Friday, February 26, 2021
FOLLOW US ON

Article

ਵਿਆਹ ਨਾਲ ਸਬੰਧਿਤ ਰੀਤੀ ਰਿਵਾਜ

February 21, 2021 11:12 PM
 
ਵਿਆਹ ਨਾਲ ਸਬੰਧਿਤ ਰੀਤੀ ਰਿਵਾਜ
 
ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਅਤੇ ਮੌਤ,ਪਰ ਅੱਜ ਅਸੀ ਵਿਆਹ ਨਾਲ ਸਬੰਧਿਤ ਰਸਮਾਂ ਦੀ ਗੱਲ ਕਰਾਂਗੇ।ਵਿਆਹ ਵਿੱਚ ਅਨੇਕਾਂ ਰਸਮਾਂ ਦਾ ਪਾਲਣ ਕੀਤਾ ਜਾਂਦਾ ਹੈ।
ਵਿਆਹ ਹੈ ਕੀ :-ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ-ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀਤਵ ਦੇ ਜੈਵਿਕ,ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜ਼ਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ। ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣ, ਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਦੁਨੀਆ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ।ਐਡਵਰਡ ਵੈਸਟਰ ਮਾਰਕ ਅਨੁਸਾਰ ‘ਵਿਆਹ ਇੱਕ ਜਾਂ ਇੱਕ ਤੋਂ ਵੱਧ ਮਰਦਾਂ ਅਤੇ ਔਰਤਾਂ ਵਿੱਚ ਸਥਾਪਿਤ ਸੰਬੰਧਿਤ ਹੈ, ਜਿਸਨੂੰ ਕਾਨੂੰਨ ਦੀ ਪ੍ਰਵਾਨਗੀ ਪ੍ਰਪਾਤ ਹੁੰਦੀ ਹੈ,ਜਿਸ ਵਿੱਚ ਵਿਆਹ ਨਾਲ ਸੰਬੰਧਿਤ ਦੋਹਾਂ ਪੱਖਾਂ ਅਤੇ ਉਹਨਾਂ ਦੀ ਪੈਦਾ ਹੋਣ ਵਾਲੀ ਸੰਤਾਨ ਦੇ ਅਧਿਕਾਰ ਤੇ ਕਰਤੱਵ ਜੁੜੇ ਹੁੰਦੇ ਹਨ। ਵਿਆਹ ਮਨੁੱਖੀ ਨੈਤਿਕਤਾ ਅਤੇ ਦੇਸ਼ ਦੀ ਤਾਕਤ ਦਾ ਸੋਮਾ ਹੈ।
 
ਵਿਆਹ ਦੀ ਪਹਿਲੀ ਰਸਮ ਹੈ "ਵਰ ਤੇ ਕੰਨਿਆ ਲੱਭਣਾ -ਵਿਆਹ ਵਿੱਚ ਸਭ ਤੋ ਅਹਿਮ ਕਾਰਜ ਵਰ / ਕੰਨਿਆ ਦੀ ਚੋਣ ਹੁੰਦਾ ਹੈ। ਇਹ ਸਭ ਤੋ ਔਖਾ ਕੰਮ ਹੈ ਕਿਉਕਿ ਕੁੜੀ ਮੁੰਡੇ ਦੇ ਹਾਣ ਦਾ ਰਿਸ਼ਤਾ ਲੱਭਣਾ,ਪਰਿਵਾਰਕ ਤੰਦਾਂ ਦਾ ਮਿਲਣਾ । ਰਿਸ਼ਤਾ ਕਰਣ ਵੇਲੇ ਆਮ ਤੋਰ ਤੇ ਕੁੜੀ ਦੇ ਸੁਹੱਪਣ ਅਤੇ ਮੁੰਡੇ ਦੀ ਜਾਇਦਾਦ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਪੁਰਾਣੇ ਸਮੇਂ ਵਿੱਚ ਰਿਸ਼ਤਾ ਨਾਈ ਪ੍ਰਹਿਤ ਪਾਂਧੇ ਹੀ ਕਰਵਾਉਦੇ ਸਨ ਤੇ ਲੋਕੀ ਉਹਨਾ ਦੇ ਕਹਿਣ ਤੇ ਰਿਸ਼ਤਾ ਕਰ ਦਿੰਦੇ ਸਨ ਵਿਚੋਲਾ ਰਿਸ਼ਤਾ ਕਰਾਉਣ ਵਿੱਚ ਅਹਿਮ ਭੁਮਿਕਾ ਨਭਾਉਦਾਂ ਹੈ।
ਵੇਖ ਵਿਖਾਵਾ-ਜੇਕਰ ਮਾਂ ਬਾਪ ਨੂੰ ਰਿਸ਼ਤਾ ਪਸੰਦ ਆ ਜਾਵੇ ਤਾਂ ਆਮ ਤੋਰ ਤੇ ਮੰਡੇ ਤੇ ਕੁੜੀ ਨੂੰ ਇਕ ਦੂਜੇ ਨੂੰ ਵਿਖਾਉਣ ਦੀ ਰਸਮ ਕੀਤੀ ਜਾਂਦੀ ਹੈ ਭਾਵੇਂ ਇਹ ਸਭ ਕੁਝ ਰਸਮੀ ਹੀ ਹੁੰਦਾ ਹੈ ਪਰ ਮੁੰਡਾ ਕੁੜੀ ਜੇ ਇਕ ਦੂਜੇ ਨੂੰ ਝਾਤੀ ਮਾਰ ਲੈਣ ਤਾਂ ਮਾਂ ਬਾਪ ਸਰਖੁਰੂ ਹੋ ਜਾਂਦੇ ਹਨ। ਆਮ ਤੋਰ ਤੇ ਮੁੰਡਾ ਕੁੜੀ ਇਕ ਦੂਜੇ ਨੂੰ ਪਸੰਦ ਕਰ ਹੀ ਲੈਦੇ ਹਨ। ਮੁੰਡਾ ਕੁੜੀ ਆਪਸ ਵਿੱਚ ਰਸਮੀ ਜਿਹੀ ਗੱਲ ਬਾਤ ਕਰਦੇ ਹਨ ਤੇ ਘਰ ਜਾ ਕੇ ਆਪਣੀ ਹਾਂ ਜਾਂ ਨਾ ਦੱਸ ਦਿੰਦੇ ਹਨ।
ਠਾਕਾ /ਰੋਕਾ- ਪੁਰਾਣੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਇਆ ਭੇਜ ਦਿੰਦੇ ਸਨ। ਜਿਸ ਦਾ ਭਾਵ ਇਹ ਹੁੰਦਾ ਸੀ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ।
ਮੰਗਣੀ / ਸਗਾਈ-ਪਹਿਲੇ ਸਮੇਂ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਖੰੰਮ੍ਹਣੀ, ਰੁਪਇਆ, ਪੰਜ ਮਿਸਰੀ ਦੇੇ ਕੂਜੇੇ,ਪੰਜ ਛੁਹਾਰੇ, ਕੇਸਰ ਆਦਿ ਦੇ ਕੇੇ ਮੁੰਡੇ ਦੇੇ ਘਰ ਨੂੰ ਘੱਲ ਦਿੰੰਦੇ ਹਨ। ਮੁੰਡੇ ਵਾਲ਼ਿਆਂ ਨੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਿੱਚ ਸੱਦਾ ਭੇਜਿਆ ਹੁੁੰਦਾ ਸੀ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂੂਰੀ ਵਿੱਚ ਮੁੁੰਡੇ ਨੂੰ ਚੌਂਕੀ ਤੇ ਬਿਠਾ ਲੈਂਂਦੇ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜ਼ਾ ਉਸ ਦੀ ਝੋੋਲੀ ਵਿੱਚ ਪਾਕੇ ਕੇਸਰ ਦਾ ਟਿੱੱਕਾ ਉਸ ਦੇ ਮੱਥੇੇ ਉਤੇ ਲਾ ਦਿੰੰਦਾ। ਕੁੜੀ ਦਾ ਬਾਪ ਜਾਂ ਵਿਚੋਲਾ ਪੱੱਲੇ ਵਾਲ਼ੀਆ ਚੀਜ਼ਾ ਵਿਚੋਂ ਇੱਕ ਛੁੁੁਹਾਰਾ ਮੁੰੰਡੇ ਦੇ ਅਜਿਹੇ ਹਾਣੀਆ ਨੂੰ ਦਿੱਤੇ ਜਾਦੇਂ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋੋਣ ਦੀ ਆਸ ਹੁੰਦੀ।