Poem

ਮਹਾਂ-ਯੁੱਧ

April 03, 2021 11:35 PM
ਮਹਾਂ-ਯੁੱਧ 
 
ਹੁਣ ਗਰਾਂ ਆਏ ਲੀਡਰਾਂ ਨੂੰ 
ਜਨਤਾ ਵੀ ਸਵਾਲ ਕਰਦੀ ਹੈ 
ਕਿ ਦੱਸੋ ਮੇਰੀ ਧੀ ਦੇ ਕੁੱਖੋਂ 
ਤਿੰਨ ਧੀਆਂ ਜੰਮਣ 'ਤੇ ਵੀ
ਤੁਹਾਡੀ ਸ਼ਗਨ -ਸਕੀਮ ਕਿੱਥੇ ਗੁੰਮ ਹੈ! 
 
ਜਨਤਾ ਇਹ ਵੀ ਪੁੱਛਦੀ ਹੈ 
ਕਿ ਕਿੱਥੇ ਗੁੰਮ ਗਿਆ ਹੈ 
ਸਾਡੇ ਹਿੱਸੇ ਦਾ ਰੋਜ਼ਗਾਰ!
ਤੇ ਆਖ਼ਿਰ ਕਦ ਤੱਕ 
ਸਾਡੀ ਔਲਾਦ,
ਪਰਦੇਸੀ ਹੁੰਦੀ ਰਹੇਗੀ? 
 
ਹੁਣ ਲੋਕ ਪੁਛਦੇ ਨੇ 
ਤੇ ਨਾਲੇ ਦੱਸਦੇ ਨੇ 
ਆਪਣੇ ਹੱਥੀਂ,
ਕਾਲੇ ਝੰਡੇ ਫੜੵ ਕੇ
ਨਾਲ਼ੇ ਡਾਂਗਾਂ ਉਲ਼ਾਰ ਕੇ ,
ਖ਼ਬਰਦਾਰ!
ਏਧਰ ਆਉਣਾ ਮਨ੍ਹਾ ਹੈ! 
 
ਓਹ ਪੁੱਛਦੇ ਨੇ ਕਿ 
ਬੁੱਢੀ ਚਿੰਤੋ ਦੀ ਪੈਨਸ਼ਨ 
ਹਾਲੇ ਤੱਕ ਕਿਉਂ ਨਹੀਂ ਲੱਗੀ ਹੈ ?
ਤੇ ਜਿੰਨ੍ਹਾਂ ਦੀ ਲੱਗ ਗਈ ਹੈ ,
ਓਹਨਾਂ ਨੂੰ ਮਿਲਦੀ ਕਿਉਂ ਨਹੀਂ! 
 
ਲੋਕ ਸ਼ਰੇਆਮ ਆਖਦੇ ਨੇ 
ਕਿ ਸਾਡੀ ਔਲਾਦ ਨੂੰ ਤਾਂ 
ਸਾਲਾ ਚਿੱਟਾ ਹੀ ਖਾ ਗਿਆ!
ਰੱਬ ਕਰ ਕੇ ਥੋਡੇ ਵੀ ਲੱਗਣ ,
ਤਾਂ ਥੋਨੂੰ ਵੀ ਪਤਾ ਲੱਗੇ। 
 
ਜਨਤਾ ਪੁੱਛਦੀ ਹੈ ਕਿ 
ਦੱਸੋ ਜ਼ਰਾ, ਸਾਡੇ ਹਿੱਸੇ ਦਾ 
ਆਟਾ- ਦਾਲ ਕੌਣ ਖਾ ਰਿਹਾ!
ਜੇ ਇਹ ਕੰਬਾਈਨਾਂ ਵਾਲੇ 
ਗਰੀਬਾਂ ਨੂੰ ਹੀ ਦੇਣਾ ਸੀ 
ਤਾਂ ਸਾਨੂੰ  ਗਰੀਬਾਂ ਨੂੰ 
ਲਾਰੇ ਕਾਹਨੂੰ ਲਾਉਣੇ  ਸੀ।
 
ਹੀਰਾ ਸਿੰਘ ਤੂਤ 
Have something to say? Post your comment