Article

ਡਾ ਗੁਰਮੁਖ ਸਿੰਘ ਪਟਿਆਲਾ ਨੂੰ ਯਾਦ ਕਰਦਿਆਂ

April 03, 2021 11:43 PM
prof nav sangeet singh

ਡਾ ਗੁਰਮੁਖ ਸਿੰਘ ਪਟਿਆਲਾ ਨੂੰ ਯਾਦ ਕਰਦਿਆਂ

ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਡਾ. ਗੁਰਮੁਖ ਸਿੰਘ ਦਾ ਜਨਮ 10 ਅਕਤੂਬਰ 1944 ਈ. ਨੂੰ ਸ. ਪ੍ਰੀਤਮ ਸਿੰਘ ਦੇ ਘਰ ਮਾਤਾ ਗਿਆਨ ਕੌਰ ਦੀ ਕੁੱਖੋਂ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ।
ਬੀਬੀ ਪਰਮਿੰਦਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਸ ਦੇ ਘਰ ਦੋ ਬੱਚੇ ਪੈਦਾ ਹੋਏ: ਇਕ ਲੜਕਾ, ਇਕ ਲੜਕੀ- ਤੇਜਬੀਰ ਸਿੰਘ ਅਤੇ ਪ੍ਰਭਜੋਤ ਕੌਰ। ਉਸ ਨੇ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਖੋਜ-ਸਹਾਇਕ ਕੰਮ ਸ਼ੁਰੂ ਕੀਤਾ ਅਤੇ ਤਰੱਕੀ ਕਰਦਾ ਹੋਇਆ ਜ਼ਿਲ੍ਹਾ ਭਾਸ਼ਾ ਅਫ਼ਸਰ ਤੋਂ ਸਹਾਇਕ ਡਾਇਰੈਕਟਰ ਦੇ ਅਹੁਦੇ ਤੇ ਪਹੁੰਚ ਕੇ ਅਕਤੂਬਰ 2002 ਵਿੱਚ ਸੇਵਾਮੁਕਤ ਹੋਇਆ। ਇਸ ਸਿਰੜੀ ਅਤੇ ਮਿਹਨਤੀ ਵਿਅਕਤੀ ਨੇ 100 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ। ਇਨ੍ਹਾਂ ਵਿੱਚ ਗੁਰਮਤਿ ਸਾਹਿਤ, ਕਹਾਣੀ, ਨਿਬੰਧ, ਜੀਵਨੀ, ਆਲੋਚਨਾ ਤੇ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ। ਉਸ ਵੱਲੋਂ ਲਿਖੀਆਂ ਕੁਝ ਪ੍ਰਤੀਨਿਧ ਕਿਤਾਬਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਕਹਾਣੀ: ਝੱਖੜ ਝੰਬਿਆ ਰੁੱਖ, ਸੁਕਰਾਤ ਦੀ ਮੌਤ, ਬੇਨਾਮ ਰਿਸ਼ਤਾ।
* ਆਲੋਚਨਾ: ਸੁਖਮਨੀ ਚਿੰਤਨ ਤੇ ਕਲਾ, ਸ੍ਰੀ ਗੁਰੂ ਤੇਗ ਬਹਾਦਰ ਜੀਵਨ, ਦਰਸ਼ਨ ਤੇ ਕਲਾ, ਭਗਤ ਰਵਿਦਾਸ ਜੀ ਤੇ ਉਨ੍ਹਾਂ ਦੀ ਬਾਣੀ, ਅਕਾਲ ਉਸਤਤਿ ਵਿਸ਼ਲੇਸ਼ਣ ਤੇ ਵਿਆਖਿਆ।
* ਵਾਰਤਕ: ਕੌਣ ਦਿਲਾਂ ਦੀਆਂ ਜਾਣੇ, ਚਿੰਤਨ ਦੇ ਪਲ (ਬਲਜਿੰਦਰ ਕੌਰ ਜੋਸ਼ੀ ਨਾਲ)।
* ਜੀਵਨੀ: ਸਹਿਜ ਰਾਮ ਜੀਵਨ ਤੇ ਰਚਨਾ, ਭਾਈ ਜੈਤਾ ਜੀ ਜੀਵਨ ਤੇ ਰਚਨਾ।
* ਪੁਸਤਕ ਸੂਚੀ: ਭੱਟਾਂ ਦੇ ਸਵੱਈਏ- ਤੁਕ ਤਤਕਰਾ, ਸ਼ਬਦ ਅਨੁਕ੍ਰਮਣਿਕਾ ਅਤੇ ਕੋਸ਼।
* ਕੋਸ਼: ਬਚਿੱਤਰ ਨਾਟਕ ਤੁਕ ਤਤਕਰਾ, ਸ਼ਬਦ ਅਨੁਕ੍ਰਮਣਿਕਾ ਤੇ ਕੋਸ਼।
* ਸੰਪਾਦਨ: ਅਲਾਹੁਣੀਆਂ ਬਾਰੇ, ਮਹਿਕ ਵਲੇਟੀ ਧੁੱਪ, ਆਨੰਦ ਸਾਹਿਬ ਸਾਹਿਤਕ ਵਿਸ਼ਲੇਸ਼ਣ, ਮੂਲਮੰਤਰ ਦਾਰਸ਼ਨਿਕ ਵਿਸ਼ਲੇਸ਼ਣ, ਪਾਰਸ ਭਾਗ, ਗੁਰੂ ਨਾਨਕ ਬੰਸ ਪ੍ਰਕਾਸ਼, ਸੰਖੇਪ ਦਸ ਗੁਰ ਕਥਾ ਕੰਕਣ, ਗੁਰਬਿਲਾਸ ਬਾਬਾ ਸਾਹਿਬ ਸਿੰਘ ਬੇਦੀ, ਹਾਸ਼ਮ ਦੇ ਕਿੱਸੇ, ਯੂਸੁਫ਼ ਜ਼ੁਲੈਖ਼ਾ, ਰੱਤੜ ਛੱਤੜ, ਪੰਜਾਬ ਦੇ ਹੀਰੇ, ਨਾਨਕ ਸਿੰਘ ਇੱਕ ਪੁਨਰ ਮੁਲਾਂਕਣ, ਚੋਣਵੀਂ ਬਾਣੀ ਗੁਰੂ ਗੋਬਿੰਦ ਸਿੰਘ, ਸੂਫ਼ੀਵਾਦ, ਗੁਰਮਤਿ ਸਾਹਿਤ ਚਿੰਤਨ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਜੌਹਰ-ਏ-ਤੇਗ, ਮਿਰਜ਼ਾ ਮੁਹੰਮਦ ਅਬਦੁਲ ਗ਼ਨੀ, ਹੀਰ ਵਾਰਿਸ, ਪਰਚੀਆਂ ਫ਼ਕੀਰਾਂ ਦੀਆਂ ਕ੍ਰਿਤ ਭਾਈ ਸਹਿਜ ਰਾਮ।
* ਸਹਿਲੇਖਨ: ਨਿਬੰਧਕਾਰ ਪ੍ਰੋ ਸਾਹਿਬ ਸਿੰਘ, ਵਾਰਤਕਕਾਰ ਗਿਆਨੀ ਗੁਰਦਿਤ ਸਿੰਘ, ਨਾਵਲਕਾਰ ਨਾਨਕ ਸਿੰਘ (ਸਾਰੀਆਂ ਕਿਤਾਬਾਂ ਅਸ਼ੋਕ ਕੁਮਾਰ ਸ਼ਰਮਾ ਨਾਲ ਮਿਲ ਕੇ)।
* ਅਨੁਵਾਦ: ਗਾਂਧੀ ਜੀ ਅਤੇ ਸਿੱਖ,ਜੀਵਨ ਗੁਰੂ ਤੇਗ ਬਹਾਦਰ, ਹੰਝੂ ਤੇ ਮੁਸਕਾਨ, ਅਵਾਰਾ ਘਾਟੀ ਦੀਆਂ ਪਰੀਆਂ, ਗੁਰੂ ਗੋਬਿੰਦ ਸਿੰਘ ਚਿੰਤਨ ਤੇ ਨਜ਼ਰਾਨੇ।
* ਟੀਕਾ: ਸਿੱਧ ਗੋਸਟਿ ਸਟੀਕ ਤੇ ਅਧਿਐਨ, ਨਿਤਨੇਮ ਸਟੀਕ।
