ਤਲਵੰਡੀ ਸਾਬੋ ਦੀ ਵਿਸਾਖੀ
~ ਪ੍ਰੋ. ਨਵ ਸੰਗੀਤ ਸਿੰਘ
ਆਈ ਹੈ ਵਿਸਾਖੀ ਤਲਵੰਡੀ ਚੱਲੀਏ
ਦੋਸਤਾਂ, ਯਾਰਾਂ ਨੂੰ ਵੀ ਸੁਨੇਹੇ ਘੱਲੀਏ।
ਏਥੇ ਆਏ ਸਨ ਸਾਡੇ ਦਸਮ ਪਿਤਾ
ਗੁਰੂ ਗ੍ਰੰਥ ਸਾਰਾ ਉਨ੍ਹਾਂ ਦਿੱਤਾ ਸੀ ਲਿਖਾ।
ਬਚੀ ਹੋਈ ਸਿਆਹੀ ਨਾਲ਼ੇ ਸਭ ਕਲਮਾਂ
ਪਾਣੀ ਵਿੱਚ ਸਾਰਾ ਕੁਝ ਦਿੱਤਾ ਸੀ ਵਹਾਅ।
'ਗੁਰੂ ਕਾਸ਼ੀ' ਬਣੂੰ ਇਹ ਦਿੱਤਾ ਵਰਦਾਨ
ਬਣਨਗੇ ਕਵੀ ਨਾਲ਼ੇ ਲੇਖਕ ਮਹਾਨ।
ਸ਼ਰਧਾ ਦੇ ਨਾਲ ਜਿਹੜਾ ਗੁਰੂ ਨੂੰ ਧਿਆਵੇ
ਮਨਮੰਗੀਆਂ ਮੁਰਾਦਾਂ ਸਾਰੀਆਂ ਉਹ ਪਾਵੇ।
ਹਰ ਸਾਲ ਏਥੇ ਮੇਲਾ ਲੱਗਦਾ ਹੈ ਭਾਰੀ
ਦੂਰੋਂ-ਦੂਰੋਂ ਆਉਂਦੇ ਲੋਕੀਂ ਖਿੱਚ ਕੇ ਤਿਆਰੀ।
ਮੇਲੇ ਵਿੱਚ ਛੋਟੇ-ਵੱਡੇ ਝੂਟਦੇ ਚੰਡੋਲਾਂ
ਹੱਸਦੇ ਤੇ ਗਾਉਂਦੇ, ਨਾਲ਼ੇ ਕਰਦੇ ਕਲੋਲਾਂ।
ਕਈ ਥਾਈਂ ਮੇਲੇ ਵਿੱਚ ਲੱਗਣ ਨੁਮਾਇਸ਼ਾਂ
ਬੱਚੇ ਕਰਦੇ ਨੇ ਅੱਡ-ਅੱਡ ਫਰਮਾਇਸ਼ਾਂ।
ਅੱਡੋ-ਅੱਡ 'ਕੱਠ ਕਰੇ ਹਰ ਪਾਰਟੀ
ਕਹਿਣ ਦੂਜੇ ਤਾਈਂ ਥੋਨੂੰ ਜਾਣਦੇ ਅਸੀਂ।
ਦੂਰ ਪਰ੍ਹੇ ਇੱਕ ਪਾਸੇ ਢੋਲ ਵੱਜਿਆ
ਜਾਪਦਾ ਹੈ ਸਾਰਾ ਮੇਲਾ ਓਥੇ ਲੱਗਿਆ।
ਵਿਕਦੇ ਪਕੌੜੇ ਵਿਚ ਬਣੇ ਤੇਲ ਦੇ
'ਰੂਹੀ' ਖਾਵੇ ਮਜ਼ੇ ਨਾਲ ਕਈ ਮੇਲ ਦੇ।
ਆਖਦੀ 'ਰਮਨ' ਮੈਂ ਲੰਗਰ ਛਕਣਾ
ਭੁੱਖੇ ਢਿੱਡ ਰਹਿ ਕੇ ਨਹੀਂਓਂ ਮੇਲਾ ਵੇਖਣਾ।
ਹੁਣ ਹਰ ਸਾਲ ਤਲਵੰਡੀ ਜਾਵਾਂਗੇ
'ਨਵ-ਦੀਪ' ਨਾਲ ਹੀ ਮੇਲਾ ਮਨਾਵਾਂਗੇ।
ਹਰ ਵੇਲੇ ਪ੍ਰਭੂ ਆਪਣਾ ਧਿਆਈਏ ਜੀ
ਮੇਲਿਆਂ ਨੂੰ ਨਾਲ਼ ਸ਼ਰਧਾ ਮਨਾਈਏ ਜੀ।