਾਂ ਨੇ ਪਾਠਕਾਂ ਤਕ ਪਹੁੰਚਣ ਲਈ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਸਭ ਤੋਂ ਵੱਡਾ ਪ੍ਰਯੋਗ ਇਹ ਕਿ ਖੁਦ ਅਮੇਜ਼ਨ ਬਣ ਕੇ ਕਿਤਾਬਾਂ ਨੂੰ ਮਿੱਤਰਾਂ ਤਕ ਪਹੁੰਚਾਉਣ ਲੱਗੇ। ਉਨ੍ਹਾਂ ਦੀਆਂ ਕਈ ਕਹਾਣੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਲਿਖਣ ਵਿੱਚ ਕਈ- ਕਈ ਸਾਲਾਂ ਦਾ ਸਮਾਂ ਲੱਗ ਗਿਆ, ਜਿਵੇਂ "ਅਪਡੇਟ" ਕਹਾਣੀ ਲਿਖਣ ਲਈ ਅੱਠ ਸਾਲ ਲੱਗ ਗਏ। ਉਹ ਇਸ ਗੱਲ ਦੇ ਹਾਮੀ ਹਨ ਕਿ ਲੇਖਕ ਨਾਲੋਂ ਉਹਦੀ ਗੱਲ ਜ਼ਿਆਦਾ ਬੋਲਦੀ ਹੈ। 
     ਕਮਲੇਸ਼ ਦੀ ਇੱਕ ਹੋਰ ਵਿਸ਼ੇਸ਼ਤਾ ਹੈ- ਉਨ੍ਹਾਂ ਦਾ ਅਤਿਅੰਤ ਨਿਰਮਾਣ ਹੋਣਾ। ਇਹੋ ਗੁਣ ਉਨ੍ਹਾਂ ਦੀ ਸ਼ਖ਼ਸੀਅਤ ਦਾ ਮੀਰੀ ਗੁਣ ਕਿਹਾ ਜਾ ਸਕਦਾ ਹੈ, ਜਿਸ ਨਾਲ ਉਹ ਕਿਸੇ ਨੂੰ ਵੀ ਕੀਲਣ ਦੀ ਸਮਰੱਥਾ ਰੱਖਦੇ ਹਨ। ਉਹ ਹਮੇਸ਼ਾ ਛੋਟੇ ਤੋਂ ਛੋਟੇ ਲੇਖਕ ਨੂੰ ਵੀ ਉਤਸ਼ਾਹਿਤ ਕਰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ 'ਪਾਠਕ ਮੰਚ' ਵਿੱਚ ਸੈਂਕੜੇ ਹੀ ਅਜਿਹੇ ਉੱਭਰਦੇ ਲੇਖਕ ਸ਼ਾਮਲ ਹਨ, ਜਿਨ੍ਹਾਂ ਨੂੰ ਉਹ ਪ੍ਰੇਰਿਤ ਕਰਕੇ ਚੰਗੇਰਾ ਲਿਖਣ ਲਈ ਨਵਾਂ ਜੋਸ਼ ਭਰਦੇ ਰਹਿੰਦੇ ਹਨ। ਆਪਣੇ ਛੋਟੇ ਕੱਦ ਦੇ ਬਾਵਜੂਦ ਕਮਲੇਸ਼ ਨੇ ਹਿੰਦੀ ਕਥਾ-ਲੇਖਨ ਵਿਚ ਜੋ ਸਥਾਨ ਬਣਾਇਆ ਹੈ, ਉਸ ਤੋਂ ਸਾਰੇ ਭਲੀਭਾਂਤ ਪਰਿਚਿਤ ਹਨ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਦੇ ਲੇਖਕਾਂ/ਪਾਠਕਾਂ ਦੇ ਨਾਲ-ਨਾਲ ਉਹ ਦੇਸ਼-ਵਿਦੇਸ਼ ਵਿੱਚ ਵੱਸਦੇ ਹਰ ਲੇਖਕ, ਪਾਠਕ, ਰਾਜਨੀਤੀਵਾਨ, ਪ੍ਰਸ਼ਾਸਨਿਕ ਅਧਿਕਾਰੀ, ਨਾਟਕਕਾਰ, ਫਿਲਮਕਾਰ ਆਦਿ ਨਾਲ ਜੁੜੇ ਹੋਏ ਹਨ।  
    ਹਿੰਦੀ ਦੀ ਸ਼ਾਇਦ ਹੀ ਅਜਿਹੀ ਕੋਈ ਪੱਤਰ-ਪੱਤ੍ਰਿਕਾ ਹੋਵੇ, ਜਿਸ ਵਿਚ ਉਨ੍ਹਾਂ ਦੀ ਕੋਈ ਰਚਨਾ ਪ੍ਰਕਾਸ਼ਿਤ ਨਾ ਹੋਈ ਹੋਵੇ। ਇਵੇਂ ਹੀ ਹਿੰਦੀ ਦਾ ਸ਼ਾਇਦ ਹੀ ਕੋਈ ਅਜਿਹਾ ਲੇਖਕ/ਪਾਠਕ ਹੋਵੇ, ਜੋ ਉਨ੍ਹਾਂ ਦੇ ਨਾਂ ਤੋਂ ਅਣਜਾਣ ਹੋਵੇ। ਹਿੰਦੀ ਹੀ ਕਿਉਂ, ਪੰਜਾਬੀ ਸਮੇਤ ਹੋਰ ਭਾਸ਼ਾਵਾਂ ਦੇ ਲੇਖਕ/ਪਾਠਕ ਵੀ ਉਨ੍ਹਾਂ ਦੇ ਨਾਂ ਅਤੇ ਕੰਮ ਤੋਂ ਚੰਗੀ ਤਰ੍ਹਾਂ ਪਰਿਚਿਤ ਹਨ।  
    ਫੇਸਬੁੱਕ/ਵ੍ਹੱਟਸਐਪ ਉਤੇ ਹਮੇਸ਼ਾ 'ਅਪਡੇਟ' ਰਹਿਣ ਵਾਲੇ ਇਸ ਬਹੁਰੰਗੀ ਲੇਖਕ ਲਈ ਸਾਡੀ ਕਾਮਨਾ ਹੈ ਕਿ ਉਨ੍ਹਾਂ ਦੀ ਉਮਰ ਦਰਾਜ਼ ਹੋਵੇ ਅਤੇ ਉਹ ਇਸੇ ਤਰ੍ਹਾਂ ਪੁੰਗਰਦੇ ਲੇਖਕਾਂ ਲਈ ਮਾਰਗ-ਦਰਸ਼ਨ ਕਰਦੇ ਰਹਿਣ ਤੇ ਨਵੀਂਆਂ ਕਥਾ-ਕਹਾਣੀਆਂ ਰਾਹੀਂ ਸਮਾਜ ਨੂੰ ਰੁਸ਼ਨਾਉਂਦੇ ਰਹਿਣ। 
Have something to say? Post your comment