Article

ਨਕਲ ਲਈ ਵੀ ਅਕਲ ਜ਼ਰੂਰੀ ਹੈ

April 07, 2021 03:41 PM
Prabhjot Kaur Dhillon

ਨਕਲ ਲਈ ਵੀ ਅਕਲ ਜ਼ਰੂਰੀ ਹੈ 

 ਜਦੋਂ ਅਸੀਂ ਮੁਹਾਵਰੇ ਅਤੇ  ਅਖਾਣਾਂ ਨੂੰ ਪੜ੍ਹਦੇ ਸੁਣਦੇ ਹਾਂ ਤਾਂ ਉਹ ਇਵੇਂ ਲੱਗਦੇ ਹਨ ਜਿਵੇਂ ਇਸ ਹੀ ਸਥਿਤੀ ਲਈ ਕਹੇ ਹੋਣ।ਪਤਾ ਨਹੀਂ ਕਿੰਨੇ ਦਹਾਕੇ ਪਹਿਲਾਂ ਇਹ ਗੱਲ ਕਹੀ ਹੋਏਗੀ।"ਨਕਲ ਵੀ ਅਕਲ ਨਾਲ ਹੀ ਵੱਜਦੀ ਹੈ"ਅਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ।ਪਰ ਜਿੰਨਾ ਨੇ ਕਦੇ ਕਿਤਾਬ ਚੁੱਕੀ ਹੀ ਨਾ ਹੋਵੇ ਅਤੇ ਉਸਨੂੰ ਕੁੱਝ ਵੀ ਸਿਲੇਬਸ ਬਾਰੇ ਪਤਾ ਨਾ ਹੋਵੇ ਤਾਂ ਉਹ ਨਕਲ ਮਾਰਨ ਵਿੱਚ ਵੀ ਗਲਤੀ ਕਰਦਾ ਹੈ।ਨਕਲ ਮਾਰਨ ਵਾਲਿਆਂ ਬਾਰੇ ਬਹੁਤਿਆਂ  ਨੇ ਜ਼ਰੂਰ ਸੁਣਿਆ ਹੋਏਗਾ ਕਿ ਕੋਈ ਵਿਦਿਆਰਥੀ ਕੁੰਜੀ(ਗਾਈਡ)ਤੋਂ ਨਕਲ ਮਾਰ ਰਿਹਾ ਸੀ।ਉਸ ਵਿੱਚ ਮਹੱਤਵਪੂਰਨ ਪ੍ਰਸ਼ਨ ਅੱਗੇ ਹੱਥ ਦੀ ਇਕ ਉਂਗਲ ਉਧਰ ਕਰਕੇ ਛਾਪੀ ਹੁੰਦੀ ਸੀ।ਨਕਲ ਮਾਰਨ ਵਾਲੇ  ਨੂੰ ਇਸ ਬਾਰੇ ਵੀ ਪਤਾ ਨਹੀਂ ਸੀ ਅਤੇ ਉਹ ਉੱਤਰ ਕਾਪੀ ਤੇ ਹੱਥ ਦੀ ਡਰਾਇੰਗ ਬਣਾਉਂਦਾ ਰਿਹਾ।ਇਹ ਹਾਲਤ ਬਹੁਤ ਥਾਵਾਂ ਤੇ ਵੇਖਣ ਨੂੰ ਮਿਲਦੀ ਹੈ।ਨਕਲ ਕਰਨ ਤੋਂ ਪਹਿਲਾਂ ਉਸਨੂੰ ਆਪਣੀ ਭਾਸ਼ਾ ਜਾਂ ਆਪਣੀਆਂ ਸਥਿਤੀਆਂ ਮੁਤਾਬਿਕ ਬਦਲਣ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ।                                   ਜੇਕਰ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਇਹ ਵੀ ਨਕਲ ਹੀ ਹੈ।