Article

ਲਘੂ ਕਥਾ ' ਸ਼ੁੱਧ ਹਵਾ ਪਾਣੀ '

April 05, 2021 10:58 PM
ਲਘੂ ਕਥਾ      ' ਸ਼ੁੱਧ ਹਵਾ ਪਾਣੀ '
     ਛਾਤੀ 'ਚ ਦਰਦ ਰਹਿਣ ਕਾਰਨ ਸਾਹ ਦੀ ਤਕਲੀਫ਼ ਹੋਈ । ਚੰਡੀਗੜ੍ਹ ਵਾਲੇ ਡਾਕਟਰ ਸਾਹਿਬ ਨੇ ਦਵਾਈ ਦੇ ਨਾਲ ਨਾਲ ਇੱਕ ਸਲਾਹ ਦਿੱਤੀ ਕਿ, ਸੁਬਾਹ, ਦੁਪਹਿਰ ਤੇ ਸ਼ਾਮ ਨੂੰ ਇੱਕ ਇੱਕ ਘੰਟਾ ਖੁੱਲ੍ਹੇ ਵਾਤਾਵਰਣ 'ਚ ਤੁਰਨ ਫਿਰਨ ਦੀ ਆਦਤ ਪਾ ਲਵੋ । ਜਿਸ ਕਰਕੇ ਸਾਫ਼ ਆਬੋ ਹਵਾ ਤੁਹਾਡੀ ਸਿਹਤ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ । ਮੇਰੇ ਦੱਸਣ 'ਤੇ ਕਿ ਮੇਰੇ ਸ਼ਹਿਰ ਘਰ ਤੋਂ ਥੋੜ੍ਹੀ ਦੂਰੀ 'ਤੇ ਜੌੜੀਆਂ ਨਹਿਰਾਂ ਲੰਘਦੀਆਂ ਹਨ ।        
     ਡਾਕਟਰ ਜੀ ਨੇ ਖੁਸ਼ੀ 'ਚ ਖੀਵੇ ਹੋਏ ਨੇ ਕਿਹਾ ਕਿ, ਇੱਦੋਂ ਵਧੀਆ ਮਾਹੌਲ ਕਿੱਥੇ ਮਿਲ ਸਕਦਾ ਹੈ  ?      
   ਇੱਕ ਦਿਨ ਜਾ ਕੇ ਮਨ ਅੱਕ ਗਿਆ, ਦੂਜੇ ਦਿਨ ਜਾਣ ਤੋਂ ਇਨਕਾਰ ਕਰ ਦਿੱਤਾ । ਜੀਵਨ ਸਾਥਣ ਨੇ ਜ਼ਿੰਦਗੀ ਦਾ ਵਾਸਤਾ ਪਾ ਕੇ ਜਾਣ ਲਈ ਮਜਬੂਰ ਕਰਨਾ ਚਾਹਿਆ,ਮੈਂ ਉਸ ਨੂੰ ਕੋਲ ਬਿਠਾ ਕੇ ਕੱਲ੍ਹ ਵਾਲੀ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਕਿ, ਸੁਬਾਹ ਕੁੱਝ ਲੋਕ ਪਾਠ ਪੂਜਾ ਦੀ ਸਮੱਗਰੀ, ਧੂਫ਼ ਦੀ ਰਾਖ਼, ਫੁੱਲਾਂ ਦੇ ਹਾਰ ਤੇ ਦੁਪਹਿਰ ਵੇਲੇ ਆਪਣੇ ਵਿੱਛੜ ਗਿਆਂ ਦੇ ਸਿਵੇ ਦੀ ਰਾਖ਼, ਕੱਚੇ ਦੁੱਧ ਨਾਲ ਧੋਤੀਆਂ ਸੰਵਾਰੀਆਂ ਅਸਥੀਆਂ ਅਤੇ ਸ਼ਾਮ ਨੂੰ ਦੇਸੀ ਘਿਉ ਦੇ ਭਰਕੇ ਦੀਵੇ ਬਾਲ ਉਸ ਨਹਿਰ ਦੇ ਗੰਧਲੇ ਪਾਣੀ 'ਚ ਜਲ ਪ੍ਰਵਾਹ ਕਰ ਰਹੇ ਸਨ । ਜਿਸ ਨੂੰ ਮਨੁੱਖਾਂ ਨੇ ਤਾਂ ਕੀ ਪਸ਼ੂ ਵੀ ਪੀਣ ਤੋਂ ਗੁਰੇਜ਼ ਕਰਦੇ ਹਨ ।
      ਮੈਨੂੰ ਨਹੀਂ ਚਾਹੀਦਾ ਐਹੋ ਜਿਹਾ ਖੁਸ਼ਗਵਾਰ ਮੌਸਮ । ਮੇਰਾ ਤਾਂ ਦਮ ਘੁੱਟਦਾ ਹੈ ।
  ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ ।
Have something to say? Post your comment