Article

ਲੇਖ- ਕੁਦਰਤ ਦੀ ਸਿਰਜਣਾ ਜਿਹੀ ਵਿਸ਼ਾਲਤਾ

March 31, 2021 12:33 AM
 
ਮਨੁੱਖ ਦੀ ਕੁਦਰਤ ਨਾਲ ਘੱਟਦੀ ਸਾਂਝ ਨੇ ਉਸਨੂੰ ਬਹੁਤ ਸਾਰੇ ਜੰਜਾਲਾਂ ਵਿੱਚ ਉਲਝਾ ਰੱਖਿਆ ਹੈ। ਜੇਕਰ ਅਸੀਂ ਕੁਦਰਤ ਨੂੰ ਥੋੜ੍ਹਾ ਜਿਹਾ ਵੀ ਸਮਾਂ ਦੇਈਏ ਤਾਂ ਅਸੀਂ ਬਹੁਤ ਸਾਰੀਆਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਓਦਾਂ ਹੀ ਨਿਜ਼ਾਤ ਪਾ ਲਵਾਂਗੇ।
ਸੋ ਰਾਹਤ ਦੀ ਪ੍ਰਾਪਤੀ ਲਈ ਇਹਨਾਂ ਗੱਲਾਂ ਵੱਲ ਗੌਰ ਫ਼ਰਮਾਉਣਾ ਚਾਹੀਦਾ ਹੈ :-
ਤੁਸੀਂ ਕਿਤੇ ਵੀ ਹੋਵੋਂ, ਕੁਦਰਤ ਨੇ ਤੁਹਾਡੇ ਲਈ ਹਰ ਪਲ ਬਿਹਤਰ ਸਿਰਜਿਆ ਹੈ। ਇਹ ਹੁਣ ਤੁਹਾਡੇ ਸਾਰੇ ਦੀ ਗੱਲ ਹੈ ਕਿ ਉਸ ਬਿਹਤਰ ਪਲਾਂ ਨੂੰ ਹੋਰ ਬਿਹਤਰ ਬਣਾ ਲੈਂਦੇ ਹੋ ਜਾਂ ਉਹਨਾਂ ਪਲਾਂ ਨੂੰ ਵੀ ਕੋਈ ਨਕਾਰਾਤਮਕ ਕਪਲਨਾ ਖਾ ਜਾਂਦੀ ਹੈ।
ਆਪਣੇ ਵਿਕਾਸ ਦਾ ਕੱਦ ਐਡਾ ਉੱਚਾ ਕਰੋ ਕਿ ਤੁਹਾਨੂੰ ਚਿੜਾਉਣ ਵਾਲੀ ਹਰ ਇੱਛਾ ਤੁਹਾਡੇ ਅੱਗੇ ਛੋਟੀ ਪੈ ਜਾਵੇ। ਤੁਹਾਨੂੰ ਕਮਜ਼ੋਰ ਬਣਾ ਕੇ ਕਈ ਕਦਮ ਪਿੱਛੇ ਲੈ ਆਉਣ ਵਾਲੀ ਜਾਂ ਜੀਵਨ ਦੇ ਰਾਹ 'ਚ ਰੋੜਾ ਬਣਨ ਵਾਲੀ ਇੱਛਾ ਦਾ ਤਿਆਗ ਕਰ ਦੇਵੋ ਕਿਉਂਕਿ ਆਪਣੇ ਸਵੈ-ਮਾਣ ਨੂੰ ਗਵਾ ਕੇ ਪੂਰੀ ਕੀਤੀ ਇੱਛਾ ਕਦੇ ਵੀ ਲੁਤਫ਼ ਦਾ ਕਾਰਨ ਨਹੀਂ ਬਣਦੀ। 
ਸੋ ਜਿੰਦਗ਼ੀ ਨੂੰ ਖ਼ੁਸ਼ੀ-ਖ਼ੁਸ਼ੀ ਜਿਓਂਵੋ। ਉਦਾਸੀਆਂ ਭਰੇ ਵਿਚਾਰਾਂ ਨੂੰ ਜ਼ਰਾ ਕੁ ਪਾਸੇ ਕਰਕੇ ਸੋਚ ਦੇ ਵਹਾਅ ਨੂੰ ਓਧਰ ਲੈ ਜਾਵੋ ਜੋ ਤੁਹਾਨੂੰ ਖ਼ੁਸ਼ੀ ਪ੍ਰਦਾਨ ਕਰੇ। ਸੋਚ ਜਿੱਥੇ ਤੱਕ ਦੌੜਦੀ ਹੈ ਉਸਨੂੰ ਦੌੜਨ ਦਿਓ। ਉਸਨੂੰ ਪਹੁੰਚ ਜਾਣ ਦਿਓ ਉਸ ਸੋਹਣੇ ਸੁਪਨਿਆਂ ਦੇ ਕੋਲ। ਜਿੱਥੇ ਹਰ ਸੁਪਨਾ ਪੂਰਾ ਹੋਇਆ ਜਾਪਦਾ ਪਰ ਤਰਲੇ ਕਰਕੇ ਪੂਰੀਆਂ ਕੀਤੀਆਂ ਰੀਝਾਂ 'ਚੋਂ ਉਤਸ਼ਾਹ ਗੁਆਚ ਜਾਂਦਾ ਹੈ। ਜਿਸ ਕਾਰਨ ਇਹ ਰੀਝਾਂ ਮਨ 'ਤੇ ਭਾਰ ਅਤੇ ਹੰਝੂਆਂ, ਤਾਹਨਿਆਂ ਦੀ ਗਠੜੀ ਬਣ ਜਾਂਦੀਆਂ ਹਨ। ਸੋ ਠੇਡਾ ਮਾਰ ਕੇ ਅੱਗੇ ਵਧ ਜਾਵੋ ਅਜਿਹੀਆਂ ਰੀਝਾਂ ਨੂੰ ਜੋ ਸਵੈ-ਮਾਣ ਦਾ ਗਲ ਘੁੱਟ ਕੇ ਪੂਰੀਆਂ ਹੁੰਦੀਆਂ ਹੋਣ।
ਆਪਣੀ ਸਾਂਝ ਕੁਦਰਤ ਨਾਲ ਵਧਾਵੋ। ਇਹ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰੇਗੀ। ਕੁਦਰਤ ਹਮੇਸ਼ਾ ਦੂਣ-ਸਵਾਇਆ ਕਰਕੇ ਮੋੜਦੀ ਹੈ। ਕਦੇ ਖੜ-ਖੜ ਕਰਦੇ ਪੱਤਿਆਂ ਨਾਲ ਖੋਲ੍ਹਿਓ ਦਿਲ ਦੇ ਰਾਜ। ਇਹ ਹਵਾ ਦੇ ਸੁਰ ਨਾਲ ਇੱਕ-ਮਿੱਕ ਹੋ ਤੁਹਾਡੇ ਦਰਦ ਵੰਡਾਉਣਗੇ।
ਵਗਦਾ ਪਾਣੀ ਤੁਹਾਨੂੰ ਦਿਲਾਸੇ ਦਿੰਦਾ ਪ੍ਰਤੀਤ ਹੋਵੇਗਾ।
ਰਾਤ ਨੂੰ ਜਿੰਨਾ ਸਮਾਂ ਮਰਜ਼ੀ ਗੱਲਾਂ ਕਰੋ ਇਹ ਤਾਰੇ ਕਦੇ ਵੀ ਤੁਹਾਨੂੰ ਅਣਗੌਲੇ ਕਰਕੇ ਨਹੀਂ ਸੌਂਣਗੇ। ਤੁਹਾਡੀ ਹਰ ਗੱਲ ਦਾ ਹੁੰਗਾਰਾ ਭਰਨਗੇ। ਦਰਖ਼ਤ ਸਮਝਾਉਣਗੇ ਕਿ ਸੂਰਜ ਵਾਂਗ ਪ੍ਰੇਸ਼ਾਨੀਆਂ ਸਿਰਫ਼ ਸਤਾਉਣ ਲਈ ਹੀ ਨਹੀਂ, ਸਗੋਂ ਜਿਉਂਦੇ ਰਹਿਣ ਦਾ ਅਹਿਸਾਸ ਕਰਵਾਉਣ ਵੀ ਆਉਂਦੀਆਂ ਹਨ। ਜਿੰਦਗ਼ੀ ਬੁਰੀ ਨਹੀਂ ਹੈ ਜੇ ਜਿਉਂਣਾ ਸਿੱਖ ਲਈਏ। ਇਸ ਲਈ ਕੁਦਰਤ ਦੀ ਸਿਰਜਣਾ ਜਿਹੀ ਵਿਸ਼ਾਲਤਾ ਆਪਣੇ ਅੰਦਰ ਪੈਦਾ ਕਰੋ।
ਕੁਦਰਤ ਤੋਂ ਵੱਡਾ ਕੋਈ ਸਾਥੀ, ਕੋਈ ਦਰਦੀ ਹੋ ਹੀ ਨਹੀਂ ਸਕਦਾ।
ਹਰਪ੍ਰੀਤ ਕੌਰ ਘੁੰਨਸ
Have something to say? Post your comment