ਜਿਵੇਂ ਸਾਰੇ ਨਕਲ ਮਾਰਨ ਵਾਲੇ ਇਕੱਠੇ ਹੋ ਜਾਂਦੇ ਹਨ ਇਵੇਂ ਹੀ ਪੂੰਜੀਪਤੀ ਇਕੱਠੇ ਹੋ ਗਏ ਅਤੇ ਖੇਤੀ ਦੇ ਧੰਦੇ ਨੂੰ ਪੂਰੀ ਤਰ੍ਹਾਂ ਵਪਾਰ ਬਣਾਉਣ ਵਾਲੇ ਪਾਸੇ ਪੱਬਾਂ ਭਾਰ ਹੋ ਤੁਰੇ।ਯੂਰਪ ਵਿੱਚ ਇਵੇਂ ਦੇ ਕਾਨੂੰਨਾਂ ਨੇ ਛੋਟੀ ਅਤੇ ਮੱਧ ਕਿਸਾਨੀ ਨਿਗਲ ਲਈ।ਅਮਰੀਕਾ ਨੇ ਇਵੇਂ ਦੇ ਕਾਨੂੰਨ ਆਏ ਤਾਂ ਕਿਸਾਨਾਂ ਨੇ ਵਾਸ਼ਿੰਗਟਨ ਬੀ ਸੀ ਨੂੰ ਘੇਰਾ ਪਾਇਆ।ਪਹਿਲਾਂ ਲੋਕਾਂ ਨੂੰ ਸਮਝ ਨਹੀਂ ਆਈ,ਪਰ ਜਦੋਂ ਸਮਝ ਆਈ ਤਾਂ ਆਮ ਲੋਕਾਂ ਦੀ ਹਮਦਰਦੀ ਕਿਸਾਨਾਂ ਨਾਲ ਹੋ ਗਈ।ਦੋ ਸਾਲਾਂ ਲਈ ਕਾਨੂੰਨਾਂ ਨੂੰ ਰੋਕਿਆ ਗਿਆ ਅਤੇ ਫੇਰ ਲਾਗੂ ਕਰ ਦਿੱਤੇ।ਉੱਥੇ ਕਿਸਾਨੀ ਅਤੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ ਅਤੇ ਖੁਦਕੁਸ਼ੀਆਂ ਦੀ ਗਿਣਤੀ ਵਧ ਗਈ।ਨਕਲ ਕਰਨ ਤੋਂ ਪਹਿਲਾਂ ਸਹੀ ਗਲਤ ਤਾਂ ਵੇਖਣਾ ਚਾਹੀਦਾ ਹੈ। ਸਾਡੇ ਸਿਆਸਤਦਾਨਾਂ ਅਤੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਿਆਂ ਲਈ ਜੇਕਰ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਇਹ ਕਾਨੂੰਨ ਹਨ।ਮੱਖੀ ਤੇ ਮੱਖੀ ਮਾਰਨਾ ਆਦਤ ਬਣ ਗਈ ਹੈ।ਉੱਥੇ ਦੀਆਂ ਨੀਤੀਆਂ ਦੇ ਪ੍ਰਭਾਵ ਕੀ ਪਏ,ਉਸ ਬਾਰੇ ਪੜ੍ਹਨ ਦਾ ਕਸ਼ਟ ਕਿਸੇ ਨੇ ਨਹੀਂ ਕੀਤਾ।ਉਹ ਡੁੱਬੇ ਹੋਏ ਹਨ,ਕਿਸਾਨਾਂ ਦੀ ਬੁਰੀ ਹਾਲਤ ਹੈ ਅਤੇ ਅਸੀਂ ਉਵੇਂ ਦੇ ਕਾਨੂੰਨ ਆਪਣੇ ਕਿਸਾਨਾਂ ਤੇ ਰੋਟੀ ਦਿੱਤੇ।ਉਨ੍ਹਾਂ ਦੀ ਛੋਟੀ ਕਿਸਾਨੀ ਅਤੇ ਸਾਡੀ ਛੋਟੀ ਕਿਸਾਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।

