Poem

ਰਚਨਾ, ਸੰਤਾਪ - (ਬਲਤੇਜ ਸੰਧੂ ਬੁਰਜ ਲੱਧਾ)

April 03, 2021 12:31 AM
ਰਚਨਾ, ਸੰਤਾਪ 
                     (ਬਲਤੇਜ ਸੰਧੂ ਬੁਰਜ ਲੱਧਾ) 
 
ਜਿੱਥੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਲੀਡਰ ਮਾਰਦੇ ਗੱਪ 
ਜਿੱਥੇ ਝੂਠੇ ਦੀ ਹੁੰਦੀ ਵਾਹ ਵਾਹ ਸੱਚੇ ਦੀ ਘੰਢੀ ਲੈਂਦੇ ਨੱਪ 
 
ਜਿੱਥੇ ਬਿਨਾਂ ਕਸੂਰ ਤੋਂ ਅਣਜੰਮੀਆਂ ਧੀਆਂ ਦਿੰਦੇ ਨੇ ਲੋਕੀਂ ਮਾਰ 
ਜਿੱਥੇ ਬਜੁਰਗਾਂ ਦੇ ਨਾਲ ਦੋਸਤੋ ਮਾੜਾ ਹੁੰਦਾ ਏ ਵਿਵਹਾਰ 
 
ਜਿੱਥੇ ਲੀਡਰ ਬੱਜਰੀ ਰੇਤਾ ਖਾ ਕੇ ਨਾ ਮਾਰਨ ਕਦੇ ਡਕਾਰ 
ਜਿੱਥੇ ਬੈਕਾਂ ਦਾ ਕਰੋੜਾਂ ਹੜੱਪ ਕੇ ਵੱਡੇ ਵਪਾਰੀ ਹੋਣ ਫਰਾਰ 
 
ਜਿੱਥੇ ਸੁਪਨੇ ਅੱਛੇ ਦਿਨਾਂ ਦੇ ਦਿਖਾ ਕੇ ਜਿਉਣਾ ਕੀਤਾ ਏ ਦੁਸਵਾਰ 
ਜਿੱਥੇ ਅੰਨਦਾਤੇ ਨੂੰ ਅੱਤਵਾਦੀ ਦੱਸ ਦੇ ਤੇ ਅਮੀਰਾਂ ਨਾਲ ਪਿਆਰ 
 
ਜਿੱਥੇ ਹਰ ਦਿਨ ਲਾਸ਼ਾਂ ਆ ਰਹੀਆਂ ਤੇ ਘਰਾਂ ਚ ਹੁੰਦਾ ਏ ਵਿਰਲਾਪ
ਜਿੱਥੇ ਅੰਨ ਉਗਾ ਕੇ ਖੁਸ਼ਹਾਲ ਕੀਤਾ ਦੇਸ਼ ਨੂੰ ਤੇ ਕਿਸਾਨ ਭੋਗ ਰਿਹਾ ਸੰਤਾਪ 
 
ਜਿੱਥੇ ਬੰਦੇ ਮਾਰਿਆਂ ਦੱਸਣ ਬਹਾਦਰੀ ਤੇ ਗਊ ਮਾਰਿਆਂ ਲੱਗੇ ਪਾਪ 
ਜਿੱਥੇ ਬੰਦੇ ਨੂੰ ਵੋਟ ਸਮਝ ਕੇ ਬੋਤਲ ਦੇ ਨਾਲ ਲੈਂਦੇ ਚਮਚੇ ਨਾਪ 
 
ਜਿੱਥੇ ਆਮ ਲੋਕਾਂ ਨੂੰ ਕੁਚਲ ਦੇ ਤੇ ਕੁਰਸੀ ਦਾ ਵਧਿਆ ਏ ਹੰਕਾਰ 
ਮੈਂ ਉਸ ਦੇਸ਼ ਦਾ ਵਾਸੀ ਸੰਧੂਆਂ ਜਿੱਥੇ ਅੰਨਦਾਤੇ ਦਾ ਭੋਰਾ ਵੀ ਨਹੀਂ ਸਤਿਕਾਰ।। 
 
ਪਿੰਡ ਬੁਰਜ ਲੱਧਾ 
Have something to say? Post your comment