Friday, February 26, 2021
FOLLOW US ON

Article

ਮਿੰਨੀ ਕਹਾਣੀ- ਤਾਰਾਂ - ਪ੍ਰਿਆ ਸੁਮਨ

January 24, 2021 11:13 PM
ਮਿੰਨੀ ਕਹਾਣੀ- ਤਾਰਾਂ
 
ਸੱਤ ਸਾਲ ਦੇ ਇਕਲੌਤੇ ਦੋਹਤੇ ਨੂੰ ਹਸਪਤਾਲ ਤੋਂ ਦੇਖ ਮੁੜਿਆ ਬਲਕਾਰ ਅੱਜ ਪਛਤਾਵੇ ਦੀ ਅੱਗ ਵਿੱਚ ਸੜ ਰਿਹਾ ਸੀ। ਰੋਟੀ ਵਾਲਾ ਡੱਬਾ ਭੁੰਜੇ ਹੀ ਰੱਖ ਮੂੰਹ 'ਚ ਬੁੜਬੁੜਾਉਂਦਾ, "ਕਾਸ਼ ਮੈਂ ਇਨ੍ਹਾਂ ਦਾ ਫਾਹਾ ਸਤਾਰਾਂ ਸਾਲ ਪਹਿਲਾਂ ਹੀ ਵੱਢ ਦਿੰਦਾ ਤਾਂ ਅੱਜ ਇਹ ਮਾੜੀ ਘੜੀ ਨਾ ਦੇਖਣੀ ਪੈਂਦੀ....ਕਾਸ਼ ਮੈਂ ਉਸ ਵੇਲੇ ਸੀਬੋ ਦੀ ਗੱਲ ਮੰਨ ਲਈ ਹੁੰਦੀ...ਕਾਸ਼...ਕਾਸ਼...."  ਕਰਦਾ ਭੁੱਬਾਂ ਮਾਰ ਰੋਂਦਾ ਫਿਰਨੀ 'ਤੇ ਲੱਗੀ ਡੇਕ ਹੇਠ ਹੀ ਬੈਠ ਗਿਆ। ਕਿੰਨਾ ਹੀ ਚਿਰ ਇੰਝ ਹੀ ਬੈਠਾ ਖੁਦ ਨਾਲ ਗੱਲਾਂ ਕਰ ਰੋਈ ਜਾਵੇ। ਆਉਂਦੇ ਜਾਂਦੇ ਰਾਹੀ ਦੇਖ-ਦੇਖ ਲੰਘੀ ਜਾਣ...ਕੋਈ ਇੱਕਾ-ਦੁੱਕਾ ਨੇ ਰੁਕ ਕੇ ਪੁੱਛਿਆ ਵੀ ਪਰ ਉਸਨੇ ਕੁਝ ਨਾ ਦੱਸਿਆ।
 
