Article

“ਕਲਮ ‘ਚੋਂ ਨਿਕਲੇ ਲਫ਼ਜਾਂ ਦਾ ਅਸਰ”

April 05, 2021 12:30 AM

ਕਲਮ ਚੋਂ ਨਿਕਲੇ ਲਫ਼ਜਾਂ ਦਾ ਅਸਰ

 

ਮਹਾਨ ਵਿਗਿਆਨੀ ਡਾਰਬਨ ਦੀ ਥਿਉਰੀ ਤੇ ਰਿਸਰਚ ਮੁਤਾਬਕ ਮਨੁੱਖ ਵਾਨਰ ਭਾਵ ਬਾਂਦਰ ਤੋਂ ਸੁਧਰਿਆ ਅਰਥਾਂਤ ਵਿਕਸਿਤ ਹੋਇਆ ਹੈ।  ਬਾਂਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੂਸਰੇ ਦੀ ਨਕਲ ਕਰਨ ਕਰਕੇ ਜਾਣਿਆ ਜਾਂਦਾ ਹੈ। ਇਸੇ ਕਰਕੇ ਇਹ ਨਕਲ ਕਰਨ ਦਾ ਗੁਣ ਮਨੁੱਖ ਵਿੱਚ ਵੀ ਅਧਿਕ ਪਾਇਆ ਜਾਂਦਾ ਹੈ। ਅੱਜ ਚਾਰ ਚੁਫੇਰੇ ਫੈਲਿਆ ਹੋਇਆ ਫੈਸ਼ਨ ਵੀ ਇਸੇ ਗੁਣ ਦੀ ਦੇਣ ਹੈ। ਜੋ ਅਸੀ ਆਪਣੇ ਆਲੇ-ਦੁਆਲੇ ਦੇਖਦੇ ਹਾਂ ਉਸਨੂੰ ਆਪਣੀ ਜਿੰਦਗੀ ਵਿੱਚ ਅਪਣਾਉਂਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਜੋ ਅਸੀਂ ਪੜਦੇ, ਸੁਣਦੇ, ਦੇਖਦੇ ਹਾਂ ਅਤੇ ਜਿਸ ਪ੍ਰਕਾਰ ਦੇ ਵਿਆਕਤੀਆ ਵਿੱਚ ਅਸੀਂ ਵਿਚਰਦੇ ਹਾਂ ਉਸਦਾ ਅਸਰ ਸਿੱਧੇ ਜਾਂ ਅਸਿੱਧੇ ਤੋਰ ਤੇ ਸਾਡੀ ਜਿੰਦਗੀ, ਸਾਡੇ ਜੀਵਨ ਤੇ ਪੈਂਦਾ ਹੀ ਹੈ। ਉਦਾਹਰਣ ਦੇ ਤੋਰ ਤੇ ਮੰਨ ਲਓ ਇੱਕ ਵਿਆਕਤੀ ਮਹਾਨ ਤੇ ਸਫਲ ਵਿਆਕਤੀਆ ਦੀਆਂ ਕਹਾਣੀਆ, ਜੀਵਨੀਆ ਨੂੰ ਪੜਦਾ, ਸੁਣਦਾ ਤੇ ਦੇਖਦਾ ਹੈ। ਹੋਲੀ-ਹੋਲੀ ਫਿਰ ਉਹ ਉਹਨਾਂ ਵਾਂਗੂ ਹੀ ਕਾਮਯਾਬ ਹੋਣ ਬਾਰੇ ਕਲਪਨਾ ਕਰਨ ਲੱਗ ਪੈਂਦਾ ਹੈ। ਜੇਕਰ ਇਸੇ ਉਦਾਹਰਨ ਨੂੰ ਦੂਸਰੇ ਪੱਖ ਵੱਲ ਲਿਜਾ ਵਿਚਾਰੀਏ ਕਿ ਫਿਰ ਮੰਨ ਲਓ ਉਹੀ ਵਿਆਕਤੀ ਬਦਮਾਸ਼ੀ, ਗੁੰਡਾਗਰਦੀ, ਮਾਰ-ਧਾੜ ਆਦਿ ਨਕਰਾਤਮਿਕ ਚੀਜਾਂ ਨੂੰ ਦੇਖਦਾ, ਸੁਣਦਾ ਤੇ ਪੜਦਾ ਹੈ ਤਾਂ ਉਸ ਉੱਤੇ ਉਹ ਸਾਰੀਆ ਨਕਰਾਤਮਿਕ ਚੀਜਾਂ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨਸਾਨ ਦੀ ਤਾਂ ਮੱਢ-ਕਦੀਮ ਤੋਂ ਹੀ ਇਹ ਫਿਤਰਤ ਰਹੀ ਹੈ ਕਿ ਉਹ ਨਕਰਾਤਮਿਕ ਚੀਜਾਂ ਨੂੰ ਸਕਰਾਤਮਿਕ ਚੀਜਾਂ ਦੇ ਮੁਕਾਬਲੇ ਜਲਦੀ ਫੜਦਾ ਤੇ ਅਪਣਾਉਂਦਾ ਹੈ। ਜੇਕਰ ਇਸ ਨੂੰ ਆਧੁਨਿਕ ਗਾਣਿਆ ਤੇ ਫਿਲਮਾਂ ਆਦਿ ਦੇ ਸੰਦਰਵ ਤੋਂ ਵਿਚਾਰੀਏ ਤਾਂ ਸਾਨੂੰ ਇਹ ਬੜੇ ਦੁੱਖ ਨਾਲ ਕਹਿਣਾ ਪਵੇਗਾ ਕਿ ਅੱਜ ਜਿਆਦਾਤਰ ਗਾਣਿਆ ਤੇ ਫਿਲਮਾਂ ਵਿੱਚ ਨਕਰਾਤਮਿਕ ਪੱਖ ਜਿਹਾ ਜਿਆਦਾ ਦੇਖਣ ਨੂੰ ਮਿਲਦਾ ਹੈ। ਜਿਸਦਾ ਸਿੱਧਾ ਅਸਰ ਸਾਡੀ ਆਧੁਨਿਕ ਪੀੜੀ ਤੇ ਪੈ ਰਿਹਾ ਹੈ ਤੇ ਜੋ ਆਉਣ ਵਾਲੀ ਪੀੜੀ ਤੇ ਵੀ ਪਵੇਗਾ।

