Article

ਜਾਗੋ

April 05, 2021 12:17 AM

ਜਾਗੋ
ਵਿਆਹ ਵਿੱਚ ਮੁਟਿਆਰਾਂ ਨੂੰ ਸਭ ਤੋਂ ਵੱਧ ਚਾਅ ਜਾਗੋ ਕੱਢਣ ਦਾ ਹੁੰਦਾ ਹੈ।ਜਾਗੋ ਵਿਆਹ ਦੀ ਖੂਬਸੂਰਤ ਤੇ ਸਾਂਝੀ ਰਸਮ ਹੈ ਸੋ ਨਾਨਕਾ ਮੇਲ ਵੱਲੋਂ ਮੁੰਡੇ ਕੁੜੀ ਦੇ ਵਿਆਹ ਦੇ ਮੌਕੇ ਤੇ ਬੜੇ ਚਾਵਾਂ ਨਾਲ ਕੱਢੀ ਜਾਂਦੀ ਹੈ। ਪੁਰਾਣੇ ਸਮੇਂ ਤੋਂ ਹੀ ਜਾਗੋ ਕੱਢਣ ਦਾ ਰਿਵਾਜ਼ ਚਲਦਾ ਆਇਆ ਰਿਹਾ ਹੈ ਇਹ ਰਾਤ ਨੂੰ ਕੱਢੀ ਜਾਂਦੀ ਹੈ। ਪਹਿਲਾਂ ਦਿਨ ਵੇਲੇ ਪਿੱਤਲ ਦੀ ਵਲਟੋਹੀ ਤੇ ਆਟੇ ਦੇ ਦੀਵੇ ਬਣਾ ਕੇ ਚਿਪਕਾ ਦਿੱਤੇ ਜਾਂਦੇ ਸਨ ਤੇ ਰਾਤੀਂ ਉਨ੍ਹਾਂ ਵਿੱਚ ਰੂੰ ਦੀਆਂ ਬੱਤੀਆਂ ਰੱਖ ਕੇ ਸਰ੍ਹੋਂ ਦਾ ਤੇਲ ਪਾ ਕੇ ਮਘਾ ਦਿੱਤਾ ਜਾਂਦਾ ਸੀ ਫਿਰ ਇਸ ਜਗਦੀ ਵਲਟੋਹੀ ਨੂੰ ਜਾਗੋ ਆਖਦੇ ਹਨ।
ਨਾਨਕਾ ਮੇਲ ਵਿੱਚ ਆਈ ਵਿਆਹੀ ਵਰੀ ਮੁਟਿਆਰ ਮੁੰਡੇ ਜਾਂ ਕੁੜੀ ਦੀ ਮਾਮੀ ਦੀਵਿਆਂ ਵਾਲੀ ਵਲਟੋਹੀ ਨੂੰ ਸਿਰ ਤੇ ਟਿਕਾਉਂਦੀ ਹੈ ਤੇ ਵਿਆਹ ਵਾਲੇ ਘਰ ਵਿੱਚ ਸ਼ਗਨ ਵਜੋਂ ਪਹਿਲਾਂ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਜਾਗੋ ਵਾਲੀ ਮਾਮੀ ਬਿਨਾਂ ਵਲਟੋਹੀ ਨੂੰ ਹੱਥ ਲਗਾਏ ਗਿੱਧੇ ਵਿੱਚ ਨੱਚਦੀ ਹੋਈ ਧੂੰਮਾਂ ਪਾਉਂਦੀ ਹੈ। ਇਨ੍ਹਾਂ ਵਿਚੋਂ ਹੀ ਮੁਟਿਆਰ ਖੂੰਡੇ ਤੇ ਘੁੰਗਰੂ ਬੰਨ੍ਹ ਕੇ ਖੂੰਡਾ ਖੜਕਾਉਂਦੀ ਹੋਈ ਜਾਗੋ ਦੇ ਅੱਗੇ ਅੱਗੇ ਤੁਰਦੀ ਹੈ।
ਇਹ ਜਾਗੋ ਪਿੰਡ ਵਿੱਚ ਸ਼ਰੀਕੇ ਦੇ ਘਰਾਂ ਵਿੱਚ ਲਿਜਾ ਕੇ ਜਾਗੋ ਦਾ ਗਿੱਧਾ ਪਾਇਆ ਜਾਂਦਾ ਹੈ। ਜਾਗੋ ਕੱਢਦੀਆਂ ਹੋਈਆਂ ਮੁਟਿਆਰਾਂ ਪਿੰਡ ਦੀਆਂ ਗਲੀਆਂ ਵਿੱਚ ਤੁਰਦੀਆਂ ਹੋਈਆਂ ਗੀਤ ਗਾਉਂਦੀਆਂ ਹਨ :- ਜਾਗੋ ਕੱਢਣੀ ਮੜਕ ਨਾਲ ਤੁਰਨਾ, ਬੲੀ ਵਿਆਹ...........।
ਵਿਆਹ ਵਿੱਚ ਚਾਅ ਖ਼ੁਸ਼ੀ ਵਿੱਚ ਆਈਆਂ ਮੁਟਿਆਰਾਂ ਦਾ ਰਾਹ ਵਿੱਚ ਆਉਂਦੀਆਂ ਰੇਹੜੇ ਗੱਡੇ ਉਲਟਾਉਣਾ, ਸੁੱਤੇ ਪਇਆਂ ਦੇ ਮੰਜੇ ਮੂਧੇ ਮਾਰਨੇ,ਓਟੇ ਝਲਾਨੀਆਂ ਤੋੜਨੀਆਂ, ਘਰਾਂ ਦੇ ਪਰਨਾਲੇ ਭੰਨਣੇ ਅਤੇ ਪਿੰਡ ਦੀਆਂ ਹੱਟੀਆਂ ਤੋਂ ਖਾਣ ਵਾਲੀਆਂ ਚੀਜ਼ਾਂ ਚੁੱਕ ਕੇ ਖਾਣੀਆਂ ਦੇ ਕੁਝ ਨਾ ਮਿਲਦਾ ਤਾਂ ਤਾਹਨੇ ਮਿਹਣੇ ਮਾਰਨੇ:-