ਮੁੰੰਡੇ ਵਾਲ਼ੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲ਼ੀ, ਖੰਡ, ਚੌਲ਼, ਛੁਹਾਰੇ ਤੇ ਨਕਦੀ ਆਦਿ ਘੱਲਦੇ। ਕੁੜੀ ਆਪਣੇ ਘਰ ਨ੍ਹਾਂ- ਧੋ, ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੂੰਹ ਕਰ ਕੇ ਪੀੜੇ ਤੇ ਬੈਠ ਜਾਂਦੀ ਪਿੰਡ ਦੀ ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ ਅਤੇ ਇਸ ਤਰਾਂ ਉਸ ਦੀ ਵੀ ਸਗਾਈ ਹੋਂ ਜਾਦੀ।
   ਪਰ ਹੁਣ ਦੇ ਸਮੇਂ ਵਿੱਚ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈ। ਵਰ ਤੇ ਕੰਨਿਆ ਦੇ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰ ਆਉਦੇ ਹਨ। ਜਿਸ ਵਿੱਚ ਵਰ ਦੇ ਪਰਿਵਾਰ ਵਲੋਂ ਕੰਨਿਆ ਲਈ ਸੁਗਾਹ ਦਾ ਸਮਾਨ ਲੈਦਾ ਜਾਂਦਾ ਹੈ ਤੇ ਕੰਨਿਆ ਨੂੰ ਤਿਆਰ ਕੀਤਾ ਜਾਂਦਾ, ਬਾਅਦ ਵਿੱਚ ਵਰ ਕੰਨਿਆ ਦੇ ਹੱਥ ਵਿੱਚ ਮੁੰਦਰੀ ਪਾਉਦਾ ਹੈ ਤੇ ਕੰਨਿਆ ਵਰ ਦੇ ਹੱਥ ਵਿੱਚ ਮੁੰਦਰੀ ਪਾਉਦੀ ਹੈ। 
ਸਾਹਾ ਕਢਾਉਣਾ- ਸਾਹਾ ਕਢਾਉਣ ਦੀ ਜਿੰਮੇਵਾਰੀ ਆਮ ਤੋਰ ਤੇ ਮੰਡੇ ਵਾਲਿਆਂ ਦੀ ਹੁੰਦੀ । ਮੰਗਣੀ ਤੋਂ ਪਿੱਛੋ ਕਿਸੇ ਸ਼ੁੱਭ ਮਹੀਨੇ ਦੀ ਤਾਰੀਖ ਵਿਆਹ ਲਈ ਨਿਯਤ ਕਰ ਲਈ ਜਾਂਦੀ ਹੈ। ਇਸ ਨੂੰ "ਸਾਹਾ ਕਢਾਉਣਾ" ਕਿਹਾ ਜਾਂਦਾ ਹੈ।
ਸਾਹੇ ਚਿੱਠੀ ਭੇਜਣਾ-ਵਿਆਹ ਦੀ ਤਾਰੀਖ ਤੋ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ਇਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ।ਸਾਹੇ ਚਿੱਠੀ ਕੁੜੀ ਵਾਲਿਆਂ ਵਲੋ ਮੰਡੇ ਵਾਲਿਆਂ ਨੂੰ ਭੇਜੀ ਹੈ ਜਿਸ ਵਿੱਚ ਆਪਣੀ ਸਮਰੱਥਾ ਦਰਸਾਉਦੇ ਹੋਏ ਬਰਾਤ ਦੀ ਗਣਿਤੀ,ਵਿਆਹ ਦਾ ਦਿਨ ਅਦਿ ਲਿਖਿਆ ਹੁੰਦਾ ਹੈ । ਚਿੱਠੀ ਨੂੰ ਦੱਭ, ਚੌਲ਼, ਹਲ਼ਦੀ, ਖੰਮ੍ਹਣੀ ਆਦਿ ਵਿੱਚ ਲਪੇਟ ਕੇ ਨਾਈ/ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲ਼ਿਆਂ ਨੂੰ ਭੇਜਿਆ ਜਾਂਦਾ ਹੈ।ਸਾਹੇ ਚਿੱਠੀ ਵਾਲੇ ਨੂੰ ਤੇਲ ਚੋ ਕੇ ਸ਼ਗਣਾ ਨਾਲ ਅੰਦਰ ਵਾੜਿਆ ਜਾਂਦਾ ਹੈ,ਮੁੰਡੇ ਵਾਲਿਆਂ ਵਲੋਂ ਸਾਹੇ ਚਿੱਠੀ ਸਾਕ ਸੰਬੰਧੀਆਂ ਨੂੰ ਇੱਕਠੇ ਕਰਕੇ ਪੜੀ ਜਾਂਦੀ ਹੈ। ਚਿੱਠੀ ਪੜ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ।
ਸਾਹੇ ਬੱਜਣਾ-ਸਾਹੇ ਬੱਜਣ ਤੋ ਬਾਅਦ ਵਰ ਅਤੇ ਕੰਨਿਆ ਨੂੰ ਬਹੁਤਾ ਘਰੋ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਉਹਨਾ ਨੂੰ ਉਜਾੜ ਥਾਵਾ ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਹੋਲਾ ਭਾਰਾ ਕੰਮ ਕਰਨ ਤੋ ਵਰਜਿਆ ਜਾਂਦਾ ਹੈ। 
ਵਿਆਹ ਦੀਆਂ ਤਿਆਰੀਆਂ: ਸਾਹੇ ਦੀ ਚਿੱਠੀ ਤੋਂ ਪਿੱਛੋ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਦੀਂਆਂ ਹਨ।ਪੁਰਾਣੇ ਸਮੇਂ ਵਿੱਚ ਕੁੜੀ ਵਾਲੇ ਭਾਇਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ, ਅੱਜ-ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਇਚਾਰੇ ਦਾ ਕੰਮ ਸਮਝਿਆ ਜਾਂਦਾ ਹੈ। ਮੁੰਡੇ ਵਾਲੇ ਵੀ ਘਰ ਵਰੀ ਆਦਿ ਤਿਆਰ ਕਰਨ ਲੱਗ ਜਾਂਦੇ ਹਨ।
ਵਰੀ ਬਣਾਉਣਾ -ਵਿਆਹ ਤੋ ਕੁਝ ਦਿਨ ਪਹਿਲਾਂ ਵਰੀ ਬਣਾਈ ਜਾਂਦੀ ਹੈ ਜਿਸ ਵਿੱਚ ਮੁੰਡੇ ਵਾਲੇ ਕੁੜੀ ਦੇ ਕੱਪੜੇ ਤੇ ਗਹਿਣੇ ਬਣਾਉਦੇ ਹਨ ਵਰੀ ਬਣਾਉਣ ਲਈ ਆਮ ਤੋਰ ਤੇ ਨੇੜਲੇ ਰਿਸ਼ਤੇਦਾਰਾ ਨੂੰ ਲਿਜਾਇਆਂ ਜਾਂਦਾ ਹਨ ਅੱਜ ਕੱਲ ਵਰੀ ਬਣਾਉਣ ਲਈ ਕੁੜੀ ਨੂੰ ਨਾਲ ਲਿਜਾਣ ਦਾ ਆਮ ਰਿਵਾਜ ਹੋ ਗਿਆ ਹੈ ਕੁੜੀ ਆਪਣੀ ਪਸੰਦ ਦੇ ਸੂਟ ਤੇ ਗਹਿਣੇ ਬਣਵਾ ਲੈਦੀ ਹੈ।
ਮੁੰਡੇ ਦੇ ਪਰਿਵਾਰ ਦੇ ਕੱਪੜੇ ਬਣਾਉਣਾ-
