Article

ਰਿਸ਼ਤੇ

April 05, 2021 12:16 AM


ਰਿਸ਼ਤੇ

ਰਿਸ਼ਤੇ ਅੱਡੋ-ਅੱਡਰੇ ਹੁੰਦੇ ਹਨ। ਮਾਂ-ਪਿਓ, ਵੀਰ-ਭਰਜਾਈ, ਦਿਓਰ-ਭਰਜਾਈ, ਭੈਣ-ਭਰਾ, ਚਾਚਾ-ਭਤੀਜਾ, ਭੂਆ-ਭਤੀਜੀ, ਮਾਮਾ-ਭਾਣਜਾ ਆਦਿ। ਇਨ੍ਹਾਂ ਹੀ ਰਿਸ਼ਤਿਆਂ ਵਿੱਚ ਇੱਕ ਖ਼ਾਸ ਰਿਸ਼ਤਾ ਹੁੰਦਾ ਹੈ ਨਣਦ-ਭਰਜਾਈ ਦਾ। ਨੂੰਹ-ਸੱਸ ਦੇ ਰਿਸ਼ਤੇ ਵਾਂਗ ਹੀ ਇਸ ਰਿਸ਼ਤੇ ਦੇ ਵੀ ਕਈ ਰੰਗ ਵੇਖਣ ਨੂੰ ਮਿਲਦੇ ਹਨ। ਕਈ ਵੇਰ ਇਹ ਮਿਠਾਸ ਭਰਿਆ ਹੁੰਦਾ ਹੈ ਤੇ ਕਦੇ-ਕਦੇ ਕੜਵਾਹਟ ਭਰਿਆ ਵੀ। ਕਿਸੇ ਕੁੜੀ ਦੇ ਭਰਾ ਦਾ ਜਦ ਵਿਆਹ ਹੁੰਦਾ ਹੈ ਤਾਂ ਉਸ ਨੂੰ ਨਵੀਂ ਭਾਬੀ ਦੇ ਆਉਣ ਤੇ ਵੇਖਣ ਦਾ ਬੜਾ ਚਾਅ ਹੁੰਦਾ ਹੈ। ਉਹ ਆਪਣੀ ਭਾਬੀ ਦਾ ਸਵਾਗਤ ਕਰਕੇ ਫੁੱਲੀ ਨਹੀਂ ਸਮਾਉਂਦੀ। ਫਿਰ ਹੌਲੀ ਹੌਲੀ ਨਣਦ-ਭਰਜਾਈ ਆਪੋ ਵਿੱਚ ਘੁਲ-ਮਿਲ ਜਾਂਦੀਆਂ ਹਨ। ਸਾਰਾ ਸਮਾਜ ਰਿਸ਼ਤਿਆਂ ਦੀ ਮਾਲ਼ਾ ਵਿੱਚ ਪਰੋਇਆ ਹੋਇਆ ਹੈ, ਜਿਸ ਤਰ੍ਹਾਂ ਇੱਕ ਬਾਗ਼ ਵਿੱਚ ਕਿੰਨੀਆਂ ਕਿਸਮ ਦੇ ਫੁੱਲ ਹੁੰਦੇ ਹਨ, ਉਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਅਤੇ ਅਲੱਗ-ਅਲੱਗ ਸੁਗੰਧ ਹੁੰਦੀ ਹੈ। ਇਸ ਤਰ੍ਹਾਂ ਸਮਾਜ ਵਿੱਚ ਰਿਸ਼ਤੇ ਵੀ ਅਲੱਗ-ਅਲੱਗ ਹੁੰਦੇ ਹਨ ਅਤੇ ਇਨ੍ਹਾਂ ਦੀ ਮਹੱਤਤਾ ਵੀ। ਰਿਸ਼ਤਿਆਂ ਦੀ ਪਛਾਣ ਵੀ ਅਲੱਗ ਹੀ ਹੁੰਦੀ ਹੈ, ਜਿਵੇਂ ਭੈਣ-ਭਰਾ, ਦਰਾਣੀ-ਜਠਾਣੀ, ਦਿਓਰ-ਭਰਜਾਈ, ਮਾਮਾ-ਭਾਣਜਾ, ਮਾਸੀ-ਭਾਣਜੀ, ਨਨਾਣ-ਭਰਜਾਈ ਆਦਿ। ਇਹ ਰਿਸ਼ਤੇ ਕਿਸੇ ਨਾ ਕਿਸੇ ਤਰ੍ਹਾਂ ਖ਼ੂਨ ਨਾਲ ਜੁੜੇ ਹੁੰਦੇ ਹਨ। ਅਸੀਂ ਇੱਥੇ ਨਨਾਣ-ਭਰਜਾਈ ਦੇ ਰਿਸ਼ਤੇ ਬਾਰੇ ਗੱੱਲ ਕਰਦੇ ਹਾਂ।
