Article

ਜਨਮ ਦਿਨ ‘ਤੇ ਵਿਸ਼ੇਸ਼ - ਸਾਹਿਬਜ਼ਾਦਾ ਜੁਝਾਰ ਸਿੰਘ

April 07, 2021 03:40 PM

 

 

ਜਨਮ ਦਿਨ ‘ਤੇ ਵਿਸ਼ੇਸ਼

ਸਾਹਿਬਜ਼ਾਦਾ ਜੁਝਾਰ ਸਿੰਘ

 

 ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸੁਪੁੱਤਰ, ਜੋ ਮਾਤਾ ਜੀਤੋ ਜੀ ਦੀ ਕੁੱਖੋਂ ਚੇਤਰ ਵਦੀ ਦਸਵੀਂ 1747 ਬਿਕਰਮੀ(14 ਮਾਰਚ 1691 ) ਨੂੰ ਅਨੰਦਪੁਰ ਸਾਹਿਬ ਵਿਖੇ ਜਨਮੇ ਸਨ।ਆਪਣੇ ਵੱਡੇ ਭਰਾ ਸਾਹਿਬਜ਼ਾਦਾ ਅਜੀਤ ਸਿੰਘ ਵਾਂਗ ਆਪ ਜੀ ਨੇ ਵੀ    ਧਾਰਮਿਕ ਗ੍ਰੰਥਾਂ ਦੀ ਸਿੱਖਿਆ ਦੇ ਨਾਲ  ਜੰਗੀ ਹੁਨਰ ਦੀ ਵੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।ਆਪ ਜਦ 8 ਸਾਲ ਦੇ ਸਨ, ਤਾਂ ਆਪ ਨੇ  ਅੰਮ੍ਰਿਤ ਛੱਕ ਲਿਆ ਸੀ। ਦਸੰਬਰ 1705 ਵਿੱਚ ਘੇਰਾ ਪਾਉਣ ਵਾਲੀ ਸੈਨਾ ਦੇ ਦਬਾਉ ਅਧੀਨ ਜਦੋਂ ਅਨੰਦਪੁਰ ਛੱਡਣਾ ਲਾਜ਼ਮੀ ਹੋ ਗਿਆ ਤਾਂ ਉਸ ਸਮੇਂ ਜੁਝਾਰ ਸਿੰਘ ਜੋ ਆਪਣੀ ਉਮਰ ਦੇ 15 ਸਾਲ ਪੂਰੇ ਕਰਨ ਦੇ ਨੇੜੇ ਸਨ, ਇੱਕ ਤਜਰਬੇਕਾਰ ਯੋਧਾ, ਸ਼ਕਤੀਸ਼ਾਲੀ ਅਤੇ ਨਿਡਰ ਜਵਾਨ ਬਣ ਗਏ ਸਨ।

 ਆਨੰਦਪੁਰ ਛਡਣ ਪਿੱਛੋਂ ਗੁਰੂ ਜੀ ਕੀਰਤਪੁਰ ਦੇ ਰਸਤੇ ਹੁੰਦੇ ਹੋਏ ਨਿਰਮੋਹ ਨੂੰ ਚੱਲੇ ਗਏ।ਮੈਕਾਲਿਫ ਅਨੁਸਾਰ ਜਦੋਂ ਉਹ ਨਿਰਮੋਹ ਪਹੁੰਚੇ ਤਾਂ ਉਨ੍ਹਾਂ ਗੁਲਾਬ ਰਾਏ ਤੇ ਸ਼ਾਮ ਸਿੰਘ ਨੂੰ ਸਿਰਮੌਰ ਦੇ ਰਾਜੇ ਦੇ ਨਾਮ ਪੱਤਰ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਗੁਜ਼ਾਰੇ ਲਈ ਇੱਕ ਪਿੰਡ ਦੇਣ ਦੀ ਬੇਨਤੀ ਕੀਤੀ ਗਈ ਸੀ। ਜਦੋਂ ਸਾਂਝੀਆਂ ਫ਼ੌਜਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਧੀਨ ਪਿਛਲੀ ਰੱਖਿਆ-ਪੰਗਤੀ ਤੇ ਹਮਲਾ ਕੀਤਾ ਤਾਂ ਉਦੈ ਸਿੰਘ ਨੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਗੁਰੂ ਜੀ ਤੋਂ ਪੁੱਛਿਆ , ਜਿਸਨੂੰ ਅਜਿਹਾ ਕਰਨ ਦੀ ਆਗਿਆ ਮਿਲ ਗਈ। ਵੈਰੀ ਸੈਨਾ ਨੇ ਨਿਰਭੈ ਉਦੈ ਸਿੰਘ ਨੂੰ, ਜੋ ਅਨੇਕਾਂ ਖ਼ਤਰਨਾਕ ਲੜਾਈਆਂ ਦਾ ਨਾਇਕ ਸੀ ਤੇ ਗੁਰੂ ਜੀ ਦੇ ਅਤਿ ਬਹਾਦਰ ਯੋਧਿਆਂ ਚੋਂ ਇੱਕ ਸੀ, ਉਸ ਨੂੰ ਗੁਰੂ ਸਮਝਕੇ ਘੇਰ ਲਿਆ ਤੇ ਉਸ ਨੂੰ ਸ਼ਹੀਦ ਕਰ ਦਿੱਤਾ।

                ਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਬੈਠ ਗਏ ਤੇ ਟੱਕਰ ਦਾ ਨਤੀਜਾ ਉਡੀਕਣ ਲੱਗੇ। ਜਦੋਂ  ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਉਣ ਵਿੱਚ ਕੁਝ ਦੇਰ ਲੱਗੀ ਤਾਂ ਗੁਰੂ ਜੀ ਨੇ  ਸ.ਜੀਵਨ ਸਿੰਘ ਨੂੰ ਭੇਜਿਆ ਕਿ ਉਸ ਨੂੰ ਲੈ ਆਵੇ। ਇਹ ਯਤਨ ਕਰਦਾ ਹੋਇਆ ਜੀਵਨ ਸਿੰਘ ਵੀ ਸ਼ਹੀਦ ਹੋ  ਗਿਆ।ਰੋਪੜ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਨੂੰ ਆਪਣੀ ਮਾਤਾ ਤੇ ਦੋ ਛੋਟੇ ਸਾਹਿਬਜ਼ਾਦੇ ਮਿਲੇ ਤਦ ਗੁਰੂ ਜੀ ਨੇ ਉਹਨਾਂ ਨੂੰ ਛੇਤੀ-ਛੇਤੀ ਆਪਣੇ ਸਫ਼ਰ ‘ਤੇ ਤੁਰ ਜਾਣ ਲਈ ਖ਼ਬਰਦਾਰ ਕਰ ਦਿੱਤਾ। ਇੱਕ ਦਿੱਲੀ ਦੇ ਰਹਿਣ ਵਾਲਾ ਸਿੱਖ ਵੀ ਗੁਰੁ ਜੀ ਨੂੰ ਰਾਹ ਵਿੱਚ ਮਿਲਿਆ। ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਉਸ ਦੇ ਯੋਗ ਕੋਈ ਸੇਵਾ ਹੋਵੇ ਤਾਂ ਉਹ ਹਾਜ਼ਰ ਹੈ। ਗੁਰੂ ਜੀ ਨੇ ਕਿਹਾ ਕਿ ਉਹ ਉਹਦੇ ਪਰਿਵਾਰ ਨੂੰ ਦਿੱਲੀ ਲੈ ਜਾਵੇ। ਸਿੱਖ ਨੇ ਕਿਹਾ ਕਿ ਉਹਦਾ ਇੱਕ ਰਿਸ਼ਤੇਦਾਰ ਰੋਪੜ ਵਿੱਚ ਹੈ ਜੋ ਹਾਲ ਦੀ ਘੜੀ ਗੁਰੂ ਦੇ ਪਰਿਵਾਰ ਦੀ ਦੇਖਭਾਲ ਕਰੇਗਾ। ਗੁਰੂ ਜੀ ਦੀ ਮਾਤਾ ਨੂੰ ਇੱਕ ਬ੍ਰਾਹਮਣ (ਚੰਦੂ )ਮਿਲਿਆ। ਉਹ ਸਰਹਿੰਦ ਦੇ ਨੇੜੇ ਖੇੜੀ ਪਿੰਡ ਦਾ ਰਹਿਣ ਵਾਲਾ ਸੀ। ਪਹਿਲਾਂ ਉਹ ਗੁਰੂ ਜੀ ਦਾ ਰਸੋਈਆ ਹੁੰਦਾ ਸੀ ਤੇ ਹੁਣ ਸੇਵਾ-ਮੁਕਤ ਸੀ, ਉਸ ਨੇ ਉਹਨਾਂ ਦੀ ਟੋਲੀ ਦੀ ਸੇਵਾ ਕਰਨ ਦੀ ਪੇਸ਼ਕਸ਼ ਕੀਤੀ। ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਲੈ ਕੇ ਉਹਦੀ ਰੱਖਿਆ ਹੇਠ ਆਸਾਰਾ ਲੈਣਾ ਕਬੂਲ ਕਰ ਲਿਆ। ਮਾਤਾ ਦੀਆਂ ਨੂੰਹਾਂ ਰੋਪੜ ਹੀ ਰਹੀਆਂ ਤੇ ਅਗਲੇ ਦਿਨ ਇੱਕ ਵਿਸ਼ਵਾਸਯੋਗ ਸਿੱਖ ਨਾਲ ਤੇ ਉਹਦੀ ਸੁਰੱਖਿਆ ਹੇਠ ਦਿੱਲੀ ਨੂੰ ਤੁਰ ਪਈਆਂ।