            ਦੂਰੋਂ ਕਾਲੇ ਰੰਗ ਦੀ ਇਨੋਵਾ ਗੱਡੀ ਧੂੜਾਂ ਪੁੱਟੀ ਆਉਂਦੀ...ਸਪੀਡ ਏਨੀ ਕਿ ਜਿੱਥੋਂ ਲੰਘੀ ਪਿੱਛੇ ਮਿੱਟੀ ਦੇ ਬੱਦਲ ਛਾ ਜਾਂਦੇ...ਕਿੰਨਾ ਚਿਰ ਹੀ ਕੋਈ ਨਾ ਦਿਸਦਾ। ਦੂਰੋਂ ਹੀ ਹਾਰਨ ਵਜਾਉਂਦੀ ਗੱਡੀ ਜਦ ਬਲਕਾਰ ਕੋਲੋਂ ਲੰਘਣ ਲੱਗੀ ਤਾਂ ਉਸਦਾ ਸੰਤੁਲਨ ਵਿਗੜ ਗਿਆ ਤੇ ਅੱਗੇ ਇੱਕ ਦਰੱਖਤ ਨਾਲ ਜਾ ਟਕਰਾਈ। ਇੱਕ ਨੌਜਵਾਨ ਪਹਿਲਾਂ ਤਾਂ ਗੁੱਸੇ ਨਾਲ ਭਰਿਆ ਬਾਹਰ ਨਿਕਲਿਆ ਤੇ ਆਖਣ ਲੱਗਾ, "ਉਹ ਬਾਪੂ ਤੇਰੀ ਲੋਅ ਘੱਟ ਆ ਤਾਂ ਘਰ ਬਹਿ...ਸੜਕ 'ਤੇ ਕਿਉਂ ਤੁਰਿਆ ਫਿਰਦਾ...ਆਪ ਵੀ ਮਰੇਗਾਂ ਤੇ ਕਿਸੇ ਨੂੰ ਵੀ ਮਾਰੇਗਾਂ...ਉਹ ਤਾਂ ਤੇਰੀ ਕਿਸਮਤ ਚੰਗੀ ਸੀ ਤੂੰ ਬਚ ਗਿਆ ...ਨਹੀਂ ਹੁਣ ਨੂੰ ਤਾਂ..." ਏਨਾ ਕਹਿੰਦਾ ਕੋਲ ਆ ਗਿਆ ਤੇ ਜਦ ਉਸਨੇ ਬਲਕਾਰ ਦੀਆਂ ਅੱਖਾਂ 'ਚ ਹੰਝੂ ਦੇਖੇ ਤਾਂ ਇੱਕਦਮ ਗੁੱਸਾ ਠੰਢਾ ਹੋ ਗਿਆ ਤੇ ਘਬਰਾ ਕੇ ਪੁੱਛਣ ਲੱਗਾ, "ਬਾਪੂ ਜੀ ਤੁਸੀਂ...ਪਛਾਣਿਆ...ਮੈਂ ਡੇਰੇ ਵਾਲਿਆਂ ਦਾ ਦੀਪਾ.....ਨਿੱਕੇ ਹੁੰਦੇ ਤੁਹਾਡੀ ਮੋਟਰ 'ਤੇ ਨਹਾਉਣ ਆਉਂਦੇ ਸੀ....ਕਿੰਨਾ ਵਧੀਆ ਸਮਾਂ ਸੀ ਉਹ.....ਪਰ ਤੁਸੀਂ.....ਤੁਸੀਂ ਠੀਕ ਤਾਂ ਹੋ?" ਹੱਥ-ਪੈਰ ਦੇਖਦਾ ਕਹਿੰਦਾ, " ਬਾਪੂ ਜੀ ਕਿਤੇ ਲੱਗੀ ਤਾਂ ਨੀ ਤੁਹਾਨੂੰ?....ਤੁਸੀਂ ਏਥੇ ਇਸ ਹਾਲਤ 'ਚ ਕਿਉਂ ਬੈਠੇ ਹੋ?...ਤੁਹਾਡਾ ਪਰਿਵਾਰ ਕਿੱਥੇ ਹੈ?" ਉਸਦੇ ਸਵਾਲਾਂ ਦੀ ਲੜੀ ਨੂੰ ਵਿੱਚੇ ਹੀ ਕੱਟਦਾ ਹੋਇਆ ਬਲਕਾਰ ਬੋਲਿਆ, "ਹਾਂ ਪੁੱਤ ਲੱਗੀ ਏ ਸੱਟ...ਪਰ ਤੇਰੀ ਗੱਡੀ ਨੇ ਟੱਕਰ ਨਹੀਂ ਮਾਰੀ...ਕਿਸਮਤ ਨੇ ਠੋਕਰ ਮਾਰੀ ਹੈ...ਹੁਣ ਦਰਦ ਬਰਦਾਸ਼ਤ ਨੀ ਹੁੰਦਾ ਪੁੱਤ...ਤੂੰ ਮੈਨੂੰ ਟੱਕਰ ਹੀ ਮਾਰ ਦਿੰਦਾ।" ਏਨਾ ਕਹਿ ਉਹ ਫਿਰ ਭੁੱਬਾਂ ਮਾਰ ਰੋਣ ਲੱਗਾ। 
 
        ਦੀਪੇ ਨੇ ਭੱਜ ਗੱਡੀ ਵਿੱਚੋਂ ਪਾਣੀ ਦੀ ਬੋਤਲ ਕੱਢ ਬਲਕਾਰ ਨੂੰ ਪਾਣੀ ਪਿਆਇਆ ਤੇ ਉਸਨੂੰ ਰੋਂਦੇ ਨੂੰ ਚੁੱਪ ਕਰਾ ਕਹਿਣ ਲੱਗਾ,"ਬਾਪੂ ਜੀ ਮੈਨੂੰ ਦੱਸੋ ਕੀ ਹੋਇਆ ਤੁਹਾਡੇ ਨਾਲ....ਤੇ ਕਿੱਥੋਂ ਆ ਰਹੇ ਹੋ ਤੁਸੀਂ?"
 