ਨਨਾਣ-ਭਰਜਾਈ ਦਾ ਰਿਸ਼ਤਾ ਕਦੇ ਮਿੱਠਾ, ਕਦੇ ਖੱਟਾ, ਕਦੇ ਨਮਕੀਨ ਅਤੇ ਕਦੇ ਰਸ ਭਰਿਆ ਹੁੰਦਾ ਹੈ। ਜੇ ਇਹ ਵੀ ਮੰਨ ਲਈਏ ਕਿ ਇਹ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਤਾਂ ਇਸ ਵਿੱਚ ਕੋਈ ਗ਼ਲਤ ਨਹੀਂ ਹੋਵੇਗਾ। ਪਹਿਲਾਂ ਇਹ ਰਿਸ਼ਤਾ ਤਕਰਾਰ ਭਰਿਆ ਹੁੰਦਾ ਸੀ ਕਿਉਂਕਿ ਜ਼ਿਆਦਾਤਰ ਲੋਕ ਅਨਪੜ੍ਹ ਸਨ।ਨਨਾਣ ਸਮਝਦੀ ਸੀ ਕਿ ਇਹ ਘਰ ਮੇਰੇ ਮਾਤਾ-ਪਿਤਾ ਦਾ ਹੈ। ਮੇਰਾ ਇਸ ਵਿੱਚ ਪੂਰਾ ਹੱੱਕ ਹੈ। ਇਸ ਘਰ ਵਿੱਚ ਜੋ ਕੁਝ ਮੈਂ ਕਹਾਂ ਉਹੀ ਹੋਣਾ ਚਾਹੀਦਾ ਹੈ। ਉਹ ਆਪਣੀ ਭਰਜਾਈ ਨੂੰ ਉਂਗਲਾਂ ’ਤੇ ਨਚਾਉਂਦੀ ਸੀ। ਨਨਾਣ ਦੇ ਮਾਤਾ-ਪਿਤਾ ਵੀ ਆਪਣੀ ਧੀ ਦੀ ਹੀ ਗੱਲ ਮੰਨਦੇ ਸਨ। ਉਹ ਆਪਣੀ ਨੂੰਹ ਰਾਣੀ ਨੂੰ ਉਹ ਦਰਜਾ ਨਹੀਂ ਦਿੰਦੇ ਸਨ, ਜਿਹੜਾ ਕਿ ਉਸ ਨੂੰ ਦੇਣਾ ਚਾਹੀਦਾ ਹੈ। ਇਸ ਲਈ ਭਰਜਾਈ ਹਮੇਸ਼ਾਂ ਆਪਣੀ ਨਨਾਣ ਤੋਂ ਡਰਦੀ ਰਹਿੰਦੀ ਸੀ। ਉਸ ਦਾ ਪਤੀ ਵੀ ਆਪਣੀ ਵਹੁਟੀ ਦੀ ਕੋਈ ਗੱਲ ਨਹੀਂ ਸੁਣਦਾ ਸੀ। ਜੇ ਉਹ ਆਪਣੀ ਵਹੁਟੀ ਦੀ ਗੱਲ ਸੁਣਦਾ ਵੀ ਤਾਂ ਘਰ ਵਿੱਚ ਕਲੇਸ਼ ਛਿੜਨ ਦਾ ਖ਼ਤਰਾ ਰਹਿੰਦਾ ਸੀ। ਇਸ ਲਈ ਪਹਿਲੇ ਸਮਿਆਂ ਵਿੱਚ ਕੋਈ ਆਦਮੀ ਵੀ ਆਪਣੀ ਔਰਤ ਦੀ ਗੱਲ ਸੁਣਨ ਵਿੱਚ ਯਕੀਨ ਨਹੀਂ ਸੀ ਰੱਖਦਾ।