ਕੁੜੀ ਵਾਲੇ ਵੀ ਮੁੰਡੇ ਦੇ ਪਰਿਵਾਰ ਤੇ ਹੋਰ ਨੇੜਲੇ ਰਿਸ਼ਤੇਦਾਰਾ ਲਈ ਕੱਪੜੇ ਬਣਾ ਦਿੰਦੇ ਹਨ।ਜਿਸ ਨੂੰ ਨੌਂਗੇ ਬਣਾਉਣਾ ਕਹਿੰਦੇ ਹਨ।
ਕੜ੍ਹਾਹੀ: - ਸੱਤ ਜਾਂ ਨੌਂ ਦਿਨ ਪਹਿਲਾਂ "ਕੜ੍ਹਾਹੀ ਚੜ੍ਹਾਈ" ਜਾਂਦੀ ਸੀ। ਵਿਆਂਹਦੜ ਦੀ ਮਾਂ ਇਸ ਕੜ੍ਹਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਜਾਦੀ ਤੇ ਉਹਨਾ ਨੂੰ ਵਿਆਹ ਦਾ ਦਿਨ ਦੱਸ ਆਉਂਦੀ। ਤੇ ਉਹ 'ਨਾਨਕੀ ਛੱਕ ' ਤਿਆਰ ਕਰਨ ਲੱਗ ਜਾਂਦੇ।
ਵੱਟਣਾ ਦੀ ਰਸਮ-ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਦੀ ਹੁੰਦੀ ਹੈ। ਵਰ /ਕੰਨਿਆ ਸਿਰ ਦੇ ਉੱਤੇ ਚਾਰ ਕੁੜੀਆਂ ਚਾਰੇ ਕੰਨੀਂਆ ਫੜ ਕੇ ਪੀਲ਼ੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ। ਇੱਕ ਠੂਠੀ ਵਿੱਚ ਤੇਲ, ਪਾਣੀ ਤੇ ਹਲਦੀ ਮਿਲ਼ਾ ਕੇ ਵਟਣਾ ਤਿਆਰ ਕੀਤਾ ਹੁੰਦਾ। ਇਹ ਰਸਮ ਦੋਰਾਨ ਲੋਕ ਗੀਤ ਗਾਏ ਜਾਂਦੇ ਹਨ।
ਨਾਨਕਾ-ਮੇਲ- ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ-ਸਾਕ ਪਹੁੰਚਣੇ ਸ਼ੁਰੂ ਹੋ ਜਾਦੇਂ ਹਨ। ਸਭ ਤੋਂ ਵਧੇਰਾ ਮੇਲ਼ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਨ ਤੇ ਕੱਪੜੇ-ਲੀੜੇ ਲੈ ਕੇ ਫੜਿਆ ਹੁੰਦਾ ਹੈ। ਬਾਕੀ ਨਾਨਕਾ ਮੇਲ਼ ਗੀਤ ਗਾਰਦਾਂ, ਸੰਠਨੀਆਂ ਦਿੰਦਾ ਹੋਇਆ ਪਿੰਡ ਦੀ ਜੂਹ ਵਿੱਚ ਵੜਦਾ ਹੈ।
ਚੂੜਾ ਚੜਾਉਣ ਦੀ ਰਸਮ- ਇਹ ਰਸਮ ਵਿਆਹ ਤੋਂ ਇੱਕ ਦਿਨ ਪਹਿਲਾ ਕੀਤੀ ਜਾਂਦੀ ਹੈ। ਇਸ ਵਿੱਚ ਲੜਕੀ ਦਾ ਮਾਮਾ ਲੜਕੀ ਨੂੰ ਚੂੜਾ ਚੜਾਉਂਦਾ ਹੈ। ਇਹ ਚੂੜਾ ਚੜਾਉਣ ਤੋਂ ਪਹਿਲਾ ਲੱਸੀ ਵਿੱਚ ਡੁਬੋਇਆ ਜਾਂਦਾ ਹੈ ਤੇ ਵਿੱਚ ਹਰਾ ਘਾਹ ਤੇ ਗੁਲਾਬ ਦੇ ਫੁੱਲ ਵੀ ਰਖਿਆ ਜਾਂਦਾ ਹੈ।
