Article

ਕਿਸਾਨਾਂ ਦੀ ਚੜ੍ਹਦੀ ਕਲਾ ਸੱਚ ਹੈ ਕਿਸਾਨਾਂ ਦਾ ਸਬਰ

April 02, 2021 12:05 AM

ਕਿਸਾਨਾਂ ਦੀ ਚੜ੍ਹਦੀ ਕਲਾ ਸੱਚ ਹੈ ਕਿਸਾਨਾਂ ਦਾ ਸਬਰ ਅਤੇ ਹੱਠ ਵੀ ਕਮਾਲ ਦਾ ਹੈ ਅਤੇ ਸਥਿਤੀਆਂ ਨਾਲ ਲੜਨ ਦਾ ਜਜ਼ਬਾ ਵੀ ਬੇਮਿਸਾਲ ਹੈ।ਕਿਸਾਨ ਢਹਿੰਦੀ ਕਲਾ ਵੱਲ ਜਾਂਦਾ ਹੈ ਤਾਂ ਸੋਚ ਲਵੋ ਉਹ ਕਿੰਨਾ ਤੰਗ ਪ੍ਰੇਸ਼ਾਨ ਹੋਏਗਾ।ਕਿਸਾਨਾਂ ਦੀ ਸੋਚ ਅਤੇ ਦਰਿਆ ਦਿਲੀ ਵੇਖੋ ਇਹ ਫਸਲ ਬੀਜਣ ਲੱਗਾ ਹੀ,ਚਿੜੀਆਂ ਕਾਵਾਂ,ਕਾਮਿਆਂ ਅਤੇ ਹਰ ਗਰੀਬ ਗੁਰਬੇ ਦੇ ਲਈ ਦਾਣੇ ਬੀਜਦਾ ਹੈ।ਖੈਰ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਵੀ ਕਿਸਾਨਾਂ ਬਾਰੇ ਚੰਗੀ ਤਰ੍ਹਾਂ ਦਸ ਦਿੱਤਾ ਜਿੰਨ੍ਹਾਂ ਨੇ ਥੈਲੀਆਂ ਵਾਲੇ ਆਟੇ ਤੋਂ ਬਗੈਰ ਕੁੱਝ ਵੇਖਿਆ ਹੀ ਨਹੀਂ।ਪੰਜਾਬ ਤੋਂ ਉੱਠੀ ਅੰਦੋਲਨ ਦੀ ਆਵਾਜ਼ ਵਿੱਚ ਹਰਿਆਣੇ ਨੇ ਆਵਾਜ਼ ਮਿਲਾਈ।ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦੇ ਸੁਭਾਅ ਬਹੁਤ ਮੇਲ ਖਾਂਦੇ ਹਨ।ਪਿਆਰ ਨਾਲ ਜਾਨ ਵੀ ਮੰਗੇ ਤਾਂ ਹਾਜ਼ਰ ਹੈ,ਦਬਾਅ ਨਹੀਂ ਝੱਲਦੇ।ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰਕੇ ਪੂਰੇ ਦੇਸ਼ ਨੂੰ ਹਲੂਣਾ ਦਿੱਤਾ ਅਤੇ ਜਗਾ ਦਿੱਤਾ।ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੇ ਆਪਣੀ ਪਹਿਚਾਣ ਉਨ੍ਹਾਂ ਲੋਕਾਂ ਨੂੰ ਕਰਵਾਈ ਜਿੰਨਾ ਨੂੰ ਸਰਦਾਰਾਂ ਬਾਰੇ ਜਾਂ ਸਿੱਖ ਧਰਮ ਬਾਰੇ ਪਤਾ ਨਹੀਂ ਸੀ।ਆਪ ਮੁਸੀਬਤ ਵਿੱਚ ਬੈਠੇ ਹਨ ਪਰ ਲੰਗਰ ਲਗਾਕੇ ਹਰ ਕਿਸੇ ਦਾ ਪੇਟ ਭਰ ਰਹੇ ਹਨ।