ਕਿਸਾਨੀ ਦੀ ਆਵਾਜ਼ ਬੁਲੰਦ ਕਰਨ ਲਈ ਗਿਆਰਾਂ ਹਜਾਰ ਫੁੱਟ ਉੱਚੀ ਬਰਫ਼ੀਲੀ ਚੋਟੀ ਜੋਤ ਪਾਸ ਦੱਰੇ ਤੇ ਲਹਿਰਾਆ ਕਿਸਾਨੀ ਝੰਡਾ
ਮਾਨਸਾ ( ਤਰਸੇਮ ਸਿੰਘ ਫਰੰਡ ) ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਵੇਲੇ ਪੂਰੀ ਦੁਨੀਆਂ ਚ ਚਮਕਿਆ ਹੋਇਆ ਹੈ । ਦੇਸਾਂ ਵਿਦੇਸ਼ਾਂ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਚ ਆਵਾਜਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਨੇ । ਪੰਜਾਬ ਦੀ ਨੌਜਵਾਨੀ ਦਾ ਗਰਮ ਲਹੂ ਸਮੇਂ ਦੇ ਹਾਕਮਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ । ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਸਪੁੱਤਰ ਸਰਦਾਰ ਅਵਤਾਰ ਸਿੰਘ ( ਕਾਨੂੰਗੋ) ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਡਲਹੌਜ਼ੀ ( ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਰਫ਼ੀਲੀ ਚੋਟੀ ਜੋਤ ਪਾਸ ਦੱਰੇ ( ਗਿਆਰਾਂ ਹਜ਼ਾਰ ਫੁੱਟ ਉਚਾਈ ਤੇ ਲਹਿਰਾ ਕੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਆਵਾਜ ਨੂੰ ਹੋਰ ਹੁਲਾਰਾ ਦਿੱਤਾ ਹੈ । ਇਹ ਨੌਜਵਾਨ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਵਿਭਾਗ ਵਿੱਚ ਆਪਣੀ ਮਾਸਟਰ ਦੀ ਡਿਗਰੀ ਕਰ ਰਿਹਾ ਹੈ , ਇਤਿਹਾਸ ਨਾਲ ਸੰਬੰਧਿਤ ਥਾਵਾਂ 'ਤੇ ਪਹਾੜੀ ਇਲਾਕਿਆਂ ਦੀ ਯਾਤਰਾ ਕਰਨਾ ਅਤੇ ਹੋਰਨਾਂ ਗਤੀਵਿਧੀਆਂ ਦੁਆਰਾ ਘੁੰਮਣ ਫਿਰਨ ਦਾ ਸ਼ੌਕ ਰੱਖਦਾ ਹੈ । ਇਸ ਨੌਜਵਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ ( ਭਾਰਤ ਦੇ ਸਭ ਤੋਂ ਉੱਚ ਕੋਟੀ ਦੇ ਵਿਦਿਆਲਿਆ ) ਫਫੜੇ ਭਾਈ ਕੇ ਜਿਲ੍ਹਾ ਮਾਨਸਾ ਵਿੱਚ ਆਪਣੀ ਬਾਰਵੀਂ ਜਮਾਤ ਪਾਸ ਕੀਤੀ ਹੈ ਇਹ ਜਜ਼ਬਾ ਉਸ ਵਿੱਚ ਕੁਝ ਓਥੇ ਰਹਿ ਕੇ 'ਤੇ ਕੁਝ ਆਪਣੇ ਸ਼ੌਕ ਵਜੋਂ ਉਪਜਿਆ ਹੈ। " 6 ਜਨਵਰੀ ਨੂੰ ਸ਼ੁਰੂ ਹੋਏ ਨਵੇਂ ਸਾਲ ਦਾ ਪਹਿਲਾ ਨੈਸ਼ਨਲ ਐਡਵੈਂਚਰ ਕਮ ਟ੍ਰੈਕਿੰਗ ਕੈਂਪ 2021
ਖੱਜਿਆਰ- ਡਲਹੌਜ਼ੀ (ਹਿਮਾਚਲ ਪ੍ਰਦੇਸ਼ ) ਵਿਖੇ ਲਗਾਇਆ ਗਿਆ। ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ਉੱਪਰ ਆਪਣੇ ਜਿਲ੍ਹੇ 'ਤੇ ਪੰਜਾਬ ਰਾਜ ਵੱਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਹੀ ਰਾਹ ਉੱਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ । ਇਸ ਤੋਂ ਇਲਾਵਾ ਲਵਪ੍ਰੀਤ ਨੇ ਚੰਦਰਖਾਨੀ ਅਤੇ ਰੋਹਤਾਂਗ ਦੱਰੇ ਵਰਗੇ ਕਈ ਹੋਰ ਟ੍ਰੈਕਾਂ ਓੁਪਰ ਟ੍ਰੈਕਿੰਗ ਕਰ ਚੁੱਕਾ ਹੈ ਅਤੇ ਅੱਗੇ ਉਸਦੀ ਤਿਆਰੀ ਬੇਸਿਕ ਮਾਉਂਟੇਨੀਅਰਿੰਗ ਕੋਰਸ ਅਤੇ ਮਾਉਂਟ ਐਵਰੇਸਟ ਬੇਸ ਕੈਂਪ ਲਗਾਉਣ ਦੀ ਤਿਆਰੀ ਹੈ।
6 ਜਨਵਰੀ ਨੂੰ ਲਵਪ੍ਰੀਤ ਸਮੇਤ ਅੰਗਰੇਜ਼ ਸਿੰਘ (ਰਾਜਗੜ ਕੁੱਬੇ), ਅਮਰਿੰਦਰ ਸਿੰਘ(ਯਾਤਰੀ),ਹਰਜਿੰਦਰ ਸਿੰਘ(ਕੋਟਲੀ ਅਬਲੂ),ਕੋਟ ਫੱਤਾ ਦੇ ੩ ਨੌਜਵਾਨ -ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ,ਜਸਵੰਤ ਸਿੰਘ ਅਤੇ ਹੋਰ ੧੦ ਰਾਜਾਂ ਦੇ ਨੌਜਵਾਨਾਂ ਨੇ ਖੱਜਿਆਰ ਦੇ ਇਸ ਜੋਤ ਪਾਸ ਦਰਾ ਦੀ ਗਿਆਰਾਂ ਹਜ਼ਾਰ ਉੱਚੀ ਬਰਫੀਲੀ ਉੱਚੀ ਚੋਟੀ ਕਿਸਾਨੀ ਸੰਘਰਸ ਹੱਕ ਵਿੱਚ ਕਿਸਾਨੀ ਝੰਡਾ ਲਹਿਰਾਇਆ । ਇਸ ਮੌਕੇ ਉਨ੍ਹਾਂ ਬਰਫੀਲੀ ਚੋਟੀ ਉੱਪਰ ਜਿਸ ਨਾਲ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਪ੍ਰਦਰਸ਼ਨ ਦਾ ਇੱਕ ਨਵਾਂ ਢੰਗ ਸਿਰਜਿਆ।