Article

ਨਿਊਜ਼ੀਲੈਂਡ ਦੇ ਸਿੱਖਾਂ ਨੇ ਕੌਮ ਦੀ ਪੱਗ ਪੂਰੀ ਦੁਨੀਆਂ ਵਿੱਚ ਕੀਤੀ ਉੱਚੀ

April 01, 2021 12:07 AM
ਨਿਊਜ਼ੀਲੈਂਡ ਦੇ ਸਿੱਖਾਂ ਨੇ ਕੌਮ ਦੀ ਪੱਗ ਪੂਰੀ ਦੁਨੀਆਂ ਵਿੱਚ ਕੀਤੀ ਉੱਚੀ  
 
11 ਏਕੜ ਵਿੱਚ 25 ਮਿਲੀਅਨ ਡਾਲਰ ਦੀ ਲਾਗਤ ਨਾਲ ਕੀਤਾ ਬਹੁਮੰਤਵੀ ਸਪੋਰਟਸ ਕੰਪਲੈਕਸ ਤਿਆਰ  
 
ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ  ਨੇ ਹਰ ਜਗ੍ਹਾ ਤੇ ਕੌਮ ਨੂੰ ਵੱਡਾ ਨਾਮਣਾ ਦਿੱਤਾ ਅਤੇ ਪੂਰੀ ਦੁਨੀਆਂ ਦਾ ਧਿਆਨ ਸਿੱਖ ਫਲਸਫੇ ਵੱਲ ਖਿੱਚਿਆ  ਹੈ ਅਜਿਹਾ ਹੀ ਕਾਰਨਾਮਾ ਨਿਊਜ਼ੀਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਕਰ ਵਿਖਾਇਆ ਹੈ ਕਿ ਜਦੋਂ  ਸੁਪਰੀਮ ਸਿੱਖ ਸੁਸਾਇਟੀ ਨੇ  ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਆਕਲੈਂਡ ਦੇ ਸ਼ਹਿਰ ਟਾਕਾਨਿਨ੍ਹੀ ਵਿਖੇ 11ਏਕੜ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬਹੁ ਮੰਤਵੀ ਮਲਟੀਪਰਪਜ਼ ਸਪੋਰਟਸ ਕੰਪਲੈਕਸ ਬਣਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ ਇਸ ਸਪੋਰਟਸ ਕੰਪਲੈਕਸ ਉਪਰ ਜ਼ਮੀਨ ਦੀ ਲਾਗਤ ਸਮੇਤ 25 ਮਿਲੀਅਨ ਡਾਲਰ ਦੇ ਕਰੀਬ  ਖਰਚ ਆਇਆ ਹੈ। ਇਸ ਬਹੁਮੰਤਵੀ ਸਪੋਰਟਸ ਕੰਪਲੈਕਸ ਦਾ ਉਦਘਾਟਨ ਉੱਥੋਂ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ  । ਇਸ ਸਮਾਗਮ ਵਿਚ ਵਿਰੋਧੀ ਧਿਰ ਦੇ ਆਗੂ ਜੂਡਿਥ ਕੋਲਿਨਜ਼ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਹੋਰ ਉੱਘੀਆਂ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ  । ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸਿੱਖ ਫਲਸਫੇ ਤੋਂ ਜਾਣੂ ਕਰਵਾਇਆ  । ਨਿਓੂਜ਼ੀਲੈਂਡ ਮੁਲਕ ਦੀ ਸਿਆਸਤ ਦੇ ਰਹਿਨੁਮਾ ਬੀਬਾ ਜੈਸਿੰਡਾ ਆਰਨ ਨੇ ਵੀ ਸਿੱਖ ਕੌਮ ਦੀ ਫਿਲਾਸਫੀ ਅਤੇ ਗੁਰੂਆਂ ਦੇ ਦਿੱਤੇ ਸਿਧਾਂਤਾਂ ਦੀ ਰੱਜ ਕੇ ਸ਼ਲਾਘਾ ਕੀਤੀ ਸਿੱਖਾਂ ਦੇ ਇਸ ਉੱਦਮ ਦੇ ਨਾਲ  ਸਿੱਖ ਕੌਮ ਦੀ ਪਹਿਚਾਣ ਪੂਰੀ ਦੁਨੀਆ ਵਿਚ ਬਣੀ ਹੈ।
ਜਦੋਂ ਨਿੳੂਜ਼ੀਲੈਂਡ ਦੀ ਪ੍ਰਧਾਨ ਮੰਤਰੀ ਸਿੱਖਾਂ ਦੇ ਵਡਮੁੱਲੇ ਕਾਰਜ ਦੀ ਤਾਰੀਫ਼ ਕਰ ਰਹੇ ਸੀ ਤਾਂ ਇੰਜ ਲੱਗ ਰਿਹਾ ਸੀ ਕਿ ਵਾਕਿਆ ਹੀ   ਨਿਊਜ਼ੀਲੈਂਡ ਦੇ ਸਿੱਖਾਂ ਨੇ ਕੌਮ ਦੀ ਪੱਗ ਪੂਰੀ ਦੁਨੀਆ ਵਿਚ ਉੱਚੀ ਕਰ ਦਿੱਤੀ ਹੈ  ਨਿਊਜ਼ੀਲੈਂਡ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਬਦਲੇ ਪੂਰੀ ਤਰ੍ਹਾਂ ਵਧਾਈ ਦਾ ਪਾਤਰ ਹੈ  ।
ਨਿਓੂਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਜੋ ਸਾਲ 1982 ਵਿੱਚ ਹੋਂਦ ਵਿੱਚ ਆਈ ਹੈ ਇਸ ਤੋਂ ਇਲਾਵਾ 1989 ਤੋਂ ਹੈਰੀਟੇਜ ਸਕੂਲ ਚਲਾ ਰਹੀ ਹੈ ਸੁਪਰੀਮ ਸਿੱਖ ਸੁਸਾਇਟੀ  ਕਈ ਹੋਰ ਸਮਾਜ ਸੇਵੀ ਵਧੀਆ ਕੰਮ ਕਰ ਰਹੀ ਹੈ ਜੋ ਸਪੋਰਟਸ ਕੰਪਲੈਕਸ 11 ਏਕੜ ਦੇ ਵਿੱਚ ਉਸਾਰਿਆ ਗਿਆ ਹੈ ਉਸ ਦੇ ਵਿੱਚ ਫੀਫਾ ਤੋਂ  ਮਾਨਤਾਪ੍ਰਾਪਤ ਫੁੱਟਬਾਲ ਗਰਾਊਂਡ ਅਤੇ ਐੱਫਆਈਐੱਚ ਦੀਆਂ ਸ਼ਰਤਾਂ ਪੂਰੀਆਂ ਕਰਦਾ ਹਾਕੀ ਗਰਾਊਂਡ, ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਨਾਲ ਸੰਬੰਧਤ ਆਲੀਸ਼ਾਨ  ਫਲੱਡ ਲਾਈਟਸ ਅਤੇ  ਅਟੈਚ ਸਾਓੂਂਡਂ ਸਿਸਟਮ ਗਰਾਉਂਡ , 4 ਰਨਿੰਗ ਟ੍ਰੈਕ , ਨੈਟਬਾਲ, ਵਾਲੀਬਾਲ, ਬਾਸਕਟਬਾਲ ਅਤੇ ਹੋਰ ਖੇਡ ਮੈਦਾਨ, ਕਾਰ ਪਾਰਕਿੰਗ ਬਾਥਰੂਮ ਆਦਿ ਸਾਰੀਆਂ ਸਹੂਲਤਾਂ ਨਾਲ ਲੈਸ ਇਸ ਸਪੋਰਟਸ ਕੰਪਲੈਕਸ ਦੀ  ਉਸਾਰੀ ਕੀਤੀ ਗਈ ਹੈ ਇਸ ਸਪੋਰਟਸ ਕੰਪਲੈਕਸ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਸ਼ਨਿੱਚਰਵਾਰ ਅਤੇ ਐਤਵਾਰ ਦੇ ਦਿਨਾਂ ਵਿੱਚ ਖੇਡਣ ਦੀ ਪਹਿਲ ਹੋਵੇਗੀ ਜਦਕਿ ਬਾਕੀ ਦਿਨਾਂ ਵਿੱਚ ਲੋਕਲ ਸਕੂਲਾਂ ਅਤੇ ਸਥਾਨਕ ਸੰਸਥਾਵਾਂ ਨੂੰ ਖੇਡਣ ਦਾ ਮੌਕਾ ਮਿਲੇਗਾ। ਸੁਪਰੀਮ ਸਿੱਖ ਸੁਸਾਇਟੀ ਦਾ ਅਗਲਾ ਨਿਸ਼ਾਨਾ 16 ਤੋਂ  20 ਮਿਲੀਅਨ ਡਾਲਰ ਦੀ ਲਾਗਤ ਨਾਲ ਇਕ ਸਕੂਲ ਬਣਾਉਣਾ ਹੋਵੇਗਾ ਜਿਸ ਵਿੱਚ ਪੰਜਾਬੀ ਵਿਸ਼ਾ ਬੱਚਿਆਂ ਦੇ ਪੜ੍ਹਨ ਲਈ ਸਪੈਸ਼ਲ  ਹੋਵੇਗਾ। 5 ਮਿਲੀਅਨ ਵਸੋਂ ਵਾਲੇ ਮੁਲਕ ਨਿਊਜ਼ੀਲੈਂਡ ਵਿੱਚ ਹਜ਼ਾਰਾ ਦੀ  ਗਿਣਤੀ ਦੇ ਸਿੱਖਾਂ ਵੱਲੋਂ ਇਹ  ਸਪੋਰਟਸ ਕੰਪਲੈਕਸ ਬਣਾਉਣ ਦਾ ਕਾਰਨਾਮਾ ਕਿਸੇ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਹੈ  ।