                                                    ਜੇਕਰ ਅਤੀਤ ਦੀ ਬੁੱਕਲ ਵਿੱਚ ਝਾਤ ਮਾਰ ਕੇ ਤੱਕੀਏ ਤਾਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਅਸੀਂ ਗੁਰੂਆਂ, ਪੀਰਾਂ, ਯੋਧਿਆ, ਫਕੀਰਾਂ ਤੇ ਸ਼ੂਰਵੀਰਾ ਦੀ ਧਰਤੀ ਦੇ ਜਾਏ ਹਾਂ। ਪਹਿਲਾ ਸੁਖਾਲਾ ਜੀਵਨ ਬਤੀਤ ਕਰਨ ਦੇ ਕੋਈ ਬਹੁਤੇ ਸਨ-ਸਾਧਾਨ ਨਹੀਂ ਹੁੰਦੇ ਸਨ। ਪੜਨ ਲਈ ਬਸ ਕਿਤਾਬਾਂ ਤੇ ਸੁਣਨ ਲਈ ਬਜੁਰਗਾਂ ਤੋਂ ਯੋਧਿਆ, ਸ਼ੂਰਵੀਰਾ ਦੀਆ ਗੱਲਾਂ ਤੇ ਕਿੱਸੇ-ਕਹਾਣੀਆ। ਸ਼ਾਇਦ ਇਹ ਹੀ ਕਾਰਨ ਸੀ ਕਿ ਪਹਿਲਾਂ ਯੋਧੇ ਤੇ ਸ਼ੂਰਵੀਰ ਜਿਆਦਾ ਪੈਦਾ ਹੋਇਆ ਕਰਦੇ ਸਨ। ਪ੍ਰੰਤੂ ਜੇਕਰ ਅੱਜ ਦੇ ਸਮੇਂ ਨੂੰ ਵਿਚਾਰੀਏ ਤਾਂ ਪੜਨ ਲਈ ਕਿਤਾਬਾਂ ਤੇ ਸੁਣਨ ਲਈ ਯੋਧਿਆ, ਸ਼ੂਰਵੀਰਾ ਦੀਆ ਗੱਲਾਂ ਤੇ ਕਿੱਸੇ-ਕਹਾਣੀਆ ਤਾਂ ਹਨ ਹੀ ਤੇ ਨਾਲ ਹੀ ਨਾਲ ਜੀਵਨ ਸੁਖਾਲਾ ਤੇ ਮਨੋਰੰਜਨ ਭਰਭੂਰ ਕਰਨ ਲਈ ਟੀ.ਵੀ., ਮੋਬਾਇਲ, ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਇਸਟਾਗ੍ਰਾਮ, ਵੱਟਸਐਪ ਆਦਿ ਕਈ ਹੋਰ ਐਪ ਵੀ ਉਪਲੱਬਧ ਹਨ। ਜੋ ਅਜੋਕੀ ਪੀੜੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਅੱਡੀ-ਚੋਟੀ ਦਾ ਜੋਰ ਲਗਾ ਰਿਹੇ ਹਨ। ਜਿਆਦਾਤਰ ਨੋਜਵਾਨ ਆਪਣਾ ਬਹੁਤਾ ਸਮਾਂ ਇਹਨਾ ਤੇ ਹੀ ਬਤੀਤ ਕਰਦੇ ਹਨ। ਜੋ ਕਿਤੇ ਨਾ ਕਿਤੇ ਅਜੋਕੀ ਪੀੜੀ ਨੂੰ ਕਿਤਾਬਾਂ, ਪੰਜਾਬੀ ਤੇ ਸੱਭਿਆਚਾਰ ਨਾਲੋ ਤੋੜਨ ਵਿੱਚ ਆਪਣਾ ਇੱਕ ਅਹਿਮ ਰੋਲ ਅਦਾ ਕਰਦੇ ਹਨ। 

