Article

ਸ਼ਰਧਾਜਲੀ----ਭੋਗ ਤੇ ਵਿਸ਼ੇਸ਼ ਦੋਸਤੀ ਪ੍ਰਤੀ ਸਮਰਪਿਤ ਸ਼ਖ਼ਸੀਅਤ ਸੀ: ਹਰਬੰਸ ਸਿੰਘ ਗਿੱਲ

April 07, 2021 03:38 PM
ਸ਼ਰਧਾਜਲੀ----ਭੋਗ ਤੇ ਵਿਸ਼ੇਸ਼ 
ਦੋਸਤੀ ਪ੍ਰਤੀ ਸਮਰਪਿਤ ਸ਼ਖ਼ਸੀਅਤ ਸੀ: ਹਰਬੰਸ ਸਿੰਘ ਗਿੱਲ  
 
 
 
ਕੋਈ ਬਣ ਗਿਆ ਰੌਣਕ ਪੱਖੀਆਂ ਦੀ "
ਕੋਈ ਛੱਡ ਕੇ ਸੀਸ ਮਹਿਲ ਚੱਲਿਆ,
 "ਕੋਈ ਪਲਿਆ ਨਾਲ ਇੱਥੇ ਨਖਰਿਆਂ ਦੇ, ਕੋਈ ਗਰਭ ਰੇਤ ਤੇ ਥੱਲ ਚੱਲਿਆ ।
ਕੋਈ ਭੁੱਲ ਗਿਆ ਮਕਸਦ  ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ ।
ਉਹ ਗੁਲਾਮ ਫ਼ਰੀਦਾ ਇੱਥੇ ਸਭ ਮੁਸਾਫ਼ਿਰ ਨੇ,
ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ ।
            