ਜੇ ਕਦੀ ਭਰਜਾਈ ਆਪਣੀ ਨਨਾਣ ਤੋਂ ਔਖੀ ਵੀ ਹੁੰਦੀ ਤਾਂ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਕਿਸੇ ਦੇ ਸਾਹਮਣੇ, ਆਪਣੀ ਨਣਦ ਦੇ ਜਾਂ ਫਿਰ ਆਪਣੇ ਸੱਸ-ਸਹੁਰੇ ਜਾਂ ਫਿਰ ਆਪਣੇ ਪਤੀ ਦੇ ਸਾਹਮਣੇ ਆਪਣੀ ਨਨਾਣ ਬਾਰੇ ਕੁਝ ਕਹਿ ਸਕਦੀ। ਆਪਣੇ ਦਿਲ ਵਿੱਚ ਉਹ ਭਾਵੇਂ ਆਪਣੀ ਨਨਾਣ ਨੂੰ ਕੁਝ ਮਰਜ਼ੀ ਕਹੀ ਜਾਂਦੀ। ਉਹ ਸੋਚਦੀ ਸੀ ਕਿ ਇਹ ਜਲਦੀ ਹੀ ਆਪਣੇ ਸਹੁਰੇ ਘਰ ਚਲੀ ਜਾਵੇ। ਉਸ ਸਮੇਂ ਉਹ ਆਪਣੇ ਵਾਧੇ-ਘਾਟੇ ਬਾਰੇ ਵੀ ਨਹੀਂ ਸੋਚਦੀ ਸੀ। ਆਪਣੇ ਦਿਲ ਵਿੱਚ ਇਹ  ਸੋਚਦੀ ਸੀ ਕਿ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਤੇਰੇ ਵੀ ਇੱਕ ਦੋ ਨਨਾਣਾਂ ਹੋਣ।
ਜਦੋਂ ਕੋਈ ਖ਼ੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਪੰਜਾਬੀ ਮੁਟਿਆਰਾਂ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਗਿੱਧਾ ਪਾ ਕੇ ਹੀ ਕਰਦੀਆਂ ਹਨ। ਕੁਆਰੀਆਂ ਕੁੜੀਆਂ ਆਪਣੇ ਪੇਕੇ ਪਿੰਡ ਗਿੱਧੇ ਵਿੱਚ ਭੈਣਾਂ-ਭੈਣਾਂ ਨੱਚਦੀਆਂ ਹਨ ਅਤੇ ਫਿਰ ਆਪਣੀ ਭਰਜਾਈ ਨੂੰ ਵੀ ਖਿੱਚ ਕੇ ਉਹ ਗਿੱਧੇ ਵਿੱਚ ਲੈ ਜਾਂਦੀਆਂ ਹਨ ਤਾਂ ਕਹਿੰਦੀਆਂ ਹਨ:
ਪੇਕੇ ਭੈਣਾਂ-ਭੈਣਾਂ ਨੱਚਣ,
ਸਹੁਰੇ ਨੱਚਣ ਨਣਦ ਭਰਜਾਈਆਂ।