                                                 ਪਹਿਲਾਂ ਗਾਣੇ ਤੇ ਫਿਲਮਾਂ ਇਨਸਾਨ ਤੇ ਇਨਸਾਨਿਅਤ ਤੱਕ ਹੀ ਸੀਮਿਤ ਸਨ। ਪ੍ਰੰਤੂ ਬਆਦ ਵਿੱਚ ਪੈੱਟ-ਬੁਲ ਆਦਿ ਖਤਰਨਾਕ ਕੁੱਤਿਆ ਨੂੰ ਗਾਣਿਆ ਤੇ ਫਿਲਮਾਂ ਵਿੱਚ ਲਿਆਂਦਾ ਗਿਆ। ਜਿਸਦੇ ਨਤੀਜੇ ਵਜੋਂ ਕਈਆ ਨੂੰ ਆਪਣੀ ਅਣਮੋਲ ਜਿੰਦਗੀ ਤੋਂ ਹੱਥ ਧੋਣਾਂ ਪਿਆ ਸੀ ਤੇ ਅੱਜ ਪੈ ਰਿਹਾ ਹੈ। ਪੰਜਾਬੀ ਗਾਣਿਆ ਵਿੱਚ ਮਾਤ-ਭਾਸ਼ਾ ਘੱਟ ਤੇ ਅਗ੍ਰੇਜੀ ਜਿਆਦਾ ਸੁਣਨ ਨੂੰ ਮਿਲਦੀ ਹੈ। ਮਾਰੂ ਤੇ ਜਾਨ ਲੇਵਾ ਹਥਿਆਰਾਂ ਨੂੰ ਵੀ ਸ਼ਰੇਆਮ ਲਿਹਰਾ ਕੇ ਦਿਖਾਇਆ ਜਾਂਦਾ ਹੈ। ਨਸ਼ਿਆ ਨੂੰ ਵੀ ਸਿੱਧੇ-ਅਸਿੱਧੇ ਤੋਰ ਤੇ ਬੜੀ ਸ਼ਾਨੋ-ਸ਼ੋਕਤ ਨਾਲ ਦਿਖਾਇਆ ਜਾਂਦਾ ਹੈ। ਮਹਿੰਗੇ ਬ੍ਰੈਡਾਂ ਤੇ ਟੈਗਾਂ ਨੂੰ ਵੀ ਕਾਫੀ ਪ੍ਰਸਿੱਧ ਕੀਤਾ ਜਾਂਦਾ ਹੈ ਜੋ ਅੱਜ-ਕੱਲ ਆਮ ਜਿਹਾ ਹੋ ਗਿਆ ਹੈ। ਕਲਮ ਵਿੱਚੋਂ ਨਿਕਲੇ ਲਫ਼ਜਾਂ ਉੱਤੇ ਫਿਲਮਾਏ ਜਾਂਦੇ ਇਹਨਾਂ ਨੂੰ ਜਿਸ ਪ੍ਰਕਾਰ ਸਾਨੂੰ ਦਿਖਾਇਆ ਜਾਂਦਾ ਹੈ। ਇਸਦਾ ਸਿੱਧਾ ਅਸਰ ਇਹਨਾਂ ਨੂੰ ਸੁਣਨ ਵਾਲਿਆ ਅਰਥਾਂਤ ਸਾਡੀ ਅਜੋਕੀ ਪੀੜੀ ਤੇ ਪੈਂਦਾ ਹੈ। ਪੱਛਮੀ ਸੱਭਿਅਤਾ ਦੀ ਚੱਲੀ ਹਨੇਰੀ ਨੇ ਵੀ ਪੰਜਾਬੀ ਸਭਿੱਆਚਾਰ ਨੂੰ ਕਾਫੀ ਢਾਹ ਲਾਈ ਹੈ। ਇੰਝ ਜਾਪਦਾ ਹੈ ਜਿਵੇਂ ਪੰਜਾਬੀ ਸਭਿੱਆਚਾਰ ਪੰਜਾਬ ਵਿੱਚੋਂ ਹੀ ਕਿਧਰੇ ਖੰਭ ਲਾ ਕੇ ਉੱਡ ਗਿਆ ਹੋਵੇ।