ਸਾਂਝੀਆਂ ਸੈਨਾਵਾਂ ਨੇ ਗੁਰੂ ਜੀ ਦੀ ਪਿੱਛੇ ਹਟ ਰਹੀ ਸੈਨਾ ਨੂੰ ਤੰਗ ਕਰਨਾ ਜਾਰੀ ਰੱਖਿਆ। ਗੁਰੂ ਜੀ ਨੇ ਆਪਣੇ ਕੁਝ ਆਦਮੀ ਰੋਪੜ ਸਾਂਝੀ ਫ਼ੌਜ ਨੂੰ ਰੋਕਣ ਲਈ ਛੱਡ ਦਿੱਤੇ ਤੇ ਉਹ ਆਪ 35 ਚੋਣਵੇਂ ਸਿੱਖਾਂ ਨਾਲ ਚਮਕੌਰ ਵੱਲ ਨੂੰ ਚਲ ਪਏੇ। ਰਾਹ ਵਿੱਚ ਬੂੜਮਾਜਰਾ ਕੋਲ ਉਹਨਾਂ ਨੂੰ ਇਤਲਾਹ ਮਿਲੀ ਕਿ ਸ਼ਾਹੀ ਫ਼ੌਜ ਦੀ ਇੱਕ ਨਵੀਂ ਪਲਟਣ ੳਨ੍ਹਾਂ ਨੂੰ ਪਕੜਨ ਲਈ ਨੇੜੇ ਹੀ ਆ ਰਹੀ ਹੈ। ਬਿਨਾਂ ਕਿਸੇ ਘਬਰਾਹਟ ਦੇ ਗੁਰੂ ਜੀ ਨੇ ਆਪਣਾ ਸਫ਼ਰ ਚਮਕੌਰ ਵੱਲ ਜਾਰੀ ਰੱਖਿਆ। ਉਸ ਨਗਰ ਦੇ ਨੇੜੇ ਪਹੁੰਣ ਕੇ ਉਹਨਾਂ ਇੱਕ ਬਾਗ਼ ਵਿੱਚ ਸ਼ਰਨ ਲਈ। ਇੱਥੇ ਉਹਨਾਂ ਨੂੰ ਰੋਪੜ ਵਿੱਚ ਛੱਡੇ ਸਿੱਖਾਂ ‘ਚੋਂ ਪੰਜ ਸਿੱਖ ਆ ਮਿਲੇ। ਦੂਸਰੇ ਸਭ ਮਾਰੇ ਜਾ ਚੁੱਕੇ ਸਨ।

                ਗੁਰੂ ਜੀ ਨੇ ਇੱਕ ਜੱਟ ਕਿਸਾਨ ਨੂੰ ਬੁਲਾ ਭੇਜਿਆ ਤੇ ਉਸ ਤੋਂ ਆਰਾਮ ਕਰਨ ਲਈ ਅਸਥਾਨ ਦੀ ਮੰਗ ਕੀਤੀ। ਜੱਟ ਨੇ ਗੁਰੂ ਜੀ ਨੂੰ ਬਹਾਨੇ ਕਰਕੇ ਟਾਲਣਾ ਚਾਹਿਆ, ਪ੍ਰੰਤੂ ਗੁਰੂ ਜੀ ਨੇ ਉਸ ਨੂੰ ਮਨਾਅ ਲਿਆ। ਜੱਟ ਦੇ ਘਰ ‘ਤੇ ਕਬਜ਼ਾ ਕਰਕੇ ਉਸ ਨੂੰ ਇੱਕ ਗੜ੍ਹੀ ਦਾ ਰੂਪ ਦੇ ਦਿੱਤਾ ਜਿੱਥੇ ਉਹਨਾਂ ਨੇ ਆਪਣੇ ਸਿੱਖਾਂ ਨਾਲ ਸ਼ਰਨ ਲਈ।ਸਾਂਝੀਆਂ ਫ਼ੌਜਾਂ ਨੂੰ ਗੁਰੂ ਜੀ ਦਾ ਕੋਈ ਖੁਰਾ-ਖੋਜ ਨਾ ਮਿਲਿਆ ਤੇ ਉਹਦੇ ਲੋਪ ਹੋ ਜਾਣ ਤੇ ਉਹਨਾਂ ਨੂੰ ਬੜੀ ਨਿਰਾਸਤਾ ਹੋਈ। ਪ੍ਰੰਤੂ ਦਿੱਲੀ ਤੋਂ ਆ ਰਹੀ ਫ਼ੌਜ ਨੂੰ ਗੁਰੂ ਜੀ ਦੀ ਪਨਹਾਗਾਹ ਦਾ ਪਤਾ ਲੱਗ ਗਿਆ ਤੇ ਉਹ ਉਸ ਪਾਸੇ ਵੱਲ ਤੁਰ ਪਈ।ਹੁਣ ਦੋਹਾਂ ਸੈਨਾਵਾਂ ਨੇ ਮਿਲ ਕੇ ਗੁਰੂ ਜੀ ਉਪਰ ਸਾਂਝਾ ਹਮਲਾ ਕੀਤਾ ਤੇ ਉਨ੍ਹਾਂ ਨੂੰ ਗੁਰੂ ਜੀ ਦੇ ਪੁਰਾਣੇ ਦੁਸ਼ਮਣ ਰੰਘੜ ਤੇ ਗੁੱਜਰ ਵੀ ਮਿਲ ਗਏ।

