ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਮਾਨਸਾ, 13 ਜਨਵਰੀ (ਬਿਕਰਮ ਸਿੰਘ ਵਿੱਕੀ):- ਸਰਕਾਰੀ ਮਿਡਲ ਸਕੂਲ ਮਾਨਸਾ ਖੁਰਦ ਵਿਖੇ ਆਸਰਾ ਲੋਕ ਸੇਵਾ ਕਲੱਬ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਪ੍ਰਾਜੈਕਟ ਚੇਅਰਮੈਨ ਤਰਸੇਮ ਚੰਦ ਸੇਮੀ ਨੇ ਦੱਸਿਆ ਕਿ ਲੋਹੜੀ ਪ੍ਰਚੰਡ ਕਰਨ ਦੀ ਰਸਮ ਐਸ. ਡੀ. ਐਮ. ਸ਼ਿਖਾ ਭਗਤ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਮੂੰਗਫਲੀ, ਰਿਉੜੀਆਂ ਅਤੇ ਗੱਚਕਾਂ ਆਦਿ ਵੰਡੀਆਂ ਗਈਆਂ। ਐਸ. ਡੀ. ਐਮ. ਸ਼ਿਖਾ ਭਗਤ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਮੈਨੂੰ ਬੱਚਿਆਂ ਵਿੱਚ ਲੋਹੜੀ ਮਨਾਉਣ ਦਾ ਮੌਕਾ ਮਿਲਿਆ ਅਤੇ ਛੋਟੇ ਛੋਟੇ ਬੱਚਿਆਂ ਵਿੱਚ ਲੋਹੜੀ ਵੰਡ ਕੇ ਅਤੇ ਲੋੜਵੰਦ ਬੱਚਿਆਂ ਵਿੱਚ ਲੋਹੜੀ ਮਨਾ ਕੇ ਬਹੁਤ ਜ਼ਿਆਦਾ ਖ਼ੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਲੋਹੜੀ ਦਾ ਤਿਉਹਾਰ ਹੀ ਨਹੀਂ ਸਗੋਂ ਹਰ ਤਿਉਹਾਰ ਰਲ ਮਿਲ ਕੇ ਅਤੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ। ਕਲੱਬ ਵੱਲੋਂ ਐਸ. ਡੀ. ਐਮ. ਸ਼ਿਖਾ ਭਗਤ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਰਮਿੰਦਰ ਕੌਰ ਇੰਚਾਰਜ ਸ਼ਿਵਾਨੀ ਗੁਪਤਾ, ਪ੍ਰਿੰਸੀਪਲ ਸੰਜੀਵ ਕੁਮਾਰ, ਤਰਸੇਮ ਚੰਦ ਸੇਮੀ, ਸ਼ੈਂਟੀ ਸ਼ਰਮਾ, ਹੈਪੀ ਅਰੋੜਾ ਸ਼ਾਮਲ ਆਦਿ ਮੌਜੂਦ ਸਨ।