Article

ਹਿੰਦੀ ਲਘੂ ਕਥਾ - ਮੈਂ ਨਹੀਂ ਜਾਣਦਾ - : ਕਮਲੇਸ਼ ਭਾਰਤੀ

April 03, 2021 12:37 AM
prof nav sangeet singh

ਹਿੰਦੀ ਲਘੂ ਕਥਾ

 ਮੈਂ ਨਹੀਂ ਜਾਣਦਾ

                   * ਮੂਲ : ਕਮਲੇਸ਼ ਭਾਰਤੀ

                   * ਅਨੁ : ਪ੍ਰੋ. ਨਵ ਸੰਗੀਤ ਸਿੰਘ

    ਬਸ ਵਿੱਚ ਕਦਮ ਰੱਖਦਿਆਂ ਹੀ ਇੱਕ ਚਿਹਰੇ ਤੇ ਨਜ਼ਰ ਟਿਕੀ, ਤਾਂ ਬਸ ਟਿਕੀ ਹੀ ਰਹਿ ਗਈ। ਇਹ ਚਿਹਰਾ ਤਾਂ ਇਕਦਮ ਜਾਣਿਆ-ਪਛਾਣਿਆ ਜਿਹਾ ਲੱਗਦਾ ਹੈ। ਕੌਣ ਹੋ ਸਕਦਾ ਹੈ? ਸੀਟ ਤੇ ਸਮਾਨ ਟਿਕਾਉਂਦੇ-ਟਿਕਾਉਂਦੇ ਮੈਂ ਯਾਦਾਂ ਦੀਆਂ ਪਟੜੀਆਂ ਤੇ ਨਿਕਲ ਚੁੱਕਾ ਸਾਂ।

    ਓਹ ਹਾਂ, ਯਾਦ ਆਇਆ! ਇਹ ਤਾਂ ਹਰੀ ਹੈ! ਬਚਪਨ ਦਾ ਨਾਇਕ! ਸਕੂਲ ਵਿੱਚ ਸ਼ਰਾਰਤੀ ਮੁੰਡਾ! ਗੀਤ-ਸੰਗੀਤ ਵਿੱਚ ਸਭ ਤੋਂ ਮੂਹਰੇ। ਸਵੇਰੇ ਪ੍ਰਾਰਥਨਾ ਵੇਲ਼ੇ ਬੈਂਡ-ਮਾਸਟਰ ਨਾਲ਼ ਡਰੱਮ ਵਜਾਉਂਦਾ ਸੀ। ਪ੍ਰੇਡ ਵੇਲ਼ੇ ਬਿਗਲ। ਹਰ ਸਮਾਗਮ ਵਿੱਚ ਉਹਦੇ ਗਾਏ ਗੀਤ ਸਕੂਲ ਵਿੱਚ ਗੂੰਜਦੇ। 'ਹਰ ਵਿਦਿਆਰਥੀ ਹਰੀ ਵਰਗਾ ਹੋਵੇ'- ਅਧਿਆਪਕ ਉਪਦੇਸ਼ ਦਿੰਦੇ ਨਾ ਥੱਕਦੇ।

    ਘਰ ਦੀ ਢਹਿੰਦੀ ਆਰਥਿਕ ਹਾਲਤ ਉਹਨੂੰ ਕਿਸੇ ਪ੍ਰਾਈਵੇਟ ਸਕੂਲ ਦਾ ਅਧਿਆਪਕ ਬਣਨ ਲਈ ਮਜਬੂਰ ਕਰ ਗਈ। ਆਪਣੀਆਂ ਅਦਾਵਾਂ ਨਾਲ਼ ਉਹ ਇੱਕ ਸਹਿਯੋਗੀ ਅਧਿਆਪਕਾ ਨੂੰ ਵੀ ਭਾ ਗਿਆ। ਪਰ... ਸਮਾਜ ਦੋਹਾਂ ਵਿਚ ਦੀਵਾਰ ਬਣ ਕੇ ਖੜ੍ਹਾ ਹੋ ਗਿਆ। ਜ਼ਾਤ ਦਾ ਬੰਧਨ ਪੈਰਾਂ ਦੀ ਜੰਜ਼ੀਰ ਬਣਦਾ ਜਾ ਰਿਹਾ ਸੀ। ਅਜਿਹੇ ਸਮੇਂ ਹਰੀ ਤੇ ਉਸ ਅਧਿਆਪਕਾ ਦੇ ਭੱਜ ਜਾਣ ਦੀ ਖ਼ਬਰ ਸ਼ਹਿਰ ਦੀ ਹਰ ਕੰਧ ਤੇ ਚਿਪਕ ਗਈ ਸੀ। ਕੁਝ ਦਿਨਾਂ ਤੱਕ ਭਾਲ਼ ਜਾਰੀ ਰਹੀ ਸੀ, ਕੁਝ ਦਿਨਾਂ ਤੱਕ ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਰਿਹਾ ਸੀ। ਫਿਰ ਮੇਰਾ ਛੋਟਾ ਜਿਹਾ ਸ਼ਹਿਰ ਸੌਂ ਗਿਆ ਸੀ। ਹਰੀ ਤੇ ਉਹ ਲੜਕੀ ਕਿੱਥੇ ਗਏ, ਕੀ ਹੋਇਆ - ਸ਼ਹਿਰ ਇਸ ਸਭ ਕਾਸੇ ਤੋਂ ਪੂਰੀ ਤਰ੍ਹਾਂ ਬੇਖ਼ਬਰ ਸੀ। ਹਾਂ, ਲੜਕੀ ਦੇ ਪਿਤਾ ਨੇ, ਸਮਾਜ ਦੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂ, ਇਸ ਸ਼ਰਮ ਦੇ ਮਾਰੇ ਆਤਮ-ਹੱਤਿਆ ਕਰ ਲਈ ਸੀ।

