Article

ਸੇਵਾ ਕੇਂਦਰਾਂ ਵਿੱਚ ਹੋ ਰਹੀ ਆਮ ਲੋਕਾਂ ਦੀ ਖੱਜਲ ਖੁਆਰੀ

April 05, 2021 12:38 AM

ਸੇਵਾ ਕੇਂਦਰਾਂ ਵਿੱਚ ਹੋ ਰਹੀ ਆਮ ਲੋਕਾਂ ਦੀ ਖੱਜਲ ਖੁਆਰੀ
ਜਿਵੇਂ ਨਾਮ ਤੋਂ ਸਪੱਸ਼ਟ ਹੈ ਕਿ ਸੇਵਾ ਕੇਂਦਰ ਉਹ ਕੇਂਦਰ ਜਿੱਥੇ ਲੋਕਾਂ ਦੀ ਰੋਜ਼ਾਨਾਂ ਦੀ ਜਿੰਦਗੀ ਵਿੱਚ ਕੰਮ ਆਉਣ ਵਾਲੇ ਕਾਗਜ਼ ਪੱਤਰਾਂ ਨੂੰ ਬਣਾਉਣ ਦੀ ਸਹੂਲੀਅਤ ਮੁਹੱਈਆ ਕਰਾਉਣ ਵਾਲਾ ਕੇਂਦਰ। ਪਿਛਲੀ ਸਰਕਾਰ ਵੇਲੇ ਪੰਜਾਬ ਅੰਦਰ ਵੱਡੀ ਗਿਣਤੀ ਵਿੱਚ ਸੇਵਾਂ ਕੇਂਦਰ ਖੋਲ੍ਹੇ ਗਏ ਜਿੰਨ੍ਹਾਂ ਵਿੱਚੋਂ  ਜੁਲਾਈ 2018 ਵਿੱਚ 930 ਦੇ ਕਰੀਬ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ।ਪਹਿਲਾਂ ਪਹਿਲ ਇਹ ਸੇਵਾ ਕੇਂਦਰ ਹਰੇਕ ਪਿੰਡ ਨੂੰ ਦਿੱਤਾ ਗਿਆ ਸੀ ਤਾਂ ਕਿ ਹਰੇਕ ਪਿੰਡ ਦੇ ਨਾਗਰਿਕ ਆਪਣੇ ਕੰਮ ਪਿੰਡ ਪੱਧਰ ਤੇ ਹੀ ਅਸਾਨੀ ਨਾਲ ਕਰਵਾ ਸਕਣ  ਤਾਂ ਕਿ ਉਨ੍ਹਾਂ ਨੂੰ ਬਾਹਰ ਸ਼ਹਿਰਾਂ ਵਿੱਚ ਜਾ ਕੇ ਦਫਤਰਾਂ ਦੇ ਧੱਕੇ ਨਾ ਖਾਣੇ ਪੈਣ। ਪਰ ਇਹ ਸਕੀਮ ਪਾਣੀ ਤੇ ਬੱਸਾਂ ਵਾਂਗ ਥੋੜੇ ਸਮੇਂ ਲਈ ਕਾਮਯਾਬ ਹੋ ਸਕੀ। ਉਹ ਸੇਵਾ ਕੇਂਦਰ ਤੇ ਲਗਾਇਆ ਪੈਸਾ ਫਜ਼ੁੂਲ ਗਿਆ ਜਿਹੜੇ ਹੁਣ ਪੰਛੀਆਂ ਦੇ ਆਲਣਿਆਂ ਦਾ ਰੈਣ ਬਸੇਰਾ ਬਣੇ ਹੋਏ ਨੇ।