ਕਈ ਵਾਰ ਜਦੋਂ ਭਰਜਾਈ ਗਿੱਧੇ ਵਿੱਚ ਨੱਚ ਰਹੀ ਹੁੰਦੀ ਹੈ ਤਾਂ ਨਣਦ ਕਹਿੰਦੀ ਹੈ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਨੀਂ ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ’’ ਤੇ ਉਹ ਆਪਣੀ ਨਨਾਣ ਨੂੰ ਵੀ ਗਿੱਧੇ ਵਿੱਚ ਖਿੱਚ ਲੈਂਦੀ ਹੈ।
ਜਦੋਂ ਭਰਜਾਈ ਆਪਣੀ ਨਨਾਣ ਤੋਂ ਦਸ-ਬਾਰ੍ਹਾਂ ਸਾਲ ਵੱਡੀ ਹੁੰਦੀ ਹੈ ਅਤੇ ਛੋਟੀ ਨਨਾਣ ਦਾ ਵਿਆਹ ਧਰਿਆ ਹੁੰਦਾ ਹੈ ਤਾਂ ਨਨਾਣ ਆਪਣੀ ਭਰਜਾਈ ਨੂੰ ਹੀ ਆਪਣੀ ਮਨਪਸੰਦ ਦੀ ਚੀਜ਼ ਲਿਆਉਣ ਲਈ ਕਹਿੰਦੀ ਹੈ। ਉਹ ਸੰਗਦੀ ਆਪਣੇ ਮਾਤਾ-ਪਿਤਾ ਜਾਂ ਭਰਾ ਨੂੰ ਨਹੀਂ ਕਹਿ ਸਕਦੀ। ਹਾਸੇ ਮਖ਼ੌਲ ਵਿੱਚ ਉਹ ਕਹਿੰਦੀ ਹੈ:
ਜਸ ਖੱਟ ਵੱਡੀਏ ਭਰਜਾਈਏ,
ਘਰ ਮੇਰੇ ਵੀਰ ਦਾ ਲੱਗੂ।
ਕਈ ਵਾਰ ਜਦੋਂ ਭਰਜਾਈ ਵੱਡੀ ਹੋਣ ਦੇ ਨਾਤੇ ਛੋਟੀ ਨਣਦ ਆਪਣੀ ਭਰਜਾਈ ਨੂੰ ਮਾਂ ਵਾਂਗ ਸਮਝਦੀ ਹੈ ਅਤੇ ਭਰਜਾਈ ਵੀ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੀ ਹੈ। ਉਸ ਦਾ ਵਿਆਹ ਵੀ ਉਹ ਬੜੀ ਧੂਮਧਾਮ ਨਾਲ ਕਰਦੀ ਹੈ ਤਾਂ ਨਨਾਣ ਦੇ ਮੂੰਹ ਵਿੱਚੋਂ ਆਪ ਮੁਹਾਰੇ ਨਿਕਲਦਾ ਹੈ:
ਜੱਗ ਜਿਉਣ ਵੱਡੀਆਂ ਭਰਜਾਈਆਂ,
ਪਾਣੀ ਮੰਗੇ ਦੁੱਧ ਦਿੰਦੀਆਂ।
ਜਦੋਂ ਕਿਸੇ ਭੈਣ ਦੇ ਭਰਾ ਦਾ ਵਿਆਹ ਹੁੰਦਾ ਹੈ ਤਾਂ ਉਸ ਨੂੰ ਹੀ ਸਭ ਤੋਂ ਵੱਧ ਚਾਅ ਹੁੰਦਾ ਹੈ। ਉਹ ਆਪਣੀ ਭਰਜਾਈ ਲਈ ਆਪਣੇ ਮਾਪਿਆਂ ਕੋਲ ਵਧੀਆ ਗਹਿਣਿਆਂ ਦੀ ਸਿਫ਼ਾਰਸ਼ ਕਰਦੀ ਹੈ। ਆਪਣੇ ਲਈ ਵੀ ਬਹੁਤ ਵਧੀਆ ਕੱਪੜੇ ਅਤੇ ਗਹਿਣੇ ਬਣਾਉਂਦੀ ਹੈ। ਉਹ ਸਮਝਦੀ ਹੈ ਕਿ ਮੈਂ ਆਪਣੇ ਭਰਾ ਦੇ ਵਿਆਹ ਵਿੱਚ ਆਪਣੇ ਭਰਾ ਦੀ ਤਰ੍ਹਾਂ ਹੀ ਵਧੀਆ ਲੱਗਾਂ। ਜਦੋਂ ਉਸ ਦੀ ਭਰਜਾਈ ਦੀ ਡੋਲੀ ਉਸ ਦਾ ਭਰਾ ਲੈ ਕੇ ਆਉਂਦਾ ਹੈ ਤਾਂ ਉਸ ਦਾ ਧਰਤੀ ’ਤੇ ਪੈਰ ਨਹੀਂ ਲੱਗਦਾ ਕਿਉਂਕਿ ਇਕ ਤਾਂ ਉਸ ਦੇ ਭਰਾ ਦਾ ਵਿਆਹ ਹੁੰਦਾ ਹੈ, ਦੂਜਾ ਉਸ ਦੀ ਹਮਉਮਰ ਉਸ ਦੀ ਭਰਜਾਈ ਉਨ੍ਹਾਂ ਦੇ ਘਰ ਆ ਜਾਂਦੀ ਹੈ।
ਕਈ ਵਾਰ ਜਦੋਂ ਨਨਾਣ-ਭਰਜਾਈ ਹਮਉਮਰ ਹੁੰਦੀਆਂ ਹਨ ਤਾਂ ਭੈਣਾਂ ਤੋਂ ਵੀ ਵੱਧ ਉਨ੍ਹਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ। ਉਹ ਫਿਰ ਆਪਸ ਵਿੱਚ ਦੀ ਨਾਂ ਲੈ ਕੇ ਹੀ ਇੱਕ-ਦੂਜੀ ਨੂੰ ਬੁਲਾਉਂਦੀਆਂ ਹਨ। ਹਰੇਕ ਕੰਮ ਇੱਕ ਦੂਜੀ ਦੀ ਸਲਾਹ ਨਾਲ ਕਰਦੀਆਂ ਹਨ। ਕਈ ਵਾਰ ਅਜਿਹੇ ਪਿਆਰ ਨੂੰ ਨਜ਼ਰ ਵੀ ਲੱਗ ਜਾਂਦੀ ਹੈ।
ਵਿਆਹ ਸ਼ਾਦੀਆਂ ਵੇਲੇ ਨਨਾਣ-ਭਰਜਾਈ ਆਪਸ ਵਿੱਚ ਪਿਆਰ ਦੀ ਉਦਾਹਰਣ ਦੇਣ ਲਈ ਇੱਕ ਦੂਜੀ ਨੂੰ ਦੋਹੇ ਲਾ ਕੇ ਕਹਿੰਦੀਆਂ ਹਨ, ਜਿਵੇਂ:
ਤੇਰਾ ਮੇਰਾ ਇੱਕ ਮਨ ਨਣਦੇ, ਲੋਕਾਂ ਭਾਵੇਂ ਨੀਂ ਦੋ,
ਕੰਡਾ ਧਰ ਕੇ ਦੇਖ ਲੈ ਕੋਈ ਰਤਾ ਫ਼ਰਕ ਨਾ,
ਨੀਂ ਅੰਤੋਂ ਪਿਆਰੀਏ ਹੋ।
ਜਦੋਂ ਭਰਜਾਈ-ਨਨਾਣ ਦਾ ਇੰਨਾ ਪਿਆਰ ਕਰਦੀ ਹੈ ਤਾਂ ਨਨਾਣ ਤਾਂ ਉਸ ਤੋਂ ਵੀ ਵੱਧ ਪਿਆਰ ਕਰਦੀ ਹੋਈ ਕਹਿੰਦੀ ਹੈ:
ਤੇਰੀ ਬੋਲੀ ਮੈਂ ਲਿਖ ਧਰਾਂ ਭਾਬੋ,
ਸੱਜੇ ਕੌਲ਼ੇ ਦੇ ਨੀਂ ਨਾਲ,
ਆਉਂਦੀ ਜਾਂਦੀ ਦੇਖ ਲਾਂ ਮੈਂ ਤਾਂ,
ਗੂੜ੍ਹੇ ਨੈਣਾਂ ਦੇ ਨੀਂ ਅੰਤੋਂ ਪਿਆਰੀਏ ਨਾਲ।