     ਮੈਂ ਵਾਰ-ਵਾਰ ਉਸ ਚਿਹਰੇ ਨੂੰ ਵੇਖਿਆ, ਬਿਲਕੁਲ ਉਹੀ ਸੀ। ਹਰੀ ਤੇ ਉਹ ਲੜਕੀ ਬੈਠੇ ਸਨ। ਹੋਵੇ ਨਾ ਹੋਵੇ, ਉਹੀ ਹੋਵੇਗੀ - ਅਣਡਿੱਠੀ ਪ੍ਰੇਮਿਕਾ।

   ਚਾਹ-ਪਾਣੀ ਲਈ ਬਸ ਇੱਕ ਥਾਂ ਰੁਕੀ ਤਾਂ ਮੈਂ ਉਤਰਦਿਆਂ ਹੀ ਉਸ ਆਦਮੀ ਵੱਲ ਵਧਿਆ।

   - ਤੁਹਾਡਾ ਨਾਂ ਹਰੀ ਹੈ ਨਾ?

   - ਹਰੀ? ਕੌਣ ਹਰੀ? ਮੈਂ ਨਹੀਂ ਜਾਣਦਾ ਕਿਸੇ ਹਰੀ ਨੂੰ।

   - ਝੂਠ ਨਾ ਬੋਲੋ। ਤੁਸੀਂ ਹਰੀ ਹੀ ਹੋ।

  - ਅੱਛਾ, ਇਹ ਦੱਸੋ, ਤੁਹਾਡਾ ਹਰੀ ਕਿਹੋ ਜਿਹਾ ਸੀ? ਕਿੱਥੇ ਸੀ?

  - ਆਪਾਂ ਇੱਕੋ ਸਕੂਲ ਵਿੱਚ ਪੜ੍ਹਦੇ ਸਾਂ। ਯਾਦ ਕਰੋ ਉਹ ਸ਼ਰਾਰਤਾਂ, ਉਹ ਬੈਂਡ ਵਜਾਉਣਾ... ਗੀਤ ਗਾਉਣਾ...

  - ਨਹੀਂ, ਨਹੀਂ। ਮੈਂ ਕਿਸੇ ਹਰੀ ਨੂੰ ਨਹੀਂ ਜਾਣਦਾ।

    ਅਸੀਂ ਬਸ ਦੇ ਨੇੜੇ ਹੀ ਖੜ੍ਹੇ ਸਾਂ। ਖਿੜਕੀ ਕੋਲ ਬੈਠੀ ਉਹ ਔਰਤ ਸਾਡੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ।ਉਹਨੇ ਉਥੋਂ ਹੀ ਅਵਾਜ਼ ਦਿੱਤੀ :

    - ਹਰੀ, ਕੀ ਗੱਲ ਹੈ? ਕੀ ਪੁੱਛ ਰਹੇ ਨੇ ਇਹ?

     ਹੁਣ ਨਾ ਸ਼ੱਕ ਦੀ ਗੁੰਜਾਇਸ਼ ਸੀ, ਨਾ ਕੋਈ ਹੋਰ ਸੁਆਲ ਪੁੱਛਣ ਦੀ।

   ਮੈਂ ਤੁਰਨ ਲੱਗਿਆ, ਤਾਂ ਉਹਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ - ਭਰਾਵਾ, ਬੁਰਾ ਨਾ ਮੰਨੀਂ। ਮੈਂ ਨਹੀਂ ਚਾਹੁੰਦਾ ਸਾਂ ਕਿ ਵਰ੍ਹਿਆਂ ਪਹਿਲਾਂ ਜਿਸ ਕਹਾਣੀ ਤੇ ਮਿੱਟੀ ਜੰਮ ਚੁੱਕੀ ਹੋਵੇ, ਉਹਨੂੰ ਝਾੜ-ਪੂੰਝ ਕੇ ਫਿਰ ਤੋਂ ਪੜ੍ਹਿਆ ਜਾਵੇ! ਮੈਂ ਤੇਰਾ ਨਾਇਕ ਹੀ ਬਣਿਆ ਰਹਿਣਾ ਚਾਹੁੰਦਾ ਸਾਂ ਪਰ ਸਮੇਂ ਨੇ ਮੈਨੂੰ ਖਲਨਾਇਕ ਬਣਾ ਦਿੱਤਾ। ਖ਼ੈਰ, ਜਿਸ ਹਰੀ ਨੂੰ ਤੂੰ ਜਾਣਦਾ ਸੈਂ, ਉਹ ਹਰੀ ਹੁਣ ਮੈਂ ਕਿੱਥੇ ਹਾਂ!

    ਉਹਦੀਆਂ ਅੱਖਾਂ ਵਿੱਚ ਨਮੀ ਆ ਗਈ ਸੀ। ਸ਼ਾਇਦ ਗੁੰਮ ਚੁੱਕੇ ਹਰੀ ਨੂੰ ਯਾਦ ਕਰਕੇ...

Have something to say? Post your comment