ਹੁਣ ਤਕਰੀਬਨ 10 ਪਿੰਡਾਂ ਦਾ ਇੱਕ ਸਾਂਝਾ ਸੇਵਾ ਕੇਂਦਰ ਬਣਾ ਦਿੱਤਾ ਗਿਆ ਹੈ । ਜਿੱਥੇ ਰੋਜ਼ਾਨਾ ਦੇਖਣ ਨੂੰ ਮਿਲਦਾ ਹੈ ਕਿ ਲੋਕ ਵਿਚਾਰੇ ਸਵੇਰ ਦੇ 6 ਵਜੇ ਤੋਂ ਲੈ ਕੇ ਟੋਕਨ ਲੈਣ ਦੀ ਉਡੀਕ ਵਿੱਚ ਬੈਠੇ ਹੁੰਦੇ ਹਨ ਅਤੇ ਜਦੋਂ 10 ਵਜੇ ਸੇਵਾ ਕੇਂਦਰ ਖੁੱਲ੍ਹਦੇ ਹਨ ਤਾ ਉੱਥੋਂ ਦੇ ਕਰਮਚਾਰੀ ਬੱਸ ਗਿਣਤੀ ਦੇ ਦਸ ਪੰਦਰਾਂ ਟੋਕਨ ਵੰਡਦੇ ਹਨ ,ਜਿੰਨ੍ਹਾਂ ਵਿੱਚੋਂ ਸੱਤ ਅੱਠ ਤਾਂ ਸ਼ਿਫਾਰਿਸ਼ ਵਾਲਿਆਂ ਦੇ ਹੁੰਦੇ ਹਨ ਅਤੇ ਆਮ ਗਰੀਬ ਅਨਪੜ੍ਹ ਲੋਕ ਤੱਕਿਆਂ ਵਾਲੇ ਬੋਕ ਵਾਂਗ ਝਾਕਦੇ ਰਹਿ ਜਾਂਦੇ ਹਨ ।ਮੇਰਾ ਇੰੰਟਰਨੈਟ ਕੈਫੇ ਹੈ ਲੋਕ ਮੇਰੇ ਕੋਲ ਹਰ ਰੋਜ਼ ਕੋਈ ਨਾ ਕੋਈ ਆਧਾਰ ਕਾਰਡ ਕਢਵਾਉਣ ਜਾਂ ਹੋਰ ਕੋਈ ਫਾਇਲ ਲੈਣ ਲਈ ਆਉਂਦਾ ਰਹਿੰਦਾ ਹੈ ।ਜਦੋਂ ਆਧਾਰ ਕਾਰਡ ਕੱਢਣ ਲੱਗਦੇ ਹਾਂ ਕਿਸੇ ਦਾ ਨਾਮ ਗਲਤ , ਕਿਸੇ ਦੀ ਜਨਮ ਤਰੀਕ ਗਲਤ , ਕਿਸੇ ਦਾ ਮੋਬਾਇਲ ਨੰਬਰ ਗਲਤ ਕਰ ਦਿੰਦੇ ਨੇ ਉਹ ਸੇਵਾ ਕੇਂਦਰ ਦੇ ਅਧਿਕਾਰੀ।ਅਜਿਹੇ ਗਰੀਬ ਅਜਿਹੇ ਗਰੀਬ ਅਨਪੜ੍ਹ ਲੋਕ ਦੱਸ ਕੀਹਦੀ ਮਾਂ ਨੂੰ ਮਾਸੀ ਕਹਿਣ।ਅੱਗੋ ਜੇ ਜਾਕੇ ਉਨ੍ਹਾਂ ਨੂੰ ਕਹਿੰਦੇ ਹਨ ਭੈਣਜੀ ਤੁਸੀਂ ਆਹ ਨਾਮ ਜਾਂ ਨੰਬਰ ਗਲਤ ਕਰਤਾ ਤਾਂ ਅਗਲੇ ਅੱਗੋਂ ਸੂਈ ਕੁੱਤੀ ਵਾਂਗ ਪੈ ਨਿਕਲਦੇ ਹਨ ਕਿ ਅਸੀਂ ਥੋਡੇ ਗੋਲੇ ਲੱਗੇ ਹਾਂ,  ਸਾਨੂੰ ਹੋਰ ਕੋਈ ਕੰਮ ਹੈਨੀ , ਬੱਸ ਮੁੱਕਦੀ ਗੱਲ ਕੀ ਅਗਲੇ ਪੈਰਾਂ ਤੇ ਪਾਣੀ ਨੀ ਪੈਣ ਦਿੰਦੇ।