ਬਲਕਾਰ ਆਖਣ ਲੱਗਾ, "ਪੁੱਤ ਮੈਂ ਹਸਪਤਾਲ ਤੋਂ ਆਇਆ ਹਾਂ....ਮੇਰਾ ਦੋਹਤਾ ਦਾਖਲ ਹੈ...ਪਤੰਗ ਉਡਾਉਂਦਾ ਸੀ ਛੱਤ ਤੇ....ਬਥੇਰਾ ਰੋਕਿਆ..ਬਈ ਛੱਤ ਤੇ ਨਾ ਜਾ..ਪਰ ਮੰਨਿਆ ਨੀ। ਛੱਤ ਦੇ ਬਨੇਰੇ ਦੇ ਨਾਲੋ-ਨਾਲ ਬਿਜਲੀ ਦੀਆਂ ਹਾਈ-ਵੋਲਟੇਜ ਤਾਰਾਂ ਲੰਘਦੀਆਂ ਸੀ, ਜਵਾਕ ਨੇ ਮੂੰਹ ਉਤਾਂਹ ਵੱਲ ਚੁੱਕਿਆ..ਹੇਠਾਂ ਦੇਖਿਆ ਨਾ..ਪੈਰ ਤਾਰ ਨਾਲ ਲੱਗ ਗਿਆ ਤੇ ਮੁੰਡਾ..ਸਣੇ ਡੋਰ-ਪਤੰਗ ਮੂਧੇ ਮੂੰਹ ਹੇਠਾਂ ਆ ਡਿਗਿਆ। ਦੋ ਦਿਨ ਹੋ ਗਏ ਹਸਪਤਾਲ 'ਚ...ਬੋਲਦਾ ਹੀ ਨਹੀਂ...ਡਾਕਟਰ ਮੂੰਹ ਵੀ ਨਹੀਂ ਦੇਖਣ ਦਿੰਦੇ...ਜਦ ਵੀ ਜਾਂਦਾ ਬਸ ਹੱਥ 'ਚ ਪਰਚਾ ਫੜਾ ਦਿੰਦੇ ਦਵਾਈਆਂ ਲਿਖ ਕੇ...ਤੇ ਪੈਸੇ ਜਮ੍ਹਾਂ ਕਰਾਉਣ ਨੂੰ ਆਖ ਦਿੰਦੇ...ਜਦ ਮੁੰਡੇ ਦਾ ਪੁੱਛਾਂ ਤਾਂ ਆਖ ਦਿੰਦੇ, "ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ...ਬਾਕੀ ਰੱਬ ਰਾਖਾ।" ਏਨਾ ਕਹਿ ਬਲਕਾਰ ਦੇ ਹੰਝੂ ਫਿਰ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ। 
 
            ਦੀਪਾ ਕੁਝ ਕੁ ਪਲਾਂ ਲਈ ਸ਼ਾਂਤ ਹੋ ਮੁੜ ਕਹਿਣ ਲੱਗਾ, " ਪਰ ਬਾਪੂ ਜੀ ਤੁਹਾਨੂੰ ਹਾਈ ਵੋਲਟੇਜ ਤਾਰਾਂ ਪਹਿਲਾਂ ਹੀ ਕਢਵਾਉਣੀਆਂ ਚਾਹੀਦੀਆਂ ਸੀ....ਤੁਸੀਂ ਪਹਿਲਾਂ ਕਿਉਂ ਨਹੀਂ ਗੌਰ ਕੀਤੀ??"
 
