ਗ਼ਜ਼ਲ ਭਜਨ ਆਦੀ ਸ਼ਾਹਕੋਟ
ਸਦਾ ਨਫ਼ਰਤ ਦੀ ਅੱਗ ਅੰਦਰ ਉਹ ਸੜ ਕੇ ਰਾਖ ਨੇ ਹੋਏ!
ਮੁਹੱਬਤ ਨਾਲ ਸਿਰ ਉਸਦਾ ਕਦੇ ਕੋਈ ਆਣ ਨਾ ਛੋਹੇ!
ਸਦਾ ਦੂਰੋਂ ਹੀ ਤੱਕ ਉਸਨੂੰ ਤੇ ਪਾਸਾ ਮੋੜ ਲੈਂਦੇ ਨੇ,
ਉਹ ਕਰਕੇ ਈਰਖਾ ਪੁੱਟਦੈ ਸਦਾ ਅਪਣੇ ਅੱਗੇ ਟੋਏ!
ਕਰੇ ਚੁਗਲੀ ਕਰੇ ਨਿੰਦਿਆ ਭਰਾਵਾਂ ਨੂੰ ਲੜਾ ਦੇਵੇ,
ਜਲਾ ਕੇ ਘਰ ਮੁਹੱਬਤ ਦਾ ਉਹ ਕੰਧੋਂ ਪਾਰ ਹੀ ਹੋਏ!
ਉਠਾ ਕੇ ਲਾਸ਼ ਉਹ ਅਪਣੀ ਰਹੇ ਗਲੀਆਂ ਦੇ ਵਿਚ ਘੁੰਮਦੈ,
ਕਦੇ ਹਸਦਾ ਦਿਸੇ ਝੱਲਾ ਤੇ ਭੁੱਬਾਂ ਮਾਰ ਕੇ ਰੋਏ!
ਮੁਹੱਬਤ ਦਾ ਉਹ ਆਸ਼ਕ ਹੈ ਖ਼ੁਦਾ ਦੀ ਮੇਰ੍ਹ ਹੈ ਉਸ ਤੇ,
ਉਹ ਮੁਰਦਾ ਵੀ ਕਰੇ ਜਿੰਦਾ ਮੁਹੱਬਤ ਨਾਲ ਜਦ ਛੋਹੇ!
ਮਿਸਾਲਾਂ ਲੈ ਤੁਰੇ ਲੋਕੀ ਟਿਕਾ ਕੇ ਸੀਸ ਤਲੀਆਂ ਤੇ,
ਪਤਾ ਲੱਗੂ ਜਦੋਂ ਤੈਥੋਂ ਇੰਨਾਂ ਹੱਕ ਆਪਣੇ ਖੋਏ!
ਹਵਾਵਾਂ ਨਾਲ ਤੂੰ 'ਆਦੀ' ਕਦੇ ਨਫ਼ਰਤ ਨਹੀਂ ਕਰਨੀ,
ਤੇਰੀ ਵੀ ਹੋਂਦ ਨਾ ਹੋਣੀ ਜੇ ਪਲ ਭਰ ਨਾ ਹਵਾ ਹੋਏ!