                                            ਕਹਿੰਦੇ ਨੇ ਕਿ ਇੱਕ  ਲੇਖਕ ਉਹੀ ਲਿਖਦਾ ਹੈ ਜੋ ਉਹ ਆਪਣੇ ਆਲੇ-ਦੁਆਲੇ ਵਾਪਰਦਾ ਦੇਖਦਾ ਹੈ ਤੇ ਜਿਸ ਵਿੱਚ ਉਹ ਵਿਚਰਦਾ ਹੈ। ਜੇਕਰ ਅੱਜ ਦੀ ਗੀਤਕਾਰੀ ਦੀ ਗੱਲ ਕਰੀਏ ਤਾਂ ਇਹ ਵੀ ਕਿਧਰੇ ਆਪਣੇ ਅਸਲ ਮਕਸਦ ਤੋਂ ਭਟਕ ਗਈ ਜਾਪਦੀ ਹੈ। ਉਂਝ ਸੋਚੀਏ ਤਾਂ ਪੰਜ ਉਂਗਲਾ ਵੀ ਬਰਾਬਰ ਨਹੀਂ ਹੁੰਦੀਆ। ਪਰ ਫਿਰ ਵੀ ਜਿਆਦਾਤਰ ਜੋ ਸਾਨੂੰ ਦਿਖਾਇਆ ਜਾ ਰਿਹਾ ਹੈ ਉਹ ਕਿਤੇ ਨਾ ਕਿਤੇ ਸਾਡੇ ਤੇ ਸਾਡੇ ਸਭਿਆਚਾਰ ਦੇ ਨਾਲ-ਨਾਲ ਸਾਡੀ ਅਜੋਕੀ ਤੇ ਆਉਣ ਵਾਲੀ ਪੀੜੀ ਲਈ ਵੀ ਖਤਰਨਾਕ ਹੈ। ਪਰ ਥੋੜਾ ਹੋਰ ਵਿਚਾਰੀਏ ਤਾਂ ਕਿਸੇ ਚੀਜ ਨੂੰ ਦੇਖਣਾ, ਸੁਣਨਾ, ਪੜਨਾ ਤੇ ਅਪਨਾਉਣਾ ਵੀ ਮਨੁੱਖ ਦੇ ਹੀ ਹੱਥ ਵੱਸ ਹੁੰਦਾ ਹੈ। ਸੋ ਅੱਜ ਲੋੜ ਹੈ ਸਕਰਾਤਮਿਕ ਨਜਰੀਆ ਲਿਖਣ ਤੇ ਦਿਖਾਉਣ ਦੇ ਨਾਲ-ਨਾਲ ਸਕਰਾਤਮਿਕ ਚੀਜਾ ਨੂੰ ਦੇਖਣ, ਸੁਣਨ, ਪੜਨ ਤੇ ਅਪਨਾਉਣ ਦੀ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀ ਸਭਿੱਆਚਾਰ ਨੂੰ ਬਚਾਇਆ ਜਾ ਸਕੇ ਤੇ ਨਾਲ ਦੀ ਨਾਲ ਆਪਣੀ ਆਉਣ ਵਾਲੀ ਪੀੜੀ ਨੂੰ ਇੱਕ ਵਧੀਆ ਤੇ ਸੁਚੱਜੇ ਸਭਿੱਆਚਾਰ ਤੇ ਵਾਤਾਵਰਨ ਦੀ ਦੇਣ ਦੇ ਸਕੀਏ।

 

ਇੰਦਰਜੀਤ ਸਿੰਘ ਕਠਾਰ,

Have something to say? Post your comment