 ਇਕ ਪਾਸੇ ਨਿਓੂਜ਼ੀਲੈਂਡ ਦੀ "ਬਿਗਾਨੀ ਧਰਤੀ ਤੇ ਅਸੀਂ ਉਸ ਧਰਤੀ ਤੇ ਬਿਗਾਨੇ ਲੋਕ" ਤੇ ਸਾਨੂੰ ਸਾਡੇ ਕੰਮ ਬਦਲੇ ਉੱਥੋਂ ਦੀਆਂ ਸਰਕਾਰਾਂ ਨੇ ਇੰਨਾ ਵੱਡਾ ਮਾਣ ਦਿੱਤਾ ਹੈ ਦੂਜੇ ਪਾਸੇ ਭਾਰਤ ਦੀ ਸਾਡੀ " ਆਪਣੀ ਧਰਤੀ ਅਤੇ ਸਾਡੇ ਆਪਣੇ ਲੋਕ " ਸਾਡਾ ਓਹ ਮੁਲਕ ਜਿਸਦੀ ਅਜ਼ਾਦੀ ਵਿੱਚ ਪੰਜਾਬੀਆਂ ਦੀਆਂ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਹੋਣ , ਦੇਸ਼  ਦੀ ਖੇਤੀਬਾੜੀ ਅਤੇ ਆਰਥਿਕਤਾ ਮਜ਼ਬੂਤ ਕਰਨ ਵਿੱਚ ਪੰਜਾਬੀਆਂ ਦਾ 70 ਪ੍ਰਤੀਸ਼ਤ ਰੋਲ ਹੋਵੇ ਪਰ ਜਦੋਂ ਅਸੀਂ ਆਪਣੇ ਕਿਸੇ ਹੱਕ ਦੀ ਮੰਗ ਕਰੀਏ ਤਾਂ ਇੱਥੋਂ ਦੀਆਂ ਸਰਕਾਰਾਂ ਸਾਨੂੰ ਕਦੇ ਅੱਤਵਾਦੀ , ਕਦੇ ਵੱਖਵਾਦੀ , ਕਦੇ ਇਹ ਨਕਸਲਾਈਟ, ਕਦੇ ਖ਼ਾਲਿਸਤਾਨੀ ਕਹਿ ਕੇ ਪੂਰੀ ਦੁਨੀਆ ਵਿਚ ਭੰਡਦੇ ਹਨ ਪਰ  , ਕਸੂਰ ਸਾਡਾ ਸਿਰਫ ਇਹੀ ਹੁੰਦਾ ਹੈ  ਕਿ ਜਦੋਂ ਅਸੀਂ ਆਪਣਾ ਹੱਕ ਜਾਂ  ਇਨਸਾਫ ਮੰਗ ਰਹੇ ਹੁੰਦੇ ਹਾਂ ਤੇ ਸਾਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਜਾਂਦਾ ਹੈ ਸਾਡਾ ਦਰਬਾਰ ਸਾਹਿਬ ਢਾਹ ਦਿੱਤਾ ਜਾਂਦਾ ਸਾਡਾ ਕਿਸਾਨ ਮਾਰ ਦਿੱਤਾ ਜਾਂਦਾ  ਸਾਡੇ ਵੱਡੇ ਵਡੇਰੇ ਬਾਬਿਆਂ  ਨੇ 1947 ਦਾ ਓੁਜਾੜਾ ਵੇਖਿਆ ਸੀ ਅਸੀਂ 1984 ਦੀ ਆਪਣੀ ਤਬਾਹੀ ਵੇਖੀ ਆਂ ਸਾਡੀ ਅਗਲੀ ਪੀੜ੍ਹੀ ਨੇ 2020 ਚ ਕਿਸਾਨੀ ਦੀ ਤਬਾਹੀ ਦੇਖੀ ਆਂ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀ ਇੱਕ ਪੀੜ੍ਹੀ ਨਿਓੂਜ਼ੀਲੈਡ ਵਿੱਚ ਸਿੱਖ  ਫਲਸਫੇ ਤੇ ਪਹਿਰਾ ਦਿੰਦੀ ਹੋਈ ਹੱਕ ,ਸੱਚ,ਵਿਸਵਾਸ , ਪਿਆਰ ਦੀ ਜੰਗ ਜਿੱਤ ਰਹੀ ਹੈ ਅਤੇ  ਕੌਮ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਰਹੀ ਹੈ ਪ੍ਰਮਾਤਮਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿੱਚ ਜਿੱਥੇ ਸਿੱਖ ਵੱਸਦੇ ਨੇ, ਨੂੰ ਵੀ ਸੁਮੱਤ ਦੇਵੇ ਕਿ ਉਹ ਆਪੋ ਆਪਣੇ ਮੁਲਕਾਂ ਵਿੱਚ  ਨਿਊਜ਼ੀਲੈਂਡ ਦੇ ਸਿੱਖਾਂ ਵਾਲਾ ਇਤਿਹਾਸ ਦਹਰਾਓੁੁਣ । ਦਾਤਾ ਸਿੱਖਾਂ ਤੇ ਰਹਿਮਤ ਰੱਖੇ, ਰੱਬ ਰਾਖਾ!
 
ਜਗਰੂਪ ਸਿੰਘ ਜਰਖੜ 
Have something to say? Post your comment