ਵਿਸਾਖੀ ਤੇ ਵਿਸ਼ੇਸ਼
"ਸਾਡੇ ਘਰ ਦਾਣੇ ਵੀ, ਲਿਆਈ ਨੀ ਵਿਸਾਖੀਏ"
ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ
ਖੇਤਾਂ ਵਿੱਚ ਕਣਕਾ ਦਾ ਰੰਗ ਹੁੰਦਾ ਲਾਲ ਏ
ਖੁਸ਼ੀਆਂ ਦੇ ਨਾਲ ਫੇਰਾ ,ਪਾਈ ਨੀ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀ ਏ
ਸਾਡੇ ਘਰ ਆਟੇ ਵਾਲੇ, ਪੀਪੇ ਹੋਏ ਖਾਲੀ ਨੀ
ਕਦੇ ਵੀ ਨਾ ਹੋਈ, ਸਾਡੀ ਜਿੰਦਗੀ ਸੁਖਾਲੀ ਨੀ
ਦੀਵਾ ਆ ਕੇ ਖੁਸ਼ੀ ਦਾ, ਜਗ੍ਹਾਈ ਨੀ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ
ਅਸੀਂ ਵੀ ਤਾਂ ਅੱਖਾਂ ਵਿਚ , ਸੁਪਨੇ ਨੇ ਬੁੰਨਣੇ
ਝੜ ਝੜ ਡਿੱਗੇ ਜਿਹੜੇ, ਸਿੱਟੇ ਅਸੀ ਚੁੰਨਣੇ
ਸਭ ਦੇ ਭੜੋਲੇ ,ਤੂੰ ਭਰਾਈ ਨੀ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ
ਵਿਸਾਖ ਦੇ ਮਹੀਨੇ ਚੋ, ਹਨੇਰੀ ਜਾਵੇ ਝੁੱਲ ਨਾ
ਸਾਨੂੰ ਕਿਤੇ ਪੈ ਜਾਵੇ ,ਆਟਾ ਲੈਣਾ ਮੁੱਲ ਨਾ
ਐਸੀ ਤੂੰ ਹਨੇਰੀ, ਨਾ ਝੁਲਾਈ ਨੀ ਵਿਸਾਖੀਏ
ਸਾਡੇ ਘਰ ਦਾਣੇ ਵੀ ਲਿਆਈ ਨੀ ਵਿਸਾਖੀਏ
ਗੁਲਾਮੀ ਵਾਲਾ ਆਖੇ, ਭਰੀ ਸਭ ਦੇ ਭੜੋਲੇ ਤੂੰ
ਰੋਟੀ ਨਾ ਗਰੀਬ ਕੋਲੋ, ਕਰੀ ਕਿਤੇ ਉਹਲੇ ਤੂੰ
ਹਰ ਘਰ ਰਿੱਜਕ ,ਪਹੁੰਚਾਈ ਨੀ ਵਿਸਾਖੀਏ
ਸਾਡੇ ਘਰ ਦਾਣੇ ਤੂੰ ਲਿਆਈ ਨੀ ਵਿਸਾਖੀਏ
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾ ਮੋਗਾ