ਨਹਾਈ ਧੋਈ ਦੀ ਰਸਮ- ਵਿਆਹ ਵਾਲੇ ਦਿਨ ਨਹਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਇਸ ਰਸਮ ਦੋਰਾਨ ਸੱਤ ਸੁਹਾਗਣਾ ਵਲੋਂ ਵੱਟਣਾ ਲਗਾਇਆ ਜਾਂਦਾ ਹੈ, ਕੰਨਿਆ ਨੂੰ ਨਹਾਉਣ ਤੋਂ, ਫਿਰ ਮਾਮਾ ਕੰਨਿਆ ਨੂੰ ਗੋਦੀ ਚੁੱਕ ਕੇ ਪਟੜੇ ਤੋਂ ਉਤਾਰਦਾ ਹੈ ਤੇ ਸ਼ਗਨ ਵਜੋਂ ਕੁੱਝ ਰੂਪਏ ਤੇ ਦੋ ਲੱਡੂ ਝੋਲੀ ਵਿੱਚ ਪਾਏ ਜਾਂਦੇ ਹਨ ਅਤੇ ਮੂੰਹ ਮਿੱਠਾ ਕਰਾਇਆ ਜਾਂਦਾ ਹੈ।
ਜੰਜ ਲਈ ਤਿਆਰੀ-ਦੂਜੇ ਦਿਨ ਚੰਨ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ਼ ਕੇ ਕੇ ਨੁਹਾ ਦਿੰਦੇ ਹਨ। ਨੁਹਾ ਕੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਜਾਂਦਾ ਹੈ।
ਸ਼ਿਹਰੇ ਬੰਨਾਈ-ਸ਼ਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ ਬੰਨ੍ਹੇ ਜਾਂਦੇ ਹਨ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ। ਬਦਲੇ ਵਿੱਚ ਲਾੜੇ ਵਲੋਂ ਸ਼ਗਨ ਦਿੱਤਾ ਜਾਂਦਾ ਹੈ।ਬਰਾਤ ਜਾਣ ਤੋ ਪਹਿਲਾ ਜਦੋਂ ਲਾੜੇ ਦੇ ਉਸਦੀਆਂ ਭੈਣਾਂ ਸੇਹਰੇ ਬੰਨਦੀਆਂ ਹਨ ਤਾਂ ਨਾਲ ਦੀ ਨਾਲ ਗਾਣੇ ਵੀ ਗਾਏ ਜਾਦੇ ਹਨ ਆਟੇ ਸੁਰਮਾ ਪਵਾਈ ਵੇਲੇ ਵੀ ਗਾਣੇ ਗਾਏ ਜਾਂਦੇ ਹਨ |
ਮਿਲਣੀ: ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ 'ਮਿਲਣੀ' ਹੁੰਦੀ ਹੈ। ਮਿਲਣੀ ਵਿੱਚ ਵਰ ਤੇ ਕੰਨਿਆ ਦੇ ਸਾਕੇ ਸਾਕ ਸੰਬੰਧੀ ਮਿਲਣੀ ਕਰਦੇ ਹਾਂ ਇੱਕ ਦੂਜੇ ਦੇ ਹਾਰ ਪਾਉਦੇ ਹਨ। 
ਆਨੰਦ ਕਾਰਜ/ਲਾਵਾ-ਆਨੰਦ ਕਾਰਜ ਦੀ ਰਸਮ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਇਸ ਰਸਮ ਵਿੱਚ ‘ਲਾਵਾਂ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਰ, ਕੰਨਿਆ ਅਤੇ ਦੋਵਾਂ ਧਿਰਾਂ ਦੀ ਮੌਜੂਦਗੀ ਵਿੱਚ ਹੁੰਦੀਆਂ ਹਨ। ਆਨੰਦ ਕਾਰਜ ਲਈ ਕੰਨਿਆ ਦਾ ਪਿਤਾ ਕੰਨਿਆ ਦੇ ਹੱਥ ਵਰ ਦਾ ਪੱਲਾ ਫੜਾਉਦਾ ਹੈ। ਸੁਹਾਗ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ -ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਲਾਵਾਂ ਲੈਦੀਂ ਹੈ।ਆਨੰਦ ਕਾਰਜ ਤੋਂ ਲਾੜੇ ਦੀ ਸੱਸ ਜਵਾਈ ਨੂੰ ਸ਼ਗਨ ਦਿੰਦੀ ਹੈ ਤੇ ਉਸਦਾ ਮੂੰਹ ਮਿੱਠਾ ਕਰਾਉਂਦੀ ਹੈ । 