ਬਲਕਾਰ ਕਹਿੰਦਾ,  "ਪੁੱਤ ਇਹ ਤਾਰਾਂ ਦਾ ਮਸਲਾ ਤਾਂ ਅੱਜ ਤੋਂ ਸਤਾਰਾਂ ਸਾਲ ਪਹਿਲਾਂ ਦਾ ਚਲਦਾ...ਮੇਰੀ ਜ਼ਮੀਨ ਨਾਲ ਸੀਬੋ ਦੇ ਘਰ ਉੱਤੋਂ ਵੀ ਲੰਘਦੀਆਂ.. ਕਈ ਵਾਰ ਤਾਂ ਮੀਂਹ ਹਨ੍ਹੇਰੀ ਵੇਲ਼ੇ ਜੁੜ ਜਾਂਦੀਆਂ ਸੀ ਤਾਂ ਭੜਾਕੇ ਪੈ ਜਾਣੇ...ਘੰਟਿਆਂ ਦਾ ਕੱਟ ਲੱਗ ਜਾਣਾ। ਉਦੋਂ ਉੱਥੇ ਸਿਰਫ ਸੀਬੋ ਦਾ ਘਰ ਸੀ ...ਆਸ-ਪਾਸ ਮੇਰੀ ਜ਼ਮੀਨ ਹੀ ਲੱਗਦੀ ਸੀ। ਮੈਂ ਬਥੇਰਾ ਮਨਾਇਆ ਸੀਬੋ ਨੂੰ ਕਿ ਇਹ ਜ਼ਮੀਨ ਮੈਨੂੰ ਵੇਚ ਕਿਤੇ ਹੋਰ ਘਰ ਬਣਾ ਲਵੇ....ਉਂਝ ਵੀ ਦੋ ਹੀ ਜੀਅ ਸੀ...ਔਲਾਦ ਤਾਂ ਹੈਨੀ ਸੀ ਕੋਈ..ਪਰ ਉਹ ਨਾ ਮੰਨੀ....ਕਈ ਵਾਰ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ...ਫਿਰ ਇੱਕ ਦਿਨ ਸੀਬੋ ਦਾ ਪਤੀ ਹੱਟੀ ਤੋਂ ਸੌਦਾ ਲਈ ਘਰ ਆ ਰਿਹਾ ਸੀ ਤਾਂ ਮੈਂ ਉਸ ਨਾਲ ਝਗੜਾ ਕਰ ਆਪਣੇ ਪੈਰ 'ਤੇ ਆਪ ਹੀ ਕਹੀ ਮਾਰ ਖੁਦ ਨੂੰ ਜ਼ਖਮੀ ਕਰ ਲਿਆ ਤੇ ਫਿਰ ਕੋਰਟ-ਕਚਹਿਰੀਆਂ 'ਚ ਵੀ ਪੈਸੇ ਦੇ ਕੇ ਫੈਸਲਾ ਆਪਣੇ ਹੱਕ 'ਚ ਕਰਵਾ ਲਿਆ ਤੇ ਸੀਬੂ ਨੂੰ ਸਜ਼ਾ ਹੋ ਗਈ। ਖਬਰੇ ਉਹ ਜੇਲ੍ਹ 'ਚ ਹੀ ਮਰ ਗਿਆ.....ਖਬਰੇ ...ਖਬਰੇ" ਕਹਿੰਦਾ ਚੁੱਪ ਹੋ ਗਿਆ।
 
ਦੀਪਾ ਕੁਝ ਸਮਝਿਆ ਨਾ ਤੇ ਕਹਿੰਦਾ, "ਬਾਪੂ ਜੀ ਪਰ ਇਸ ਸਭ ਦਾ ਤੁਹਾਡੇ ਦੋਹਤੇ ਨੂੰ ਕਰੰਟ ਲੱਗਣ ਨਾਲ ਕੀ ਸੰਬੰਧ??? ਮੈਨੂੰ ਤਾਂ ਇਹ ਕੋਈ ਜ਼ਮੀਨ ਦਾ ਰੌਲ਼ਾ ਲੱਗਦਾ।"
 
ਬਲਕਾਰ ਕਹਿੰਦਾ, "ਨਹੀਂ ਪੁੱਤ...ਅਸਲ ਵਿੱਚ ਉਦੋਂ ਸੀਬੋ ਹੁਣਾ ਨੇ ਕਈ ਵਾਰ ਕਿਹਾ ਸੀ ਇਨ੍ਹਾਂ ਤਾਂਰਾਂ ਨੂੰ ਉੱਚੀਆਂ ਕਰਾਉਣ ਦਾ...  ਜੋੜ ਨੰਗੇ ਸਨ ਤੇ ਖੰਭਾ ਵੀ ਟੇਢਾ ਹੋਣ ਨਾਲ ਬੜੀਆਂ ਨੀਵੀਆਂ ਹੋ ਗਈਆਂ ਸੀ ...ਪਰ ਕਿਉਂਕਿ ਮੈਂ ਉਨ੍ਹਾਂ ਤਾਰਾਂ ਤੋਂ ਘੁੰਡੀ ਲਾ ਮੋਟਰ ਚਲਾਉਂਦਾ ਸੀ...ਤਾਂ ਮੈਂ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ....ਜਦ ਵੀ ਮਹਿਕਮੇ ਵਾਲੇ ਆਉਂਦੇ..ਮੈਂ ਉਨ੍ਹਾਂ ਦੀ ਜੇਬ ਵਿੱਚ ਨੋਟ ਪਾ ਦਿੰਦਾ ਤੇ ਉਹ ਵੀ ਕਾਗਜ਼ਾਂ 'ਤੇ ਝਰੀਟਾਂ ਮਾਰ ਸੀਬੋ ਨੂੰ ਲਾਰਾ ਲਾ ਵਾਪਸ ਮੁੜ ਜਾਂਦੇ। ਸੀਬੋ ਨੇ ਹਰ ਮਿੰਨਤ-ਤਰਲਾ ਕੀਤਾ ਪਰ ਮੈਂ ਇੱਕ ਨਾ ਸੁਣੀ....ਲੱਗਦਾ ਚੰਦਰੀ ਦੀ ਰੱਬ ਨੇ ਸੁਣ ਲਈ। ਹੁਣ ਜਿਸ ਥਾਂ ਤੇ ਮੈਂ ਪਲਾਟ ਲੈ ਆਪਣੀ ਵਿਧਵਾ ਧੀ ਨੂੰ ਘਰ ਬਣਾ ਕੇ ਦਿੱਤਾ ਇਹ ਤਾਂਰਾਂ ਉੱਥੋਂ ਵੀ ਲੰਘਦੀਆਂ ...ਜਿਨ੍ਹਾਂ ਤੋਂ ਮੇਰੀ ਧੀ ਦੀ ਜਿਉਣੇ ਦੀ ਵਜ੍ਹਾ ਵੀ ਜਰੀ ਨੀ ਗਈ।"
 