ਗਰੀਬ ਬੱਚਿਆਂ ਨੇ ਸ਼ਾਇਦ ਕਦੇ ਦੁੱਧ ਜਾਂ ਜੂਸ ਪੀਤਾ ਹੀ ਨਹੀਂ ਹੋਣਾ ਅਤੇ ਨਾ ਢਿੱਡ ਭਰਕੇ ਰੋਟੀ ਖਾਧੀ ਹੋਣੀ ਹੈ।ਮੁਸ਼ਕਿਲ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਕਿਸਾਨਾਂ ਅਤੇ ਖਾਸ ਕਰਕੇ ਪੰਜਾਬੀਆਂ ਦੇ ਹਿੱਸੇ ਆਇਆ ਹੈ।
ਮੈਨੂੰ ਬੜੀ ਹੈਰਾਨੀ ਹੁੰਦੀ ਹੈ ਅਤੇ ਉਨ੍ਹਾਂ ਲੋਕਾਂ ਦੀ ਸੋਚ ਤੇ ਤਰਸ ਵੀ ਆਉਂਦਾ ਹੈ ਜੋ ਇਹ ਕਹਿੰਦੇ ਹਨ ਕਿ ਇਹ ਕਿਸਾਨ ਨਹੀਂ ਹਨ ਕਿਉਂਕਿ ਇਹ ਮਹਿੰਗੀਆਂ ਕਾਰਾਂ ਵਿੱਚ ਆਉਂਦੇ ਹਨ।ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਤਾਂ ਕਿਸਾਨਾਂ ਨੂੰ ਫਟੇਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਪੰਜਾਬ ਦੇ ਵਧੇਰੇ ਲੋਕ ਵਿਦੇਸ਼ਾਂ ਵਿੱਚ ਹਨ।ਹਾਂ,ਉਨ੍ਹਾਂ ਦੇਸ਼ਾਂ ਦੀ ਖੁਸ਼ਕਿਸਮਤੀ ਹੈ ਕਿਉਂਕਿ ਪੰਜਾਬੀਆਂ ਨੇ ਬਹੁਤ ਮਿਹਨਤ ਕੀਤੀ ਅਤੇ ਉਨ੍ਹਾਂ ਦੇਸ਼ਾਂ ਦੀ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾਇਆ। ਕਾਰਾਂ ਉਨ੍ਹਾਂ ਕਰਕੇ ਹੈ।ਬਾਕੀ ਰਹੀ ਬਿੱਲਾਂ ਦੀ ਗੱਲ ਪੜ੍ਹੇ ਲਿਖੇ ਕਿਸਾਨ ਆਗੂ ਹਨ।ਕਿਸਾਨਾਂ ਦੇ ਬੱਚੇ ਪੜ੍ਹੇ ਲਿਖੇ ਹਨ।ਕਾਨੂੰਨਾਂ ਨੂੰ ਪੜ੍ਹਨ ਘੋਖਣ ਵਾਲੇ ਬਥੇਰੇ ਕਿਸਾਨਾਂ ਦੇ ਧੀਆਂ ਪੁੱਤ ਹਨ।
ਖੈਰ ਕਿਸਾਨ ਦੇਸ਼ ਦੇ ਕਿਸੇ ਵੀ ਹਿੱਸੇ ਦਾ ਹੋਵੇ,ਉਸਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਉਂਦਾ ਹੀ ਹੁੰਦਾ ਹੈ।ਉਸਨੂੰ ਇਹ ਪਤਾ ਹੁੰਦਾ ਹੈ ਕਿ ਜੋ ਫਸਲ ਮੈਂ ਬੀਜੀ ਹੈ ਉਹ ਘਰ ਆਉਣੀ ਕੁਦਰਤ ਦੇ ਹੱਥ ਹੈ ਪਰ ਉਹ ਬੜੀ ਮਿਹਨਤ ਅਤੇ ਪਿਆਰ ਨਾਲ ਇਸਨੂੰ ਬੀਜਦਾ ਅਤੇ ਸੰਭਾਲਦਾ ਹੈ।