ਇੱਕ ਨਜ਼ਰ ਕਿਸਾਨੀ ਸੰਘਰਸ਼ 'ਤੇ
ਤਿੰਨ ਖੇਤੀ ਕਨੂੰਨਾਂ ਦੇ ਹੋਂਦ 'ਚ ਆਉਣ ਕਾਰਨ ਪਿੰਡਾਂ ਸ਼ਹਿਰਾਂ ਵਿੱਚ ਥਾਂ-ਥਾਂ ਚੱਲਦੇ ਰਹੇ ਧਰਨਿਆਂ ਨੇ ਪਿੱਛਲੇ ਲੱਗਭਗ ਦੋ ਮਹੀਨਿਆਂ ਤੋਂ ਦਿੱਲੀ ਵਿੱਚ ਪੱਕੇ ਡੇਰੇ ਲਗਾਏ ਹੋਏ ਹਨ। ਹਰ ਵਰਗ ਅਤੇ ਪੇਸ਼ੇ ਦੇ ਲੋਕ ਕਿਸਾਨੀ ਨੂੰ ਬਚਾਉਣ ਲਈ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਇਹ ਅੰਦੋਲਨ ਦੇਸ ਦੇ ਕੋਨੇ-ਕੋਨੇ 'ਚ ਵਸਦੇ ਹੱਕ ਪਸੰਦ ਅਤੇ ਸਚਾਈ ਪਸੰਦ ਲੋਕਾਂ ਦਾ ਹੈ ਜੋ ਇਸਦਾ ਸਮਰਥਨ ਕਰ ਰਹੇ ਹਨ। ਇਸ ਅੰਦੋਲਨ ਦੇ ਚਲਦੇ ਕੁਝ ਵਿਸ਼ਿਆਂ ਨੂੰ ਛੂਹ ਲੈਣਾ ਜ਼ਰੂਰੀ ਹੈ ਜੋ ਪੂਰਨ ਤੌਰ 'ਤੇ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ।
ਮੀਡੀਆ ਦੀ ਭੂਮਿਕਾ: ਜੇਕਰ ਇਸ ਕਿਸਾਨ ਅੰਦੋਲਨ ਅੰਦਰ ਮੀਡੀਆ ਦੀ ਭੂਮਿਕਾ ਦੇਖੀਏ ਤਾਂ ਵਿਸ਼ੇਸ਼ ਕਰਕੇ ਨੈਸ਼ਨਲ ਮੀਡੀਆ ਦੀ ਭੂਮਿਕਾ ਅਤਿ ਮੰਦਭਾਗੀ ਰਹੀ। ਕਿਸਾਨਾਂ ਨੂੰ ਕਦੇ ਅੱਤਵਾਦੀ, ਵੱਖਵਾਦੀ ਜਿਹੇ ਸ਼ਬਦਾਂ ਨਾਲ ਪ੍ਰਚਾਰਿਆ ਗਿਆ। ਕਿਹਾ ਗਿਆ ਕਿ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ। ਮੀਡੀਆ ਦੀ ਅਜਿਹੀ ਰਿਪੋਰਟਿੰਗ ਕਾਰਨ ਦੇਸਾਂ ਵਿਦੇਸ਼ਾਂ ਵਿੱਚ ਵੀ ਭਾਰਤੀ ਮੀਡੀਆ ਦਾ ਨਾਮ ਬਹੁਤ ਖ਼ਰਾਬ ਹੋ ਚੁੱਕਿਆ ਹੈ।
ਮੀਡੀਆ ਸੁਤੰਤਰ ਹੋ ਕੇ ਵੀ ਨਿਰਪੱਖਤਾ ਨਹੀਂ ਦਿਖਾ ਪਾ ਰਿਹਾ। ਜਿਸ ਕਾਰਨ ਲੋਕਾਂ ਵੱਲੋਂ ਅਜਿਹੇ ਚੈਨਲਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਹੈ ਜੋ ਕਿਸਾਨਾਂ ਨੂੰ ਅਨਪੜ੍ਹ ਦੱਸ ਕੇ ਸਰਕਾਰ ਨੂੰ ਸਹੀ ਦਰਸਾਉਣ ਦੀਆਂ ਬੇਅੰਤ ਕੋਸ਼ਿਸ਼ਾਂ ਕਰਦੇ ਰਹੇ ਹਨ। ਕੁਝ ਅਜਿਹੇ ਚੈਨਲ ਵੀ ਹਨ ਜੋ ਕਿਸਾਨਾਂ ਦਾ ਦਰਦ ਦੁਨੀਆ ਅੱਗੇ ਸਹੀ ਰੂਪ ਵਿਚ ਪੇਸ਼ ਕਰ ਰਹੇ ਹਨ। ਲੰਮੇ ਸਮੇਂ ਤੋਂ ਕਿਸਾਨਾਂ ਦੀ ਅਵਾਜ਼ ਜਨਤਕ ਕਰਨ ਵਿੱਚ ਦਿਨ ਰਾਤ ਲੱਗੇ ਹੋਏ ਹਨ।
ਸਬਰ ਅਤੇ ਏਕਤਾ: ਕਿਸਾਨ ਅੰਦੋਲਨ ਐਨੇ ਲੰਮੇ ਸਮੇਂ ਬਾਅਦ ਵੀ ਸ਼ਾਂਤੀ-ਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ। ਐਨਾ ਇਕੱਠ ਹੋਣ ਦੇ ਬਾਵਜੂਦ ਵੀ ਸਭ ਠੀਕ ਚੱਲ ਰਿਹਾ ਹੈ ਇਹ ਆਪਣੇ-ਆਪ ਵਿੱਚ ਬਹੁਤ ਹੀ ਮਾਣ ਵਾਲੀ ਗੱਲ ਹੈ। ਕਿਸਾਨ ਜਥੇਬੰਦੀਆਂ ਦੇ ਅਥੱਕ ਯਤਨਾਂ ਅਤੇ ਲੋਕ ਏਕਤਾ ਸਦਕਾ ਕਿਸਾਨ ਅੰਦੋਲਨ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਫੇਲ੍ਹ ਨਹੀਂ ਕਰ ਸਕਿਆ। ਕਿਸਾਨ ਐਨੇ ਕਿਸਾਨਾਂ ਦੇ ਧਰਨੇ ਦੌਰਾਨ ਸ਼ਹੀਦ ਹੋਣ ਦੇ ਬਾਵਜ਼ੂਦ ਵੀ ਸਬਰ ਕਰੀ ਬੈਠੇ ਹਨ। ਇਹ ਆਪੇ ਤੋਂ ਬਾਹਰ ਨਹੀਂ ਹੁੰਦੇ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਹਰ ਮੁਸ਼ਕਿਲ ਨਾਲ ਧਰਨੇ ਦੌਰਾਨ ਖਿੜੇ ਮੱਥੇ ਨਜਿੱਠ ਰਹੇ ਹਨ। ਇਹ ਸਬਰ ਅਤੇ ਏਕਾ ਹੀ ਹੈ ਜਿਸਨੇ ਕਿਸਾਨੀ ਅੰਦੋਲਨ ਨੂੰ ਏਥੇ ਤੱਕ ਪਹੁੰਚਾਇਆ ਹੈ।
ਸੇਵਾ ਭਾਵ:- ਸੇਵਾ-ਭਾਵ ਦੇਸ ਵਾਸੀਆਂ ਨੂੰ ਗੁਰੂਆਂ ਨੇ ਗੁੜਤੀ ਵਿੱਚ ਬਖਸਿਆ ਹੈ। ਗੁਰੂ ਨਾਨਕ ਦੇਵ ਜੀ ਦੇ ਚਲਾਏ ਲੰਗਰ ਨਾਲ ਅੱਜ ਕੁੱਲ ਦੁਨੀਆ ਰੱਜਦੀ ਹੈ।
