Article

ਕਰੋਨਾ ਨਾਲ ਫੇਰ ਤਬਾਹੀ ਦੇ ਆਸਾਰ

April 07, 2021 03:39 PM
Prabhjot Kaur Dhillon

ਕਰੋਨਾ ਨਾਲ ਫੇਰ ਤਬਾਹੀ ਦੇ ਆਸਾਰ     

ਕਰੋਨਾ ਨੇ ਪਿੱਛਲੇ ਸਾਲ ਤੋਂ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਲਾਹੀ ਹੋਈ ਹੈ।ਲੋਕਾਂ ਦੇ ਕੰਮਕਾਰ ਠੱਪ ਹੋ ਗਏ ਅਤੇ ਨੌਕਰੀਆਂ ਵੀ ਬਹੁਤ ਸਾਰੇ ਲੋਕਾਂ ਦੀਆਂ ਛੁੱਟ ਗਈਆਂ।ਤਨਖਾਹਾਂ ਵਿੱਚ ਕਟੌਤੀ ਹੋ ਗਈ ਅਤੇ ਸਰਕਾਰੀ ਮੁਲਾਜਮਾਂ ਦੇ ਡੀ ਏ ਦੀਆਂ ਤਿੰਨ ਕਿਸ਼ਤਾਂ ਤੇ ਰੋਕ ਲਗਾ ਦਿੱਤੀ।ਦੂਸਰੇ ਪਾਸੇ ਹਰ ਇਕ ਚੀਜ਼ ਦੀ ਕੀਮਤ ਵਧ ਗਈ।ਲੋਕਾਂ ਦਾ ਜਿਊਣਾ ਔਖਾ ਹੋ ਚੁੱਕਾ ਹੈ।ਪਰ ਸਰਕਾਰਾਂ ਦੇ ਫਰਮਾਨ ਇਵੇਂ ਦੇ ਹਨ ਜਿਵੇਂ ਲੋਕਾਂ ਕੋਲ ਧੰਨ ਕੁਬੇਰ ਹੈ।ਜਿੰਨਾ ਮਰਜ਼ੀ ਇੰਨਾ ਕੋਲੋਂ ਕੱਢੀ ਜਾਵੋ,ਇਹ ਦਿੰਦੇ ਹੀ ਰਹਿਣਗੇ। ਹਕੀਕਤ ਇਹ ਹੈ ਕਿ ਸਰਕਾਰਾਂ ਲੋਕਾਂ ਵਿੱਚ ਆਉਂਦੀਆਂ ਹੀ ਨਹੀਂ।ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦਾ ਇਲਮ ਹੀ ਨਹੀਂ ਹੈ।ਹਾਂ,ਇਹ ਵੀ ਕਿਹਾ ਜਾ ਸਕਦਾ ਹੈ ਕਿ ਇੰਨਾ ਨੂੰ ਲੋਕਾਂ ਦਾ ਦਰਦ ਮਹਿਸੂਸ ਹੀ ਨਹੀਂ ਹੁੰਦਾ।"ਜਿਹਦੇ ਘਰ ਦਾਣੇ,ਉਹਦੇ ਕਮਲੇ ਵੀ ਸਿਆਣੇ"ਇਹ ਸਰਕਾਰਾਂ ਹਨ,ਇੰਨਾ ਕੋਲ ਲੋਕਾਂ ਦੀਆਂ ਬਾਹਾਂ ਮਰੋੜਨ ਦੇ ਨਵੇਂ ਨਵੇਂ ਢੰਗ ਤਰੀਕੇ ਹਨ।

ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਬੰਦ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।ਇਸਦੇ ਨਾਲ ਹੀ ਕਿੰਨੇ ਲੋਕਾਂ ਲਈ ਮੁਸੀਬਤ ਖੜ੍ਹੀ ਹੈ।ਇਹ ਮੱਕ ਜਾਲ ਹੈ।ਇਸ ਵਿੱਚ ਛੋਟੇ ਸਾਰੇ ਫਸਣਗੇ।ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਦੇ ਮਾਪਿਆਂ ਕੋਲੋਂ ਪੂਰੀਆਂ ਫੀਸਾਂ ਮੰਗ ਰਹੇ ਹਨ।ਮਾਪੇ ਕਹਿੰਦੇ ਹਨ ਕਿ ਸਾਡੇ ਕਾਰੋਬਾਰ ਠੱਪ ਨੇ ਇੰਨੀ ਆਮਦਨ ਨਹੀਂ,ਅਸੀਂ ਦੇ ਨਹੀਂ ਸਕਦੇ।ਅਧਿਆਪਕਾਂ ਨੂੰ ਤਨਖਾਹਾਂ ਚਾਹੀਦੀਆਂ ਹਨ ਤਾਂ ਸਕੂਲਾਂ ਵਾਲੇ ਪੈਸੇ ਨਾ ਹੋਣ ਦੀ ਆਪਣੀ ਮਜ਼ਬੂਰੀ ਦੱਸ ਰਹੇ ਹਨ।ਜੇਕਰ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਾਂ ਉਨ੍ਹਾਂ ਦੇ ਘਰ ਦੀ ਹਾਲਤ ਖਰਾਬ ਹੋ ਰਹੀ ਹੈ।ਸਕੂਲਾਂ ਵਿੱਚ ਲੱਗੀਆਂ ਬੱਸਾਂ,ਵੈਨਾ ਵਾਲਿਆਂ ਦੀ ਹਾਲਤ ਖਸਤਾ ਹੈ।ਜਿਹੜੇ ਆਪ ਚਲਾਉਂਦੇ ਹਨ ਉਨ੍ਹਾਂ ਦੀ ਆਮਦਨ ਵੀ ਖਤਮ ਅਤੇ ਜਿੰਨਾ ਨੇ ਕੰਡਕਟਰ ਡਰਾਇਵਰ ਰੱਖੇ ਹਨ,ਉਨ੍ਹਾਂ ਨੂੰ ਤਨਖਾਹਾਂ ਦੇਣ ਦੀ ਸਮੱਸਿਆ।ਹਰ ਵਰਗ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ।ਸਰਕਾਰਾਂ ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਰਹਿ ਰਹੀਆਂ ਹਨ।
ਕਰਫਿਊ ਅਤੇ ਲਾਕਡਾਊਨ ਲਗਾਉਣਾ ਲੋਕਾਂ ਨੂੰ ਬੀਮਾਰੀ ਤੋਂ ਬਚੇਗਾ ਜਾਂ ਨਹੀਂ,ਕਿਸੇ ਨੂੰ ਪਤਾ ਨਹੀਂ। ਪਰ ਜਿਵੇਂ ਦੇ ਲੋਕਾਂ ਦੇ ਘਰਾਂ ਦੇ ਹਾਲਾਤ ਬਣ ਰਹੇ ਹਨ,ਲੋਕ ਖੁਦਕੁਸ਼ੀਆਂ ਵੱਲ ਤੇਜ਼ੀ ਨਾਲ ਨਾ ਵਧਣ,ਇਸਦਾ ਡਰ ਸਤਾਉਂਦੀ ਹੈ।ਲਾਕਡਾਊਨ ਜਾਂ ਕਰਫਿਊ ਲਗਾਉਣਾ ਮਤਲਬ ਸਮਾਂ ਲੈਣਾ ਹੁੰਦਾ ਹੈ ਤਾਂ ਕਿ ਸਮੱਸਿਆ ਨਾਲ ਲੜਨ ਲਈ ਪ੍ਰਬੰਧ ਕਰ ਲਏ ਜਾਣ।ਇੰਨੇ ਲੰਮੇ ਸਮੇਂ ਵਿੱਚ ਜੇਕਰ ਪੁਖਤਾ ਪ੍ਰਬੰਧ ਨਹੀਂ ਤਾਂ ਇਹ ਸਰਕਾਰਾਂ ਦੀਆਂ ਨਲਾਇਕੀਆਂ ਹੀ ਹਨ।ਕੈਂਸਰ ਨਾਲ ਲੋਕ ਲੜ ਰਹੇ ਹਨ ਅਤੇ ਕਈਆਂ ਸਾਲਾਂ ਤੋਂ ਬੀਮਾਰੀ ਨਾਲ ਜੂਝ ਰਹੇ ਹਨ।