ਬੇਟੀ ਦੀ ਐਡਮਿਸ਼ਨ ਚੰਡੀਗੜ੍ਹ ਵਿਖੇ ਹੋ ਗਈ, ਤਾਂ ਉਹਦੀ ਦੇਖਭਾਲ, ਖਾਣ-ਪੀਣ ਆਦਿ ਲਈ ਪਤਨੀ ਵੀ ਉਹਦੇ ਨਾਲ ਰਹਿਣ ਚਲੀ ਗਈ। ਮੈਂ ਇਕੱਲਾ ਸਾਂ ਘਰ ਵਿੱਚ। ਘਰ ਦਾ ਸਾਰਾ ਕੰਮ-ਕਾਜ ਖ਼ੁਦ ਕਰਨਾ ਤੇ ਫਿਰ ਦਫ਼ਤਰ ਜਾਣਾ। ਹਫ਼ਤੇ ਕੁ ਵਿੱਚ ਹੀ ਹੰਭ ਗਿਆ। ਕਦੇ-ਕਦੇ ਤਾਂ ਰੋਟੀ ਅਚਾਰ ਨਾਲ ਹੀ ਖਾ ਲੈਂਦਾ, ਇਹ ਸੋਚ ਕੇ ਕਿ 'ਕੱਲੇ ਜਣੇ ਲਈ ਕਿੱਥੇ ਐਨਾ ਕੁਝ ਬਣਾਵਾਂਗਾ। ਇਹ ਗੱਲ ਨਹੀਂ ਕਿ ਮੈਨੂੰ ਰਸੋਈ ਦਾ ਕੰਮ ਨਹੀਂ ਆਉਂਦਾ! ਜਵਾਨੀ ਵਿੱਚ (ਅਣਵਿਆਹੇ ਸਮੇਂ) ਕਰੀਬ 15-16 ਸਾਲ ਇਕੱਲਿਆਂ ਹੀ ਸਾਰੇ ਕੰਮ ਕੀਤੇ ਨੇ!
ਪੇਪਰ ਖ਼ਤਮ ਹੋਣ ਤੇ ਢਾਈ ਕੁ ਮਹੀਨਿਆਂ ਪਿੱਛੋਂ ਪਤਨੀ ਤੇ ਬੇਟੀ ਘਰ ਆ ਗਏ। ਪਤਨੀ ਨੇ ਪਹਿਲਾਂ ਤਾਂ ਸਾਰੇ ਘਰ ਦੀ ਸਾਫ਼-ਸਫ਼ਾਈ ਕੀਤੀ, ਕੱਪੜੇ ਧੋਤੇ; ਫਿਰ ਦਫ਼ਤਰ ਜਾਣ ਲੱਗਿਆਂ ਮੈਨੂੰ ਰੋਟੀ ਪੈਕ ਕਰਕੇ ਦਿੱਤੀ। ਅੱਜ ਦਫ਼ਤਰ 'ਚ ਲੰਚ ਵੇਲ਼ੇ ਰੋਟੀ ਵਾਲ਼ਾ ਡੱਬਾ ਖੋਲ੍ਹਿਆ ਤਾਂ ਇਸ ਵਿੱਚ ਰੋਟੀ ਤੇ ਸਬਜ਼ੀ ਦੇ ਨਾਲ਼-ਨਾਲ਼ ਦਹੀਂ, ਅਚਾਰ ਤੇ ਸਵੀਟ-ਡਿਸ਼ ਵੇਖ ਕੇ ਮਨ ਗਦਗਦ ਹੋ ਉਠਿਆ। ਐਵੇਂ ਤਾਂ ਨਹੀਂ ਔਰਤ ਨੂੰ 'ਅੰਨਪੂਰਣਾ' ਕਹਿੰਦੇ!