ਕਿਸਾਨ ਮੋਰਚਾ ਬਨਾਮ 26 ਜਨਵਰੀ
ਕਿਸਾਨ ਅੰਦੋਲਨ ਇਸ ਵੇਲੇ ਸਿਖ਼ਰਾਂ ਤੇ ਹੈ ਭਾਰਤ ਸਰਕਾਰ ਦੀਆਂ ਅੰਦੋਲਨ ਫੇਲ੍ਹ ਕਰਨ ਦੀਆਂ ਚਾਲਾਂ ਵੀ ਚੋਟੀ ਤੇ ਹਨ ਕੇਂਦਰ ਸਰਕਾਰ ਹਰ ਹੀਲਾ ਵਸੀਲਾ ਵਰਤ ਰਹੀ ਹੈ ਕਿ ਕਿਸਾਨ ਸੰਘਰਸ਼ ਜੋ ਪੂਰੇ ਮੁਲਕ ਦਾ ਜਨਹਿਤ ਅੰਦੋਲਨ ਬਣ ਗਿਆ ਹੈ ਉਹ ਕਿਸੇ ਵੀ ਤਰੀਕੇ ਫੇਲ੍ਹ ਹੋ ਜਾਵੇ ਪਰ ਕੁਦਰਤ ਇਸ ਕਿਸਾਨ ਅੰਦੋਲਨ ਵਿੱਚ ਅਜਿਹਾ ਵਰਤਾਰਾ ਖੇਡ ਰਹੀ ਹੈ ਕਿ ਸਰਕਾਰ ਦੀਆਂ ਮਿੱਥੀਆਂ ਸਾਰੀਆਂ ਚਾਲਾਂ ਪੁੱਠੀਆਂ ਪੈ ਰਹੀਆਂ ਹਨ ਜਦ ਕਿ ਕਿਸਾਨ ਜਥੇਬੰਦੀ ਦੀਆਂ ਸਾਰੀਆਂ ਵਿਉਂਤਾਂ ਅੰਦੋਲਨ ਨੂੰ ਵੱਡਾ ਬਲ ਦੇ ਰਹੀਆਂ ਹਨ ,ਰੱਬ ਖ਼ੈਰ ਕਰੇ ਇਹ ਕਿਸਾਨ ਅੰਦੋਲਨ ਕਾਮਯਾਬ ਹੋਵੇ।
ਹੁਣ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ ਦਾ ਅੈਲਾਨ ਕੀਤਾ ਹੈ ਕੇਂਦਰ ਸਰਕਾਰ ਨੇ ਪਹਿਲਾਂ ਦੀ ਤਰ੍ਹਾਂ ਗਣਤੰਤਰ ਦਿਵਸ ਮਨਾਉਣ ਦੀ ਅਾਪਣੀ ਰਸਮ ਕਰਨੀ ਹੀ ਹੈ ਕੇਂਦਰ ਸਰਕਾਰ ਨੂੰ ਇਸ ਵਾਰ ਵੱਡਾ ਝਟਕਾ ਇਹ ਮਿਲਿਆ ਕਿ ਇੰਗਲੈਂਡ ਦੇ ਪ੍ਰਧਾਨਮੰਤਰੀ ਬੋਰਿਸ ਜੋਨਸਨ ਜਿਸ ਨੇ ਗਣਤੰਤਰ ਦਿਵਸ ਤੇ ਮੁੱਖ ਮਹਿਮਾਨ ਵਜੋਂ ਆਓੁਣਾ ਸੀ ਉਸ ਨੇ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ ਆਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਸ ਦੀ ਚਰਚਾ ਦੁਨੀਆਂ ਭਰ ਦੇ ਮੀਡੀਏ ਵਿਚ ਹੋਈ ਹੈ ਅਤੇ ਕੇਂਦਰ ਸਰਕਾਰ ਦੇ ਵੀ ਵਿਦੇਸ਼ਾ ਵਿੱਚ ਚੰਗੀ ਤੋਏ ਤੋਏ ਹੋਈ ਹੈ ਕਿਸਾਨ ਅੰਦੋਲਨ ਦੀ ਗੱਲ ਵੀ ਦੁਨੀਆਂ ਦਾ ਮੀਡੀਆ ਕਰ ਰਿਹਾ ਹੈ ਕਈ ਮੁਲਕਾਂ ਦੀਆਂ ਪਾਰਲੀਮੈਂਟਾਂ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉੱਠੀ ਹੈ ਜਦਕਿ ਦੂਸਰੇ ਪਾਸੇ ਮੋਦੀ ਅਤੇ ਚਾਪਲੂਸ ਮੀਡੀਆ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਰੋਜ਼ ਨਵੀਂਆਂ ਸਕੀਮਾਂ ਅਤੇ ਕਹਾਣੀਆਂ ਘੜ ਰਿਹਾ ਹੈ ਪਰ ਉਨ੍ਹਾਂ ਚੈਨਲਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਹੈ ਕਿੳੁਂਕਿ ਸੋਸ਼ਲ ਮੀਡੀਆ ਨੇ ਮੋਦੀ ਮੀਡੀਆ ਨੂੰ ਬਰਾਬਰ ਦੀ ਟੱਕਰ ਦਿੱਤੀ ਹੋਈ ਹੈ ।
ਕਿਸਾਨ ਅੰਦੋਲਨ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ 10 ਦੌਰ ਦੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਕੋਈ ਵੀ ਗੱਲ ਕਿਸੇ ਕੰਢੇ ਬਣੇ ਨਹੀਂ ਲੱਗ ਰਹੀ ਹੈ ਦੋਹੇਂ ਧਿਰਾਂ ਲਈ ਝੁਕਣਾ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ ਦੋਹਾਂ ਧਿਰਾਂ ਦੇ ਹਾਲਾਤ ਇਹ ਕਹਿ ਰਹੇ ਹਨ ਕਿ "ਜੋ ਡਰ ਗਿਆ ਵੋਹ ਮਰ ਗਿਆ" ਕੇਂਦਰ ਸਰਕਾਰ ਸ਼ੋਲੇ ਫਿਲਮ ਵਾਲੇ ਗੱਬਰ ਸਿੰਘ ਵਾਲਾ ਅੜੀਅਲ ਅਤੇ ਲੁੱਟਣ ਵਾਲਾ ਰੋਲ ਨਿਭਾ ਰਹੀ ਹੈ ਜਦ ਕਿ ਕਿਸਾਨ ਜਥੇਬੰਦੀਆਂ ਬੀਰੂ ਅਤੇ ਅਜੇ ਵਾਂਗ ਲੋਕਾਂ ਦੇ ਵਿਸ਼ਵਾਸ ਤੇ ਖਡ਼੍ਹੀਆਂ ਹਨ ਜਿੱਤ ਹਮੇਸ਼ਾ ਲੋਕ ਵਿਸ਼ਵਾਸ ਦੀ ਹੀ ਹੁੰਦੀ ਹੈ ਪਰ ਲੋਕ ਵਿਸ਼ਵਾਸ ਵਿਚ ਜੋਸ਼ ਤੇ ਹੋਸ਼ ਦੋਵੇਂ ਕੰਟਰੋਲ ਚ ਹੋਣੇ ਚਾਹੀਦੇ ਹਨ ।ਪੰਜਾਬ ਵਾਲਿਆਂ ਦਾ ਲੰਬਾ ਇਤਿਹਾਸ ਇਹ ਰਿਹਾ ਹੈ ਕਿ ਇਹ ਜੋਸ਼ ਪੱਖੋਂ ਕਦੇ ਵੀ ਨਹੀਂ ਹਾਰੇ, ਪਰ ਹੋਸ਼ ਪੱਖੋਂ ਹਮੇਸ਼ਾ ਹੀ ਇਨ੍ਹਾਂ ਨੇ ਮਾਰ ਖਾਧੀ ਹੈ । ਹੁਣ ਤੱਕ ਦੇ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਵੱਡਾ ਰਾਜ਼ ਰਾਜਨੀਤਕ ਪਾਰਟੀਆਂ ਦੀ ਦਖਲ਼ਅੰਦਾਜ਼ੀ ਦਾ ਨਾ ਹੋਣਾ ਜਿਸ ਦਿਨ ਰਾਜਨੀਤਕ ਆਗੂਆਂ ਜਾਂ ਪਾਰਟੀਆਂ ਦੀ ਅੰਦੋਲਨ ਵਿਚ ਘੁਸਪੈਠ ਹੋਗੀ ਜਾਂ ਉਨ੍ਹਾਂ ਨੂੰ ਅੰਦੋਲਨ ਦੇ ਅੰਦਰ ਆਉਣ ਦਾ ਮੌਕਾ ਮਿਲ ਗਿਆ ਉਸੇ ਦਿਨ ਕਿਸਾਨ ਅੰਦੋਲਨ ਨੇ ਫੇਲ੍ਹ ਹੋ ਜਾਣਾ ਹੈ ਕਿਉਂਕਿ ਜੋ ਤਰਸਯੋਗ ਹਾਲਾਤ ਇਸ ਵਕਤ ਲੋਕਾਂ ਨੇ ਰਾਜਨੀਤਕ ਪਾਰਟੀਆਂ ਦੇ ਕਰ ਦਿੱਤੇ ਹਨ ਉਹ ਕਦੇ ਵੀ ਵੇਖਣ ਨੂੰ ਨਹੀਂ ਮਿਲੇ । ਕੋਈ ਆਪਣੀ ਹੋਂਦ ਬਚਾਉਣ ਲਈ ਦਿੱਲੀ ਵਿਖੇ ਜੰਤਰ ਮੰਤਰ ਤੇ ਧਰਨੇ ਦੇ ਰਿਹਾ ਕੋਈ ਪੁੱਠੇ ਸਿੱਧੇ ਬਿਆਨ ਦੇ ਰਿਹਾ ਇਨ੍ਹਾਂ ਲੀਡਰਾਂ ਦੀ ਕੋਈ ਗੱਲ ਨਹੀਂ ਬਣ ਰਹੀ ਹੈ ਕਿਉਂਕਿ ਲੋਕਾਂ ਦਾ ਆਮ ਜਨਤਾ ਦਾ ਇਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਇਨ੍ਹਾਂ ਲੀਡਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ,ਕਿਸਾਨਾਂ ਨਾਲ, ਕੋਮ ਨਾਲ ਦਗਾ ਕੀਤਾ ਹੈ । 