Poem

"ਲੋਕਾਂ ਦੀ ਹੋਲੀ, ਸਿੰਘਾਂ ਦਾ ਹੋਲਾ ਮਹੱਲਾ " - ਪ੍ਰਭਜੋਤ ਕੌਰ,

March 28, 2021 04:05 PM

"ਲੋਕਾਂ ਦੀ ਹੋਲੀ, ਸਿੰਘਾਂ ਦਾ ਹੋਲਾ ਮਹੱਲਾ "

ਦਾਤ ਬਖ਼ਸ਼ ਖੰਡੇ ਬਾਟੇ ਦੀ ਬਣਾਏ ਬਹਾਦਰ
ਉਨ੍ਹਾ ਨੂੰ ਸਵੈਮਾਨ ਦਾ ਅਹਿਸਾਸ ਕਰਾਇਆ

ਮਜ਼ਲੂਮਾਂ ਨੂੰ ਜਾਲਮਾਂ ਤੋਂ ਬਚਾਉਣ ਦੇ ਲਈ
ਅਣਖ ਤੇ ਨਿਡਰਤਾ ਦਾ ਪਾਠ ਪੜ੍ਹਾਇਆ

ਦੇ ਅਸ਼ਤਰ ਸ਼ਸਤਰ ਬਾਣੀ ਦੀ ਵਿੱਦਿਆ ਹੱਥੀਂ
ਲੋਕਾਂ ਨੂੰ ਚੜ੍ਹਦੀ ਕਲਾ ਨਾਲ ਜੀਣਾ ਸਿਖਾਇਆ

ਬਣਾ ਸੂਰਬੀਰ ਜੁ਼ਲਮ ਦੇ ਟਾਕਰੇ ਲ‌ਈ ਖੜੇ ਕੀਤੇ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਜਾਇਆ

ਸੀਸ ਤਲੀ ਤੇ ਧਰ ਲੜਾਏ ਤਲਵਾਰ ਦੀ ਧਾਰ ਤੇ
ਸਵਾ ਲੱਖ ਨਾਲ ਇੱਕ ਸਿੰਘ ਲੜਾਇਆ

ਦਸਤਾਰਾਂ ਸਜਾ ਬਾਣਾ ਪਾ ਲੜੋ ਡੰਕੇ ਦੀ ਚੋਟ ਉੱਤੇ
ਛਡਾ ਨਸੇ਼ ਭੰਗ ਧਤੂਰੇ ਦੇ ਨਾਮ ਦਾ ਰੰਗ ਚੜ੍ਹਾਇਆ

ਫੇਰ ਆਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਵਿੱਚ
ਗੁਰਾਂ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ

ਲੋਕਾਂ ਦੀ ਹੋਲੀ ਸਿੰਘਾਂ ਦਾ ਹੋਲਾ ਮਹੱਲਾ
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੈਕਾਰਾ ਲਾਇਆ

ਆਓ ਤਨ ਮਨ ਰੰਗ ਲ‌ਈਏ ਨਾਮ ਰੰਗ ਵਿੱਚ
ਇਹੀ ਤਾਂ ਸਿੰਘੋ ਗੁਰਾਂ ਨੇ ਸਾਨੂੰ ਪਾਠ ਪੜ੍ਹਾਇਆ

ਅਜਿਹਾ ਹੋਲਾ ਮਹੱਲਾ ਤਾਂ ਹਰ ਪਲ ਮਨਾਓ ਜੋ ਸਾਨੂੰ
ਸਿਖਾ ਕੇ ਹੈ ਗੁਰੂ ਨੇ ਸਾਡਾ ਜਨਮ ਸਫਲਾ ਬਣਾਇਆ
ਪ੍ਰਭਜੋਤ ਕੌਰ, ਮੋਹਾਲੀ

Have something to say? Post your comment