          ਬਾਬਾ ਫ਼ਰੀਦ ਦੀ ਰਚਨਾ ਮੁਤਾਬਿਕ ਇੱਕ ਹੋਰ ਮੁਸ਼ਾਫਿਰ ਸਾਡਾ  ਇੱਕ ਰੱਬ ਵਰਗਾ ਪਰਮ ਮਿੱਤਰ ਹਰਬੰਸ ਸਿੰਘ ਗਿੱਲ ਉਰਫ਼ ਬੰਸੀ ਗਿੱਲ ਬੀਤੀ 2 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਉਨ੍ਹਾਂ ਦੀ ਅਚਨਚੇਤ ਅਤੇ ਬੇਵਕਤੀ ਮੌਤ ਨੇ ਉਨ੍ਹਾਂ ਦੇ ਹਰ ਅਜ਼ੀਜ਼ ਨੂੰ , ਪਰਿਵਾਰ ਨੂੰ ,ਰਿਸ਼ਤੇਦਾਰਾਂ ਨੂੰ ਅਤੇ ਦੋਸਤਾਂ ਮਿੱਤਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਸਰੀਰਕ ਤੌਰ ਤੇ ਉਨ੍ਹਾਂ ਦੀ ਫਿੱਟਨੈੱਸ ਉਨ੍ਹਾਂ ਦੇ  ਜਿਊਣ ਦਾ ਢੰਗ ਤਰੀਕਾ ਦੇਖ ਕੇ ਲੱਗਦਾ ਸੀ ਕਿ ਹਰਬੰਸ ਸਿੰਘ ਗਿੱਲ ਘੱਟੋ ਘੱਟ 90 ਤੋਂ  95 ਸਾਲ ਦੀ ਉਮਰ ਭੋਗ ਕੇ ਜਾਣਗੇ ਕਿਉਂਕਿ ਹਰ ਰੋਜ਼ 10 ਕਿਲੋਮੀਟਰ ਸੈਰ ਕਰਨਾ ਉਸ ਦਾ ਜਿੰਦਗੀ ਦਾ ਧਰਮ ਸੀ   ਉਹ ਖ਼ੁਦ ਵੀ ਕਹਿੰਦਾ ਸੀ ਕਿ ਮੈਂ ਜਸਵੰਤ ਸਿੰਘ ਕੰਵਲ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਦੀ ਉਮਰ ਦੇ ਜਿਓੁਣ ਦਾ ਰਿਕਾਰਡ ਤੋੜਨਾ ਹੈ  ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਇਕ ਛੋਟੀ ਜਿਹੀ ਬਿਮਾਰੀ ਦਾ ਬਹਾਨਾ ਬਣ ਕੇ 73 ਸਾਲ ਦੀ ਓੁਮਰ ਵਿੱਚ ਹਰਬੰਸ ਸਿੰਘ ਗਿੱਲ ਸਾਨੂੰ ਸਦਾ ਲਈ ਅਲਵਿਦਾ ਆਖ ਗਏ ਹਨ ।
  ਮੇਰਾ ਪਿਛਲੇ 30 ਸਾਲ ਤੋ ਹਮ ਪਿਆਲਾ, ਦੋਸਤੀ ਦੀ ਸਾਂਝ, ਭਰਾਵਾਂ ਵਾਲੇ ਪਿਆਰ ਦਾ ਨਿੱਘ ਬਾਈ ਹਰਬੰਸ ਸਿੰਘ ਗਿੱਲ ਨਾਲ ਸੀ ਇਹ ਤੀਹ ਸਾਲ ਦਾ ਵਕਫ਼ਾ ਇਕ ਅੱਖ ਦੇ ਝਮਕਣ ਵਾਂਗ ਦੇ ਸਮੇਂ ਵਿੱਚ ਹੀ ਗੁਜ਼ਰ ਗਿਆ ਜਾਪਦਾ ਹੈ ਹਰਬੰਸ ਸਿੰਘ  ਗਿੱਲ ਨੇ ਜਿਊਂਦੇ ਜੀਅ  ਦੋਸਤੀ ਤੇ ਆਪਸੀ ਪਿਆਰ ਵਿੱਚ ਕਦੇ 2 ਇੰਚ ਦਾ ਵੀ ਫ਼ਰਕ ਨਹੀਂ ਪੈਣ ਦਿੱਤਾ ਪਰ ਜਦੋਂ ਫਰਕ ਪਾਇਆ ਤਾਂ ਜ਼ਮੀਨ ਅਸਮਾਨ ਦਾ ਹੀ ਪਾਇਆ । ਜੇਕਰ ਹਰਬੰਸ ਸਿੰਘ ਗਿੱਲ ਤੇ ਜ਼ਿੰਦਗੀ ਦਾ ਨਿਚੋੜ ਥੋੜ੍ਹੇ ਸ਼ਬਦਾਂ ਵਿੱਚ ਲਿਖਣਾ ਹੋਵੇ ਤਾਂ ਉਹ ਇਹ ਹੈ ਕਿ ਉਸ ਵਰਗਾ ਇਮਾਨਦਾਰ, ਦੋਸਤੀ ਪ੍ਰਤੀ ਸਮਰਪਿਤ ,ਸਮੇਂ ਦਾ ਪਾਬੰਦ , ਸਿਧਾਂਤਾਂ ਦਾ ਪਰਪੱਕ ,ਸੰਘਰਸ਼ੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਮੈਂ ਨਹੀਂ ਦੇਖਿਆ ।