                ਗੁਰੂ ਜੀ ਫਿਰ ਆਪਣੇ ਸਿੱਖਾਂ ਨੂੰ ਸੰਬੋਧਿਤ ਹੋਏ, “ਤੁਸੀਂ ਮੇਰੀ ਆਨੰਦਪੁਰ ‘ਚ ਟਿਕੇ ਰਹਿਣ ਦੀ ਸਲਾਹ ਨਹੀਂ ਮੰਨਦੇ ਸੀ। ਜਦੋਂ ਤੁਸੀਂ ਉੱਥੋਂ ਕੂਚ ਕੀਤਾ ਸੀ ਤੁਸੀਂ ਇਹ ਨਹੀਂ ਸੋਚਿਆ ਕਿ ਸੰਕਟ ਦੀ ਘੜੀ ਕਦੇ ਵੀ ਆ ਸਕਦੀ ਹੈ। ਤੁਸੀਂ ਮੁਸਲਮਾਨਾਂ ਵੱਲੋਂ ਕੁਰਾਨ ਦੀਆਂ ਕਸਮਾਂ ਤੇ ਹਿੰਦੂਆਂ ਵੱਲੋਂ ਆਪਣੇ ਦੇਵਤਿਆਂ ਤੇ ਗਊਆਂ ਦੀਆਂ ਕਸਮਾਂ ਤੇ ਵਿਸ਼ਵਾਸ ਕਰ ਲਿਆ, ਨਤੀਜਾ ਤੁਹਾਡੇ ਸਾਹਮਣੇ ਹੈ। ਦੁਸ਼ਮਣ ਨਾਲ ਲੜਾਈ ਲੜਨ ਦੇ ਪੁਰਾਣੇ ਢੰਗ ਤਰੀਕੇ ਅਪਨਾਉਣ ਦਾ ਇਹ ਸਮਾਂ ਨਹੀਂ ਹੈ। ਅਸੀਂ ਸਿਰਫ ਆਪਣਾ ਬਚਾ ਹੀ ਕਰ ਸਕਦੇ ਹਾਂ। ਸਾਡੇ ਵਿਰੁੱਧ ਲੜਨ ਵਾਲੇ ਲੱਖਾਂ ਦੀ ਦੀ ਗਿਣਤੀ ਵਿੱਚ ਹਨ। ਗੀਦੀਆਂ ਦੀ ਮੌਤ ਨਾ ਮਰੋ, ਸਗੋਂ ਬਹਾਦਰੀ ਨਾਲ ਲੜੋ ਜਿਵੇਂ ਹੁਣ ਤੱਕ ਲੜਦੇ ਰਹੇ ਹੋ ਤੇ ਇਹਨਾਂ ਪਾਪੀਆਂ ਵੱਲੋਂ ਕੀਤੇ ਗਏ ਕਪਟ ਦਾ ਬਦਲਾ ਲਉ। ਜਿਤਨਾ ਹੰਭਲਾ ਮਾਰੋਗੇ ਉਤਨਾ ਹੀ ਤੁਹਾਨੂੰ ਇਨਾਮ ਮਿਲੇਗਾ। ਜੇ ਤੁਸੀਂ ਲੜਦੇ-ਲੜਦੇ ਮਾਰੇ ਗਏ ਤਾਂ ਸਵਰਗਾਂ ਵਿੱਚ ਤੁਸੀਂ ਮੈਨੂੰ ਸ਼ਹੀਦ ਬਣ ਕੇ ਮਿਲੋਗੇ। ਜੇ ਤੁਸੀਂ ਜਿੱਤ ਗਏ ਤਾਂ ਹਕੂਮਤ ਦੇ ਸੁਆਮੀ ਬਣੋਗੇ, ਤੇ ਹਰ ਹਾਲਤ ਵਿੱਚ ਨਾਸ਼ਵਾਨ ਮਨੁੱਖ ਤੁਹਾਡੇ ਨਾਲ ਰਸ਼ਕ ਕਰਨਗੇ।

