Friday, February 26, 2021
FOLLOW US ON

Article

ਮਿੱਟੀ ਦੀ ਜਾਤ ( ਮਿੰਨੀ ਕਹਾਣੀ) - ਸਤਨਾਮ ਸਮਾਲਸਰੀਆ

January 24, 2021 01:20 AM

ਮਿੱਟੀ ਦੀ ਜਾਤ ( ਮਿੰਨੀ ਕਹਾਣੀ)
ਬਾਬਾ ਗੇਬਾ ਗੁਰਦੁਆਰਾ ਸੰਗਤਸਰ ਵਿੱਚ ਪਿਛਲੇ 30 ਵਰ੍ਹਿਆਂ ਤੋਂ ਗਾਜੀ ਦੀ ਸੇਵਾ ਨਿਭਾ ਰਿਹਾ ਸੀ। ਉਹ ਪਿੰਡ ਮੱਲਕਿਆਂ ਦੇ ਇੱਕ ਗਰੀਬ ਪਰਿਵਾਰ ਦਾ ਸੀ ਅਤੇ ਉਸਦੇ ਮਾਂ ਬਾਪ ਬਚਪਨ ਵਿੱਚ ਹੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਦੋਂ ਉਸਨੂੰ ਪਾਲਣ ਵਾਲਾ ਕੋਈ ਦਾਦਾ ਦਾਦੀ , ਚਾਚਾ ਚਾਚੀ ਵੀ ਨਹੀਂ ਸੀ। ਇਸ ਕਰਕੇ ਪਿੰਡ ਦਾ ਇੱਕ ਗਿਆਨੀ ਸਾਧੂ ਸਿੰਘ ਉਸਨੂੰ ਆਪਣੇ ਨਾਲ ਗੁਰਦੁਆਰਾ ਸੰਗਤਸਰ ਵਿੱਚ ਲੈ ਗਿਆ ਸੀ ਉਦੋਂ ਉਸਦੀ ਉਮਰ ਮਸਾਂ 5 ਕੁ ਵਰਿਆਂ ਦੀ ਸੀ। ਬਾਬਾ ਸਾਧੂ ਸਿੰਘ ਆਪ ਵੀ ਇਕੱਲਾ ਹੀ ਸੀ। ਉਸਦਾ ਕੋਈ ਪਰਿਵਾਰ ਨਹੀਂ ਸੀ । ਉਸਨੇ ਗੇਬੇ ਨੂੰ ਆਪਣੇ ਬੱਚਿਆਂ ਵਾਂਗ ਪਲਿਆਂ ਅਤੇ ਗੁਰਮੁੱਖੀ ਪੜ੍ਹਨੀ ਸਿਖਾਈ । ਹੁਣ ਗੇਬਾ ਭਰ ਜੋਬਨ ਵਿੱਚ ਸੀ ਅਤੇ ਗੁਰੂ ਦਾ ਸੱਚਾ ਸਿੱਖ ਬਣ ਕੇ ਗੁਰਬਾਣੀ ਨਿੱਤਨੇਮ ਅਨੁਸਾਰ ਪੜ੍ਹਦਾ ਅਤੇ ਸਵੇਰੇ ਸ਼ਾਮ ਨੜੇ ਨੇੜੇ ਦੇ ਪਿੰਡਾਂ ਤੋਂ ਗਜਾ ਕਰ ਕੇ ਲਿਆਉਂਦਾ ਨੇੜਲੇ ਪਿੰਡਾਂ ਦੇ ਸਾਰੇ ਲੋਕ ਉਸਨੂੰ ਬਹੁਤ ਚੰਗੀ ਤਰ੍ਹਾਂ ਜਾਨਣ ਲੱਗ ਪਏ ਸਨ। ਉਸਦਾ ਧਰਮ ਦਾ ਪਿਤਾ ਸਾਧੂ ਸਿੰਘ ਤਾਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ ਅਤੇ ਗੇਬਾ ਉਸਦੇ ਦਰਸਾਏ ਰਾਹ ਉੱਤੇ ਚਲਦਾ ਆ ਰਿਹਾ ਸੀ। ਇੱਕ ਦਿਨ ਉਹ ਪੰਜਗਰਾਂਈ ਦੇ ਪੁਲ ਕੋਲੋ ਗਜਾ ਕਰਕੇ ਗਿਆਰਾ ਕੁ ਵਜੇ ਦੇ ਕਰੀਬ ਵਾਪਿਸ ਮੁੜ ਰਿਹਾ ਸੀ। ਉਹ ਪੁਲ ਦੇ ਕੋਲ ਬਣੇ ਸੈੱਡ ਵਿੱਚ ਰੋਜ਼ਾਨਾਂ ਦੀ ਤਰ੍ਹਾਂ ਇੱਕ ਮੰਦਬੁੱਧੀ ਲੜਕਾ ਜਿਹੜਾ ਕਈ ਵਰ੍ਹਿਆਂ ਤੋਂ ਉੱਥੇ ਰਹਿ ਰਿਹਾ ਸੀ ਉਸਨੂੰ ਰੋਟੀ ਖੁਆਉਣ ਲਈ ਵੜਿਆਂ ਤਾਂ ਉਸਨੇ ਦੇਖਿਆ ਕਿ ਉਸਦੀਆਂ ਅੱਖਾਂ ਚੜੀਆਂ ਹੋਈਆਂ , ਹੱਥ ਪੈਰ ਨੀਲੇ ਪਏ ਹੋਏ ਸਨ । ਸਰੀਰ ਵਿੱਚ ਕੋਈ ਸਾਹ ਬਾਕੀ ਨਹੀ ਬਚਿਆ ਸੀ ।ਉਸਨੇ ਮੂੰਹ ਵਿੱਚ ਕਿਹਾ ,' ਵਾਹਿਗੁਰੂ ' ਭਲਾ ਕਰੀਂ। ਉਸਦੀਆਂ ਅੱਖਾਂ ਆਪਣੇ ਹੱਥਾਂ ਦੀ ਛੋਹ ਨਾਲ ਬੰਦ ਕਰ ਦਿੱਤੀਆ । ਉਹ ਉਸਨੂੰ ਹਰ ਰੋਜ਼ ਰੋਟੀ ਖੁਆ ਕੇ ਜਾਂਦਾ ਸੀ , ਅਤੇ ਲੋੜੀਂਦੇ ਕੱਪੜੇ ਵੀ ਦੇ ਕੇ ਜਾਂਦਾ ਸੀ। ਸ਼ਾਇਦ ਲਾਵਾਰਸ਼ ਹੋਣ ਦਾ ਦਰਦ ਸਭ ਤੋਂ ਵੱਧ ਉਸਨੇ ਹੰਢਾਇਆ ਸੀ। ਉਸਨੇ ਪੁਲ ਦੇ ਕੋਲ ਬੋਹੜ ਹੇਠ ਲੱਗੇ ਤਖਤਪੋਸ਼ ਉੱਤੇ ਬੈਠੇ ਕੁਝ ਜੱਟਾਂ , ਮਜ੍ਹਬੀਆਂ ਅਤੇ ਕਈ ਹੋਰ ਜਾਤਾਂ ਦੇ ਬੈਠੇ ਬੰਦੇ ਜਿਹੜੇ ਤਾਸ਼ ਖੇਡ ਰਹੇ ਸਨ ਉਹਨਾਂ ਵਿੱਚੋਂ ਦੋ ਬੰਦਿਆਂ ਦੇ ਨਾਮ ਲੈ ਕੇ ਆਵਾਜ਼ ਮਾਰੀ , ' ਬਾਈ ਜੈਲਿਆਂ, ਬਾਈ ਸ਼ਿੰਦਿਆ , ਆਈ ਕੇਰਾਂ ਯਰ ! ਆਹ ਗੁਰੂ ਦਾ ਪਿਆਰਾ ਤਾਂ ਵਾਹਿਗੁਰੂ ਨੂੰ ਪਿਆਰਾ ਹੋ ਗਿਆ ਏ, ਉਨ੍ਹਾਂ ਨੇ ਉਸਦੀ ਗੱਲ ਕੋਈ ਧਿਆਨ ਨਾ ਦਿੱਤਾ ਅਤੇ ਆਪਣੀ ਬਾਜ਼ੀ ਵਿੱਚ ਰੁੱਝੇ ਰਹੇ। ਉਹ ਹੁਣ ਉਨ੍ਹਾਂ ਦੇ ਕੋਲ ਜਾ ਕੇ ਕਹਿਣ ਲੱਗਾ ਉਏ ਭਰਾਵੋ !  ਆਓ ਯਰ ਆਪਾਂ ਉਹਦੀ ਮਿੱਟੀ ਨੂੰ ਬਿਲੇ ਲਾ ਦੇਈਏ , ਆਹ ਨਹਿਰ ਕੋਲ ਬਣੇ ਜੱਟਾਂ ਜਾਂ ਮਜ਼੍ਹਬੀਆਂ ਦੇ ਬਣੇ ਸਮਸ਼ਾਨ ਘਾਟ ਵਿੱਚੋਂ ਕਿਸੇ ਇੱਕ ਦੇ ਸਮਸ਼ਾਨ ਘਾਟ ਵਿੱਚ ਇਸਦਾ ਸੰਸਕਰ ਕਰ ਦਿੰਦੇ ਹਾਂ। ਹੁਣ ਸਾਰੇ ਆਪਣੇ ਤਾਸ਼ ਦੇ ਪੱਤੇ ਸੁੱਟੇ ਕੇ ਉਸ ਵੱਲ ਭੂਸਰੇ ਸਾਨ ਵਾਂਗ ਝਾਕਣ ਲੱਗੇ ਅਤੇ ਕਹਿਣ ਲੱਗੇ, ਇਹ ਉਏ ! ਅਸੀਂ ਇਹਦਾ ਸੰਸਕਾਰ ਕਿਉਂ ਕਰਨ ਦੇਈਏ ਆਪਣੇ ਸਿਵਿਆਂ ਵਿੱਚ ਤੈਨੂੰ ਇਹਦੀ ਕੋਈ ਜਾਤ ਕੁਜਾਤ ਦਾ ਪਤੈ ਐ , ਅਖੇ ਇਹਦੀ ਮਿੱਟੀ ਬਿਲੇ ਲਾ ਦੇਈਏ।'' ਗੇਬੇ ਨੇ ਕਿਹਾ , ' ਉਏ ਭਲਿਓ ਮਿੱਟੀ ਦੀ ਕੋਈ ਜਾਤ ਨਹੀਂ ਹੁੰਦੀ , ਪ੍ਰਮਾਤਮਾ ਨੇ ਸਾਨੂੰ ਇਨਸਾਨ ਬਣਾ ਕਿ ਭੇਜਿਆ ਹੈ , ਇਹ ਜਾਤਾਂ ਕੁਜਾਤਾਂ ਬੰਦੇ ਦੀਆਂ ਬਣਾਈਆਂ ਨੇ ,ਕਿਉਂ ਏਨੇ ਨਰਦਈ ਬਣਦੇ ਹੋ ਕੋਈ ਕੁੱਤਾ ਬਿੱਲਾ ਉਹਦੀ ਦੇਹ ਖਰਾਬ ਕਰ ਦੇਵੇਗਾ ਰੱਬ ਦਾ ਵਾਸਤਾ ਆਓ ਆਪਾਂ ਰਲ ਕੇ ਉਹਦਾ ਸੰਸਕਾਰ ਕਰ ਦੇਈਏ। ਹੁਣ ਜੈਲਾਂ ਉਹਨੂੰ ਭੱਜ ਕੇ ਪੈ ਗਿਆ ਉਏ ਤੈਨੂੰ ਆਪਣੀ ਜਾਤ ਦਾ ਪਤਾ ਵੱਡਾ ਉਹਦਾ ਹੇਜੀ ਜਾ ਸਾਥੋਂ ਨੀ ਜਾਈਦਾ । ਗੇਬਾ ਬਾਬਾ ਭਰੇ ਹੋਏ ਮਨ ਨਾਲ ਉਹਨਾਂ ਕੋਲੋ ਤੁਰ ਪਿਆ । ਏਨੇ ਨੂੰ ਉਹਨੂੰ ਉੱਥੇ ਦੋ ਬੀਬੀਆਂ ਰੇਹੜੀ ਉੱਤੇ ਲੱਕੜਾਂ ਲੈਣ ਆਉਂਦਿਆਂ ਮਿਲ ਪਈਆਂ ਉਹਨੇ ਸਾਰੀ ਵਿਥਿਆ ਦੱਸ ਕੇ ਉਹਨਾਂ ਤੋਂ ਰੇਹੜੀ ਮੰਗਵੀਂ ਲੈ ਕੇ ਉਸ ਰੱਬ ਦੇ ਭਗਤ ਦੀ ਲਾਸ਼ ਰੇਹੜੀ ਵਿੱਚ ਆਪਣਾ ਸਾਇਕਲ ਉਨ੍ਹਾਂ ਕੋਲ ਖੜ੍ਹਾ ਕੇ ਗੁਰਦੁਆਰੇ ਜਾ ਕੇ ਉਸਦਾ ਸੰਸਕਾਰ ਕਰਨ ਲਈ ਲੈ ਗਿਆ।ਉਹ ਰੇਹੜੀ ਚਲਾਉਂਦਾ ਸੋਚ ਰਿਹਾ ਸੀ ਕਿ ਉਹ ਨਾਨਕ ਬੇ ਆਸਰਿਆਂ ਦਾ ਆਸਰਾ ਹੈ । ਹਰੇਕ ਮਨੁੱਖ ਉਸਦੀ ਸੰਤਾਨ ਹੈ , ਰੱਬਾ ਇਨ੍ਹਾ ਜਾਤਾਂ ਧਰਮਾਂ ਵਾਲਿਆਂ ਨੂੰ ਸਮੱਤ ਬਖਸ਼ ਕਿ ਮਾਨਸ਼ ਤੋਂ ਵੱਡੀ ਜਾਤ ਅਤੇ ਧਰਮ ਕੀ ਹੋ ਸਕਦਾ ਹੈ।

ਸਤਨਾਮ ਸਮਾਲਸਰੀਆ

Have something to say? Post your comment