ਵਰੀ ਦੇਖਣਾ- ਫਿਰ "ਵਰੀ" ਦੇਖਣੀ ਹੁੰਦੀ ਹੈ। ਜਿਹੜੀਆਂ ਵੀ 'ਵਰੀ' ਮੁੰਡੇ ਵਾਲੇ ਕੁੜੀ ਲਈ ਲੈ ਕੇ ਆਏ ਉਹ ਸਭ ਸਮਾਨ ਕੁੜੀਆਂ ਵਾਲਿਆ ਨੂੰ ਦੇਖਿਆ ਜਾਂਦਾ ਹੈ। 
ਖੱਟ- ਇਸੇ ਤਰਾਂ ਜੰਨ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲ਼ੇ ਮੁੰਡੇ ਵਾਲ਼ਿਆਂ ਨੂੰ ਉਹਨਾ ਤੇ ਉਹਨਾਏ ਭਾਈਚਾਰੇ ਨੂੰ ਦਿੱਤਾ ਜਾਣ ਵਾਲ਼ਾ 'ਖੱਟ' ਵਿਖਾਉਂਦੇ ਹਨ।
ਡੋਲੀ-ਇਸ ਤੋਂ ਪਿੱਛੋਂ ਜੰਨ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲ਼ੇ ਵਿੱਚ ਬਿਠਾ ਆਉਂਦਾ ਹੈ।
ਪਾਣੀ ਵਾਰਨਾ- ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਸ਼ਗਨਾ ਦੀ ਥਾਲੀ ਲੈ ਕੇ ਨੂੰਹ-ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉਤੇ ਉਹ ਪਾਣੀ ਨਾਲ਼ "ਵਾਰਨੇ ਵਾਰਦੀ" ਹੈ। ਉਹ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਪਾਣੀ ਵਾਰਨ ਦੀ ਰਸਮ ਨਾਲ ਨਵੀਂ ਵਹੁਟੀ ਦਾ ਸਾਰਾ ਪਿਆਰ ਸੱਸ ਨਾਲ ਪੈ ਜਾਂਦਾ ਹੈ।
ਛਟੀ ਖੇਡਣਾ- ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾ, ਸ਼ਹੀਦਾ ਦੇ ਮੱਥਾ ਟੇਕਣ ਵਾਸਤੇ ਜਾਂਦੇ ਹਨ ਕਈ ਥਾਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ- ਸੱਤ ਛਟੀਆਂ ਮਾਰਦੇ ਹਨ। 
ਪੇਟੀ ਖੁਲ੍ਹਾਈ- ਕੰਨਿਆ ਦੀ ਛੋਟੀ ਨਣਾਨ ਪੇਟੀ ਖੋਲ੍ਹਦੀ ਹੈ ਤੇ "ਪੇਟੀ ਖੁਲ੍ਹਾਈ" ਦਾ ਮਨਭਾਉਂਦਾ ਸੂਟ ਕੱਢ ਲੈਂਦੀ ਹੈ।
 
ਹਰ ਹੁਣ ਇਹਨਾਂ ਰਸਮਾਂ ਦਾ ਬਹੁਤਾਂ ਮੱਹਵਤ ਨਹੀ ਰਿਹਾਂ ਇਹ ਰਸਮਾਂ ਦਿਨ ਪ੍ਰਤੀ ਦਿਨ ਅਲੋਪ ਹੋ ਰਹੀਆਂ ਹਨ।
 
ਰਵਨਜੋਤ ਕੌਰ ਸਿੱਧੂ ਰਾਵੀ
Have something to say? Post your comment