ਮਾਂ ਬੋਲੀ ਪੰਜਾਬੀ
ਹੱਥੀਂ ਆਪ ਨਾ ਕਦੇ ਕੁਹਾੜਾ ਮਾਰ ਪੰਜਾਬੀ ਨੂੰ
ਪਹਿਲਾਂ ਤੋਂ ਹੀ ਪੈਂਦੀ ਆਈ ਮਾਰ ਪੰਜਾਬੀ ਨੂੰ
ਅੱਲ੍ਹੇ ਜਖਮਾਂ ਉੱਤੇ ਵੀਰੋ ਨਮਕ ਲਗਾਇਓ ਨਾ
ਭੁੱਲ ਕੇ ਵੀ ਮਾਂ ਬੋਲੀ ਦੇ ਨਾਲ ਦਗਾ ਕਮਾਇਓ ਨਾ
ਖੰਡ ਮਿਸ਼ਰੀ ਤੋਂ ਮਿੱਠੀ ਤੇਰੀ ਪੰਜਾਬੀ ਬੋਲੀ ਵੇ
ਮਾਂ ਰਾਣੀ ਨੂੰ ਲਾਹ ਕੇ ਤਖ਼ਤ ਬਿਠਾਵੇ ਗੋਲੀ ਵੇ
ਗੁਰੂਆਂ ਬਖਸ਼ਿਆਂ ਸੱਚਾ-ਸੁੱਚਾ ਤਾਜ ਗਵਾਇਓ ਨਾ
ਭੁੱਲ ਕੇ ਵੀ ਮਾਂ ਬੋਲੀ ਦੇ ਨਾਲ ਦਗਾ ਕਮਾਇਓ ਨਾ
ਮਾਂ ਬੋਲੀ ਵਿੱਚ ਵੇਖੀ ਗੱਲ ਕੋਈ ਰਹੇ ਅਧੂਰੀ ਨਾ
ਮਤਰੇਈਆਂ ਸੰਗ ਦੁੱਖ-ਸੁੱਖ ਵਾਲੀ ਪੈਂਦੀ ਪੂਰੀ ਨਾ
ਫੋਕੀ ਸ਼ੋਹਰਤ ਦੇ ਲਈ ਮਾਂ ਨੂੰ ਮਨੋ ਭੁਲਾਇਓ ਨਾ
ਭੁੱਲ ਕੇ ਵੀ ਮਾਂ ਬੋਲੀ ਦੇ ਨਾਲ ਦਗਾ ਕਮਾਇਓ ਨਾ
ਜੀਅ ਸਦਕੇ ਸਿੱਖ ਹੋਰ ਭਾਸ਼ਾਵਾਂ ਮਾਂ ਨੂੰ ਭੁੱਲੀ ਨਾ
ਛੱਡ ਖਜ਼ਾਨਾ ਭਰਿਆ ਤੂੰ ਊਣਿਆਂ ਤੇ ਡੁੱਲ੍ਹੀ ਨਾ
ਕੱਟ-ਵੱਢ ਹੋਈ ਵਥੇਰੀ ਆਰਾ ਹੋਰ ਚਲਾਇਓ ਨਾ
ਭੁੱਲ ਕੇ ਵੀ ਮਾਂ ਬੋਲੀ ਦੇ ਨਾਲ ਦਗਾ ਕਮਾਇਓ ਨਾ
ਲੋਰੀਆਂ ਨਾਲ ਸੌਂਵਾਇਆ ਜਿਹਨੂੰ ਹੋ ਗਿਐਂ ਅੱਥਰਾ ਵੇ
ਕੰਵਲ ਕਹੇ ਮਾਂ ਬੋਲੀ ਵਾਲਾ ਪਿਆਰ ਹੀ ਵੱਖਰਾ ਵੇ
ਛੱਡ ਕੇ ਮਾਂ ਦਾ ਦਰ ਦੂਜਾ ਬੂਹਾ ਖੜਕਾਇਓ ਨਾ
ਭੁੱਲ ਕੇ ਵੀ ਮਾਂ ਬੋਲੀ ਦੇ ਨਾਲ ਦਗਾ ਕਮਾਇਓ ਨਾ
ਕੰਵਲਜੀਤ ਕੌਰ ਬੋਹਾ