ਵਿਚਾਰੇ ਲਾਚਾਰ ਲੋਕ ਫੇਰ ਸਵੇਰੇ ਲਾਇਨਾਂ ਵਿੱਚ ਖੜ੍ਹ ਕੇ ਟੋਕਨ ਲੈਂਦੇ  ਅਤੇ ਦੁਬਾਰਾ ਫੀਸ ਭਰ ਕੇ ਮੁੜ ਤੋਂ ਨੰਬਰ ਜਾਂ ਨਾਮ ਸਹੀ ਕਰਵਾਉਂਦੇ ਹਨ। ਇਹ ਗੱਲ ਕੋਈ ਮੈਂ ਸੁਣੀ ਸੁਣਾਈ ਨਹੀਂ ਕਰ ਰਿਹਾ ,ਇਹ ਗੱਲ ਮੇਰੇ ਖੁਦ ਨਾਲ ਵੀ ਵਾਪਰੀ ਹੋਈ ਹੈ ਮੈਂ ਇੱਕ ਦਿਨ ਆਪਣੇ ਪਿੰਡ ਦੇ ਸੇਵਾ ਕੇਂਦਰ ਵਿੱਚ ਆਪਣੀ ਘਰਵਾਲੀ ਦੇ ਆਧਾਰ ਕਾਰਡ ਉੱਤੇ ਪਤਾ ਬਦਲਾਉਣ ਲਈ ਗਿਆ । ਪਹਿਲਾਂ ਤਾਂ ਮਸਾਂ ਟੋਕਨ ਲਿਆ ।ਲੋਕਾਂ ਦੀ ਭੀੜ ਇਉਂ ਸੀ ਜਿਵੇਂ ਮੇਲਾ ਲੱਗਾ ਹੋਵੇ। ਵਿਚਾਰੇ ਭੁੱਖੇ ਤਿਹਾਏ ਲੋਕ ਉਨ੍ਹਾਂ ਕਰਮਚਾਰੀਆਂ ਵੱਲ ਵੇਖ ਰਹੇ ਸਨ ਕਿ ਕਦੋਂ ਸਾਡੀ ਵਾਰੀ ਆਵੇ ,ਪਰ ਉਨ੍ਹਾਂ ਦੇ ਤਾਂ ਕੰਨ ਤੇ ਜੂੰ ਨੀ ਸਰਕਦੀ ਸੀ ਕਦੇ ਫੋਨ ਤੇ ਗੱਲਾਂ ਮਾਰਨ ਲੱਗ ਜਾਣ ਕਦੇ ਆਪਸ ਵਿੱਚ ਗੱਲਾਂ ਮਾਰਨ ਲੱਗ ਜਾਣ, ਘੰਟੇ ਬਾਦ ਇੱਕ ਬੰਦੇ ਦੀ ਵਾਰੀ ਆਉਂਦੀ ਸੀ।ਫਿਰ ਜੇ ਸਾਡੀ ਵਾਰੀ ਆਈ ਤਾਂ ਮੈਡਮ ਨੇ ਅਸਲੀ ਆਧਾਰ ਕਾਰਡ ਕੋਲ ਹੋਣ ਦੇ ਬਾਵਜੂਦ ਵੀ ਨਾਮ ਗਲਤ ਕਰ ਦਿੱਤਾ । ਮੈਂ ਸੋਚਿਆ ਕਿ ਚਲੋਂ ਅਸੀਂ ਤਾਂ ਪੜ੍ਹੇ ਲਿਖੇ ਹਾਂ ਪਰ ਆਹ ! ਜਿਹੜੇ ਲੋਕ ਵਿਚਾਰੇ ਅੰਗੂਠਾ ਛਾਪ ਹਨ ਇੰਨ੍ਹਾਂ ਨੂੰ ਇਹ ਕੀ ਲਈ ਬੈਠੇ ਨੇ । ਫੇਰ ਜਦੋਂ ਰਸੀਦ ਕੱਟਣ ਤੋਂ ਬਾਅਦ ਮੈਂ ਮੇੈਡਮ ਨੂੰ ਕਿਹਾ ਮੈਡਮ ਤੁਸੀਂ ਆਹ ਨਾਮ ਗਲਤ ਲਿਖ ਦਿੱਤਾ ਤਾਂ ਮੈਡਮ ਨੇ ਅੱਗੋਂ ਕਿਹਾ ਹੋ ਗਿਆ ਹੋਣਾ , ਠੀਕ ਕਰ ਦਿੰਦੇ ਹਾਂ ।ਇੱਕ ਘੰਟਾ ਫੇਰ ਲਗਾ ਦਿੱਤਾ।