ਭਾਈ ਕਨ੍ਹਈਏ ਦੇ ਸਮੇਂ ਤੋਂ ਚੱਲੀ ਆ ਰਹੀ ਸੇਵਾ ਭਾਵਨਾ ਦੇਸ ਹੀ ਨਹੀਂ ਬਲਕਿ ਸੰਸਾਰਿਕ ਪੱਧਰ 'ਤੇ ਵੇਖਣ ਨੂੰ ਮਿਲ ਰਹੀ ਹੈ। ਕੋਈ ਕੁਰਸੀਆਂ ਦੇ ਟਰੱਕ ਭੇਜ ਰਿਹਾ ਹੈ,ਕੋਈ ਦਿੱਲੀ ਜਾਂਦੇ ਵਾਹਨਾਂ 'ਚ ਡੀਜ਼ਲ ਪੈਟਰੋਲ ਮੁਫ਼ਤ ਪਾ ਰਿਹਾ ਹੈ। ਕੋਈ ਰਾਸ਼ਨ ਦੀ ਸੇਵਾ ਨਿਭਾ ਰਿਹਾ ਹੈ। ਕਹਿਣ ਦਾ ਭਾਵ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਅੰਦੋਲਨ 'ਚ ਬਣਦੀ ਸੇਵਾ ਨਿਭਾ ਰਿਹਾ ਹੈ। ਅਜਿਹੀ ਏਕਤਾ ਹਰ ਇੱਕ ਲਈ ਮਿਸਾਲ ਤਾਂ ਬਣਦੀ ਹੀ ਹੈ ਸਗੋਂ ਦੂਜਿਆਂ ਨੂੰ ਵੀ ਅਜਿਹੀ ਸੇਵਾ ਲਈ ਪ੍ਰੇਰਿਤ ਕਰਦੀ ਹੈ। ਖ਼ਾਲਸਾ ਏਡ ਹੋਵੇ,ਭਾਵੇਂ ਐਨ.ਆਰ.ਆਈ. ਜਾਂ ਕੋਈ ਹੋਰ ਸੰਸਥਾ ਸਭ ਨੇ ਦਿਲ ਖੋਲ੍ਹ ਕੇ ਇਸ ਅੰਦੋਲਨ ਦੀ ਸੇਵਾ ਨਿਭਾਈ।
ਸਰਕਾਰ ਦੀ ਰਣਨੀਤੀ: ਸਰਕਾਰ ਤਾਂ ਪਹਿਲਾਂ ਕਿਸਾਨਾਂ ਨੂੰ ਕਿਸਾਨ ਕਹਿਣ ਤੋਂ ਹੀ ਮੁਨਕਰ ਰਹੀ ਹੈ। 11 ਗੇੜਾਂ ਦੀ ਮੀਟਿੰਗ ਵਿੱਚੋਂ ਵੀ ਕੋਈ ਅਜਿਹਾ ਹੱਲ ਨਹੀਂ ਮਿਲ ਸਕਿਆ ਜੋ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਕਿਸਾਨਾਂ ਨੂੰ ਰਾਜੀ ਕਰ ਲਵੇ ਭਾਵੇਂ ਹੁਣ ਤੱਕ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਹਰ ਰਣਨੀਤੀ ਅਪਣਾਈ ਜਾਂਦੀ ਰਹੀ ਹੈ। ਪਰ ਸਰਕਾਰ ਸਫ਼ਲ ਨਹੀਂ ਹੋ ਸਕੀ। ਬੇਸ਼ੱਕ ਐਨੇ ਕਿਸਾਨ ਇਸ ਅੰਦੋਲਨ ਕਾਰਨ ਸ਼ਹੀਦੀ ਪਾ ਚੁੱਕੇ ਹਨ ਪਰ ਸਰਕਾਰ ਫਿਰ ਵੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ ਹੈ। ਐੱਨ.