ਹਿੰਦੀ ਵਿਅੰਗ
ਮੈਂ ਵੀ ਅਵਾਰਡ ਮੋੜਨ ਗਿਆ
ਏਧਰ ਭਾਰਤ ਬੰਦ ਸੀ, ਪਰ ਮੇਰਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ। ਬਾਬੂ ਰਾਮ ਲਾਲ ਇੱਕ ਕੰਨ ਤੇ ਮਾਸਕ ਲਟਕਾਈ, ਖਿਝਿਆ, ਹਫਦਾ, ਹੌਂਕਦਾ ਇੱਕ ਸਿਮਰਤੀ-ਚਿੰਨ੍ਹ ਹੱਥ ਵਿੱਚ ਲਟਕਾਈ ਮੇਰੇ ਮੂਹਰੇ ਆ ਖੜ੍ਹਾ ਹੋਇਆ ਅਤੇ ਗੁੱਸੇ ਵਿੱਚ ਮੇਰੇ ਤੇ ਹੀ ਚੀਕਦਾ ਹੋਇਆ ਬੋਲਿਆ, "ਹੁਣ ਹੋਰ ਨਹੀਂ ਸਹਾਰਿਆ ਜਾਂਦਾ! ਇਹ ਅਵਾਰਡ ਸਰਕਾਰ ਨੂੰ ਮੋੜ ਕੇ ਹੀ ਰਹਾਂਗਾ!"
ਮੈਂ ਉਹਦਾ ਹੌਸਲਾ ਵਧਾਇਆ, "ਬਈ ਜ਼ਰੂਰ ਮੋੜ! ਅਵਾਰਡ ਵਾਪਸੀ-ਸਮਾਗਮ ਚੱਲ ਰਿਹਾ ਹੈ! ਵਗਦੀ ਗੰਗਾ ਵਿੱਚ ਤੂੰ ਵੀ ਹੱਥ ਧੋ ਲੈ! ਪਹਿਲਾਂ ਅਸਹਿਣਸ਼ੀਲਤਾ ਦੇ ਮੁੱਦੇ ਤੇ ਬਹੁਤ ਸਾਰੇ ਲੇਖਕਾਂ, ਬੁੱਧੀਜੀਵੀਆਂ, ਸ਼ਾਇਰਾਂ, ਕਵੀਆਂ ਨੇ ਅਵਾਰਡ ਮੋੜੇ ਸਨ, ਹੁਣ ਤੂੰ ਸ਼ੌਕ ਪੂਰਾ ਕਰ ਲੈ!" ਉਨ੍ਹੀਂ ਦਿਨੀਂ ਇੱਕ ਮੁੱਛਾਂ ਵਾਲੇ ਸ਼ਾਇਰ ਨੇ ਤਾਂ ਇੱਕ ਟੀਵੀ ਚੈਨਲ ਦੇ ਐਂਕਰ ਦੇ ਅੱਗੇ ਲਾਈਵ ਪ੍ਰੋਗਰਾਮ ਵਿਚ ਆਪਣਾ ਅਵਾਰਡ ਰੱਖ ਦਿੱਤਾ ਸੀ, ਤਾਂ ਕਿ ਸਨਦ ਰਹੇ! ਕਿ ਬਾਈਗਾਡ! ਖ਼ੁਦਾ ਦੀ ਕਸਮ!... ਮੈਂ ਇਹ ਸਰਕਾਰ ਦੁਆਰਾ ਨਵਾਜਿਆ ਗਿਆ ਸਨਮਾਨ ਸਭ ਦੇ ਸਾਹਮਣੇ ਮੋੜ ਰਿਹਾ ਹਾਂ।