ਫਿਰ ਨਣਦ ਆਪਣੀ ਭਰਜਾਈ ਦੇ ਦੁੱਖ-ਸੁੱਖ ਦੀ ਸੱਚੀ ਸਾਥਣ ਬਣਦੀ ਹੈ। ਉਨ੍ਹਾਂ ਦੇ ਰਾਜ਼ ਵੀ ਸਾਂਝੇ ਹੋ ਜਾਂਦੇ ਹਨ। ਭਾਬੀ ਆਪਣੇ ਪਤੀ ਦੇ ਸੁਭਾਅ ਤੇ ਵਿਹਾਰ ਦੀ ਗੱਲ ਵੀ ਨਣਦ ਕੋਲ ਹੀ ਕਰਦੀ ਹੈ। ਭਾਵੇਂ ਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਉਸ ਦੀ ਹੀ ਭੈਣ ਹੈ। ਆਪਣੇ ਵੀਰ ਦੇ ਘਰ ਪੁੱਤ ਜੰਮਣ ਦੀ ਖ਼ੁਸ਼ੀ ਵੀ ਭੂਆ ਭਾਵ ਨਣਦ ਨੂੰ ਹੀ ਸਭ ਤੋਂ ਵੱਧ ਹੁੰਦੀ ਹੈ।
ਸਾਨੂੰ ਅਜਿਹੇ ਅਟੁੱਟ ਰਿਸ਼ਤਿਆਂ ਵਿੱਚ ਕੜਵਾਹਟ ਨਹੀਂ ਭਰਨੀ ਚਾਹੀਦੀ ਅਤੇ ਇਨ੍ਹਾਂ ਨੂੰ ਪਿਆਰ ਨਾਲ ਨਿਭਾਉਣਾ ਚਾਹੀਦਾ ਹੈ। ਨਣਦਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਭਰਜਾਈਆਂ ਨੂੰ ਮਾਂ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਦੇਣ ਅਤੇ ਭਰਜਾਈਆਂ ਨੂੰ ਵੀ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਨਣਦ ਵੀ ਉਸੇ ਘਰ ਦੀ ਧੀ ਹੈ। ਉਸ ਘਰ ਦੇ ਪਿਆਰ ਅਤੇ ਖ਼ੁਸ਼ੀਆਂ ’ਤੇ ਉਸ ਦਾ ਵੀ ਹੱਕ ਹੈ। ਉਹ ਵੀ ਉਸ ਘਰ ਵਿੱਚ ਖੇਡ ਕੇ ਜਵਾਨ ਹੋਈ ਹੈ। ਇਸ ਲਈ ਵਿਆਹ ਹੋ ਤੇ ਜਦੋਂ ਨਣਦ ਸਹੁਰਿਆਂ ਤੋਂ ਪੇਕੇ ਆਉਂਦੀ ਹੈ ਤਾਂ ਉਸ ਦਾ ਪੂਰਾ ਮਾਣ ਕਰਨਾ ਚਾਹੀਦਾ ਹੈ। ਉਸ ਨੂੰ ਵੇਖ ਕੇ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ। ਰਿਸ਼ਤੇ ਉਮਰ ਭਰ ਲਈ ਹੁੰਦੇ ਹਨ। ਜ਼ਿੰਦਗੀ ਰਿਸ਼ਤਿਆਂ ਦੇ ਸਾਥ ਨਾਲ ਵਧੀਆ ਲੰਘਦੀ ਹੈ। ਇਸ ਲਈ ਜ਼ਿੰਦਗੀ ਦੀ ਫੁਲਵਾੜੀ ਦੀ ਮਹਿਕ ਹੋਰ ਵਧਾਉਣ ਤੇ ਉਸ ਨੂੰ ਚੁਫੇਰੇ ਖਿੰਡਾਉਣ ਲਈ ਸਾਨੂੰ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਵੀ ਕਈ ਜਗ੍ਹਾ ਨਨਾਣ-ਭਰਜਾਈ ਦੀ ਬਹੁਤ ਬਣਦੀ ਸੀ। ਭਾਵੇਂ ਇਹ ਰਿਸ਼ਤਾ ਅੱਜ-ਕੱਲ੍ਹ ਪਹਿਲਾਂ ਵਰਗਾ ਨਹੀਂ ਰਿਹਾ, ਅੱਜ-ਕੱਲ੍ਹ ਕੋਈ ਭੈਣ ਆਪਣੇ ਭਰਾ ਨੂੰ ਪਹਿਲਾਂ ਵਰਗੀ ਇੱਜ਼ਤ ਨਹੀਂ ਦਿੰਦੀ।
ਸਭ ਆਪਣੇ-ਆਪਣੇ ਬਾਰੇ ਸੋਚਦਾ ਹੈ। ਜਿੱਥੇ ਕਿਸੇ ਨੂੰ ਕੋਈ ਆਪਣਾ ਫ਼ਾਇਦਾ ਦਿਖਾਈ ਦਿੰਦਾ ਹੈ, ਉੱਧਰ ਨੂੰ ਹੋ ਜਾਂਦਾ ਹੈ। ਪਦਾਰਥਵਾਦੀ ਸੋਚ ਨੇ ਭੈਣ-ਭਰਾਵਾਂ ਦੇ ਪਿਆਰ ਨੂੰ ਤਾਂ ਦੂਰ ਕਰਨਾ ਹੀ ਸੀ, ਸਗੋਂ ਭੈਣ ਭਰਾਵਾਂ ਨੂੰ ਮਾਨਸਿਕ ਪੱਧਰ ਤੋਂ ਵੀ ਦੂਰ ਕਰ ਦਿੱਤਾ ਹੈ। ਭਰਜਾਈ ਇਹ ਸਮਝਦੀ ਹੈ ਕਿ ਘਰ-ਬਾਰ ਸਭ ਕੁਝ ਮੇਰਾ ਹੀ ਹੈ। ਨਨਾਣ ਸਮਝਦੀ ਹੈ ਕਿ ਮੇਰੇ ਮਾਤਾ ਪਿਤਾ ਦਾ ਘਰ ਸੀ, ਜਿਸ ਦੀ ਮਾਲਕਣ ਮੇਰੀ ਭਰਜਾਈ ਹੋ ਗਈ ਹੈ। ਉਹ ਆਪਣੇ ਬਾਰੇ ਨਹੀਂ ਸੋਚਦੀ ਕਿ ਮੈਂ ਵੀ ਕਿਸੇ ਘਰ ਦੀ ਮਾਲਕਣ ਬਣ ਗਈ ਹਾਂ।
ਜੇ ਨਨਾਣ-ਭਰਜਾਈ, ਦੋਵੇਂ ਇਹ ਸੋਚਣ ਕਿ ਹਰ ਇੱਕ ਨੇ ਆਪੋ-ਆਪਣੇ ਘਰੇ ਰਹਿਣਾ ਹੈ ਤੇ ਆਪੋ-ਆਪਣਾ ਖਾਣਾ ਹੈ ਤਾਂ ਸ਼ਾਇਦ ਇਹ ਦੂਰੀਆਂ ਨਾ ਪੈਣ ਪਰ ਇੰਨਾ ਸੋਚਣ ਦਾ ਸਮਾਂ ਕਿਸ ਦੇ ਕੋਲ ਹੈ।
                     ਰਾਜਿੰਦਰ ਰਾਣੀ

Have something to say? Post your comment