ਬਹੁਤਿਆਂ ਨੂੰ ਉਹ ਚੁੱਭਦਾ ਇਸ ਕਰਕੇ ਸੀ ਕਿਉਂਕਿ ਉਹ ਹਮੇਸ਼ਾਂ ਸੱਚੀ ਗੱਲ ਮੂੰਹ ਤੇ ਆਖ ਦਿੰਦਾ ਸੀ  , ਉਹ ਤਰਕਸ਼ੀਲਾਂ ਦਾ ਹਾਮੀ ਸੀ , ਬਾਣੀ ਪ੍ਰਤੀ ਸਮਰਪਿਤ ਸੀ ਪਰ ਅੰਧਵਿਸ਼ਵਾਸ ਦੇ ਮਹਾਂ ਖ਼ਿਲਾਫ਼ ਸੀ ਇਸ ਕਰਕੇ ਸਾਰੇ ਉਸ ਨੂੰ ਕਾਮਰੇਡ ਕਹਿੰਦੇ ਸੀ ਪਰ ਉਹ ਦੋਸਤਾਂ ਮਿੱਤਰਾਂ ਦੀ ਮਹਿਫ਼ਿਲ ਦਾ ਸ਼ਿੰਗਾਰ ਸੀ । ਆਪਣੇ ਪਰਿਵਾਰ ਵਿੱਚ ਉਹ ਵਿਚਾਰਾ ਇਕ ਅਮੀਰ ਹੋ ਕੇ ਵੀ ਗ਼ਰੀਬ ਰਿਹਾ ਕਿਉਂਕਿ ਸਾਰੀ ਉਮਰ ਉਹ ਆਪਣੀ  ਜੱਦੀ ਜਾਇਦਾਦ ਨੂੰ ਕੋਰਟ ਕਚਹਿਰੀਆਂ ਵਿੱਚ ਸੰਭਾਲਦਾ ਹੀ  ਜੱਦੋਜਹਿਦ ਕਰਦਾ ਅਤੇ ਜ਼ਿੰਦਗੀ ਦੀਆਂ ਤੰਗੀਆਂ ਤਰੁੱਟੀਆਂ ਦਾ ਸਾਹਮਣਾ ਕਰਦਾ ਹੋਇਆ ਹੀ   ਇਸ ਜਹਾਨ ਤੋਂ ਤੁਰ ਗਿਆ ਹੁਣ ਲੱਗਦਾ ਸੀ ਕਿ ਚਾਰ ਦਿਨ ਸੁੱਖ ਤੇ ਆਉਣਗੇ ਕੋਰਟ ਕਚਹਿਰੀਆਂ ਦੇ ਵਰੰਟਾਂ ਤੋਂ ਖਹਿੜਾ ਛੁੱਟੇਗਾ  ਅਤੇ ਜ਼ਿੰਦਗੀ ਦਾ ਆਖ਼ਰੀ ਸਮਾਂ ਸੁਖਾਲਾ ਬੀਤੇਗਾ ਪਰ ਹੁਣ ਮੌਤ ਦੇ ਵਾਰੰਟਾਂ ਅੱਗੇ ਹਰਬੰਸ ਸਿੰਘ ਗਿੱਲ ਦਾ ਜ਼ੋਰ ਨਹੀਂ ਚੱਲਿਆ ਪਰ ਫਿਰ ਵੀ ਉਸ ਨੇ ਜ਼ਿੰਦਗੀ ਦਾ ਸੰਘਰਸ਼ ਕਰਦਿਆਂ  ਆਪਣੇ ਦੋਨੋਂ ਬੇਟੇ ਬਲਜੀਤ ਸਿੰਘ  ਬੂਟਾ  ਅਤੇ ਸੁਰਿੰਦਰ ਸਿੰਘ ਸੋਨੀ ਨੂੰ ਪੜ੍ਹਾ ਲਿਖਾ ਕੇ ਸਮਾਜ ਦੇ ਹਾਣੀ ਬਣਾਇਆ ਅਤੇ ਬੇਟੀ ਬਲਜੀਤ ਕੋਰ ਨੂੰ ਉੱਚ ਦਰਜੇ ਦੀ ਪੜ੍ਹਾਈ ਕਰਾ ਕੇ ਸਮਾਜ ਦੀਆਂ ਦੂਸਰੀਆਂ ਲੜਕੀਆਂ ਲਈ ਇਕ ਪ੍ਰੇਰਨਾ ਸਰੋਤ ਬਣਾਇਆ ਅੱਜ ਪੂਰਾ ਪਰਿਵਾਰ ਸਾਰੇ ਬੱਚੇ ਆਪੋ ਦੀ ਜਗ੍ਹਾ ਵਧੀਆ ਸੈਟਲ ਹਨ ਗਿੱਲ ਸਾਹਿਬ ਨੇ ਦਾਦਾ ਅਤੇ ਨਾਨੇ ਦਾ ਰੁਤਬਾ ਪਾ ਲਿਆ ਸੀ  ਗਿੱਲ ਪਰਿਵਾਰ ਦੇ ਓੁਹ ਥੰਮ ਸਨ । ਪੰਜਾਬ ਰਾਜ ਬਿਜਲੀ ਬੋਰਡ ਅਤੇ ਪੀਏਯੂ ਕਿਸਾਨ ਕਲੱਬ ਦੇ ਵਿਚ ਲੰਬਾ ਅਰਸਾ ਨੇ ਵਧੀਆ ਸੇਵਾਵਾਂ ਨਿਭਾਈਆਂ, 2 ਦਹਾਕੇ ਤੋਂ ਵੱਧ ਓੁਹ ਜਰਖੜ ਖੇਡਾਂ ਨਾਲ ਵੀ ਜੁੜੇ ਰਹੇ ਪਰ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਅਸੀਂ ਇਕ ਓੁਸਾਰੂ ਸਮਾਜ ਦੀ ਸਥਾਪਨਾ ਕਰਨ ਵਾਲੀ ਸ਼ਖਸੀਅਤ ਤੋਂ ਸਦਾ ਲਈ ਵਾਂਝੇ ਹੋ ਗਏ ਹਾਂ 
ਸਵਰਗੀ ਹਰਬੰਸ ਸਿੰਘ ਗਿੱਲ ਦੇ ਨਮਿਤ ਪਾਠ ਦਾ ਭੋਗ  ਅਤੇ ਅੰਤਿਮ ਅਰਦਾਸ 9 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਤੋਂ  2 ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ ਇਸ ਸਮੇਂ ਅਸੀਂ ਆਪਣੇ  ਰੱਬ ਵਰਗੇ ਮਿੱਤਰ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ ਨਾਲ ਸ਼ਰਧਾ ਦੇ ਫੁੱਲ ਭੇਟ ਕਰਾਂਗੇ, ਗਿੱਲ ਪਰਿਵਾਰ ਦੀ ਚੜ੍ਹਦੀ ਕਲਾਂ ਦੀ ਕਾਮਨਾ ਕਰਾਗੇ,ਵਾਹਿਗੁਰੂ ਭਲੀ ਕਰੇ ,ਰੱਬ ਰਾਖਾ ।
 ਜਗਰੂਪ ਸਿੰਘ ਜਰਖੜ 
Have something to say? Post your comment