ਕਈਆਂ ਨੇ ਪਦਮਸ਼੍ਰੀ ਮੋੜ ਦਿੱਤਾ। ਉਹਦੇ ਨਾਲ ਮਿਲਿਆ ਚਾਹ-ਪਾਣੀ ਅਤੇ ਦੂਜੀਆਂ ਸੁਵਿਧਾਵਾਂ ਹਜ਼ਮ ਕਰ ਲਈਆਂ। ਰਾਸ਼ਟਰਪਤੀ ਭਵਨ ਵਿੱਚ ਮਿਲੀ ਇੱਜ਼ਤ, ਤਾੜੀਆਂ ਦੀ ਗੂੰਜ, ਖਿੱਚੀਆਂ ਗਈਆਂ ਫੋਟੋਆਂ, ਪਬਲੀਸਿਟੀ- ਨਹੀਂ ਮੋੜੀ। ਹੁਣ ਮੋੜਨ ਤੇ ਵੀ ਮਸ਼ਹੂਰੀਆਂ। ਕਈ ਪੁੱਛ ਰਹੇ ਹਨ ਕਿ ਅਜਿਹਾ ਕਿਹੜਾ ਤੀਰ ਮਾਰਿਆ ਸੀ, ਜਿਸ ਕਰਕੇ ਕਰਕੇ ਤੈਨੂੰ ਪਦਮਸ੍ਰੀ ਮਿਲਿਆ ਸੀ! ਉਂਜ ਵੀ 'ਅੰਨ੍ਹਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ ਦੇਹ।' ਅਤੇ ਇੰਨੇ ਦਿਨ ਜੋ ਉਹਦੀ ਗਰਮਾਈ ਦੇ ਮਜ਼ੇ ਲਏ ਨੇ, ਉਹ ਕਿਵੇਂ ਮੋੜੇਂਗਾ!
ਸਾਡੇ ਇੱਥੇ ਤਾਂ ਇੱਕ ਸ਼੍ਰੀਮਾਨ ਜੀ ਨੂੰ ਲੋਕਾਂ ਤੋਂ ਚੰਦਾ ਲੈ ਕੇ ਲੰਗਰ ਲਾਉਣ ਤੇ ਹੀ ਪਦਮਸ੍ਰੀ ਦੇ ਦਿੱਤਾ ਗਿਆ। ਹੁਣ ਇੱਕ ਸੱਜਣ ਉਸੇ ਫਾਰਮੂਲੇ ਦੇ ਆਧਾਰ ਤੇ ਅਖਬਾਰਾਂ ਵਿਚ ਇਸ਼ਤਿਹਾਰ ਦੇ-ਦੇ ਕੇ ਕੋਰੋਨਾ ਕਾਲ ਵਿੱਚ ਲਾਏ ਗਏ ਲੰਗਰਾਂ ਦੇ ਇਵਜ਼ਾਨੇ ਵਿੱਚ ਸਰਕਾਰ ਤੋਂ ਇਹ ਸਨਮਾਨ ਖ਼ੁਦ ਹੀ ਮੰਗ ਰਹੇ ਹਨ। ਬਾਬੂ ਰਾਮ ਲਾਲ ਉਸੇ ਸ਼੍ਰੇਣੀ ਦੇ ਵਿਅਕਤੀ ਹਨ, ਜਿਨ੍ਹਾਂ ਨੇ ਕੋਰੋਨਾ ਕਾਲ ਵਿੱਚ ਡਟ ਕੇ ਡੰਗਰ ਲਾਏ, ਖਾਏ ਅਤੇ ਕੋਰੋਨਾ- ਯੋਧਾ ਦੇ ਅਵਾਰਡ ਅਜਿਹੇ ਜਿੱਤੇ, ਜਿਵੇਂ ਕੋਈ ਸੈਨਿਕ ਪਰਮਵੀਰ ਚੱਕਰ ਜਿੱਤ ਰਿਹਾ ਹੋਵੇ! ਉਹਦਾ ਘਰ ਅਜਿਹੇ ਅਵਾਰਡਾਂ ਨਾਲ ਓਵਰਫਲੋ ਕਰ ਰਿਹਾ ਹੈ। ਘਰ ਵਿਚ ਸੌਣ ਦੀ ਥਾਂ ਵੀ ਨਹੀਂ ਬਚੀ ਹੈ। ਇਕ-ਅੱਧ ਅਵਾਰਡ ਮੋੜ ਵੀ ਦੇਣਗੇ, ਤਾਂ ਕਿਹੜੀ ਤੋਟ ਆ ਜਾਵੇਗੀ! ਇਸ ਲਈ ਉਹ ਚੀਕ-ਚੀਕ ਕੇ ਕਹਿ ਰਹੇ ਹਨ- ਮੈਂ ਦੇਸ਼-ਹਿੱਤ ਵਿਚ ਸਰਕਾਰ ਦੇ ਸਾਰੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਅੱਜ ਅਵਾਰਡ ਵਾਪਸੀ ਦੀ ਘੋਸ਼ਣਾ ਕਰਦਾ ਹਾਂ। ਕਰ ਲੈ ਭਰਾਵਾ, ਤੂੰ ਵੀ ਦਿਲ ਦੀ ਪੂਰੀ ਕਰ ਲੈ! ਬਸ, ਇੰਨਾਂ ਸਮਝਾ ਦੇਹ, ਕਿ ਜਿਸ ਕਾਨੂੰਨ ਦੇ ਖ਼ਿਲਾਫ਼ ਅਵਾਰਡ ਮੋੜਨ ਚੱਲਿਆ ਹੈਂ, ਉਸ ਵਿਚ ਹੈ ਕੀ-ਕੀ? ਉਹ ਘਬਰਾਏ ਅਤੇ ਬੋਲੇ- ਇਹ ਸਭ ਸਰਕਾਰ ਜਾਣੇ! ਬਸ ਦੇਸ਼ ਦੇ ਖ਼ਿਲਾਫ਼ ਹੈ, ਇਸ ਲਈ ਅਵਾਰਡ ਮੋੜਨਾ ਜ਼ਰੂਰੀ ਹੈ।
ਸਾਡਾ ਇੱਕ ਮਿੱਤਰ ਕੰਮ ਚਲਾਊ ਜੋਤਿਸ਼ੀ ਹੈ। ਕਈ ਹੋਰ ਧੰਦੇ ਵੀ ਹਨ। ਆਪਣੇ ਨਾਂ ਦੇ ਅੱਗੇ ਡਾਕਟਰ ਅਤੇ ਪਿੱਛੇ ਸਤਾਰਾਂ ਵਾਰ ਗੋਲਡ ਮੈਡਲ ਲਿਖਦਾ ਹੈ। ਜਦੋਂ ਵੀ ਕੋਈ ਜੋਤਿਸ਼- ਸਮਾਗਮ ਹੁੰਦਾ ਹੈ, ਪੱਚੀ ਸੌ ਰੁਪਏ ਦੇ ਕੇ ਸ਼ਿਰਕਤ ਕਰ ਆਉਂਦਾ ਹੈ ਅਤੇ ਸਮਾਰੋਹ ਵਿਚ ਕਿਸੇ ਮੰਤਰੀ ਦੁਆਰਾ ਪ੍ਰਦਾਨ ਕੀਤੇ ਗਏ ਗੋਲਡ ਮੈਡਲ ਤੋਂ ਇਲਾਵਾ ਸ਼ਾਲ, ਪਗੜੀ, ਸਿਮਰਤੀ ਚਿੰਨ੍ਹ ਲੈ ਆਉਂਦਾ ਹੈ, ਜੋ ਉਸਦੇ ਵਿਗਿਆਪਨ ਵਿਚ ਕੰਮ ਆਉਂਦੇ ਹਨ। ਹੁਣ ਅਜਿਹੇ ਮਹਾਂ-ਅਨੁਭਵੀ ਅਵਾਰਡ ਵਾਪਸ ਕਰਨ ਲੱਗਣ, ਤਾਂ ਪੂਰੇ ਭਾਰਤ ਵਿੱਚ ਹਰ ਰੋਜ਼ ਇੱਕ ਜੋਤਿਸ਼- ਸਮਾਗਮ ਆਯੋਜਿਤ ਕਰਨਾ ਪਵੇਗਾ! ਕਿਉਂਕਿ ਇਕ ਪ੍ਰੋਗਰਾਮ ਵਿਚ ਦੋ-ਚਾਰ ਸੌ ਜੋਤਿਸ਼ੀ-ਨੁਮਾ ਬੰਦੇ-ਬੰਦੀਆਂ ਅਵਾਰਡ ਲੁੱਟ ਲੈਂਦੇ ਹਨ।
ਇੱਕ ਵੇਲਾ ਸੀ, ਜਦੋਂ 1962 ਵਿੱਚ ਚੀਨ ਦੇ ਹਮਲੇ ਵੇਲ਼ੇ ਤੱਤਕਾਲੀ ਪ੍ਰਧਾਨ ਮੰਤਰੀ ਨੇ ਦੇਸ਼-ਵਾਸੀਆਂ ਤੋਂ ਧਨ ਅਤੇ ਸੋਨਾ ਸਰਕਾਰ ਨੂੰ ਦਾਨ ਕਰਨ ਦੀ ਅਪੀਲ ਕੀਤੀ ਸੀ ਅਤੇ ਮਾਵਾਂ- ਭੈਣਾਂ ਨੇ ਆਪਣੀਆਂ ਚੂੜੀਆਂ, ਵਾਲ਼ੀਆਂ, ਪੈਸੇ ਆਦਿ ਸਮਾਗਮਾਂ ਵਿਚ ਲਾਹ-ਲਾਹ ਕੇ ਦੇਸ਼-ਹਿੱਤ ਵਿੱਚ ਦਾਨ ਕਰ ਦਿੱਤੇ ਸਨ। ਕਿਉਂਕਿ ਸਰਕਾਰ ਨੂੰ ਉਸਦੀ ਲੋੜ ਸੀ। ਅੱਜ ਲੱਗਦਾ ਹੈ, ਸਰਕਾਰ ਕੋਲ ਅਵਾਰਡਾਂ ਦੀ ਕਮੀ ਹੋ ਗਈ ਹੈ। ਇਸ ਲਈ ਸਭ ਆਪਣੇ-ਆਪਣੇ ਸਨਮਾਨ ਵਾਪਸ ਮੋੜਨ ਲਈ ਜ਼ੋਰ ਲਾ ਰਹੇ ਹਨ।
ਮੈਨੂੰ ਅਜੇ ਤਕ ਕੋਈ ਅਵਾਰਡ ਤਾਂ ਨਹੀਂ ਮਿਲਿਆ, ਪਰ ਅੱਜ ਦੀ ਤਰੀਕ ਵਿਚ ਕਿਸੇ ਨਾ ਕਿਸੇ ਗੈਂਗ ਨਾਲ ਜੁੜਨਾ ਇਕ ਸਨਮਾਨਜਨਕ ਗੱਲ ਮੰਨੀ ਜਾਂਦੀ ਹੈ। ਇਕ ਅਲੱਗ ਪਹਿਚਾਣ ਬਣਦੀ ਹੈ। ਸੋ ਭਰਾਵੋ, ਅੱਜ ਮੈਂ "ਅਵਾਰਡ ਵਾਪਸੀ ਗੈਂਗ" ਦੀ ਮੈਂਬਰਸ਼ਿਪ ਲੈ ਲਈ ਹੈ!
* ਮੂਲ : ਮਦਨ ਗੁਪਤਾ ਸਪਾਟੂ
* ਅਨੁ : ਪ੍ਰੋ. ਨਵ ਸੰਗੀਤ ਸਿੰਘ