ਦੀਪਾ ਕਹਿਣ ਲੱਗਾ, "ਬਾਪੂ ਜੀ ਤਾਂ ਤੁਸੀਂ ਹੁਣ ਹੀ ਇਹ ਤਾਰਾਂ ਕਢਵਾ ਦਿਉ...ਬੱਚਾ ਠੀਕ ਹੋ ਜਾਣਾ... ਤੁਸੀ ਚਿੰਤਾ ਨਾ ਕਰੋ।"
 
ਬਲਕਾਰ ਕਹਿੰਦਾ, "ਪੁੱਤ ਚਿੰਤਾ ਤਾ ਹੁਣ ਮੇਰੀ ਚਿਤਾ ਤੇ ਹੀ ਜਾ ਕੇ ਮੁੱਕੂ। ਹੁਣ ਮੈਂ ਕਿਵੇਂ ਕਰਾਂਵਾਂ.....ਮੇਰਾ ਨਸ਼ੇੜੀ ਪੁੱਤ ਸਾਰੀ ਪੈਲ਼ੀ ਵੇਚ ਖਾ ਗਿਆ...ਜੇ ਮਹਿਕਮੇਂ 'ਚ ਅਰਜ਼ੀ ਲਾਉਂਦਾ ਤਾਂ ਅਗਲੇ ਪਹਿਲਾਂ ਹੀ ਡੇਢ ਲੱਖ ਦੀ ਮੰਗ ਕਰਦੇ....ਆਖਦੇ ਬਾਕੀ..... ਕੰਮ ਹੋਣ ਤੋਂ ਬਾਅਦ ਲਵਾਂਗੇ। ਮੇਰੇ ਪੱਲ੍ਹੇ ਤਾਂ ਦੁਆਨੀ ਨੀ ਹੁਣ...ਜਿਹੜੇ ਸੀ ਉਹ ਕੁੜੀ ਦੇ ਵਿਆਹ 'ਤੇ ਖਰਚ ਦਿੱਤੇ। ਹੁਣ ਤਾਂ ਬਸ ਰੱਬ ਅੱਗੇ ਹੀ ਹੱਥ ਜੋੜ ਬੇਨਤੀ ਕਰ ਸਕਦਾ ਹਾਂ ਕਿ ਰੱਬਾ ਮੇਰੇ ਪਾਪਾਂ ਦੀ ਸਜ਼ਾ ਮੇਰੇ ਬੱਚਿਆਂ ਨੂੰ ਨਾ ਦੇ। ਘਰ ਜਾ ਕੇ ਧੀ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਪਈ ਤਾਂ ਏਥੇ ਹੀ ਬੈਠ ਮੌਤ ਦਾ ਇੰਤਜ਼ਾਰ ਕਰਨ ਲੱਗਾ...ਪਰ ਸਿਆਣੇ ਕਹਿੰਦੇ ਹਨ ਕਿ ਮੂੰਹੋਂ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ।"
 
         ਏਨੇ ਨੂੰ ਦੀਪੇ ਨੂੰ ਘਰੋਂ ਫੋਨ ਆਇਆ ਤੇ ਉਹ ਬਲਕਾਰ ਨੂੰ ਹੌਂਸਲਾ ਦਿੰਦਾ ਹੋਇਆ ਗੱਡੀ 'ਚ ਬਿਠਾ ਆਪਣੇ ਨਾਲ ਹੀ ਆਪਣੇ ਘਰ ਲੈ ਗਿਆ।
 
ਲਿਖਤ- ਪ੍ਰਿਆ ਸੁਮਨ
Have something to say? Post your comment