ਆਈ. ਏ. ਵੱਲੋਂ ਧਰਨਿਆਂ 'ਚ ਸਰਗਰਮ ਲੋਕਾਂ ਨੂੰ ਨੋਟਿਸ ਭੇਜਣੇ, ਦੇਸ ਧ੍ਰੋਹੀ ਐਲਾਨ ਕਰਨਾ ਕਿੱਥੋਂ ਤੱਕ ਜਾਇਜ ਹੈ? ਕੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲੇ ਦੇਸ ਧ੍ਰੋਹੀ ਹੁੰਦੇ ਹਨ? ਕੀ ਦੇਸ ਲਈ ਜਾਨ ਦਾਅ 'ਤੇ ਲਗਾਉਣ ਨੂੰ ਤਿਆਰ ਰਹਿਣ ਵਾਲੇ ਦੇਸ ਧ੍ਰੋਹੀ ਹੁੰਦੇ ਹਨ? ਕੀ ਅੰਦੋਲਨ ਲਈ ਲੰਗਰ ਸੇਵਾ ਜਾਂ ਕਿਸੇ ਵੀ ਪ੍ਰਕਾਰ ਦੀ ਸੇਵਾ ਨਿਭਾ ਰਹੇ ਲੋਕਾਂ 'ਤੇ ਪਰਚੇ ਦਰਜ ਕਰਨੇ ਸਹੀ ਹਨ? ਸੱਤਾਧਾਰੀਆਂ ਨੂੰ ਸੋਚਣਾ ਪਵੇਗਾ ਕਿ ਉਹ ਸੱਤਾ ਵਿੱਚ ਜਨਤਾ ਵੱਲੋਂ ਕਿਸ ਕੰਮ ਲਈ ਭੇਜੇ ਗਏ ਹਨ।
ਇਤਿਹਾਸਿਕ ਅੰਦੋਲਨ: ਅਜਿਹੇ ਅੰਦੋਲਨ ਰੋਜ਼ਾਨਾ ਨਹੀਂ ਹੁੰਦੇ। ਕਦੇ ਹੀ ਅਜਿਹੇ ਸਬੱਬ ਬਣਦੇ ਹਨ ਜਿਨ੍ਹਾਂ ਨੂੰ ਸੰਸਾਰ ਪੱਧਰ 'ਤੇ ਸਮਰਥਨ ਮਿਲੇ।
ਜਿਸ ਵਿੱਚ ਹਰ ਧਰਮ ਅਤੇ ਹਰ ਵਰਗ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਸ਼ਾਮਿਲ ਹੋਣ।
ਪਰ ਇੱਕ ਗੱਲ ਏਥੇ ਜ਼ਰੂਰ ਵਿਚਾਰਨਯੋਗ ਹੈ ਕਿ ਧਰਨਿਆਂ 'ਚ ਪੁੱਜੇ ਲੋਕਾਂ ਵੱਲੋਂ ਗਾਲੀ-ਗਲੋਚ ਦੀ ਵਰਤੋਂ ਕਰਨਾ ਸਾਡੀ ਸਖਸ਼ੀਅਤ ਦਾ ਸਮਾਜ ਅੱਗੇ ਭੜਦਾ ਅਕਸ ਬਣਾ ਕੇ ਦਰਸਾਉਂਦਾ ਹੈ ਕਿਉਂਕਿ ਗਲਤ ਭਾਸ਼ਾ, ਗਲਤ ਸ਼ਬਦਾਬਲੀ ਸਾਡੀ ਪਹਿਚਾਣ ਨਹੀਂ ਹੈ। ਅਸੀਂ ਆਪਣੀ ਗੱਲ ਨੂੰ ਗਾਲੀ-ਗਲੋਚ ਦੇ ਬਿਨਾਂ ਵੀ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ।
ਇਸ ਵਾਰ 26 ਜਨਵਰੀ 'ਤੇ ਟਰੈਕਟਰ ਪਰੇਡ ਨਵਾਂ ਇਤਿਹਾਸ ਰਚਣ ਜਾ ਰਹੀ ਹੈ। ਜਿਸ ਵਿੱਚ ਹਜ਼ਾਰਾਂ ਲੋਕ ਟਰੈਕਟਰਾਂ ਨਾਲ ਸ਼ਮੂਲੀਅਤ ਕਰ ਰਹੇ ਹਨ।
ਇਹ ਟਰੈਕਟਰ ਪਰੇਡ ਸ਼ਾਂਤਮਈ ਰਹੇ। ਸਭ ਠੀਕ ਰਹੇ, ਇਹੋ ਹਰ ਦੇਸ ਵਾਸੀ ਦੀ ਕਾਮਨਾ ਹੈ।
ਹਰਪ੍ਰੀਤ ਕੌਰ ਘੁੰਨਸ