ਆਵਾਜ਼
*
ਹੱਕ ਅਤੇ ਸੱਚ ਦੀ ਆਵਾਜ਼ ਬਣ ਕੇ,
ਨੀ ਕਿਸਾਨ ਦਿੱਲੀਏ ।
ਬੈਠੇ ਤੇਰੇ ਦਰਾਂ ਉੱਤੇ ਹਿੱਕ ਤਣ ਕੇ,
ਇਕ ਜਾਨ ਦਿੱਲੀਏ ।
ਧਰਤੀ ਦੇ ਪੁੱਤ ਨਾ ਲੁਟੇਰੇ ਦਿੱਲੀਏ,
ਦਬਕੇ ਤੂੰ ਮਾਰਦੀ ।
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ,
ਜੰਗ ਆਰ ਪਾਰ ਦੀ ।
ਰੋਕਿਆ ਵਥੇਰਾ ਸੜਕਾਂ ਵੀ ਪੁੱਟੀਆਂ,
ਆਏ ਧੂੜਾਂ ਪੱਟ ਕੇ ।
ਭੰਨ ਤੋੜ ਰੋਕਾਂ ਦਰਿਆਵੀਂ ਸੁੱਟੀਆਂ,
ਕੈਂਚੀ ਵਾਗੂੰ ਕੱਟ ਕੇ ।
ਜੋਰ ਦੇਖੇ ਕਰ ਕੇ ਵਥੇਰੇ ਦਿੱਲੀਏ,
ਨੀ ਤੂੰ ਗਈ ਹਾਰਦੀ ।
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ,
ਜੰਗ ਆਰ ਪਾਰ ਦੀ ।
ਪਾਣੀ ਦੀਆਂ ਤੋਪਾਂ ਚਲਾਈਆਂ ਬੜੀਆਂ,
ਹਿੱਕ ਤਾਣ ਜਰੀਆਂ ।
ਹੰਝੂ ਗੈਸ ਵਾਲੀਆਂ ਲਾਈਆਂ ਝੜੀਆਂ,
ਫੌਜਾਂ ਨਹੀਂ ਡਰੀਆਂ ।
ਸ਼ੇਰਾਂ ਨਾਲੋਂ ਵੱਡੇ ਸਾਡੇ ਜੇਰੇ ਦਿੱਲੀਏ ,
ਗੱਲ ਨਾ ਹੰਕਾਰ ਦੀ।
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ ,
ਜੰਗ ਆਰ ਪਾਰ ਦੀ ।
ਉਚਿਆਂ ਘਰਾਣਿਆਂ ਨ' ਲਾ ਕੇ ਯਾਰੀਆਂ,
ਡੋਬਦੀ ਕਿਸਾਨੀ ਨੂੰ ।
ਚਾਹੁੰਦੀ ਹੜੱਪਣਾ ਜ਼ਮੀਨਾਂ ਸਾਰੀਆਂ,
ਰੋਲ ਕੇ ਜਵਾਨੀ ਨੂੰ ।
ਪੁੱਟੀ ਜਾਵੇਂ ਖਾਬਾਂ ਦੇ ਬਨੇਰੇ ਦਿੱਲੀਏ,
ਗੱਲ ਨਾ ਵਿਚਾਰਦੀ।
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ,
ਜੰਗ ਆਰ ਪਾਰ ਦੀ ।
ਪੋਹ ਦੀਆਂ ਰਾਤਾਂ 'ਚ ਕਿਸਾਨ ਠਰਦਾ,
ਬੈਠੀ ਝੁੰਬ ਮਾਰ ਕੇ ।
ਬਾਲ ਬੱਚਾ ਆ ਗਿਆ ਹੈ ਨਾਲ ਘਰਦਾ,
ਤੈਥੋਂ ਅੱਕ ਹਾਰ ਕੇ ।
ਘਰੋ ਘਰੀ ਪਾਏ ਤੂੰ ਹਨੇਰੇ ਦਿੱਲੀਏ ,
ਚਮਕਾਰੇ ਮਾਰਦੀ,
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ,
ਜੰਗ ਆਰ ਪਾਰ ਦੀ ।
ਕਾਲਿਆਂ ਕਾਨੂੰਨਾਂ ਤਾਈਂ ਰੱਦ ਕਰ ਦੇ ,
ਭਲਾ ਹੋਵੇ ਦੇਸ਼ ਦਾ ।
ਦੁਖਦੀ ਤੂੰ ਰਗ 'ਤੇ ਮਲਮ ਧਰਦੇ,
ਖਾਤਮਾ ਕਲੇਸ਼ ਦਾ ।
ਗੱਲੀਂ ਬਾਤੀਂ ਮੁੱਕਣੇ ਨਾ ਘੇਰੇ ਦਿੱਲੀਏ,
'ਰੂਪ ' ਗੱਲ ਸਾਰ ਦੀ ।
ਇਕੋ ਨਾਹਰਾ ਗੂੰਜਦਾ ਚੁਫੇਰੇ ਦਿੱਲੀਏ,
ਜੰਗ ਆਰ ਪਾਰ ਦੀ ।
*
ਰੂਪ ਲਾਲ ਰੂਪ