ਹੁਣ ਮੈਨੂੰ ਕੁਝ ਕੁਝ ਗੱਲ ਸਮਝ ਆ ਰਹੀ ਸੀ ਕਿ ਇੱਥੇ ਫੋਨਾਂ ਤੇ ਕੰਮਾਂ ਹੁੰਦੇ ਹਨ । ਇਸ ਕਰਕੇ ਆਮ ਲੋਕਾਂ ਭਾਵੇਂ ਰੋਜ਼ ਆ ਕੇ ਮੁੜ ਜਾਣ ਇੰਨ੍ਹਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਈ ਬੰਦਿਆਂ ਦੇ ਸਾਰਟੀਫਿਕੇਟ ਇੱਥੋਂ ਦੋ ਦੋ ਮਹੀਨੇ ਨਹੀਂ ਮਿਲਦੇ ਅਤੇ ਕਈ ਬੰਦਿਆਂ ਦੇ ਸਾਰਟੀਫਿਕੇਟ ਦੂਜੇ ਦਿਨ ਬਣ ਜਾਂਦੇ ਹਨ । ਇਹ ਸਾਰਟੀਫਿਕੇਟ ਦੁੱਗਣੀ ਤਿੱਗਣੀ ਫੀਸ ਦੇ ਕੇ ਅਤੇ ਸਿਫਾਰਿਸ਼ ਨਾਲ ਬਣਦੇ ਹਨ। ਕਹਿੰਦੇ ਤਾਂ ਹੁੰਦੇ ਨੇ ਕਿ ਤਕੜੇ ਦਾ ਸੱਤੀ ਵੀਹੀ ਸੋ ਹੁੰਦਾ ਹੈ।ਜਦੋਂ ਕਿਸੇ ਦਾ ਕੰਮ ਨਾ ਕਰਨਾ ਹੋਵੇ ਜਾ ਕਿਸੇ ਹੋਰ ਬੰਦੇ ਦਾ ਕੰਮ ਕਰਨਾ ਹੋਵੇ ਉਦੋਂ ਆਮ ਬੰਦੇ ਨੂੰ ਕਹਿ ਦੇਣਗੇ ਜੀ ਸਰਵਰ ਡੋਨ ਏ, ਮਸ਼ੀਨ ਨੀ ਚੱਲਦੀ। ਮੈਂ ਤਾਂ ਇਹ ਕਹਿੰਦਾ ਹਾਂ ਕਿ ਇਹ ਆਮ ਗਰੀਬ ਲੋਕ ਕਿਹੜੇ ਖੂਹ ਵਿੱਚ ਡਿੱਗਣ ,ਜਿੰਨ੍ਹਾਂ ਦੀ ਕੋਈ ਸੁਣਵਾਈ ਨਹੀਂ। ਸਾਡੇ ਪਿੰਡਾਂ ਸ਼ਹਿਰਾਂ ਦੀ ਸਥਾਨਕ ਸਰਕਾਰਾਂ ਨੂੰ ਚਾਹੀਦਾ ਹੈ ਆਪਣੇ ਪੰਚਾਇਤੀ ਪੱਧਰ ਜਾਂ ਪਿੰਡ ਲੈਵਲ ਤੇ ਚੰਗੇ ਮੋਹਤਬਾਰ ਬੰਦੇ ਇੰਨ੍ਹਾਂ ਕਰਮਚਾਰੀਆਂ ਨਾਲ ਗੱਲ ਕਰਕੇ ਲੋਕਾਂ ਨਾਲ ਇਹੋ ਜਿਹਾ ਵਤੀਰਾ ਕਰਨ ਤੋਂ ਰੋਕ ਸਕਦੇ ਹਨ ਅਤੇ ਆਪਣੀਆਂ ਅਣਗਹਿਲੀਆਂ ਕੀਤੀਆਂ ਜਾਣ ਵਾਲੀਆ ਗਲਤੀਆਂ ਨੂੰ ਰੋਕ ਸਕਦੇ ਹਨ।
ਸਤਨਾਮ ਸਮਾਲਸਰੀਆ

Have something to say? Post your comment