Article

ਹਿੰਦੀ ਲਘੂ ਕਹਾਣੀ -ਚਾਹ

April 05, 2021 11:04 PM
prof nav sangeet singh
ਹਿੰਦੀ ਲਘੂ ਕਹਾਣੀ 
 
                               ਚਾਹ
                               """"""
                    * ਮੂਲ : ਡਾ. ਜਵਾਹਰ ਧੀਰ
                    * ਅਨੁ : ਪ੍ਰੋ. ਨਵ ਸੰਗੀਤ ਸਿੰਘ 
 
     "ਬਹੂ, ਅਜੇ ਤਕ ਚਾਹ ਕਿਉਂ ਨਹੀਂ ਦਿੱਤੀ ਮੈਨੂੰ?" ਆਪਣੀ ਰੋਅਬਦਾਰ ਅਵਾਜ਼ ਵਿੱਚ ਸੱਸ ਨੇ ਬਹੂ ਨੂੰ ਕਿਹਾ। ਬਿਲਕੁਲ ਨਾਲ ਵਾਲ਼ੇ ਕਮਰੇ ਵਿਚ ਸੁੱਤੀ ਬੇਟੀ ਗੀਤਾ ਨੇ ਅੱਧ-ਖੁੱਲ੍ਹੀਆਂ ਅੱਖਾਂ ਨਾਲ ਆਵਾਜ਼ ਸੁਣੀ ਤੇ ਰਸੋਈ ਵੱਲ ਭੱਜੀ।
     ਗੀਤਾ ਨੂੰ ਤੇਜ਼ੀ ਨਾਲ਼ ਜਾਂਦਿਆਂ ਪਿੱਛੋਂ ਵੇਖ ਕੇ ਸੱਸ ਤਿੱਖੀ ਅਵਾਜ਼ ਵਿੱਚ ਬੋਲੀ, "ਅਜੇ ਤਕ ਨੀਂਦ ਪੂਰੀ ਤਰ੍ਹਾਂ ਨਹੀਂ ਖੁੱਲ੍ਹੀ  ਤੇਰੀ? ਮੈਂ ਕਦੋਂ ਦੀ ਆਵਾਜ਼ਾਂ ਮਾਰ ਰਹੀ ਹਾਂ। ਪਤਾ ਨਹੀਂ ਸਾਰੀ ਰਾਤ ਕੀ ਕਰਦੀ ਰਹਿੰਦੀ ਹੈ ਮਰ ਜਾਣੀ!"
     "ਮੈਂ ਹੁਣੇ ਲਿਆਈ ਮਾਂ ਜੀ!" ਗੀਤਾ ਨੇ ਮਿੱਠੀ ਆਵਾਜ਼ ਵਿੱਚ ਕਿਹਾ। ਮਾਂ ਨੇ ਬੇਟੀ ਨੂੰ ਸਾਹਮਣੇ ਵੇਖਿਆ ਤਾਂ ਬੋਲੀ, "ਮੈਂ ਤੈਨੂੰ ਤਾਂ ਚਾਹ ਲਿਆਉਣ ਨੂੰ ਨਹੀਂ ਕਿਹਾ ਸੀ।
     "ਮਾਂ, ਮੈਂ ਸਮਝੀ, ਮੈਂ ਸਹੁਰੇ-ਘਰ ਹਾਂ ਅਤੇ ਮੇਰੀ ਸੱਸ..."  
ਗੀਤਾ ਦੇ ਮੂੰਹੋਂ ਨਿਕਲਿਆ।
    ਬੇਟੀ ਦੀ ਗੱਲ ਸੁਣਦਿਆਂ ਹੀ ਮਾਂ ਦੇ ਚਿਹਰੇ ਤੇ ਹਵਾਈਆਂ ਉੱਡਣ ਲੱਗੀਆਂ। ਫਿਰ ਸੰਭਲ ਕੇ ਬੋਲੀ, "ਤਾਂ ਕੀ ਤੇਰੀ ਸੱਸ ਵੀ..."
    ਉਦੋਂ ਹੀ ਕਾਂਤਾ ਰਸੋਈ 'ਚੋਂ ਟ੍ਰੇ ਵਿੱਚ ਦੋ ਕੱਪ ਚਾਹ ਲੈ ਕੇ ਬਾਹਰ ਆਈ। ਦੋਹਾਂ ਨੂੰ ਚਾਹ ਦੇ ਕੱਪ ਫੜਾਉਂਦੀ ਹੋਈ ਉਹ ਮੁਸਕਰਾ ਪਈ।
    ਕਾਂਤਾ ਦੇ ਚਿਹਰੇ ਤੇ ਆਈ ਮੁਸਕਰਾਹਟ ਨੂੰ ਵੇਖ ਕੇ ਮਾਂ ਕੁਝ ਨਹੀਂ ਬੋਲ ਸਕੀ।
Have something to say? Post your comment