Article

ਅੰਨਦਾਤੇ ਦੇ ਹੌਸਲੇ ਬੁਲੰਦ : ਸੰਜੀਵ ਸਿੰਘ ਸੈਣੀ

April 01, 2021 02:35 PM
 
 
 
ਅੰਨਦਾਤੇ ਦੇ ਹੌਸਲੇ ਬੁਲੰਦ:
 
ਤਿੰਨੇ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਨੂੰ ਕਾਨੂੰਨੀ ਦਰਜਾ  ਦਿਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਦਿੱਲੀ ਦੀਆਂ ਬਰੂਹਾਂ ਤੇ  ਓਦੋਂ ਤਕ ਡਟੇ ਰਹਿਣਗੇ , ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨ  ਨਹੀਂ  ਲਈਆਂ ਜਾਣਗੀਆਂ। ਮੀਂਹ,ਪੋਹ ਦੀਆਂ ਹੱਢ ਚੀਰਦੀਆਂ ਠੰਡਾਂ ਦੌਰਾਨ ਕਿਸਾਨਾਂ ਦਾ ਵਿਸ਼ਵਾਸ ਬਿਲਕੁਲ ਵੀ ਨਹੀਂ ਡੋਲਿਆ। ਦਿਨ-ਪ੍ਰਤਿਦਿਨ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ।ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਮੇਤ ਕਿਸਾਨ ਜਿਸ ਵਿਚ ਔਰਤਾਂ ਬਜ਼ੁਰਗ ਬੱਚੇ ਅੱਜ ਦਿੱਲੀ  ਦੀਆਂ ਬਰੂਹਾਂ ਤੇ ਬੈਠੇ ਹਨ। ਬਰੂਹਾਂ ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਪੂਰੇ ਹੋ ਚੁੱਕੇ ਹਨ।ਜਿਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋ ਰਹੀ ਹੈ। ਮੋਰਚੇ ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੋਈ ਵੀ ਕਮੀ ਨਹੀਂ ਹੈ। ਬਰੂਹਾਂ ਦੇ ਨਾਲ ਲੱਗਦੇ ਪਿੰਡਾਂ ਦਾ ਗਰੀਬ ਤੱਬਕਾ ਵੀ ਕਿਸਾਨੀ ਮੋਰਚੇ ਤੇ ਲੰਗਰ ਛੱਕ ਰਿਹਾ ਹੈ। ਕਿਸਾਨਾਂ ਨੂੰ ਦਿਲੋਂ ਅਸੀਸ ਦੇ ਰਹੇ ਹਨ।300 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਵੀ ਦਿੱਤੀ ਹੈ।ਇੱਕ ਮਜ਼ਦੂਰ ਵਰਗ ਤੋਂ ਲੈ ਕੇ ਯੂ ਐਨ ਓ ਤੱਕ ਤਕਰੀਬਨ ਹਰ ਤਬਕੇ ਨੇ  ਕਿਸਾਨ ਅੰਦੋਲਨ ਦੀ ਵਕਾਲਤ ਕੀਤੀ ਹੈ।11ਵੇ ਗੇੜ ਦੀ ਮੀਟਿੰਗ ਮੁੜ ਬੇਸਿੱਟਾ ਰਹੀ। ਅੱਜ ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਹੈ। 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਵੀ ਤੇਜ਼ ਹੋ ਚੁੱਕਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ ਹਨ। ਵੱਡੇ ਪੱਧਰ ਤੇ ਨੌਜਵਾਨਾਂ ਔਰਤਾਂ ਦੀ ਸ਼ਿਰਕਤ ਹੋ ਰਹੀ ਹੈ।ਰੰਗ-ਬਿਰੰਗੀਆਂ ਦਸਤਾਰਾਂ ,ਚੁੰਨੀਆਂ ਲੈ ਕੇ ਨੌਜਵਾਨ, ਔਰਤਾਂ  ਮਹਾਂ ਪੰਚਾਇਤਾਂ ਵਿੱਚ ਹਾਜ਼ਰੀ ਭਰ ਰਹੇ ਹਨ। ਜੈ ਕਿਸਾਨ,ਜੈ ਜਵਾਨ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਰਹੇ ਹਨ।ਪੰਜਾਬ ਦੀ ਬਰਨਾਲਾ ਸ਼ਹਿਰ ਦੀ ਰੈਲੀ ਵਿੱਚ ਤਾਂ ਕਿਸਾਨਾਂ ਦਾ ਹੜ੍ਹ ਆ ਗਿਆ। ਅੱਜ ਦੇਸ਼ ਦਾ ਕਿਸਾਨ ਜਾਗ ਪਿਆ ਹੈ।ਕਿਸਾਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਬਹੁਤ ਫ਼ਿਕਰ ਹੈ। ਕੇਂਦਰ ਸਰਕਾਰ ਉਹੀ ਆਪਣੀਆਂ ਪੁਰਾਣੀਆਂ ਦਲੀਲਾਂ ਨੂੰ ਦੋੋੋੋਹਰਾ ਰਹੀ ਹੈ ਕਿ ਖੇਤੀ ਬਿੱਲਾ ਨਾਲ ਕਿਸਾਨਾਂ ਦਾ ਭਵਿੱਖ ਸੁਧਰੇਗਾ। ਅੱਜ ਦੇਸ਼ ਦਾ ਅੰਨਦਾਤਾ ਆਜ਼ਾਦ ਹੋ ਗਿਆ ਹੈ। ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇਗੀ।ਅੱਜ ਵੇਖਣ ਵਿਚ ਆ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਤੇ ਝੂਠੇ ਕੇਸ ਪਾਏ ਜਾ ਰਹੇ ਹਨ।ਜੋ ਅੱਜ ਅੰਨਦਾਤਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਸ ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਕਿਸਾਨ ਕਦੇ ਵੀ ਦੇਸ਼ ਧ੍ਰੋਹੀ ਨਹੀਂ ਹੋ ਸਕਦਾ।ਕੇਂਦਰ ਸਰਕਾਰ ਨੇ ਸਵੀਕਾਰ ਵੀ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿੱਚ ਕਮੀਆਂ ਹਨ ਤੇ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹਨ। ਪਰ ਕਿਸਾਨ ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। 2 ਜਨਵਰੀ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਹਰਿਆਣਾ  'ਚ ਕੜਾਕੇ ਦੀ ਠੰਡ ਵਿੱਚ ਟਰੈਕਟਰ ਮਾਰਚ ਕੀਤਾ ਗਿਆ।ਪੰਜਾਬ ਦੀਆਂ ਔਰਤਾਂ ਨੂੰ ਦੇਖਦੇ ਹੋਇਆ ਹਰਿਆਣੇ ਦੀਆਂ ਔਰਤਾਂ ਵੀ ਇਸ ਸੰਘਰਸ਼ ਵਿਚ ਕੁੱਦ ਗਈਆਂ ਹਨ।ਕਿਸਾਨ ਮਜ਼ਦੂਰ ਏਕਤਾ' ਦਾ ਨਾਅਰਾ ਲਿਖਿਆਂ ਪੱਟੀਆਂ ਵੀ ਕਿਸਾਨਾਂ ਦੀਆਂ ਬਾਹਾਂ ਤੇ ਬੰਨੀਆਂ ਹੋਈਆਂ ਦਿਖੀਆਂ।ਕਹਿਣ ਦਾ ਭਾਵ ਕਿਸਾਨ  ਸੰਘਰਸ਼  ਵਿੱਚ ਨਵੇਂ ਨਵੇਂ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।ਜਿਨ੍ਹਾਂ ਲਈ ਇਹ ਕਾਨੂੰਨ ਬਣਾਏ ਗਏ ਹਨ ਜੇ ਉਹ ਵੀ ਖੁਸ਼ ਨਹੀਂ ਹਨ ,ਤਾਂ ਫਿਰ ਇਨ੍ਹਾਂ ਕਨੂੰਨਾਂ ਨੂੰ ਧੱਕੇ ਨਾਲ ਕਿਸਾਨਾਂ ਦੇ ਗਲ਼ ਨਾ ਮੜ੍ਹਿਆ ਜਾਵੇ। ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ  ਕੋਈ ਨਵੀਂ ਤਜਵੀਜ਼ ਲੈ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
 
 
ਸੰਜੀਵ ਸਿੰਘ ਸੈਣੀ, ਮੋਹਾਲੀ।
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
Have something to say? Post your comment