                ਇਸ ਤਰ੍ਹਾਂ ਸਿੱਖਾਂ ਨੂੰ ਸੰਬੋਧਨ ਕਰਨ ਪਿੱਛੋਂ ਗੁਰੁ ਜੀ ਨੇ ਕੱਚੀ ਗੜ੍ਹੀ ਦੀਆਂ ਚਾਰਾਂ ਕੰਧਾਂ ਵੱਲ ਰਾਖੀ ਲਈ ਅੱਠ-ਅੱਠ ਵਿਅਕਤੀ ਨਿਯੁਕਤ ਕਰ ਦਿੱਤੇ। ਕਾਨ੍ਹ ਸਿੰਘ ਤੇ ਮਦਨ ਸਿੰਘ ਦਰਵਾਜ਼ੇ ਦੀ ਰਾਖੀ ‘ਤੇ ਲਾਏ ਗਏ, ਗੁਰੂ ਜੀ ਦੇ ਦੋਵੇਂ ਬੇਟੇ, ਦਇਆ ਸਿੰਘ ਤੇ ਸੰਤ ਸਿੰਘ ਛੱਤ ‘ਤੇ ਨਿਯੁਕਤ ਕੀਤੇ ਗਏ। ਆਲਿਮ ਸਿੰਘ ਤੇ ਮਾਨ ਸਿੰਘ ਨੂੰ ਪਹਿਰੇ ‘ਤੇ ਲਾਇਆ ਗਿਆ। ਇਸ ਤਰਾਂ ਉਹ 40 ਪੂਰੇ ਹੋਏ ਜੋ ਗੁਰੁ ਜੀ ਨਾਲ ਚਮਕੌਰ ਵਿੱਚ ਆ ਪਹੁੰਚੇ ਸਨ।

ਪੰਜ ਸਿੱਖ ਵੈਰੀ ਨਾਲ ਸੰਘਰਸ਼ ਕਰਨ ਲਈ ਅੱਗੇ ਵਧੇ। ਬਹਾਦਰੀ ਨਾਲ ਲੜਦੇ-ਲੜਦੇ ਉਹ ਮਾਰੇ ਹਏ। ਫਿਰ ਦਾਨ ਸਿੰਘ, ਖਜ਼ਾਨ ਸਿੰਘ ਤੇ ਧਿਆਨ ਸਿੰਘ ਭੇਜੇ ਗਏ। ਉਹ ਵੀ ਅਨੇਕਾਂ ਵੈਰੀਆਂ ਨੂੰ ਮਾਰ ਕੇ ਆਪ ਸ਼ਹਾਦਤ ਪਾ ਗਏ। ਬਹਾਦਰ ਮੁਹਕਮ ਸਿੰਘ ਆਪਣੇ ਸਾਥੀਆਂ ਵਾਂਗ ਅੱਗੇ ਵਧਿਆ ਤੇ ਦਰਜਨਾਂ ਗੋਲੀਆਂ ਲੱਗਣ ਨਾਲ ਛਲਣੀ-ਛਲਣੀ ਹੋ ਗਿਆ। ਜਦੋਂ ਗੁਰੂ ਜੀ ਮੁਹਕਮ ਸਿੰਘ ਦੀ ਬੀਰਤਾ ਦੀ ਸ਼ਲਾਘਾ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਉਸ ਨੂੰ ਵੈਰੀ ਦੇ ਘੇਰੇ ‘ਚੋਂ ਛੁਡਾਇਆ ਜਾਵੇ ਤਾਂ ਪਹਿਲੇ ਪੰਜ ਪਿਆਰਿਆਂ ਵਿੱਚੋਂ ਇੱਕ ਸਿੱਖ ਹਿੰਮਤ ਸਿੰਘ ਨੇ ਵੈਰੀਆਂ ਨੂੰ ਪਿੱਛੇ ਧੱਕਣ ਲਈ ਜਾਣ ਵਾਸਤੇ ਆਗਿਆ ਮੰਗੀ। ਜਦੋਂ ਉਹ ਵੀ ਮਾਰਿਆ ਗਿਆ ਤਾਂ ਅੰਮ੍ਰਿਤ ਛੱਕਣ ਵਾਲੇ ਪੰਜ ਸਿੱਖਾਂ ਦਾ ਦੂਸਰਾ ਜਥਾ ਅੱਗੇ ਵੱਧਿਆ ਤੇ ਆਪਣੀਆਂ ਜਾਨਾਂ ਭੇਟਾ ਕਰ ਦਿੱਤੀਆਂ। ਮੁਸਲਮਾਨਾਂ ਨੱਲ ਟੱਕਰ ਲੈਣ ਵਾਲੇ ਫਿਰ ਮੈਦਾਨ ‘ਚ ਆਉਣ ਵਾਲੇ ਸਨ-ਈਸ਼ਰ ਸਿੰਘ ਤੇ ਦੇਵਾ ਸਿੰਘ। ਜਦੋਂ ਉਹ  ਲੜ ਰਹੇ ਸਨ ਤਾਂ ਵੈਰੀ ਸਮਝ ਰਹੇ ਸਨ ਕਿ ਉਨ੍ਹਾਂ ਉਪਰ ਅਲੌਕਿਕ ਸ਼ਕਤੀ ਦੀ ਮਿਹਰ ਹੈ।