ਆਉਂਦੀ ਕੁੜੀਏ, ਜਾਂਦੀ ਕੁੜੀਏ,
ਭਰ ਲਿਆ ਟੋਕਰਾ ਨੜਿਆਂ ਦਾ,
ਕਿੱਥੇ ਲਾਹੇਂਗੀ-2.....
ਸਾਰਾ ਪਿੰਡ ਛੜਿਆਂ ਦਾ......
ਕਿੱਥੇ ਲਾਹੇਂਗੀ-2....
ਮੰਨ ਤੋੜ ਅਤੇ ਹਾਸੇ ਠੱਠੇ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ।
ਜਾਗੋ ਦਾ ਵਿਆਹ ਵਾਲੇ ਘਰ ਦੇ ਸ਼ਰੀਕੇ ਵਿੱਚ ਖਾਸ ਖਾਸ ਘਰਾਂ ਵਿੱਚ ਲੈਣ ਜਾਣ ਨਾਲ ਇੱਕ ਸਾਂਝ ਬਣਦੀ ਹੈ। ਮੁੰਡੇ ਜਾਂ ਕੁੜੀ ਦੀ ਮਾਂ ਆਪਣੇ ਖਾਸ ਖਾਸ ਘਰਾਂ ਵਿੱਚ ਜਾਗੋ ਲੈ ਕੇ ਜਾਂਦੀ ਹੈ ਜਿੱਥੇ ਜਾਗੋ ਦੇ ਗਿੱਧੇ ਵਿੱਚ ਬਹੁਤ ਨੱਚਿਆ ਜਾਂਦਾ ਹੈ ਤੇ ਜਾਗੋ ਵਿੱਚ ਘਰਾਂ ਦੀਆਂ ਔਰਤਾਂ ਤੇਲ ਪਾਉਂਦੀਆਂ ਹਨ ਇਸੇ ਤਰ੍ਹਾਂ ਅੱਧੀ ਰਾਤ ਤੋਂ ਵੱਧ ਟਾਈਮ ਤੱਕ ਮੁਟਿਆਰਾਂ ਜਾਗੋ ਕੱਢਦੀਆਂ ਕੱਢਦੀਆਂ ਖੌਰੂ ਪਾਉਂਦੀਆਂ ਹਨ।
ਅੱਜ ਕੱਲ੍ਹ ਦੇ ਵਿਆਹਾਂ ਸਮੇਂ ਵੀ ਜਾਗੋ ਕੱਢਣ ਦਾ ਰਿਵਾਜ਼ ਤਾਂ ਹੈ ਪਰ ਹੁਣ ਉਹ ਜਾਗੋ ਤੇ ਮੁਟਿਆਰਾਂ ਕਿੱਥੇ ਜਿਹੜੀਆਂ ਬਿਨਾਂ ਹੱਥ ਲਾਏ ਸਿਰ ਤੇ ਜਾਗੋ ਰੱਖ ਕੇ ਨੱਚਦੀਆਂ ਸੀ। ਹੁਣ ਮੁੰਡੇ ਕੁੜੀਆਂ ਦੇ ਵਿਆਹਾਂ ਵਿੱਚ ਇੱਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਨਾਲ ਹੀ ਜਾਗੋ ਕੱਢੀ ਜਾਂਦੀ ਹੈ।ਡੀ ਜੇ ਲਗਾ ਕੇ ਸਭ ਨੱਚਦੇ ਹਨ।ਸ਼ਹਿਰਾਂ ਵਿੱਚ ਤਾਂ ਜਾਗੋ ਕੱਢਣ ਵਾਲੀਆਂ ਵੀ ਕਿਰਾਏ ਤੇ ਮਿਲਦੀਆਂ ਹਨ ਪਰ ਪੁਰਾਣੀ ਜਾਗੋ ਵਾਲੀ ਹੁਣ ਦੇ ਸਮੇਂ ਵਿੱਚ ਓ ਗੱਲ ਨਹੀਂ ਰਹੀ। ਹੁਣ ਦੇ ਸਮੇਂ ਵਿੱਚ ਜਾਗੋ ਸਿਰਫ ਆਈਟਮ ਬਣ ਕੇ ਰਹਿ ਗੲੀ ਹੈ ਤੇ ਬਿਜਲੀ ਦਾ ਬੈਟਰੀ ਤੇ ਚੱਲਣ ਵਾਲੀ ਜਾਗੋ ਆਈ ਗੲੀ ਹੈ ਹੁਣ ਤਾਂ ਬੋਲੀਆਂ ਵੀ ਵਿਆਹ ਵਿੱਚ ਬਹੁਤ ਘੱਟ ਪਾਉਂਦੀਆਂ ਹਨ ਕਿਉਂ ਕਿ ਸਭ ਸਾਊਂਡ ਸਪੀਕਰ ਵਗੈਰਾ ਤੇ ਗਾਣੇ ਲਗਾ ਕੇ ਨੱਚ ਲੈਂਦੇ ਹਨ।
ਰਾਜਿੰਦਰ ਰਾਣੀ

Have something to say? Post your comment