1982 ਵਿੱਚ ਵੱਧ ਅਧਿਕਾਰਾਂ ਦੀ ਮੰਗ ਵਾਲਾ ਧਰਮ ਯੁੱਧ ਮੋਰਚੇ ਦਾ ਸੰਘਰਸ਼ ਕਦੇ ਵੀ ਫੇਲ੍ਹ ਨਹੀਂ ਹੋਣਾ ਸੀ ਜੇਕਰ ਰਾਜਨੀਤਕ ਆਗੂਆਂ ਦੀ ਉਸ ਵਿਚ ਆਪਣੀਆਂ ਕੁਰਸੀਆਂ ਦੀ ਲਾਲਸਾ ਖ਼ਾਤਰ ਧੋਖਾਧੜੀ ਨਾ ਹੁੰਦੀ ਇਹਨਾਂ ਲੀਡਰਾਂ ਦੀਆਂ ਗਦਾਰੀਆ ਨੇ ਹੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਅਤੇ ਫੇਰ ਮੋਰਚਾ ਫੇਲ੍ਹ ਹੋਇਆ ।
ਪਰ ਦੁੱਖ ਦੀ ਇਹ ਗੱਲ ਹੈ ਕਿ ਉਸ ਵੇਲੇ ਸਾਡੇ ਕੋਲ ਸਹੀ ਕਮਾਂਡ ਕਰਨ ਵਾਲਾ ਇੱਕ ਧੜੱਲੇਦਾਰ ਲੀਡਰ ਸੀ ਪਰ ਵੱਖ ਵੱਖ ਵਰਗਾਂ ਦਾ ਸਹਿਯੋਗ ਨਹੀਂ ਸੀ ਪਰ ਹੁਣ ਵੱਖ ਵੱਖ ਧਰਮਾਂ ਦਾ ਵੱਖ ਵੱਖ ਵਰਗਾਂ ਦਾ ਵਡਮੁੱਲਾ ਸਹਿਯੋਗ ਮਿਲ ਰਿਹਾ ਹੈ ਪਰ ਹੁਣ ਧੜੱਲੇਦਾਰ ਲੀਡਰ ਨਹੀਂ ਹੈ ਜੋ ਇਸ ਅੰਦੋਲਨ ਨੂੰ ਕਿਸੇ ਕੰਢੇ ਬੰਨੇ ਲਾ ਸਕੇ ਰੱਬ ਖੈਰ ਕਰੇ ਕਿ ਇਨ੍ਹਾਂ ਕਿਸਾਨ ਲੀਡਰਾਂ ਵਿੱਚੋਂ ਹੀ ਕੋਈ ਧੜੱਲੇਦਾਰ ਲੀਡਰ ਸਾਨੂੰ ਮਿਲੇ ਜੋ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਝੰਡਾ ਬੁਲੰਦ ਕਰੇ ।
ਝੰਡਾ ਕਿਵੇਂ ਬੁਲੰਦ ਹੋਵੇ ਪਹਿਲੀ ਗੱਲ ਕਿ 26 ਜਨਵਰੀ ਦਾ ਟੀਚਾ ਸਾਡੀ ਕੋਈ ਆਖ਼ਰੀ ਮੰਜ਼ਿਲ ਨਹੀਂ ਕਿਉਂਕਿ ਸੰਘਰਸ਼ ਨੇ ਅਜੇ ਲੰਬਾ ਚੱਲਣਾ ਹੈ, ਦੂਸਰਾ ਕਿਸਾਨ ਜਥੇਬੰਦੀਆਂ ਇਕ ਸਟੈਂਡ ਅਤੇ ਇਕ ਪਲੇਟਫਾਰਮ ਤੇ ਡਟੀਆਂ ਰਹਿਣ , ਨੌਜਵਾਨੀ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਅਤੇ ਟਕਰਾਅ ਤੋਂ ਬਚੇ , ਅੱਜ ਦੇ ਦੌਰ ਵਿੱਚ ਅਸੀਂ ਇੱਕ ਵੱਡੇ ਦੁਖਾਂਤ ਵਿੱਚੋਂ ਗੁਜ਼ਰ ਰਹੇ ਹਾਂ ,ਸਾਡੇ ਖੇਤੀ ਅਤੇ ਕਿਸਾਨੀ ਗਹਿਰੇ ਸੰਕਟ ਵਿੱਚ ਹੈ ਪਰ ਮੋਰਚੇ ਵੱਲ ਨੂੰ ਰਾਸਤੇ ਵਿੱਚ ਜਾ ਰਹੇ ਟਰੈਕਟਰਾਂ ਟਰਾਲੀਆਂ ਤੇ ਗੰਦੇ ਮੰਦੇ ਗਾਣੇ ਕਿਸ ਖ਼ੁਸ਼ੀ ਦੇ ਵਿੱਚ ਵੱਜ ਰਹੇ ਨੇ, ਭੰਗੜੇ ਕਿਉਂ ਪੈ ਰਹੇ ਨੇ , ਹੋਰ ਅਵਾ ਤਵਾ, ਗੰਦ ਮੰਦ ਅਤੇ ਹੁੱਲੜਬਾਜੀ ਨੂੰ ਸੋਸ਼ਲ ਮੀਡੀਆ ਤੇ ਪਰੋਸਿਆ ਜਾ ਰਿਹਾ ਪਤਾ ਨਹੀਂ ਕਿਂਓੁਂ ? ਇਹ ਗੱਲ ਸਮਝ ਤੋਂ ਬਾਹਰ ਹੈ ਸਰਕਾਰ ਤਾਂ ਚਾਹੁੰਦੀ ਹੈ ਕਿ ਇਹ ਇਸ ਅੰਦੋਲਨ ਚ ਅਜਿਹੀਆਂ ਕਮੀਆਂ ਪੇਸ਼ੀਆਂ ਅਤੇ ਹੋਰ ਤਰੁੱਟੀਆਂ ਆਓੁਣ ਫੇਰ ਮੋਰਚਾ ਫੇਲ੍ਹ ਹੋਵੇ ,ਕਿਸਾਨ ਜਥੇਬੰਦੀਆਂ ਸਮੇਤ ਸਾਨੂੰ ਸਾਰੇ ਲੋਕਾਂ ਨੂੰ ਇਸ ਕਿਸਾਨ ਮੋਰਚੇ ਪ੍ਰਤੀ ਸੁਹਿਰਦਤਾ ਗੰਭੀਰਤਾ , ਸਮਰਪਿਤ ਅਤੇ ਸੱਚੀ ਸੁੱਚੀ ਭਾਵਨਾ ਨਾਲ ਜੁੜਨਾ ਪਵੇਗਾ ,ਕੰਮ ਕਰਨਾ ਪਵੇਗਾ ,ਪਹਿਰਾ ਦੇਣਾ ਪਵੇਗਾ ਕਿਉਂਕਿ ਅੰਦੋਲਨ ਵਿੱਚ ਅਜੇ ਹੋਰ ਵੀ ਬੜੇ ਵੱਡੇ ਉਤਰਾਅ ਚੜ੍ਹਾਅ ਆਓੁਣੇ ਹਨ, 26 ਜਨਵਰੀ ਕਿਸਾਨ ਮੋਰਚੇ ਦੇ ਆਗੂਆਂ ਲਈ ਇਕ ਬੜੇ ਵੱਡੇ ਇਮਤਿਹਾਨ ਦੀ ਘੜੀ ਹੈ ਇਸ ਨੇ ਅਗਲੀਆਂ ਚੁਣੌਤੀਆਂ ਅਤੇ ਮੁਸੀਬਤਾਂ ਮੋਰਚੇ ਨੂੰ ਪੇਸ਼ ਕਰਨੀਆਂ ਹਨ ਸਾਨੂੰ ਬਹੁਤ ਹੀ ਠਰ੍ਹੰਮੇ ਅਤੇ ਹੋਸ਼ ਦੇ ਨਾਲ ਅੱਗੇ ਵਧਣਾ ਹੋਵੇਗਾ ਤਾਂ ਹੀ ਕਿਸੇ ਜਿੱਤ ਦੀ ਆਸ ਰੱਖੀ ਜਾ ਸਕਦੀ ਹੈ । ਆਓ 26 ਜਨਵਰੀ ਦੇ ਮਿੱਥੇ ਟੀਚੇ ਦੀ ਸਫਲਤਾ ਲਈ ਗੁਰੂ ਅੱਗੇ ਅਰਦਾਸ ਕਰੀਏ ਅਤੇ ਵਾਹਿਗੁਰੂ ਮੋਰਚੇ ਦੇ ਅੰਗ ਸੰਗ ਹੋਕੇ ਕਾਮਯਾਬੀ ਦਾ ਬੱਲ ਬਖਸ਼ੇ । ਕਿਸਾਨਾਂ ਦਾ ਰੱਬ ਰਾਖਾ !
ਜਗਰੂਪ ਸਿੰਘ ਜਰਖੜ