* ਹਿੰਦੀ ਪੁਸਤਕ: ਚੰਡੀ ਕੀ ਵਾਰ।
ਡਾ. ਗੁਰਮੁਖ ਸਿੰਘ ਨੂੰ ਉਸ ਦੀਆਂ ਸਾਹਿਤਕ ਰਚਨਾਵਾਂ ਬਦਲੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨਿਤ ਤੇ ਪੁਰਸਕ੍ਰਿਤ ਕੀਤਾ ਗਿਆ, ਜਿਨ੍ਹਾਂ ਚੋਂ ਪ੍ਰਮੁੱਖ ਹਨ: ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਸਨਮਾਨ, ਸਿੱਖ ਸਾਹਿਤ ਤੇ ਸੱਭਿਆਚਾਰ ਪੁਰਸਕਾਰ ਬਰਮਿੰਘਮ ਇੰਗਲੈਂਡ, ਸਵਾਮੀ ਪੂਰਨਾਨੰਦ ਰਾਮਤੀਰਥ ਅੰਮ੍ਰਿਤਸਰ ਵੱਲੋਂ ਸੰਖੇਪ ਦਸ ਗੁਰ ਕਥਾ ਕੰਕਣ ਤੇ ਪੁਰਸਕਾਰ, ਭਾਈ ਜੀਵਨ ਸਿੰਘ ਟਰੱਸਟ ਚੰਡੀਗੜ੍ਹ ਵੱਲੋਂ ਭਾਈ ਜੈਤਾ ਜੀ ਜੀਵਨ ਤੇ ਰਚਨਾ ਉੱਤੇ ਪੁਰਸਕਾਰ, ਸੇਵਾਪੰਥੀ ਸੰਪਰਦਾਇ ਗੋਨਿਆਨਾ ਮੰਡੀ ਵੱਲੋਂ ਸਨਮਾਨ।
4 ਅਪ੍ਰੈਲ 2014 ਨੂੰ ਡਾ. ਗੁਰਮੁਖ ਸਿੰਘ ਦਾ ਦੇਹਾਂਤ ਹੋ ਗਿਆ। ਉਹ ਬੜੇ ਨਿੱਘੇ ਤੇ ਮਿਲਾਪੜੇ ਸੁਭਾਅ ਦਾ ਵਿਅਕਤੀ ਸੀ, ਜੋ ਹਰ ਵੱਡੇ-ਛੋਟੇ ਨੂੰ ਬੜੇ ਪਿਆਰ-ਸਤਿਕਾਰ ਨਾਲ ਮਿਲਦਾ ਸੀ। ਤਿੰਨ ਦਹਾਕੇ ਪਹਿਲਾਂ ਜਦੋਂ ਮੈਂ ਪਟਿਆਲਾ ਰਹਿੰਦਾ ਸਾਂ, ਤਾਂ ਅਕਸਰ ਭਾਸ਼ਾ ਵਿਭਾਗ ਜਾਂ ਤੁਰਦੇ-ਫਿਰਦਿਆਂ ਉਨ੍ਹਾਂ ਨਾਲ ਮੁਲਾਕਾਤ ਹੋ ਜਾਂਦੀ ਸੀ। ਉਹ ਸਦਾ ਮੈਨੂੰ ਚੜ੍ਹਦੀ ਕਲਾ ਵਿੱਚ ਮਿਲਦੇ ਅਤੇ ਮੇਰੀਆਂ ਸਾਹਿਤਕ ਕ੍ਰਿਤੀਆਂ ਦੀ ਭਰਪੂਰ ਪ੍ਰਸ਼ੰਸਾ ਕਰਦੇ। ਮੇਰੀ ਹਾਰਦਿਕ ਇੱਛਾ ਹੈ ਕਿ ਇਸ ਖੋਜੀ ਬਿਰਤੀ ਅਤੇ ਦਰਵੇਸ਼ ਸੁਭਾਅ ਵਾਲੀ ਸ਼ਖ਼ਸੀਅਤ ਦੀ ਯਾਦ ਵਿੱਚ ਪਟਿਆਲੇ ਦੀਆਂ ਸਾਹਿਤਕ ਸੰਸਥਾਵਾਂ/ ਭਾਸ਼ਾ ਵਿਭਾਗ ਪੰਜਾਬ ਨੂੰ ਕੋਈ ਸਾਹਿਤਕ ਪੁਰਸਕਾਰ ਸ਼ੁਰੂ ਕਰਨਾ ਚਾਹੀਦਾ ਹੈ।

 

""""""""""""""""
~ ਪ੍ਰੋ. ਨਵ ਸੰਗੀਤ ਸਿੰਘ

Have something to say? Post your comment