                ਦਇਆ ਸਿੰਘ ਤੇ ਦੂਸਰੇ ਸਿੱਖਾਂ ਨੇ ਗੁਰੂ ਜੀ ਨੂੰ ਹਰ ਹੀਲੇ ਉੱਥੋਂ ਬਚ ਕੇ ਨਿਕਲ ਜਾਣ ਲਈ ਤੇ ਉਹਨਾਂ ਨੂੰ ਵੈਰੀ ਨਾਲ ਲੜਦੇ ਰਹਿਣ ਲਈ ਛੱਡ ਕੇ ਜਾਣ ਲਈ ਕਿਹਾ। ਜੇ ਗੁਰੂ ਜੀਵਤ ਰਿਹਾ ਤਾਂ ਧਰਮ ਦਾ ਬੀਜ ਰਹੇਗਾ। ਗੁਰੂ ਜੀ ਦੇ ਛੇ ਹੋਰ ਯੋਧਿਆਂ ਮੋਹਰ ਸਿੰਘ, ਕੀਰਤ ਸਿੰਘ, ਅਨੰਦ ਸਿੰਘ, ਲਾਲਾ ਸਿੰਘ, ਕੇਸਰ ਸਿੰਘ ਤੇ ਅਮੋਲਕ ਸਿੰਘ ਨੇ ਗੁਰੁ ਜੀ ਤੋਂ ਤੁਰਕਾਂ ਨਾਲ ਜਾ ਕੇ ਲੜਨ ਦੀ ਤੇ ਜ਼ੋਰ ਅਜ਼ਮਾਈ ਦੀ ਆਗਿਆ ਮੰਗੀ। ਉਹ ਛੇ ਬਹਾਦਰ ਯੋਧੇ ਵੀ ਮਾਰੇ ਗਏ। ਹੁਣੇ-ਹੁਣੇ ਪਹੁੰਚਿਆ ਸ਼ਾਹੀ ਅਫ਼ਸਰ ਨਾਹਰ ਖ਼ਾ ਗੜੀ ਦੀ ਕੰਧ ‘ਤੇ ਚੜ੍ਹਨ ਲੱਗਾ ਪਰ ਗੁਰੂ ਜੀ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਨਵੀਂ ਫ਼ੌਜ ਦਾ ਇੱਕ ਹੋਰ ਅਫ਼ਸਰ, ਗੈਰਤ ਖ਼ਾਂ ਫਿਰ ਅੱਗੇ ਵਧਿਆ ਤੇ ਉਹ ਵੀ ਗੁਰੂ ਜੀ ਨੇ ਮਾਰ ਦਿੱਤਾ। ਇਸ ਪਿੱਛੋਂ ਕਿਸੇ ਵੀ ਮੁਸਲਮਾਨ ਅਫ਼ਸਰ ਨੇ ਗੜ੍ਹੀ ‘ਤੇ ਚੜ੍ਹਨ ਦਾ ਹੌਂਸਲਾ ਨਾ ਕੀਤਾ। ਪ੍ਰੰਤੂ ੳਨ੍ਹਾਂ ਨੇ ਇੱਕ ਹੱਲਾ ਕਰਕੇ ਗੁਰੂ ਜੀ ਨੂੰ ਫੜ੍ਹ ਲੈਣ ਦੀ ਵਿਉਂਤ ਬਣਾਈ। ਇਸ ਵਿੱਚ ਉਹ ਬੁਰੀ ਤਰ੍ਹਾਂ ਮਾਤ ਖਾ ਗਏ ਕਿਉਂਕਿ ਗੁਰੂ ਜੀ ਨੇ ਉਹਨਾਂ ‘ਚ ਬਹੁਤ ਸਾਰਿਆਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਲਏ ਤੇ ਅਸੰਖਾਂ ਦੀ ਗਿਣਤੀ ਵਿੱਚ ਭਾਰੀ ਮੁਸਲਮਾਨੀ ਲਸ਼ਕਰ ਨੂੰ ਦੂਰ ਹੀ ਰੱਖਿਆ।

                ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨੇ ਇਕੱਲੇ ਨੇ ਲੜਾਈ ਲੜਨ ਦੀ ਆਗਿਆ ਮੰਗੀ। ਉਸ ਨੇ ਕਿਹਾ ਕਿ ਉਹ ਗੁਰੂ ਦਾ ਸਿੱਖ ਵੀ ਹੈ ਤੇ ਬੇਟਾ ਵੀ, ਇਸ ਲਈ ਉਹਦੇ ਲਈ ਅਤਿ ਅਵੱਸ਼ਕ ਹੈ ਕਿ ਉਹ ਖ਼ਤਰਨਾਕ ਹਾਲਾਤ ਵਿੱਚ ਵੀ ਲੜਾਈ ਕਰੇ। ਗੁਰੂ ਜੀ ਨੇ ਉਹਦੀ ਤਜਵੀਜ਼ ਪਰਵਾਨ ਕਰ ਲਈ। ਉਸ ਨੇ ਆਲਿਮ ਸਿੰਘ, ਜਵਾਹਿਰ ਸਿੰਘ, ਧਿਆਨ ਸਿੰਘ, ਸੁੱਖਾ ਸਿੰਘ ਤੇ ਬੀਰ ਸਿੰਘ ਪੰਜ ਯੋਧੇ ਨਾਲ ਲਏ।ਸਾਹਿਬਜ਼ਾਦਾ ਅਜੀਤ ਸਿੰਘ ਨੇ ਵੀਰਤਾ ਦੇ ਅਸਾਧਾਰਨ ਤੇ ਅਲੌਕਿਕ ਕਾਰਨਾਮੇ ਦਿਖਾਏ ਤੇ ਮੁਸਲਮਾਨ ਉਹਦੇ ਅੱਗੇ ਇੰਝ ਡਿੱਗੇ ਜਿਵੇਂ ਹਵਾ ਅੱਗੇ ਕੱਖ-ਕਾਨੇ ਉੱਡਦੇ ਹਨ। ਉਹਦੇ ਸਾਥੀ ਜਾਨ ਦੀ ਬਾਜ਼ੀ ਲਾ ਕੇ ਬੀਰਤਾ ਨਾਲ ਲੜੇ। ਲਾਹੌਰ ਦਾ ਸੂਬੇਦਾਰ ਜਬਰਦਸਤ ਖ਼ਾਂ ਆਪਣੇ ਬਹੁਤ ਸਾਰੇ ਆਦਮੀ ਮਰਦੇ ਵੇਖ ਕੇ ਬਹੁਤ ਦੁਖੀ ਹੋਇਆ ਤੇ ਉਸ ਨੇ ਆਪਣੇ ਆਦਮੀਆਂ ਨੂੰ ਬੁਲਾ ਕੇ ਆਖਿਆ ਕਿ ਉਹ ਮੁੱਠ-ਭਰ ਸਿੱਖਾਂ ਨੂੰ ਮਾਰ ਮੁਕਾਉਣ ਜੋ ਸ਼ਾਹੀ ਸੈਨਾ ਦੇ ਆਹੂ ਲਾਹ ਰਹੇ ਹਨ। ਜਦੋਂ ਸਿੱਖਾਂ ਦੀਆਂ ਤਲਵਾਰਾਂ ਟੁੱਟ ਗਈਆਂ ਤੇ ਤੀਰ ਮੁੱਕ ਗਏ ਤਾਂ ਉਹਨਾਂ ਨੇ ਆਪਣੇ ਨੇਜ਼ਿਆਂ ਨਾਲ ਵੈਰੀ ਨੂੰ ਵਿੰਨ੍ਹਣਾ ਸ਼ੁਰੂ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਦਾ ਨੇਜ਼ਾ ਇੱਕ ਮੁਸਲਮਾਨ ਦੇ ਵੱਜਾ ਤੇ ਟੁੱਟ ਗਿਆ। ਫਿਰ ਵੈਰੀ ਨੇ ਨਵਾਂ ਹੱਲਾ ਬੋਲਿਆ ਤੇ ਉਸ ਨੂੰ ਘਾਤਕ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਕਿਉਂ ਜੋ ਉਹ ਸ਼ਸਤਰ-ਹੀਣ ਸੀ। ਪ੍ਰੰਤੂ ਉਸ ਨੂੰ ਇਹ ਅਹਿਸਾਸ ਸੀ ਕਿ ਉਸ ਨੇ ਆਪਣੀ ਵੰਸ਼ ਅਨੁਸਾਰ ਢੁੱਕਵਾਂ ਕਾਰਜ ਕੀਤਾ ਹੈ। ਉਹ ਡਿੱਗ ਪਿਆ ਤੇ ਲਹੂ ਭਿੱਜੀ ਧਰਤ ਦੇ ਬਿਸਤਰੇ ਤੇ ਸਦੀਵੀ ਸ਼ਾਂਤੀ ਦੀ ਨੀਂਦ ਸੌਂ ਗਿਆ। ਗੁਰੂ ਜੀ ਨੇ ਉਸ ਦੀ ਸ਼ਹਾਦਤ ਤੇ ਕਿਹਾ, “ਐ ਪ੍ਰਮਾਤਮਾ, ਤੂੰ ਹੀ ਉਸ ਨੂੰ ਭੇਜਿਆ ਸੀ ਤੇ ਉਹ ਧਰਮ ਦੀ ਖ਼ਾਤਰ ਲੜਦਾ-ਲੜਦਾ ਸ਼ਹੀਦ ਹੋ ਗਿਆ। ਜੋ ਅਮਾਨਤ ਤੂੰ ਮੈਨੂੰ ਦਿੱਤੀ ਸੀ ਉਹ ਤੈਨੂੰ ਵਾਪਸ ਦੇ ਦਿੱਤੀ ਗਈ ਹੈ”। ਪੰਜ ਸਿੱਖ ਜੋ ਉਹਦੇ ਨਾਲ ਭੇਜੇ ਗਏ ਸਨ, ਉਹ ਵੀ ਸ਼ਹੀਦ ਹੋ ਗਏ ।