ਘਰਾਂ ਦੇ ਘਰ ਤਬਾਹ ਹੋ ਗਏ। ਪਤਾ ਹੀ ਨਹੀਂ ਕਿੰਨੀ ਤਰ੍ਹਾਂ ਦਾ ਅਤੇ ਕਿਹੜਾ ਕਿਹੜਾ ਕੈਂਸਰ ਹੈ।ਹੈਪੇਟਾਇਟਸ ਨਾਲ ਲੋਕ ਦੋ ਦੋ ਹੱਥ ਹੋ ਰਹੇ ਹਨ।ਪਿੰਡਾਂ ਦੇ ਪਿੰਡ ਬੀਮਾਰੀਆਂ ਵਿੱਚ ਜੁੜੇ ਹੋਏ ਹਨ ਅਤੇ ਸ਼ਹਿਰਾਂ ਦਾ ਵੀ ਬੁਰਾ ਹਾਲ ਹੈ।ਪਰ ਕਦੇ ਇਵੇਂ ਦੇ ਹਾਦਾਤ ਨਹੀਂ ਬਣੇ।ਕਦੇ ਬੀਕਾਨੇਰ ਨੂੰ ਜਾਂਦੀ ਕੈਂਸਰ ਟਰੇਨ ਨੂੰ ਵੀ ਵੇਖ ਲੈਣ ਦਾ ਕਸ਼ਟ ਕਰ ਲੈਣ ਸਰਕਾਰਾਂ ਅਤੇ ਸਿਆਸਤਦਾਨ।
ਲੋਕਾਂ ਦੀ ਮਾਨਸਿਕ ਅਤੇ ਆਰਥਿਕ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ।ਇਹ ਕਰਫਿਊ ਅਤੇ ਲਾਕਡਾਊਨ ਇਸਦਾ ਹਲ ਨਹੀਂ ਹੈ।ਟੀਕਾਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਵਧੇਰੇ ਜ਼ਰੂਰੀ ਹੈ।ਇਹ ਕਰਫਿਊ ਅਤੇ ਲਾਕਡਾਊਨ ਲੋਕਾਂ ਦਾ ਉਹ ਹਾਲ ਕਰ ਦੇਣਗੇ ਕਿ ਲੋਕਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ।ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਜੇਬਾਂ ਵਿੱਚ ਤੁਸੀਂ ਪਹਿਲਾਂ ਹੀ ਕੁੱਝ ਨਹੀਂ ਛੱਡਿਆ। ਹੁਣ ਲੋਕ ਕਰਫਿਊ ਅਤੇ ਲਾਕਡਾਊਨ ਦੀ ਸੱਟ ਸਹਿਣ ਜੋਗੇ ਨਹੀਂ ਹਨ।ਸਰਕਾਰ ਨਾ ਮਹਿੰਗਾਈ ਤੇ ਕੰਟਰੋਲ ਕਰ ਰਹੀ ਹੈ,ਨਾ ਕਿਸੇ ਤਰ੍ਹਾਂ ਦੀ ਰਾਹਤ ਦੇ ਰਹੀ ਹੈ,ਲੋਕ ਆਪਣੇ ਘਰ ਕਿਵੇਂ ਚਲਾਉਣ ਸਰਕਾਰਾਂ,ਇੰਨਾ ਦੇ ਸਲਾਹਕਾਰ ਜਾਂ ਇੰਨਾ ਦੇ ਅਰਥ ਸ਼ਾਸਤਰੀ ਲੋਕਾਂ ਨੂੰ ਢੰਗ ਤਰੀਕੇ ਵੀ ਦੱਸ ਦੇਣ।ਜੇਕਰ ਲਾਕਡਾਊਨ ਜਾਂ ਕਰਫਿਊ ਲੱਗਦਾ ਹੈ ਤਾਂ ਇਹ ਤਬਾਹੀ ਹੀ ਹੋਏਗੀ।ਸੋਚਣ ਵਾਲੀ ਗੱਲ ਹੈ ਕਿ ਕੰਮ ਤੋਂ ਬਗੈਰ,ਆਮਦਨ ਤੋਂ ਬਗੈਰ ਕਿੰਨੀ ਦੇਰ ਅਤੇ ਕਿਵੇਂ ਲੋਕ ਜਿਊਂਦੇ ਰਹਿ ਸਕਣਗੇ।ਸਮਾਜ ਪਹਿਲਾਂ ਹੀ ਮਾਨਸਿਕ ਰੋਗੀ ਹੋ ਰਿਹਾ ਹੈ।ਬਹੁਤ ਦਬਾਅ ਹੈ,ਸਰਕਾਰਾਂ ਨੂੰ ਹਰ ਪਹਿਲੂ ਗੰਭੀਰਤਾ ਨਾਲ ਵੇਖਣਾ ਚਾਹੀਦਾ ਹੈ। 
 
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
Have something to say? Post your comment