ਚਾਰ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹਨ ਪਰ ਕਿਸੇ ਦੇ ਮੂੰਹ ਤੇ ਮਾਯੂਸੀ ਨਹੀਂ।ਸਬਰ ਸੰਤੋਖ ਨਾਲ ਬੈਠੇ ਹਨ ਅਤੇ ਚੜ੍ਹਦੀ ਕਲਾ ਵਿੱਚ ਹਨ।ਸੰਸਾਰ ਵਿੱਚ ਜਿੱਥੇ ਵੀ ਕਿਸਾਨਾਂ ਦਾ ਅੰਦੋਲਨ ਹੋਇਆ ਉਹ ਸਰਕਾਰਾਂ ਤੇ ਭਾਰੂ ਹੀ ਰਿਹਾ।ਕਿਸਾਨਾਂ ਨੂੰ ਮੀਂਹ ਹਨੇਰੀ,ਸਰਦੀ,ਗਰਮੀ ਸਹਿਣ ਦੀ ਆਦਤ ਹੁੰਦੀ ਹੈ।ਮੈਂ ਤਾਂ ਮੰਨਦੀ ਹਾਂ ਸ਼ਾਇਦ ਹੋਰ ਲੋਕ ਵੀ ਸਹਿਮਤ ਹੋਣਗੇ ਕਿ ਕਿਸਾਨਾਂ ਵਰਗਾ ਕੋਈ ਮਾਹਿਰ ਨਹੀਂ, ਇੰਨਾ ਵਰਗਾ ਕੋਈ ਇੰਜੀਨੀਅਰ ਨਹੀਂ, ਇੰਨਾ ਵਰਗਾ ਕੋਈ ਸਾਇੰਸਦਾਨ ਨਹੀਂ।ਜਿੰਨੇ ਅਤੇ ਜਿਵੇਂ ਦੇ ਇਹ ਜੁਗਾੜ ਕਰਦੇ ਹਨ,ਉਹ ਹੈਰਾਨ ਕਰਨ ਵਾਲੇ ਹੁੰਦੇ ਹਨ।ਜੇਕਰ ਬਾਰਡਰਾਂ ਤੇ ਨਜ਼ਰ ਮਾਰੀਏ ਤਾਂ ਉੱਥੇ ਜਿਵੇਂ ਦੇ ਪ੍ਰਬੰਧ ਉਨ੍ਹਾਂ ਮੌਸਮ ਮੁਤਾਬਿਕ ਕੀਤੇ ਕਾਬਿਲ ਤਾਰੀਫ਼ ਹਨ।ਜੰਗਲ ਵਿੱਚ ਮੰਗਲ ਕਰ ਦਿੱਤਾ। ਪਾਰਕ ਬਣਾ ਦਿੱਤੇ, ਕੂੜੇ ਦੇ ਢੇਰ ਸਾਫ ਕਰ ਦਿੱਤੇ।ਚੰਗੇ ਭਲੇ ਘਰਾਂ ਵਿੱਚ ਰਹਿੰਦੇ ਸੜਕਾਂ ਤੇ ਬੈਠਾ ਦਿੱਤਾ ਪਰ ਨਵਾਂ ਪੰਜਾਬ ਵਸਾ ਲਿਆ।ਇਹ ਉਹ ਕਿਸਾਨ ਹਨ ਜਿੰਨਾ ਦੇ ਪੁੱਤ ਸਰਹੱਦਾਂ ਤੇ ਹਰ ਵੇਲੇ ਹਿੱਕ ਤਾਣੀ ਖੜ੍ਹੇ ਰਹਿੰਦੇ ਹਨ।ਇਹ ਬਾਬੇ ਨਾਨਕ ਦੇ ਰਾਹ ਤੇ ਚੱਲਦੇ ਹਨ ਅਤੇ ਮਾਨਵਤਾ ਦੀ ਗੱਲ ਕਰਦੇ ਹਨ।ਇਹ ਦਸਵੀਂ ਪਾਤਸ਼ਾਹੀ ਦੇ ਵਾਰਿਸ ਹਨ ਇਹ ਕੁਰਬਾਨੀ ਦੇਣ ਤੋਂ ਵੀ ਨਹੀਂ ਡਰਦੇ।ਇਹ ਚੜ੍ਹਦੀ ਕਲਾ ਵਿੱਚ ਸਨ,ਚੜ੍ਹਦੀ ਕਲਾ ਵਿੱਚ ਹਨ ਅਤੇ ਰਹਿਣਗੇ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221

Have something to say? Post your comment