ਨੀਤੀ ਘਾੜਿਆਂ ਅਤੇ ਸਿਆਸਤਦਾਨਾਂ ਨੇ ਸ਼ਾਇਦ ਲੋਕਾਂ ਬਾਰੇ ਕੁੱਝ ਸੋਚਣਾ ਬੰਦ ਹੀ ਕਰ ਦਿੱਤਾ ਹੈ।ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਧਣਾ ਲੋਕਾਂ ਨੂੰ ਮਹਿੰਗਾਈ ਵਿੱਚ ਝੋਕ ਰਿਹਾ ਹੈ।ਲੋਕਾਂ ਨੂੰ ਇਸ ਵੇਲੇ ਰਸੋਈ ਚਲਾਉਣੀ ਵੀ ਔਖੀ ਹੋ ਗਈ ਹੈ।ਹਾਂ, ਜੇਕਰ ਖੇਤੀ ਵੀ ਇੰਨਾ ਪੂੰਜੀ ਪਤੀਆਂ ਦੇ ਹੱਥ ਚਲੀ ਗਈ ਤਾਂ ਮੱਧ ਵਰਗ ਲਈ ਵੀ ਰੋਟੀ ਖਾਣੀ ਔਖੀ ਹੋ ਜਾਏਗੀ।ਹੇਠਲੇ ਵਰਗ ਨੂੰ ਭੁੱਖਮਰੀ ਨਿਗਲ ਲਵੇਗੀ।ਅਸਲ ਵਿੱਚ ਜਿੰਨਾ ਨੂੰ ਇਸ ਵੇਲੇ ਮੁਫਤ ਆਟਾ ਦਾਲ ਮਿਲ ਰਿਹਾ ਹੈ,ਉਨ੍ਹਾਂ ਨੂੰ ਇਹ ਮਿਲਣਾ ਵੀ ਬੰਦ ਹੋ ਜਾਏਗਾ।ਜਦੋਂ ਸਰਕਾਰੀ ਖਰੀਦ ਬੰਦ ਹੋ ਗਈ ਅਤੇ ਪ੍ਰਾਈਵੇਟ ਹੱਥਾਂ ਵਿੱਚ ਕਣਕ ਆਦਿ ਚਲੀ ਗਈ ਤਾਂ ਸਰਕਾਰਾਂ ਦੇ ਕੋਲ ਕੁੱਝ ਵੀ ਦੇਣ ਲਈ ਨਹੀਂ ਰਹਿ ਜਾਏਗਾ।ਸਰਕਾਰਾਂ ਤਾਂ ਹਰ ਜ਼ਿੰਮੇਵਾਰੀ ਤੋਂ ਪੱਲਾ ਛੁੜਾ ਰਹੀ ਹੈ।
ਲੋਕਾਂ ਨੂੰ ਹੁਣ ਬਹੁਤ ਕੁੱਝ ਸਮਝ ਆ ਰਿਹਾ ਹੈ ਅਤੇ ਲੋਕ ਤੰਗ ਬਹੁਤ ਹਨ।ਹਾਂ,ਅਜੇ ਵੀ ਬਹੁਤ ਸਾਰੇ ਲੋਕ ਅੱਖਾਂ ਬੰਦ ਕਰਕੇ ਸਿਆਸਤਦਾਨਾਂ ਦੇ ਪਿੱਛੇ ਲੱਗੇ ਹੋਏ ਹਨ।ਜਾਗਦੇ ਲੋਕਾਂ ਨੂੰ ਡੋਬਣ ਵਾਲੇ ਉਹ ਲੋਕ ਹੀ ਹਨ ਜੋ ਸਿਆਸਤਦਾਨਾਂ ਦੇ ਪਿੱਛੇ ਲੱਗੇ ਹੋਏ ਹਨ ਛੋਟੇ ਛੋਟੇ ਫਾਇਦੇ ਲੈਣ ਲਈ।ਕਿਸਾਨਾਂ ਲਈ ਬਣਾਏ ਤਿੰਨ ਕਾਨੂੰਨਾਂ ਨੇ ਛੋਟੇ ਵਿਉਪਾਰੀਆਂ ਦੇ ਕੰਮ ਖਤਮ ਕਰ ਦੇਣੇ ਹਨ।ਸਿਰਫ਼ ਵੱਡੇ ਵੱਡੇ ਮਾਲ ਅਤੇ ਵੱਡੇ ਪੂੰਜੀਪਤੀ ਰਹਿ ਜਾਣਗੇ।ਜਦੋਂ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਤਾਂ ਪੇਟ ਭਰਨ ਲਈ ਖੋਹਾਂ ਖਿੰਝਾਂ,ਚੋਰੀਆਂ ਅਤੇ ਕਤਲ ਸ਼ਰੇਆਮ ਹੋਣ ਲੱਗਣਗੇ।ਸਪੇਨ ਨੇ ਘੱਟੋ ਘੱਟ ਸਮਰਥਨ ਮੁੱਲ ਨਾ ਦੇਣ ਵਾਲੇ ਨੂੰ ਬਹੁਤ ਭਾਰੀ ਜ਼ਰਮਾਨਾ ਕਰਨ ਦਾ ਕਾਨੂੰਨ ਪਿੱਛਲੇ ਦਿਨੀਂ ਬਣਾ ਦਿੱਤਾ ਹੈ।ਸਾਡੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੀ ਇਕ ਮੰਗ ਇਹ ਵੀ ਹੈ।ਇੱਥੇ ਸ਼ਹਿਰੀ ਵਰਗ ਅਤੇ ਹੋਰ ਲੋਕਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਮਿਲੇ ਅਤੇ ਖਰੀਦਦਾਰਾਂ ਨੂੰ ਵੀ ਇਕ ਕੀਮਤ ਤੋਂ ਉਪਰ ਕੋਈ ਚੀਜ਼ ਦੁਕਾਨਦਾਰ ਜਾਂ ਪੂੰਜੀਪਤੀ ਆਪਣੇ ਸਟੋਰਾਂ ਤੇ ਨਾ ਵੇਚ ਸਕਣ।ਜਿਹੜੇ ਲੋਕ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਗਲਤ ਕਹਿ ਰਹੇ ਹਨ,ਉਹ ਵੀ ਆਟੇ ਦੀ ਥੈਲੀ ਦੀ ਥਾਂ ਦੋ ਕਿਲੋ ਦਾ ਪੈਕਟ ਹੀ ਖਰੀਦਣਗੇ।ਸਿਆਣੇ ਠੀਕ ਹੀ ਕਹਿੰਦੇ ਹਨ ਨਕਲ ਵੀ ਅਕਲ ਨਾਲ ਹੀ ਵੱਜਦੀ ਹੈ।   
 
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Have something to say? Post your comment