                 ਸਾਹਿਬਜ਼ਾਦਾ ਜੁਝਾਰ ਸਿੰਘ  ਆਪਣੇੇ ਭਰਾ ਦਾ ਅੰਤ ਵੇਖ ਕੇ, ਉਹ ਆਪਣੇ ਆਪ ਨੂੰ ਰੋਕ ਨਾ ਸਕਿਆ। ਉਸ ਨੇ ਤੁਰੰਤ ਹੀ ਆਪਣੇ ਪਿਤਾ ਕੋਲ ਜਾ ਕੇ ਅਜੀਤ ਸਿੰਘ ਵਾਂਗ ਲੜਨ ਤੇ ਉਹਦੀ ਮੌਤ ਦਾ ਬਦਲਾ ਲੈਣ ਦੀ ਆਗਿਆ ਮੰਗੀ। ਇਸ ਨੌਜੁਆਨ ਨੇ ਆਪਣੇ ਨਾਲ ਪੰਜ ਸਾਥੀ ਲਏ ਤੇ ਦੁਸ਼ਮਣ ਦੀਆਂ ਸਫਾਂ ਵਿੱਚ ਤਬਾਹੀ ਕਰਨ ਤੁਰ ਪਿਆ। ਇਤਿਹਾਸਕਾਰ ਲਿਖਦਾ ਹੈ ਕਿ ਜੁਝਾਰ ਸਿੰਘ ਵੈਰੀ ਦੀ ਸੈਨਾ ਵਿੱਚ ਇੰਜ ਵੜ ਗਿਆ ਜਿਵੇਂ ਮਗਰਮੱਛ ਨਦੀ ‘ਚ ਚਲਾ ਜਾਂਦਾ ਹੈ। ਵੈਰੀ ਉਦੋਂ ਤੱਕ ਸਾਵਨ ਭਾਦੋਂ ਦੇ ਮੀਂਹ ਵਾਂਗ ਧਰਤੀ ‘ਤੇ ਡਿੱਗਦੇ ਰਹੇ ਜਦ ਤੱਕ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਉਹਦੇ ਸਾਥੀ ਅਧਿਕ ਗਿਣਤੀ ਦੇ ਸਾਹਮਣੇ ਬੇਬਸ ਹੋ ਕੇ ਸ਼ਹੀਦ ਨਾ ਹੋ ਗਏ।

 

ਡਾ.ਚਰਨਜੀਤ ਸਿੰਘ ਗੁਮਟਾਲਾ , 919417533060

Have something to say? Post your comment